ਸੁਰੱਖਿਆ ਦੇ ਨਾਮ ‘ਤੇ ਪਾਕਿ ‘ਚ ਮਹਿਮਾਨਾਂ ਨਾਲ ਬਦਸਲੂਕੀ
ਇਸਲਾਮਾਬਾਦ : ਭਾਰਤੀ ਸਫ਼ਾਰਤਖਾਨੇ ਵੱਲੋਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਸੇਰੇਨਾ ਹੋਟਲ ਵਿਚ ਰੱਖੀ ਇਫ਼ਤਾਰ ਪਾਰਟੀ ਲਈ ਸੱਦੇ ਗਏ ਕੁਝ ਮਹਿਮਾਨਾਂ ਨੂੰ ਵਧਾਏ ਗਏ ਸੁਰੱਖਿਆ ਇੰਤਜ਼ਾਮਾਂ ਕਾਰਨ ‘ਕਾਫ਼ੀ ਪ੍ਰੇਸ਼ਾਨ ਹੋਣਾ ਪਿਆ ਹੈ’।
ਪਾਕਿ ਅਧਿਕਾਰੀਆਂ ਨੇ ਮਹਿਮਾਨਾਂ ਦੀ ਕਈ ਵਾਰ ਜਾਂਚ-ਪੜਤਾਲ ਕੀਤੀ ਤੇ ਕੁਝ ਨੂੰ ਆਨੇ-ਬਹਾਨੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾੜੀਆ ਇਸ ਪਾਰਟੀ ਦੇ ਮੇਜ਼ਬਾਨ ਸਨ ਤੇ ਪੂਰੇ ਪਾਕਿਸਤਾਨ ਤੋਂ ਮਹਿਮਾਨਾਂ ਨੂੰ ਸੱਦਾ ਭੇਜਿਆ ਗਿਆ ਸੀ। ਬਿਸਾੜੀਆ ਨੇ ਪਾਰਟੀ ਦੌਰਾਨ ਕਿਹਾ ਕਿ ਬਹੁਤ ਸਾਰੇ ਮਹਿਮਾਨ ਪਾਰਟੀ ਵਿਚ ਨਹੀਂ ਆ ਸਕੇ ਤੇ ਪ੍ਰੇਸ਼ਾਨੀ ਝੱਲਣ ਵਾਲਿਆਂ ਤੋਂ ਉਹ ਮੁਆਫ਼ੀ ਮੰਗਦੇ ਹਨ। ਸਮਾਗਮ ਲਈ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਰਾਸ਼ਟਰਪਤੀ ਆਰਿਫ਼ ਅਲਵੀ ਸਣੇ ਕਈ ਸਿਆਸਤਦਾਨਾਂ, ਵੱਖ-ਵੱਖ ਫ਼ਿਰਕਿਆਂ ਦੇ ਆਗੂਆਂ, ਸੂਫ਼ੀ ਦਰਗਾਹਾਂ ਦੇ ਮੁਖੀਆਂ, ਲੇਖਕਾਂ ਤੇ ਅਕਾਦਮਿਕ ਮਾਹਿਰਾਂ ਨੂੰ ਵੀ ਸੱਦਿਆ ਗਿਆ ਸੀ। ਨੈਸ਼ਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਇਸ ਨੂੰ ‘ਜੈਸੇ ਨੂੰ ਤੈਸਾ’ ਕੂਟਨੀਤੀ ਕਰਾਰ ਦਿੰਦਿਆਂ ਕਿਹਾ ਕਿ ਅਜਿਹਾ ਹੀ ਕਈ ਵਾਰ ਦਿੱਲੀ ਸਥਿਤ ਪਾਕਿ ਹਾਈ ਕਮਿਸ਼ਨ ਵਿਚ ਵੀ ਵਾਪਰਦਾ ਹੈ। ਪਾਰਟੀ ਵਿਚ ਹਿੱਸਾ ਲੈਣ ਵਾਲਿਆਂ ਨੇ ਦੱਸਿਆ ਕਿ ਲਗਜ਼ਰੀ ਹੋਟਲ ਵਿਚ ਸੁਰੱਖਿਆ ਕਰਮਚਾਰੀ ਪਹਿਲਾਂ ਹੁੰਦੇ ਸਮਾਗਮਾਂ ਮੁਕਾਬਲੇ ਵੱਧ ਸਨ। ਇਕ ਪੱਤਰਕਾਰ ਮੁਤਾਬਕ ਸੱਦਾ ਪੱਤਰ ਤੇ ਸ਼ਨਾਖ਼ਤੀ ਦਸਤਾਵੇਜ਼ਾਂ ਵਾਲਿਆਂ ਨੂੰ ਪਾਰਟੀ ਵਿਚ ਸ਼ਾਮਲ ਹੋਣ ਦਿੱਤਾ ਗਿਆ।
ਪੱਤਰਕਾਰ ਮੁਤਾਬਕ ਉਸ ਤੋਂ ਕੰਮ ਤੇ ਰਿਹਾਇਸ਼ ਬਾਰੇ ਸਵਾਲ ਪੁੱਛੇ ਗਏ। ਉੱਘੀ ਪੱਤਰਕਾਰ ਮੇਹਰੀਨ ਜ਼ਾਹਰਾ-ਮਲਿਕ ਨੇ ਟਵੀਟ ਕੀਤਾ ਕਿ ਹੋਟਲ ਵਿਚ ਪੁਲਿਸ ਤੇ ਅੱਤਵਾਦ ਵਿਰੋਧੀ ਫੋਰਸ ਤਾਇਨਾਤ ਹੈ। ਉਨ੍ਹਾਂ ਲਿਖਿਆ ਕਿ ਹੋਟਲ ਵਿਚ ਦਾਖ਼ਲ ਹੋਣ ਵਾਲੇ ਹਰੇਕ ਵਿਅਕਤੀ ਨਾਲ ਦੁਰਵਿਹਾਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦਾ ਡਰਾਈਵਰ ਤੇ ਉਹ ਖ਼ੁਦ ਵੀ ਇਸ ਦੀ ਸ਼ਿਕਾਰ ਹੋਈ ਹੈ।
ਇਕ ਹੋਰ ਪੱਤਰਕਾਰ ਨੇ ਦੱਸਿਆ ਕਿ ਰਿਪੋਰਟਾਂ ਮੁਤਾਬਕ ਕਈ ਸੱਦੇ ਗਏ ਵਿਅਕਤੀਆਂ ਨੂੰ ਅਣਪਛਾਤੇ ਫੋਨ ਵੀ ਆਏ ਹਨ ਕਿ ਉਹ ਇਫ਼ਤਾਰ ਪਾਰਟੀ ਵਿਚ ਨਾ ਜਾਣ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੀਨੀਅਰ ਆਗੂ ਫ਼ਰਹਤੁੱਲ੍ਹਾ ਬਾਬਰ ਨੇ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਬੇਹੱਦ ਤੰਗ ਕੀਤਾ ਗਿਆ ਤੇ ਪਾਰਟੀ ਰੱਦ ਹੋਣ ਬਾਰੇ ਕਹਿ ਕੇ ਗੇਟ ਬੰਦ ਕਰ ਦਿੱਤੇ ਗਏ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …