‘ਲੀਜੈਂਡ ਆਫ਼ ਭਗਤ ਸਿੰਘ’ ਤੇ ઑਟੈਰੀ ਫ਼ੌਕਸ਼ ਫਿਲਮਾਂ ਵਿਖਾਈਆਂ ਗਈਆਂ ਤੇ ਵਿਦਿਆਰਥੀਆਂ ਨੇ ਲਿਆ ‘ਟੈਰੀ ਫ਼ੌਕਸ ਰੱਨ’ ਵਿਚ ਭਾਗ
ਬਰੈਂਪਟਨ/ਡਾ. ਝੰਡ
ਐੱਫ਼.ਬੀ.ਆਈ. ਸਕੂਲ ਵਿਚ ਵਿਦਿਆਰਥੀਆਂ ਵੱਲੋਂ ਪਿਛਲੇ ਦਿਨੀਂ ਇਕ ਦਿਲਚਸਪ ਫ਼ੈੱਡਰਲ ਡੀਬੇਟ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸ਼ਾਮਲ ਹੋਣ ਲਈ ਬਰੈਂਪਟਨ ਈਸਟ ਦੇ ਸਾਰੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਵਿੱਚੋਂ ਕੋਈ ਵੀ ਨਾ ਪਹੁੰਚਿਆ। ਅਲਬੱਤਾ, ਬਰੈਂਪਟਨ ਸੈਂਟਰ ਤੋਂ ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਉਮੀਦਵਾਰ ਬਲਜੀਤ ਬਾਵਾ ਨੂੰ ਜਦੋਂ ਸਕੂਲ ਵਿਚ ਹੋ ਰਹੇ ਇਸ ਈਵੈਂਟ ਦੇ ਬਾਰੇ ਪਤਾ ਲੱਗਾ ਤਾਂ ਉਹ ਉੱਥੇ ਜ਼ਰੂਰ ਪਹੁੰਚ ਗਏ। ਬਾਕੀ ਉਮੀਦਵਾਰਾਂ ਦੀ ਗ਼ੈਰ-ਹਾਜ਼ਰੀ ਵਿਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦੀਆਂ ਭੂਮਿਕਾਵਾਂ ਬਾਖ਼ੂਬੀ ਨਿਭਾਈਆਂ ਗਈਆਂ। ਇਸ ਦੇ ਬਾਰੇ ਗੱਲ ਕਰਦਿਆਂ ਪ੍ਰਿੰਸੀਪਲ ਸੰਜੀਵ ਧਵਨ ਨੇ ਦੱਸਿਆ ਕਿ ਕੁਝ ਉਮੀਦਵਾਰ ਤਾਂ ਇਸ ਡੀਬੇਟ ਵਿਚ ਸ਼ਾਮਲ ਹੋਣ ਦੀ ਹਾਮੀ ਭਰਨ ਦੇ ਬਾਵਜੂਦ ਵੀ ਨਹੀਂ ਪਹੁੰਚੇ। ਇੱਥੋਂ ਤੱਕ ਕਿ ਇਨ੍ਹਾਂ ਵਿੱਚੋਂ ਇਕ ਨੇ ਡੀਬੇਟ ਸ਼ੁਰੂ ਹੋਣ ਤੋਂ ਪਹਿਲਾਂ ਫ਼ੋਨ ‘ਤੇ ਦੱਸਿਆ ਕਿ ਉਹ ਦਸ ਮਿੰਟ ਵਿਚ ਸਕੂਲ ਪਹੁੰਚ ਰਿਹਾ ਹੈ ਅਤੇ ਇਕ ਹੋਰ ਦਾ ਕਹਿਣਾ ਸੀ ਕਿ ਉਹ ਤਾਂ ਅੱਜ ਆਪਣੀ ਪਾਰਟੀ ਦੇ ਨੇਤਾ ਦੇ ਨਾਲ ਹੋਰ ਕਿਧਰੇ ਜਾ ਰਿਹਾ ਹੈ, ਹਾਲਾਂ ਕਿ ਇਸ ਤੋਂ ਇਕ ਦਿਨ ਪਹਿਲਾਂ ਉਸ ਨੇ ਆਪਣਾ ਇੱਥੇ ਆਉਣਾ ਪੱਕਾ ਕੀਤਾ ਸੀ। ਇਸ ਤੋਂ ਸਾਡੇ ਇਨ੍ਹਾਂ ਨੇਤਾਵਾਂ ਦੇ ਜ਼ਿੰਮੇਵਾਰੀ ਦੇ ਅਹਿਸਾਸ ਦਾ ਭਲੀ-ਭਾਂਤ ਪਤਾ ਲੱਗਦਾ ਹੈ। ਸ਼ਾਇਦ ਉਹ ਇਸ ਦੇ ਨਾਲੋਂ ਹੋਰ ਕੰਮਾਂ ਨੂੰ ਤਰਜੀਹ ਦੇਣਾ ਬਿਹਤਰ ਸਮਝਦੇ ਹਨ।
ਖ਼ੈਰ, ਉਮੀਦਵਾਰਾਂ ਦੀ ਉਡੀਕ ਕਰਨ ਤੋਂ ਬਿਨਾਂ ਨਿਰਧਾਰਤ ਸਮੇਂ ‘ਤੇ ਇਸ ਡੀਬੇਟ ਦਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਗਿਆ। ਸਕੂਲ ਦੀ ਅਧਿਆਪਕਾ ਈਵਾ ਵੱਲੋਂ ਡੀਬੇਟ ਦੇ ਉਦੇਸ਼ ਬਾਰੇ ਸੰਖੇਪ ਵਿਚ ਦੱਸਣ ਤੋਂ ਬਾਅਦ ਐੱਮ.ਸੀ. ਰਿਦਮ ਚਾਹਲ ਨੇ ਸੱਭ ਤੋਂ ਪਹਿਲਾਂ ਇਸ ਮੌਕੇ ਮਹਿਮਾਨਾਂ ਵਿਚ ਸ਼ਾਮਲ ਸਿਟੀ ਕਾਂਊਂਸਲਰ ਹਰਕੀਰਤ ਸਿੰਘ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਸਕੂਲ ਵੱਲੋਂ ਕਰਵਾਏ ਜਾ ਰਹੇ ਇਸ ਈਵੈਂਟ ਦੀ ਸਰਾਹਨਾ ਕਰਦਿਆਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਰਾਜਨੀਤਕ ਸੂਝ-ਬੂਝ ਵੀ ਰੱਖਣ ਦਾ ਮਸ਼ਵਰਾ ਦਿੱਤਾ। ਉਪਰੰਤ, ਬਰੈਂਪਟਨ ਸੈਂਟਰ ਤੋਂ ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਉਮੀਦਵਾਰ ਬਲਜੀਤ ਬਾਵਾ ਨੇ ਆਪਣੇ ਚੋਣ-ਪਲੇਟਫ਼ਾਰਮ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਪੈਨਲ-ਮੈਂਬਰਾਂ ਵੱਲੋਂ ਪੁੱਛੇ ਗਏ ਸੁਆਲਾਂ ਦੇ ਜੁਆਬ ਤਸੱਲੀ-ਪੂਰਵਕ ਦਿੱਤੇ ਜਿਨ੍ਹਾਂ ਵਿਚ ਟੈਕਸ ਘਟਾਉਣ, ਮਰੀਜ਼ਾਂ ਦੀ ਦਿਨੋਂ-ਦਿਨ ਵੱਧ ਰਹੀ ਗਿਣਤੀ ਨੂੰ ਮੁੱਖ ਰੱਖਦਿਆਂ ਬਰੈਂਪਟਨ ਵਿਚ ਨਵਾਂ ਹਸਪਤਾਲ ਖੋਲ੍ਹਣ, ਬਰੈਂਪਟਨ ਵਿਚ ਪੂਰੀ ਯੂਨੀਵਰਸਿਟੀ ਬਨਾਉਣ, ਦਵਾਈਆਂ ਦੀਆਂ ਕੀਮਤਾਂ ਘੱਟ ਕਰਨ, ਚਾਈਲਡ ਬੈਨੀਫ਼ਿਟ ਵਿਚ ਵਾਧਾ ਕਰਨ, ਘਰੇਲੂ ਹਿੰਸਾ, ਨਸ਼ਿਆਂ ਅਤੇ ਵਾਤਾਵਰਰਣ ਨੂੰ ਸਾਫ਼ ਰੱਖਣ ਵਰਗੇ ਅਹਿਮ ਮੁੱਦਿਆਂ ਉੱਪਰ ਸੁਆਲ ਸ਼ਾਮਲ ਸਨ। ਇਸ ਮੌਕੇ ਪੈਨਿਲਿਸਟਾਂ ਵਿਚ ਗਰੇਡ-9 ਦੇ ਐਂਬਰ ਗਿੱਲ ਤੇ ਅਲੀਸ਼ਾ ਗਰੇਵਾਲ, ਗਰੇਡ-11 ਦੇ ਜਸ਼ਨ ਥਿੰਦ, ਮੋਹਿਤ ਪੰਧੇਰ ਤੇ ਅਖ਼ਨੂਰ ਸੰਘਾ ਅਤੇ ਗਰੇਡ-12 ਦੇ ਲਕਸ਼ੇ ਧਵਨ ਸ਼ਾਮਲ ਸਨ।
ਇਸ ਤੋਂ ਅਗਲੇ ਪੜਾਅ ਵਿਚ ਗਰੇਡ-8 ਦੇ ਵਿਦਿਆਰਥੀਆਂ ਅਮਾਇਆ ਚੋਪੜਾ, ਭਵਸਹਿਜ ਚਾਹਲ, ਗੁਰਤੇਜ ਸੈਣੀ ਤੇ ਯਸ਼ ਵਸ਼ਿਸ਼ਟ ਨੇ ਬਰੈਂਪਟਨ ਈਸਟ ਤੋਂ ਉਮੀਦਵਾਰਾਂ ਕ੍ਰਮਵਾਰ ਰਮੋਨਾ ਸਿੰਘ, ਮਨਿੰਦਰ ਸਿੰਘ, ਸਰਨਜੀਤ ਸਿੰਘ ਅਤੇ ਗੌਰਵ ਵਾਲੀਆ ਦੀਆਂ ਭੂਮਿਕਾਵਾਂ ਵਿਚ ਆਪੋ ਆਪਣੀ ਪਾਰਟੀ ਦੇ ਚੋਣ-ਮਨੋਰਥ-ਪੱਤਰ ਅਨੁਸਾਰ ਵਿਚਾਰ ਪ੍ਰਗਟ ਕਰਨ ਤੋਂ ਬਾਅਦ ਪੈਨਲਿਸਟਾਂ ਦੇ ਉਪਰੋਕਤ ਜ਼ੋਰਦਾਰ ਸੁਆਲਾਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੂੰ ਉਨ੍ਹਾਂ ਸਾਰਿਆਂ ਨੇ ਚੈਲਿੰਗ ਵਾਂਗ ਕਬੂਲਦਿਆਂ ਉਨ੍ਹਾਂ ਦੇ ਬਾਖ਼ੂਬੀ ਜੁਆਬ ਦਿੱਤੇ। ਇਸ ਸਾਰੀ ਚੋਣ-ਪ੍ਰਕਿਰਿਆ ਦੀ ਮਹਿਮਾਨਾਂ ਅਤੇ ਵਿਦਿਆਰਥੀਆਂ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ ਅਤੇ ਸਕੂਲ ਵੱਲੋਂ ਕੀਤੇ ਗਏ ਇਸ ਉਪਰਾਲੇ ਨੂੰ ਬੇਹੱਦ ਸਲਾਹਿਆ ਗਿਆ। ਪ੍ਰਿੰਸੀਪਲ ਧਵਨ ਨੇ ਇਸ ਨੂੰ ਵਿਦਿਆਰਥੀਆਂ ਵਿਚ ਰਾਜਨੀਤਕ ਚੇਤਨਾ ਪੈਦਾ ਕਰਨ ਅਤੇ ਉਨ੍ਹਾਂ ਲਈ ਚੋਣ-ਪ੍ਰਕਿਰਿਆ ਨੂੰ ਅਮਲੀ ਤੌਰ ‘ਤੇ ਸਮਝਣ ਦਾ ਖ਼ੂਬਸੂਰਤ ਮੌਕਾ ਦੱਸਿਆ। ਇਸ ਮੌਕੇ ਮਹਿਮਾਨਾਂ ਵਿਚ ਸਿਟੀ ਕਾਂਊਂਸਲਰ ਹਰਕੀਰਤ ਸਿੰਘ ਤੋਂ ਇਲਾਵਾ ਅਗਾਂਹ-ਵਧੂ ਵਿਚਾਰਾਂ ਦੇ ਧਾਰਨੀ ਅੰਮ੍ਰਿਤ ਢਿੱਲੋਂ, ਨਿਤਿਨ ਚੋਪੜਾ ਤੇ ਰਾਜਬੀਰ ਜੌਹਲ, ਡਾ. ਸੁਖਦੇਵ ਸਿੰਘ ਝੰਡ ਅਤੇ ਕਈ ਹੋਰ ਸ਼ਾਮਲ ਸਨ। ਸਮੁੱਚੇ ਪ੍ਰੋਗਰਾਮ ਦੀ ਕੱਵਰੇਜ ‘ਪਰਵਾਸੀ’ ਨੇ ਵੀ ਕੀਤੀ।
ਡੀਬੇਟ ਸ਼ੁਰੂ ਹੋਣ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਕੀਤੇ ਗਏ ਸੰਘਰਸ਼ ਸਬੰਧੀ ਫ਼ਿਲਮ ‘ਲੀਜੈਂਡ ਆਫ਼ ਭਗਤ ਸਿੰਘ’ ਅਤੇ ਟੈਰੀ ਫ਼ੌਕਸ ਫ਼ਿਲਮ ਦੇ ਕੁਝ ਅੰਸ਼ ਵਿਖਾਏ ਗਏ ਜਿਨ੍ਹਾਂ ਦੀ ਵਿਦਿਆਰਥੀਆਂ ਵੱਲੋਂ ਭਰਪੂਰ ਤਾੜੀਆਂ ਨਾਲ ਖ਼ੂਬ ਪ੍ਰਸੰਸਾ ਕੀਤੀ ਗਈ। ਡੀਬੇਟ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਨੇ ਮਹਾਨ ਦੌੜਾਕ ਟੈਰੀ ਫ਼ੌਕਸ ਨੂੰ ਯਾਦ ਕਰਦਿਆਂ ਹੋਇਆਂ ਸਿੰਬੌਲਿਕ ਟੈਰੀ ਫ਼ੋਕਸ ਰੱਨ ਵਿਚ ਭਾਗ ਲਿਆ ਜਿਸ ਦੀ ਅਗਵਾਈ ਕੁਝ ਅਧਿਆਪਕਾਂ ਵੱਲੋਂ ਕੀਤੀ ਗਈ ਅਤੇ ਸਕੂਲ ਵਿਚ ਵਾਪਸ ਆਉਣ ‘ਤੇ ਸਾਰਿਆਂ ਨੂੰ ਸੰਗਤਰਿਆਂ ਦੀ ਰਿਫ਼ਰੈੱਸ਼ਮੈਂਟ ਦਿੱਤੀ ਗਈ।
Home / ਨਜ਼ਰੀਆ / ਉਮੀਦਵਾਰਾਂ ਦੀ ਗੈਰਹਾਜ਼ਰੀ ‘ਚ ਐਫ.ਬੀ.ਆਈ. ਸਕੂਲ ਦੇ ਵਿਦਿਆਰਥੀਆਂ ਵਲੋਂ ਫੈਡਰਲ ਉਮੀਦਵਾਰਾਂ ਦੀ ਭੂਮਿਕਾ ਵਿਚ ਕੀਤੀ ਗਈ ਦਿਲਚਸਪ ਡਿਬੇਟ