Breaking News
Home / ਹਫ਼ਤਾਵਾਰੀ ਫੇਰੀ / ਅਹਿਮਦਾਬਾਦ ‘ਚ 15 ਅਕਤੂਬਰ ਨੂੰ ਕ੍ਰਿਕਟ ਮੈਚ, ਫੁੱਲਬਾਡੀ ਚੈਕਅਪ ਦੇ ਬਹਾਨੇ ਇਕ-ਦੋ ਦਿਨ ਲਈ ਬੁਕਿੰਗ

ਅਹਿਮਦਾਬਾਦ ‘ਚ 15 ਅਕਤੂਬਰ ਨੂੰ ਕ੍ਰਿਕਟ ਮੈਚ, ਫੁੱਲਬਾਡੀ ਚੈਕਅਪ ਦੇ ਬਹਾਨੇ ਇਕ-ਦੋ ਦਿਨ ਲਈ ਬੁਕਿੰਗ

ਭਾਰਤ-ਪਾਕਿ ਮੈਚ : ਹੋਟਲ ਰੂਮ 70 ਹਜ਼ਾਰ ਰੁਪਏ ਤੱਕ- ਲੋਕ ਹਸਪਤਾਲਾਂ ‘ਚ ਬੁੱਕ ਕਰਵਾਉਣ ਲੱਗੇ ਕਮਰੇ
ਅਹਿਮਦਾਬਾਦ/ਬਿਊਰੋ ਨਿਊਜ਼ : ਭਾਰਤ ਅਤੇ ਪਾਕਿਸਤਾਨ ਵਿਚਾਲੇ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਕ੍ਰਿਕਟ ਵਰਲਡ ਕੱਪ ਦਾ ਮਹਾਂ ਮੁਕਾਬਲਾ ਹੋਵੇਗਾ। ਜਿਉਂ-ਜਿਉਂ ਇਸ ਮਹਾਂ ਮੁਕਾਬਲੇ ਦੀ ਘੜੀ ਨਜ਼ਦੀਕ ਆ ਰਹੀ ਹੈ, ਤਿਉਂ-ਤਿਉਂ ਸ਼ਹਿਰ ਵਿਚ ਹੋਟਲਾਂ ਦਾ ਕਿਰਾਇਆ ਆਸਮਾਨ ਨੂੰ ਛੂਹ ਰਿਹਾ ਹੈ। ਇਕ ਦਿਨ ਦੇ ਲਈ ਹੋਟਲ ਦਾ ਕਮਰਾ 50 ਹਜ਼ਾਰ ਤੋਂ 70 ਹਜ਼ਾਰ ਰੁਪਏ ਤੱਕ ਮਿਲਣ ਲੱਗਾ ਹੈ। ਰਿਕਾਰਡ ਕਿਰਾਏ ਨੂੰ ਦੇਖਦੇ ਹੋਏ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਵਿਅਕਤੀਆਂ ਨੇ ਅਨੋਖਾ ਜੁਗਾੜ ਕੱਢਿਆ ਹੈ। ਉਹ ਮਹਿੰਗੇ ਹੋਟਲਾਂ ਦੀ ਜਗ੍ਹਾ ਹਸਪਤਾਲਾਂ ਵਿਚ ਕਮਰੇ ਬੁੱਕ ਕਰਵਾ ਰਹੇ ਹਨ। ਕਿਉਂਕਿ, ਇੱਥੇ ਕਿਫਾਇਤੀ ਦਰਾਂ ਵਿਚ ਉਨ੍ਹਾਂ ਨੂੰ ਕਮਰੇ ਦੇ ਨਾਲ ਖਾਣਾ ਵੀ ਮਿਲ ਰਿਹਾ ਹੈ।
ਅਹਿਮਦਾਬਾਦ ਦੇ ਹੀ ਇਕ ਹਸਪਤਾਲ ਦੇ ਡਾ. ਪਾਰਸ ਸ਼ਾਹ ਦੱਸਦੇ ਹਨ ਕਿ ਲੋਕ ਹਸਪਤਾਲ ਵਿਚ ਫੁੱਲ ਬਾਡੀ ਚੈਕਅਪ ਦੇ ਬਹਾਨੇ ਇਕ ਜਾਂ ਦੋ ਰਾਤ ਦੇ ਲਈ ਕਮਰੇ ਬੁੱਕ ਕਰ ਰਹੇ ਹਨ। ਸ਼ਾਹ ਨੇ ਕਿਹਾ ਕਿ ਜ਼ਿਆਦਾਤਰ ਐਨ.ਆਰ.ਆਈ. ਮੂੰਹ-ਮੰਗੇ ਕਿਰਾਏ ‘ਤੇ ਡੀਲਕਸ ਤੋਂ ਲੈ ਕੇ ਸੂਇਟ ਰੂਮ ਬੁੱਕ ਕਰਵਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਅਹਿਮਦਾਬਾਦ ਵਿਚ ਹੋਟਲ ਦਾ ਕਿਰਾਇਆ 20 ਗੁਣਾ ਤੱਕ ਵਧ ਗਿਆ ਹੈ। ਜ਼ਿਆਦਾਤਰ ਹੋਟਲਾਂ ਵਿਚ 15 ਅਕਤੂਬਰ ਦੇ ਲਈ ਕਮਰਾ ਖਾਲੀ ਨਹੀਂ ਹੈ। ਅਹਿਮਦਾਬਾਦ ਦੇ ਇਕ ਹਸਪਤਾਲ ਦੇ ਡਾਇਰੈਕਟਰ ਡਾ. ਨਿਖਿਲ ਲਾਲਾ ਨੇ ਕਿਹਾ ਕਿ ਸਾਡੇ ਇੱਥੇ ਬਾਡੀ ਚੈਕਅਪ, ਨਾਈਟ ਸਟੇਅ ਦੇ ਲਈ ਕੁਝ ਪੈਕੇਜ਼ ਹਨ। ਮੈਚ ਦੀ ਮਿਤੀ ਐਲਾਨ ਹੋਣ ਤੋਂ ਬਾਅਦ 14 ਅਤੇ 15 ਅਕਤੂਬਰ ਨੂੰ ਐਡਵਾਂਸ ਬੁਕਿੰਗ ਦੇ ਲਈ ਕੈਨੇਡਾ ਅਤੇ ਦਿੱਲੀ ਤੋਂ ਇਨਕੁਆਰੀ ਆਈ ਹੈ। ਕੁਝ ਵਿਅਕਤੀ ਤਾਂ ਇਹ ਵੀ ਪੁੱਛ ਰਹੇ ਹਨ ਕਿ ਤੁਹਾਡੇ ਹਸਪਤਾਲ ਤੋਂ ਕ੍ਰਿਕਟ ਸਟੇਡੀਅਮ ਕਿੰਨੀ ਦੂਰ ਹੈ?
ਇਸੇ ਦੌਰਾਨ ਇਕ ਹੋਰ ਹਸਪਤਾਲ ਦੇ ਸੀਈਓ ਨੀਰਜ ਲਾਲ ਨੇ ਕਿਹਾ ਕਿ ਇਸ ਸਾਲ ਅਕਤੂਬਰ ਦੇ ਦੂਜੇ ਅਤੇ ਤੀਜੇ ਹਫਤੇ ਵਿਚ ਬਾਡੀ ਚੈਕਅਪ ਦੀ ਬੁਕਿੰਗ ਦੇ ਲਈ ਕੀਨੀਆ ਤੱਕ ਤੋਂ ਪੁੱਛਗਿੱਛ ਆ ਰਹੀ ਹੈ। ਜ਼ਿਕਰਯੋਗ ਹੈ ਕਿ ਕ੍ਰਿਕਟ ਦੇ ਵਰਲਡ ਕੱਪ ਦਾ ਫਾਈਨਲ ਮੁਕਾਬਲਾ ਵੀ 19 ਨਵੰਬਰ ਨੂੰ ਅਹਿਮਦਾਬਾਦ ਵਿਚ ਹੀ ਹੋਣਾ ਹੈ।
ਹਸਪਤਾਲ ਸੀਜ਼ਨ ਦੇ ਹਿਸਾਬ ਨਾਲ ਕਿਰਾਇਆ ਨਹੀਂ ਵਧਾਉਂਦੇ
ਇਕ ਵੱਡੇ ਹਸਪਤਾਲ ਦੇ ਸੀਨੀਅਰ ਦਾ ਕਹਿਣਾ ਸੀ ਕਿ ਅਹਿਮਦਾਬਾਦ ਵਿਚ ਤਿਉਹਾਰਾਂ ਦੇ ਸੀਜ਼ਨ ਵਿਚ ਵੀ ਲੋਕ ਖਰਚਾ ਬਚਾਉਣ ਦੇ ਲਈ ਅਜਿਹਾ ਕਰਦੇ ਹਨ। ਕਿਉਂਕਿ, ਹਸਪਤਾਲ ਸੀਜ਼ਨ ਦੇ ਹਿਸਾਬ ਨਾਲ ਚਾਰਜ ਨਹੀਂ ਵਧਾਉਂਦੇ। ਇਸ ਲਈ ਉਹ ਹੋਟਲਾਂ ਦੀ ਤੁਲਨਾ ਵਿਚ ਸਸਤੇ ਪੈਂਦੇ ਹਨ। ਸਧਾਰਨ ਬੁਖਾਰ ਵਿਚ ਵੀ ਭਰਤੀ ਹੁੰਦੇ ਹਨ ਤਾਂ ਕਮਰਾ, ਖਾਣਾ ਅਤੇ ਦੇਖਭਾਲ ਮਿਲ ਜਾਂਦੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਮੈਡੀਕਲ ਟੂਰਿਜ਼ਮ ਦੇ ਨਾਮ ‘ਤੇ ਹਸਪਤਾਲਾਂ ਨੂੰ ਕਿਫਾਇਤੀ ਹੋਟਲਾਂ ਵਿਚ ਤਬਦੀਲ ਕਰ ਰਹੇ ਹਨ।

 

Check Also

ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ

ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …