Breaking News
Home / ਦੁਨੀਆ / ਇੰਗਲੈਂਡ ‘ਚ ਕਰੋਨਾ ਦਾ ਨਵਾਂ ਰੂਪ ਆਇਆ ਸਾਹਮਣੇ

ਇੰਗਲੈਂਡ ‘ਚ ਕਰੋਨਾ ਦਾ ਨਵਾਂ ਰੂਪ ਆਇਆ ਸਾਹਮਣੇ

ਭਾਰਤ ਸਣੇ ਕਈ ਮੁਲਕਾਂ ਨੇ ਇੰਗਲੈਂਡ ਨਾਲੋਂ ਸੰਪਰਕ ਤੋੜਿਆ
ਲੰਡਨ : ਕਰੋਨਾ ਵਾਇਰਸ ਦੇ ਨਵੇਂ ਰੂਪ ਦੇ ਫੈਲਾਅ ਨਾਲ ਇੰਗਲੈਂਡ ਲਈ ਸੰਕਟ ਖੜ੍ਹਾ ਹੋ ਗਿਆ ਹੈ ਅਤੇ ਯੂਰਪੀ ਮੁਲਕਾਂ ਨੇ ਉਸ ਨਾਲ ਸੰਪਰਕ ਤੋੜ ਲਿਆ ਹੈ। ਯੂਰਪੀ ਮੁਲਕਾਂ ਨੇ ਕਰੋਨਾ ਵਾਇਰਸ ਦੇ ਨਵੇਂ ਰੂਪ ਤੋਂ ਡਰਦਿਆਂ ਇੰਗਲੈਂਡ ਨਾਲ ਆਵਾਜਾਈ ਬੰਦ ਕਰ ਦਿੱਤੀ ਹੈ। ਕ੍ਰਿਸਮਸ ਨੇੜੇ ਹੋਣ ਕਰਕੇ ਕਈ ਪਰਿਵਾਰਾਂ, ਟਰੱਕ ਵਾਲਿਆਂ ਅਤੇ ਸੁਪਰ ਮਾਰਕਿਟਾਂ ‘ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ। ਫਰਾਂਸ ਨਾਲ ਲੱਗਦੀ ਸਰਹੱਦ ‘ਤੇ ਵਾਹਨਾਂ ਦੀ ਕਤਾਰ ਲੱਗ ਗਈ ਹੈ। ਟਰੱਕ ਅਤੇ ਹੋਰ ਢੋਆ-ਢੁਆਈ ਵਾਲੇ ਵਾਹਨਾਂ ਦੇ ਦਾਖ਼ਲੇ ਨੂੰ ਵੀ ਰੋਕ ਦਿੱਤਾ ਗਿਆ ਹੈ। ਫਰਾਂਸ, ਜਰਮਨੀ, ਇਟਲੀ, ਨੀਦਰਲੈਂਡਜ਼, ਆਸਟਰੀਆ, ਸਵਿਟਜ਼ਰਲੈਂਡ, ਆਇਰਲੈਂਡ, ਬੈਲਜੀਅਮ, ਇਜ਼ਰਾਈਲ, ਹਾਂਗਕਾਂਗ, ਇਰਾਨ, ਕ੍ਰੋਏਸ਼ੀਆ, ਅਰਜਨਟੀਨਾ, ਚਿਲੀ, ਮੋਰੱਕੋ, ਕੁਵੈਤ ਅਤੇ ਕੈਨੇਡਾ ਨੇ ਇੰਗਲੈਂਡ ਦੇ ਸਫ਼ਰ ਅਤੇ ਉਥੋਂ ਆਉਣ ਵਾਲੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਾਊਦੀ ਅਰਬ ਨੇ ਸਾਰੀਆਂ ਕੌਮਾਂਤਰੀ ਉਡਾਣਾਂ ‘ਤੇ ਇਕ ਹਫ਼ਤੇ ਲਈ ਰੋਕ ਲਗਾ ਦਿੱਤੀ ਹੈ। ਇੰਗਲੈਂਡ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਕਿਹਾ ਕਿ ਲੋਕਾਂ ਨੂੰ ਖਾਸ ਕਰਕੇ ਟੀਅਰ 4 ਇਲਾਕਿਆਂ ਦੇ ਵਸਨੀਕਾਂ ਨੂੰ ਵਾਇਰਸ ਹੋਣ ‘ਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੇ ਨਵੇਂ ਰੂਪ ਨਾਲ ਅਜੇ ਘਰਾਂ ਅੰਦਰ ਰਹਿ ਕੇ ਹੀ ਨਜਿੱਠਿਆ ਜਾ ਸਕਦਾ ਹੈ। ਕਰੋਨਾ ਵਾਇਰਸ ਦੀ ਨਵੀਂ ਕਿਸਮ 70 ਫ਼ੀਸਦੀ ਵਧੇਰੇ ਲਾਗ ਫੈਲਾਉਣ ਵਾਲੀ ਮੰਨੀ ਜਾ ਰਹੀ ਹੈ। ਉਂਜ ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਇਸ ਦਾ ਅਜੇ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਨਵਾਂ ਰੂਪ ਵਧੇਰੇ ਘਾਤਕ ਹੈ ਜਾਂ ਇਹ ਵੈਕਸੀਨ ‘ਤੇ ਵੱਖਰੇ ਢੰਗ ਨਾਲ ਅਸਰ ਪਾਏਗਾ।
ਭਾਰਤ ਵੱਲੋਂ ਯੂ ਕੇ ਦੀਆਂ ਸਾਰੀਆਂ ਉਡਾਣਾਂ ਰੱਦ
ਨਵੀਂ ਦਿੱਲੀ: ਇੰਗਲੈਂਡ ‘ਚ ਕਰੋਨਾ ਦਾ ਨਵਾਂ ਰੂਪ ਫੈਲਣ ਮਗਰੋਂ ਭਾਰਤ ਨੇ ਉਥੋਂ ਆਉਣ ਅਤੇ ਇਥੋਂ ਜਾਣ ਵਾਲੀਆਂ ਸਾਰੀਆਂ ਉਡਾਣਾਂ 31 ਦਸੰਬਰ ਤੱਕ ਰੱਦ ਕਰ ਦਿੱਤੀਆਂ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਇੰਗਲੈਂਡ ਤੋਂ ਹਵਾਈ ਜਹਾਜ਼ ਰਾਹੀਂ ਆਉਣ ਵਾਲੇ ਮੁਸਾਫ਼ਰਾਂ ਦਾ ਹਵਾਈ ਅੱਡਿਆਂ ‘ਤੇ ਕੋਵਿਡ-19 ਦਾ ਟੈਸਟ ਹੋਵੇਗਾ। ਉਨ੍ਹਾਂ ਕਿਹਾ ਕਿ ਇੰਗਲੈਂਡ ‘ਚ ਮੌਜੂਦਾ ਹਾਲਾਤ ਕਾਰਨ ਇਹ ਫ਼ੈਸਲਾ ਲਿਆ ਹੈ।
ਘਬਰਾਉਣ ਦੀ ਲੋੜ ਨਹੀਂ: ਹਰਸ਼ ਵਰਧਨ
ਨਵੀਂ ਦਿੱਲੀ: ਇੰਗਲੈਂਡ ‘ਚ ਕਰੋਨਾ ਵਾਇਰਸ ਦਾ ਨਵਾਂ ਰੂਪ ਤੇਜ਼ੀ ਨਾਲ ਫੈਲਣ ਦਰਮਿਆਨ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਹੈ ਕਿ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗ ਕੀਤੀ ਸੀ ਕਿ ਕੇਂਦਰ ਯੂਕੇ ਜਾਣ ਵਾਲੀਆਂ ਸਾਰੀਆਂ ਉਡਾਣਾਂ ‘ਤੇ ਰੋਕ ਲਗਾਵੇ।
ਲੰਡਨ ਤੋਂ ਪੁੱਜੇ ਯਾਤਰੀਆਂ ‘ਚੋਂ 8 ਕਰੋਨਾ ਪਾਜ਼ੇਟਿਵ
ਅੰਮ੍ਰਿਤਸਰ : ਲੰਡਨ ਤੋਂ ਅੰਮ੍ਰਿਤਸਰ ਪਹੁੰਚੀ ਇੱਕ ਹਵਾਈ ਉਡਾਣ ਦੇ 264 ਯਾਤਰੂਆਂ ਵਿੱਚੋਂ 8 ਵਿਅਕਤੀ ਕਰੋਨਾ ਪਾਜ਼ੇਟਿਵ ਮਿਲੇ ਹਨ। ਇਹ ਉਡਾਣ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜੀ ਸੀ। ਇਸ ਦੌਰਾਨ ਯਾਤਰੂਆਂ ਨੂੰ ਲੈਣ ਪੁੱਜੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਹੋਰਨਾਂ ਵੱਲੋਂ ਹਵਾਈ ਅੱਡਾ ਪ੍ਰਬੰਧਕਾਂ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਸਬੰਧੀ ਮੈਡੀਕਲ ਸਿੱਖਿਆ ਮੰਤਰੀ ਓ ਪੀ ਸੋਨੀ ਨੇ ਦੱਸਿਆ ਕਿ ਲੰਡਨ ਤੋਂ ਅੰਮ੍ਰਿਤਸਰ ਪੁੱਜੀ ਹਵਾਈ ਉਡਾਣ ਦੇ ਸਾਰੇ 264 ਯਾਤਰੂਆਂ ਦੇ ਕਰੋਨਾ ਸਬੰਧੀ ਆਰਟੀਪੀਸੀਆਰ ਟੈਸਟ ਕਰਵਾਏ ਗਏ ਹਨ, ਜਿਨ੍ਹਾਂ ਵਿੱਚੋਂ ਅੱਠ ਜਣਿਆਂ ਦੇ ਟੈਸਟਾਂ ਦੇ ਨਤੀਜੇ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿੱਚੋਂ ਛੇ ਮਰਦ ਅਤੇ ਦੋ ਮਹਿਲਾਵਾ ਸ਼ਾਮਲ ਹਨ ਜਿਨ੍ਹਾਂ ਨੂੰ ਏਕਾਂਤਵਾਸ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਗਲੈਂਡ ਵਿੱਚ ਕਰੋਨਾ ਦਾ ਨਵਾਂ ਦੌਰ ਆਰੰਭ ਹੋਣ ਕਾਰਨ ਉੱਥੋਂ ਆਉਣ ਵਾਲੀ ਹਵਾਈ ਸੇਵਾ 31 ਦਸੰਬਰ ਤਕ ਬੰਦ ਕਰ ਦਿੱਤੀ ਗਈ ਹੈ ਪਰ ਇਹ ਆਦੇਸ਼ ਜਾਰੀ ਹੋਣ ਤੋਂ ਪਹਿਲਾਂ ਹਵਾਈ ਉਡਾਣ ਉੱਥੋਂ ਰਵਾਨਾ ਹੋ ਚੁੱਕੀ ਸੀ। ਇਸ ਲਈ ਸਾਰੇ ਯਾਤਰੂਆਂ ਦਾ ਕਰੋਨਾ ਟੈਸਟ ਕਰਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਕੰਮ ਲਈ ਸਿਹਤ ਵਿਭਾਗ ਦੀਆਂ ਚਾਰ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ, ਜਿਨ੍ਹਾਂ ਸਾਰੀ ਰਾਤ ਟੈਸਟਿੰਗ ਲਈ ਕੰਮ ਕੀਤਾ।

Check Also

ਪਾਕਿਸਤਾਨ ਦੇ ਸ਼ਹਿਰ ਲਾਹੌਰ ਅਤੇ ਮੁਲਤਾਨ ’ਚ ਲੱਗਿਆ ਲਾਕਡਾਊਨ

ਵਧੇ ਹਵਾ ਪ੍ਰਦੂਸ਼ਣ ਕਾਰਨ ਪਾਕਿਸਤਾਨ ਸਰਕਾਰ ਨੇ ਲਿਆ ਫੈਸਲਾ ਅਟਾਰੀ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਪਿਛਲੇ …