ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿਚ 24 ਘੰਟਿਆਂ ਵਿਚ ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿਚ ਕਰੀਬ 30 ਵਿਅਕਤੀ ਮਾਰੇ ਗਏ ਹਨ। ਓਹਾਇਓ ਦੇ ਡੇਅਟਨ ਨੇੜਲੇ ਓਰੇਗਨ ਜ਼ਿਲ੍ਹੇ ਵਿਚ ਐਤਵਾਰ ਸੁਵੱਖਤੇ ਵਾਪਰੀ ਘਟਨਾ ਵਿਚ ਹਮਲਾਵਰ ਸਣੇ ਕਰੀਬ ਦਸ ਵਿਅਕਤੀ ਮਾਰੇ ਗਏ ਹਨ। ਇਸ ਤੋਂ ਇਲਾਵਾ 16 ਵਿਅਕਤੀ ਫੱਟੜ ਹੋ ਗਏ ਹਨ। ਇਹ ਥਾਂ ਨਾਈਟ ਕਲੱਬਾਂ, ਬਾਰ, ਕਲਾ ਗੈਲਰੀਆਂ ਤੇ ਹੋਰ ਦੁਕਾਨਾਂ ਲਈ ਮਸ਼ਹੂਰ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਟੈਕਸਸ ਦੇ ਦੱਖਣੀ ਇਲਾਕੇ ਵਿਚ ਸਥਿਤ ਸਰਹੱਦੀ ਕਸਬੇ ਏਲ ਪਾਸੋ ਵਿਚ 21 ਸਾਲਾ ਬੰਦੂਕਧਾਰੀ ਨੇ ਅਸਾਲਟ ਰਾਈਫਲ ‘ਚੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ 20 ਵਿਅਕਤੀਆਂ ਦੀ ਜਾਨ ਲੈ ਲਈ ਤੇ 26 ਨੂੰ ਜ਼ਖ਼ਮੀ ਕਰ ਦਿੱਤਾ। ਘਟਨਾ ਕਸਬੇ ਦੇ ਵਾਲਮਾਰਟ ਸਟੋਰ ਵਿਚ ਵਾਪਰੀ। ਏਲ ਪਾਸੋ ਦੇ ਪੁਲਿਸ ਮੁਖੀ ਗ੍ਰੇਗ ਐਲਨ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਭਰਿਆ ਹੋਇਆ ਵਾਲਮਾਰਟ ਸਟੋਰ, ਜਿੱਥੇ ਲੋਕ ਬੱਚਿਆਂ ਦੀ ਸਕੂਲ ਨਾਲ ਸਬੰਧਤ ਜ਼ਰੂਰੀ ਸਮੱਗਰੀ ਖ਼ਰੀਦਣ ਪੁੱਜੇ ਹੋਏ ਸਨ, ਗੋਲੀਆਂ ਦੀ ਆਵਾਜ਼ ਨਾਲ ਕੰਬ ਉੱਠਿਆ ਤੇ ਧੂੰਏਂ ਨਾਲ ਭਰ ਗਿਆ। ਪਾਰਕਿੰਗ ਵਿਚ ਵੀ ਕਈ ਲਾਸ਼ਾਂ ਜ਼ਮੀਨ ‘ਤੇ ਡਿੱਗੀਆਂ ਹੋਈਆਂ ਸਨ।
ਮੈਕਸਿਕੋ ਦੇ ਵਿਦੇਸ਼ ਮੰਤਰੀ ਮਾਰਸੀਲੋ ਏਬਰਾਡ ਨੇ ਦੱਸਿਆ ਕਿ ਏਲ ਪਾਸੋ ਹਮਲੇ ਵਿਚ ਉਨ੍ਹਾਂ ਦੇ ਛੇ ਨਾਗਰਿਕ ਜ਼ਖ਼ਮੀ ਹੋਏ ਹਨ। ਏਲ ਪਾਸੋ ਹਮਲੇ ਮਗਰੋਂ ਯੂਨੀਵਰਸਿਟੀ ਮੈਡੀਕਲ ਸੈਂਟਰ ਲਿਆਂਦੇ ਦੋ ਜ਼ਖ਼ਮੀ ਨਾਬਾਲਗ ਹਨ। ਏਲ ਪਾਸੋ ਹਮਲੇ ਵਿਚ ਹਮਲਾਵਰ ਦੀ ਸ਼ਨਾਖ਼ਤ ਪੈਟ੍ਰਿਕ ਕਰੂਸੀਅਸ ਵੱਜੋਂ ਹੋਈ ਹੈ ਤੇ ਉਹ ਡੈੱਲਸ ਦੇ ਅਮੀਰ ਇਲਾਕੇ ਦਾ ਰਹਿਣ ਵਾਲਾ ਹੈ। ਉਸ ਨੇ ਵਾਲਮਾਰਟ ਸਟੋਰ ਦੇ ਬਾਹਰ ਹੀ ਆਤਮ-ਸਮਰਪਣ ਕਰ ਦਿੱਤਾ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐਫਬੀਆਈ ਮਾਮਲੇ ਦੀ ਜਾਂਚ ਕਰ ਰਹੀ ਹੈ। ਕਰੂਸੀਅਸ ਦੇ ਟਵਿੱਟਰ ਹੈਂਡਲ ‘ਤੇ ਉਸ ਨੇ ਟਰੰਪ ਦੀਆਂ ਸਿਫ਼ਤਾਂ ਕੀਤੀਆਂ ਹਨ।
ਟੈਕਸਸ ਹਮਲਾ ‘ਕਾਇਰਤਾ ਪੂਰਨ ਕਾਰਵਾਈ’: ਟਰੰਪ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਲਮਾਰਟ ਸਟੋਰ ਵਿਚ ਹਮਲੇ ਦੀ ਨਿਖੇਧੀ ਕਰਦਿਆਂ ਉਸ ਨੂੰ ‘ਕਾਇਰਤਾ ਪੂਰਨ ਕਾਰਾ’ ਦੱਸਿਆ ਹੈ। ਟਰੰਪ ਨੇ ਕਿਹਾ ਕਿ ਬੇਦੋਸ਼ੇ ਵਿਅਕਤੀਆਂ ਦੀ ਹੱਤਿਆ ਨੂੰ ਬਿਲਕੁਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਇਸ ਨਫ਼ਰਤੀ ਹਮਲੇ ਦੇ ਵਿਰੋਧ ਵਿਚ ਦੇਸ਼ਵਾਸੀਆਂ ਨਾਲ ਖੜ੍ਹੇ ਹਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …