Breaking News
Home / ਨਜ਼ਰੀਆ / ਜੰਮੂ ਕਸ਼ਮੀਰ ਮਨੀਪੁਰ ਦੀ ਰਾਹ ‘ਤੇ

ਜੰਮੂ ਕਸ਼ਮੀਰ ਮਨੀਪੁਰ ਦੀ ਰਾਹ ‘ਤੇ

ਡਾ. ਅਮਨਦੀਪ
91-9419171171
ਜੰਮੂ ਕਸ਼ਮੀਰ ਖਿੱਤੇ ਅੰਦਰ ਜਿੱਥੇ ਕੇਂਦਰ ਸਰਕਾਰ ਵੱਲੋਂ ਇਲੈਕਸ਼ਨ ਕਰਵਾਉਣ ਦੀ ਤਿਆਰੀ ਦੀ ਸੁਰਬਰਾਹਟ ਸੁਣਾਈ ਦੇਣ ਲੱਗੀ ਹੈ। ਉਥੇ ਜੰਮੂ ਕਸ਼ਮੀਰ ਦੇ ਪਹਾੜੀ ਖਿੱਤਿਆਂ ਅੰਦਰ ਮਨੀਪੁਰ ਦੀ ਤਰ੍ਹਾਂ ਪ੍ਰਦੇਸ਼ ਨੂੰ ਜਲਾਉਣ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਮਨੀਪੁਰ ਅੰਦਰ ਹਿੰਦੂ ਬਹੁਗਿਣਤੀ ਨੂੰ ਜੋ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀਆਂ ਕੋਝੀਆਂ ਸਾਜਿਸ਼ਾਂ ਚੱਲੀਆਂ ਅਤੇ ਪ੍ਰਦੇਸ ਨੂੰ ਤਬਾਹ ਕੀਤਾ, ਅਜਿਹੀਆਂ ਸਾਜਿਸ਼ਾਂ ਬੀਜੇਪੀ ਵਲੋਂ ਜੰਮੂ ਕਸ਼ਮੀਰ ਅੰਦਰ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਗੰਭੀਰ ਸਿੱਟੇ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲਣਗੇ। ਭਾਜਪਾ ਆਪਣੇ ਹਿੰਦੂਵਾਦੀ ਏਜੰਡੇ ਤਹਿਤ ਵੱਖ-ਵੱਖ ਪਰਦੇਸਾਂ ਅੰਦਰ ਫਿਰਕੂ ਖੇਡ ਖੇਡ ਰਹੀ ਹੈ ਜੰਮੂ ਕਸ਼ਮੀਰ ਦੇ ਸ਼ਾਂਤ ਪਹਾੜੀ ਖੇਤਰਾਂ ਅੰਦਰ ਪਹਾੜੀ ਸਪੀਕਰ ਕੈਟੇਗਰੀ ਦੇ ਤਹਿਤ ਲੋਕਾਂ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇ ਕੇ ਵੋਟਾਂ ਦਾ ਧਰੁਵੀਕਰਨ ਕਰਨਾ ਚਾਹੁੰਦੀ ਹੈ। ਜੰਮੂ ਕਸ਼ਮੀਰ ਖਿੱਤੇ ਅੰਦਰ ਗੁੱਜ਼ਰ, ਬੱਕਰਵਾਲ, ਗਦੀ, ਸਿੱਪੀ, ਬਾਲਤੀ, ਬੀਡਾ, ਬੋਟ, ਬੋਤਾ, ਡਰਪਕਾ, ਚੰਗਾਪਾ, ਗਗਨ, ਮੈਨ, ਪੁਜਾਰੀਆਂ ਆਦਿ ਸਾਲਾਂ ਤੋਂ ਵਸੇ ਹੋਏ ਹਨ। ਇਹ ਖਾਨਾਬਦੋਸ਼ ਜਨਜਾਤੀ ਸਮੂਹ ਹਨ। ਜੋ ਹਿਮਾਲਿਆ ਪਰਬਤ ਦੀ ਪੀਰ ਪੰਚਾਲ ਰੇਂਜ ਵਿੱਚ ਫੈਲੇ ਹੋਏ ਹਨ । ਖਾਸ ਤੌਰ ‘ਤੇ ਗੁੱਜਰ ਤੇ ਗੁੱਜਰਵਾਲ ਵੱਡੇ ਸਮੂਹ ਹਨ। ਜਿਨ੍ਹਾਂ ਨੂੰ ਚਿਰਵਾਹਾ ਵੀ ਕਿਹਾ ਜਾਂਦਾ ਹੈ। ਇਹ ਮੌਸਮ ਦੇ ਹਿਸਾਬ ਨਾਲ ਆਪਣੇ ਝੁੰਡਾਂ ਵਿਚ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਪ੍ਰਵਾਸ ਕਰਦੇ ਹਨ। ਇਹ ਮਾਲ ਵਿਵੇਸੀ ਗਰਮੀਆ ਅੰਦਰ ਪਹਾੜਾਂ ਨੂੰ ਲੈ ਜਾਂਦੇ ਹਨ ਅਤੇ ਸਰਦੀਆਂ ਅੰਦਰ ਮੈਦਾਨੀ ਇਲਾਕਿਆਂ ਵਿੱਚ ਆ ਵੱਸਦੇ ਹਨ। ਸਾਲ 1991 ਅੰਦਰ ਭਾਰਤ ਸਰਕਾਰ ਨੇ ਗੁਜ਼ਰ ਤੇ ਬੱਕਰਵਾਲਾ ਨੂੰ ਆਦਿ ਵਾਸੀ ਦਾ ਦਰਜਾ ਦਿੱਤਾ ਦੇ ਕੇ ਅਨੁਸੂਚਿਤ ਜਨ ਜਾਤੀ ਵਿੱਚ ਸ਼ਾਮਲ ਕੀਤਾ ਸੀ। ਹੁਣ ਬੀਜੇਪੀ ਪਹਾੜੀ ਖੇਤਰਾਂ ‘ਚ ਆਪਣਾ ਵੋਟ ਬੈਂਕ ਤਲਾਸ਼ ਕਰ ਰਹੀ ਹੈ। ਜਿਸ ਤਹਿਤ ਉਹ ਸਵਰਨ ਜਾਤੀ ਪਹਾੜੀਆਂ ਨੂੰ ਜਿਸ ਵਿੱਚ ਬ੍ਰਾਹਮਣ, ਰਾਜਪੂਤ, ਸਿੱਖ, ਇਸਾਈ, ਜਾਂ ਮੁਸਲਮਾਨਾਂ ਦੀਆਂ ਉੱਚੀਆਂ ਜਾਤਾਂ ਵਾਲੇ ਸਈਅਦ, ਬੁਖਾਰੀ ਅਤੇ ਮਿਰਜ਼ੇ ਆਦਿ ਹੁੰਦੇ ਹਨ ਉਨ੍ਹਾਂ ਨੂੰ ਪਹਾੜੀ ਸਪੀਕਿੰਗ ਦੇ ਤਹਿਤ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਲਈ ਪੱਬਾਂ ਭਾਰ ਹੈ। ਪਹਾੜੀ ਲੋਕਾਂ ਦੀ ਆਬਾਦੀ ਛੇ ਲੱਖ ਦੇ ਲਗਭਗ ਹੈ। ਜਿਨ੍ਹਾਂ ਵਿਚ 55 ਪ੍ਰਤੀਸ਼ਤ ਹਿੰਦੂ ਹਨ। ਜੰਮੂ ਕਸ਼ਮੀਰ ਦੀ ਰਾਜੌਰੀ, ਪੁੰਛ, ਬਾਰਾਂਮੁਲਾ ਅਤੇ ਕੁੱਪਵਾੜਾ ਦੇ ਪਹਾੜੀਆਂ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇ ਕੇ ਬੀਜੇਪੀ ਰਾਜਨੀਤਿਕ ਲਾਭ ਲੈਣਾ ਚਾਹੁੰਦੀ ਹੈ। ਜਿਸ ਦਾ ਐਲਾਨ ਤਿੰਨ ਅਕਤੂਬਰ 2022 ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜੌਰੀ ਵਿੱਚ ਇੱਕ ਰੈਲੀ ਦੌਰਾਨ ਕੀਤਾ ਸੀ। ਗੁੱਜਰ ਅਤੇ ਬੱਕਰਵਾਲ ਆਦਿਵਾਸੀਆਂ ਅੰਦਰ ਰੋਸ ਦੀ ਭਾਵਨਾ ਦੇਖੀ ਜਾ ਰਹੀ ਹੈ। ਉਹ ਮਹਿਸੂਸ ਕਰ ਰਹੇ ਹਨ ਕਿ ਵਿਧਾਨ ਸਭਾ ਨੇ ਜੋ ਉਹਨਾਂ ਨੂੰ ਦੱਸ ਪ੍ਰਤੀਸ਼ਤ ਆਰਕਸ਼ਣ ਦਿੱਤਾ ਸੀ ਉਹ ਪਹਾੜੀ ਜਨਰਲ ਕੈਟੇਗਰੀ ਵਾਲੇ ਦਾ ਐਸ ਟੀ ਦਾ ਦਰਜਾ ਮਿਲਣ ਉਪਰੰਤ ਖਾ ਜਾਣਗੇ। ਉਹਨਾਂ ਦੀ ਦਲੀਲ ਹੈ ਕਿ ਪਹਾੜੀ ਚੰਗੀ ਆਰਥਿਕ ਸਥਿਤੀ ਵਿੱਚ ਹਨ ਅਤੇ ਅਨੁਸੂਚਿਤ ਜਨਜਾਤੀ ਦੇ ਮਾਪ ਦੰਡਾਂ ‘ਤੇ ਵੀ ਪੂਰਾ ਨਹੀਂ ਉਤਰਦੇ ਜਦ ਕਿ ਉਹ ਸਾਰੀ ਉਮਰ ਇਨ੍ਹਾਂ ਦੀ ਖਿਦਮਤ ਕਰਦੇ ਰਹੇ ਹਨ। ਚਾਹੇ ਉਹ ਦੁੱਧ ਪਹੁੰਚਾਉਣ ਦਾ ਕੰਮ ਹੋਵੇ ਜਾਂ ਘਾਹ ਵੱਢਣ ਦਾ।
ਅਨੁਸੂਚਿਤ ਜਨ ਜਾਤੀ ਦੇ ਲੋਕਾਂ ਨੇ ਜੀ ਡੀ ਸ਼ਰਮਾ ਦੀ ਰਿਪੋਰਟ ਨੂੰ ਖਾਰਜ ਕਰਨ ਦੀ ਮੰਗ ਉਠਾਈ ਹੈ। ਜ਼ਿਕਰਯੋਗ ਹੈ ਕਿ ਗੁੱਜ਼ਰ, ਬਕਰਵਾਲ ਕਮਿਸ਼ਨ ਦੇ ਚੇਅਰਮੈਨ ਜੀ ਡੀ ਸ਼ਰਮਾ ਨੇ ਸਰਕਾਰ ਨੂੰ ਰਿਪੋਰਟ ਸਬਮਿਟ ਕਰਵਾ ਕੇ ਪਹਾੜੀ ਸਮੁਦਾਇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਸਿਫਾਰਿਸ਼ ਕੀਤੀ ਸੀ। ਜਦਕਿ 2014 ਵਿੱਚ ਉਮਰ ਅਬਦੁੱਲਾ ਦੀ ਸਰਕਾਰ ਨੇ ਪਹਾੜੀ ਲੋਕਾਂ ਲਈ ਆਰਕਸ਼ਣ ਕਰਨ ਦੀ ਸਮੀਖਿਆ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਸੀ। ਬੀਜੇਪੀ ਆਪਣੇ ਹਿੰਦੂ ਏਜੰਡੇ ਤਹਿਤ ਪਹਾੜੀ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਆਪਣਾ ਰਾਜਨੀਤਕ ਲਾਹਾ ਲੈਣਾ ਚਾਹੁੰਦੀ ਹੈ। ਉਹ ਇੰਨੀ ਕਾਹਲੀ ਵਿੱਚ ਹੈ ਕਿ ਇਸ ਮੌਨਸੂਨ ਸੈਸ਼ਨ ਅੰਦਰ ਪਹਾੜੀਆਂ ਨੂੰ ਅਨੁਸੂਚਿਤ ਜਨ ਜਾਤੀ ਦਾ ਦਰਜਾ ਦਿਵਾਉਣ ਲਈ ਬਿਲ ਲੈ ਕੇ ਆ ਰਹੀ ਹੈ। ਜੋ ਪਾਸ ਹੋਣ ਬਾਅਦ ਕੁਝ ਦਿਨਾਂ ਵਿੱਚ ਐਕਟ ਬਣ ਜਾਏਗਾ। ਜਿਸ ਦੇ ਖਿਲਾਫ਼ ਗੁੱਜਰ ਤੇ ਬੱਕਰਵਾਲ ਸਮੂਹ ਨੇ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਆਪਣੀ ਇੱਕ ਜੈਂਟ ਐਕਸ਼ਨ ਕਮੇਟੀ ਦਾ ਗਠਨ ਕਰ ਲਿਆ ਹੈ। ਪਹਾੜੀ ਲੋਕਾਂ ਨੂੰ ਅਨੁਸੂਚਿਤ ਜਨ ਜਾਤੀ ਦਾ ਦਰਜਾ ਦੇਣ ਦੇ ਖਿਲਾਫ ਪਰਦੇਸ ਅੰਦਰ ਆਉਣ ਵਾਲੇ ਦਿਨਾਂ ਵਿੱਚ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਇਹ ਸੰਕਟ ਅਸੀਂ ਮਨੀਪੁਰ ਅੰਦਰ ਆਪਣੀਆਂ ਅੱਖਾਂ ਨਾਲ ਦੇਖ ਚੁੱਕੇ ਹਾਂ। ਉੱਥੇ ਵੀ ਬੀਜੇਪੀ ਨੇ ਮਤਈ ਜਾਤੀ ਦੇ ਬਹੁਗਿਣਤੀ ਹਿੰਦੂ ਲੋਕਾਂ ਨੂੰ ਐਸ ਟੀ ਦਾ ਦਰਜਾ ਦੇਣ ਲਈ ਖ਼ਤਰਨਾਕ ਖੇਡ ਖੇਡੀ ਸੀ। ਅੱਜ ਤਿੰਨ ਮਹੀਨਿਆਂ ਤੋਂ ਲਗਾਤਾਰ ਮਨੀਪੁਰ ਜਲ ਰਿਹਾ ਹੈ ਇਹੀ ਹਾਲਾਤ ਕੇਂਦਰ ਸਰਕਾਰ ਜੰਮੂ ਕਸ਼ਮੀਰ ਵਿਚ ਪੈਦਾ ਕਰਨਾ ਚਾਹੁੰਦੀ ਹੈ। ਅਗਰ ਬੀਜੇਪੀ ਇਸ ਨੂੰ ਐਕਟ ਬਣਾ ਦਿੰਦੀ ਹੈ ਤਾਂ ਜੰਮੂ ਕਸ਼ਮੀਰ ਨੂੰ ਜਲਣ ਤੋਂ ਕੋਈ ਨਹੀਂ ਬਚਾ ਸਕਦਾ।

 

Check Also

CLEAN WHEELS

Medium & Heavy Vehicle Zero Emission Mission (ਤੀਜੀ ਕਿਸ਼ਤ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …