ਅਮਰੀਕੀ ਨਾਗਰਿਕਤਾ ਹਾਸਲ ਕਰਨ ’ਚ ਮੈਕਸੀਕੋ ਦਾ ਨੰਬਰ ਪਹਿਲਾ
ਵਾਸ਼ਿੰਗਟਨ/ਬਿਊਰੋ ਨਿਊਜ਼
ਸਾਲ 2022 ਵਿਚ 65,960 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਹੈ ਅਤੇ ਇਸ ਨਾਲ ਭਾਰਤ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲੇ ਦੇਸ਼ਾਂ ਦੇ ਲੋਕਾਂ ਦੀ ਗਿਣਤੀ ਦੇ ਮਾਮਲੇ ਵਿਚ ਮੈਕਸੀਕੋ ਤੋਂ ਬਾਅਦ ਦੂਜੇ ਸਥਾਨ ’ਤੇ ਪਹੁੰਚ ਗਿਆ। ਯੂਐੱਸ ਜਨਗਣਨਾ ਬਿਊਰੋ ਦੇ ਅਮਰੀਕਨ ਕਮਿਊਨਿਟੀ ਸਰਵੇਖਣ ਦੇ ਅੰਕੜਿਆਂ ਅਨੁਸਾਰ 2022 ਵਿੱਚ ਅੰਦਾਜ਼ਨ 4. 6 ਕਰੋੜ ਵਿਦੇਸ਼ੀ-ਜਨਮੇ ਵਿਅਕਤੀ ਅਮਰੀਕਾ ਵਿੱਚ ਰਹਿੰਦੇ ਸਨ, ਜੋ 33.3 ਕਰੋੜ ਦੀ ਕੁੱਲ ਅਮਰੀਕੀ ਆਬਾਦੀ ਦਾ ਕਰੀਬ 14 ਫੀਸਦ ਹੈ। ਮੈਕਸੀਕੋ ਵਿੱਚ ਪੈਦਾ ਹੋਏ ਵਿਅਕਤੀਆਂ ਦੀ ਗਿਣਤੀ ਸਭ ਤੋਂ ਵੱਧ ਹੈ, ਜਿਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਸੀ। ਇਸ ਤੋਂ ਬਾਅਦ ਭਾਰਤ, ਫਿਲਪੀਨਜ਼, ਕਿਊਬਾ ਅਤੇ ਡੋਮਿਨਿਕਨ ਰੀਪਬਲਿਕ ਦੇ ਵਿਅਕਤੀਆਂ ਨੂੰ ਸਭ ਤੋਂ ਵੱਧ ਅਮਰੀਕੀ ਨਾਗਰਿਕਤਾ ਮਿਲੀ। ਸਾਲ 2022 ਵਿੱਚ ਮੈਕਸੀਕੋ ਦੇ 1,28,878 ਨਾਗਰਿਕ ਅਮਰੀਕੀ ਨਾਗਰਿਕ ਬਣੇ। ਉਨ੍ਹਾਂ ਤੋਂ ਬਾਅਦ ਭਾਰਤ (65,960), ਫਿਲਪੀਨਜ਼ (53,413), ਕਿਊਬਾ (46,913), ਡੋਮਿਨਿਕਨ ਰੀਪਬਲਿਕ (34,525), ਵੀਅਤਨਾਮ (33,246) ਅਤੇ ਚੀਨ ਦੇ 27,038 ਵਿਅਕਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ।