Breaking News
Home / ਜੀ.ਟੀ.ਏ. ਨਿਊਜ਼ / ਕੈਨੇਡੀਅਨ ਰਾਸ਼ਟਰੀ ਗੀਤ

ਕੈਨੇਡੀਅਨ ਰਾਸ਼ਟਰੀ ਗੀਤ

ਇਕੱਲੇ ਪੁੱਤ ਨਹੀਂ ਹੁਣ ਧੀਆਂ ਵੀ ਬਣੀਆਂ ਦੇਸ਼ ਭਗਤ
ਰਾਸ਼ਟਰੀ ਗੀਤ ‘ਚ ਜੈਂਡਰ ਗੈਪ ਖਤਮ, ‘ਪੁੱਤਰਾਂ ਦੀ ਦੇਸ਼ ਭਗਤੀ’ ਨੂੰ ‘ਸਭ ਦੀ ਦੇਸ਼ ਭਗਤੀ’ ਕੀਤਾ ਦਰਜ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਨੇ ਆਪਣੇ ਰਾਸ਼ਟਰੀ ਗੀਤ ਨਾਲ ਜੈਂਡਰ ਗੈਪ ਖਤਮ ਕਰ ਦਿੱਤਾ ਹੈ। ਦੇਸ਼ ਦੇ ਸੰਸਦ ਮੈਂਬਰਾਂ ਨੇ ਸੀਨੇਟ ‘ਚ ਵੋਟ ਪਾ ਕੇ ਰਾਸ਼ਟਰੀ ਗੀਤ ‘ਚ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ‘ਓ ਕੈਨੇਡਾ’ ਗੀਤ 1903 ‘ਚ ਲਿਖਿਆ ਗਿਆ ਸੀ। 1980 ‘ਚ ਇਸ ਨੂੰ ਕੈਨੇਡਾ ਸਰਕਾਰ ਨੇ ਇਸ ਨੂੰ ਰਾਸ਼ਟਰੀ ਗੀਤ ਦੇ ਤੌਰ ‘ਤੇ ਮਾਨਤਾ ਦੇ ਦਿੱਤੀ। ਇਸ ਦੀ ਇਕ ਲਾਈਨ ‘ਚ ‘ਪੁੱਤਰਾਂ ਦੀ ਦੇਸ਼ ਭਗਤੀ’ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। 30 ਸਾਲ ਤੋਂ ਇਸ ਲਾਈਨ ਨੂੰ ਬਦਲਣ ਦੀ ਮੰਗ ਕੀਤੀ ਜਾ ਰਹੀ ਸੀ। ਤਰਕ ਸੀ ਕਿ ਕੀ ਦੇਸ਼ ਭਗਤੀ ਸਿਰਫ਼ ਪੁੱਤਰਾਂ ਦੀ ਹੁੰਦੀ ਹੈ? ਪੁੱਤਰੀਆਂ ਦੀ ਨਹੀਂ? ਮੰਗ ਸੀ ਕਿ ਇਸ ਲਾਈਨ ‘ਚ ਸੋਧ ਕੀਤੀ ਜਾਵੇ। ਇਸ ਦੇ ਲਈ 11 ਬਿਲ ਲਿਆਂਦੇ ਗਏ, ਸਭ ਰੱਦ ਹੋ ਗਏ। ਰੱਦ ਹੋਣ ਦਾ ਕਾਰਨ ਇਹ ਸੀ ਕਿ ਕਈ ਸੰਸਦ ਮੈਂਬਰ ਰਾਸ਼ਟਰੀ ਗੀਤ ‘ਚ ਬਦਲਾਅ ਨੂੰ ਸਹੀ ਨਹੀਂ ਮੰਨਦੇ ਸਨ। ਆਖਰ ਹੁਣ ਇਹ 12ਵਾਂ ਬਿਲ ਪਾਸ ਹੋ ਗਿਆ। ਜੋ ਬਿਲ ਪਾਸ ਹੋਇਆ ਹੈ, ਉਸ ਨੂੰ 2016 ‘ਚ ਸੀਨੇਟਰ ਮਾਰਿਲ ਬਲੇਂਗਰ ਲਿਆਏ ਸਨ। ਉਸ ਸਮੇਂ ਰਾਸ਼ਟਰੀ ਗੀਤ ‘ਚ ਬਦਲਾਅ ਦੇ ਲਈ ਕਈ ਅੰਦੋਲਨ ਵੀ ਚੱਲ ਰਹੇ ਸਨ। ਹਾਲਾਂਕਿ ਲੰਬੀ ਬਿਮਾਰੀ ਤੋਂ ਬਾਅਦ 2016 ‘ਚ ਹੀ ਮਾਰਿਲ ਦੀ ਮੌਤ ਹੋ ਗਈ ਪ੍ਰੰਤੂ ਹੁਣ ਉਨ੍ਹਾਂ ਦੀ ਕੋਸ਼ਿਸ਼ ਸਫ਼ਲ ਹੋ ਗਈ। ਇਹ ਬਿਲ 2016 ‘ਚ ਲੋਅਰ ਹਾਊਸ ‘ਚ ਪਾਸ ਹੋ ਗਿਆ ਸੀ, ਪ੍ਰੰਤੂ ਅਪਰ ਹਾਊਸ ‘ਚ ਰੁਕਿਆ ਸੀ। ਉਦੋਂ ਤੋਂ ਹਰ ਸੈਸ਼ਨ ‘ਚ ਇਸ ‘ਤੇ ਬਹਿਸ ਚੱਲ ਰਹੀ ਸੀ। ਹੁਣ ਨਤੀਜਾ ਪੱਖ ‘ਚ ਆਇਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਬਦਲਾਅ ਨੂੰ ਕੈਨੇਡਾ ਦੇ ਲਈ ਸਕਾਰਾਤਮਕ ਦੱਸਿਆ।
ਲੰਮੇਂ ਸਮੇਂ ਤੋਂ ਇਸ ਬਦਲਾਅ ਦੇ ਲਈ ਚੱਲੇ ਅੰਦੋਲਨ ਦਾ ਹਿੱਸਾ ਰਹੀ ਸੀਨੇਟਰ ਫਰਾਂਸੇਸ ਲੈਕਿਨ ਨੇ ਕਿਹਾ ਕਿ ਦੇਖਣ ‘ਚ ਇਹ ਬਹੁਤ ਛੋਟਾ ਮੁੱਦਾ ਲਗਦਾ ਹੈ। ਦੋ ਸ਼ਬਦ ਹੀ ਤਾਂ ਬਦਲੇ ਹਨ ਪ੍ਰੰਤੂ ਅਸਲ ‘ਚ ਪ੍ਰਤੀਕਾਂ ਦਾ ਬਦਲਾਅ ਹੈ। ਅਸੀਂ ਰਾਸ਼ਟਰ ਦੀ ਅਗਵਾਈ ਕਰਨ ਵਾਲੀ ਹਰ ਇਕ ਮਹਿਲਾ ਨੂੰ ਇਸ ‘ਚ ਸ਼ਾਮਲ ਕੀਤਾ ਹੈ। ਮੈਨੂੰ ਇਸ ਬਦਲਾਅ ‘ਤੇ ਮਾਣ ਹੈ।
3 ਬੀਬੀਆਂ ਨੇ ਲਿਆਂਦਾ ਬਦਲਾਅ
ਓ ਕੈਨੇਡਾ ਨੂੰ ਰਾਸ਼ਟਰੀ ਗੀਤ ਦੀ ਮਾਨਤਾ ਮਿਲਣ ਦੇ ਕੁਝ ਸਮੇਂ ਤੋਂ ਬਾਅਦ ਹੀ ਇਸ ‘ਚ ਬਦਲਾਅ ਦੀ ਮੰਗ ਉਠਣ ਲੱਗੀ ਸੀ। ਇਸ ਮੁਹਿੰਮ ਨੇ 2013 ‘ਚ ਜ਼ੋਰ ਫੜਿਆ। ਮਹਿਲਾ ਕਾਰਕੁੰਨ ਮਾਰਗੇਟ ਐਟਵੁਡ ਅਤੇ ਸਾਬਕਾ ਪ੍ਰਧਾਨ ਮੰਤਰੀ ਕਿਮ ਕੈਂਪਬੈਲ ਨੇ ਬਦਲਾਅ ਦੀ ਮੰਗ ਕੀਤੀ। ਇਨ੍ਹਾਂ ਦੋਹਾਂ ਦੀ ਅਗਵਾਈ ‘ਚ ਰਾਸ਼ਟਰੀ ਗੀਤ ਦੇ ਬਦਲਾਅ ਦੇ ਲਈ ਅੰਦੋਲਨ ਵੀ ਚੱਲਿਆ। ਕਿਮ ਨੇ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹਿੰਦੇ ਹੋਏ ਵੀ ਇਸ ਨੂੰ 18 ਕਰੋੜ ਮਹਿਲਾਵਾਂ ਨਾਲ ਜੁੜਿਆ ਮਾਮਲਾ ਦੱਸਿਆ। ਸੀਨੇਟਰ ਫਰਾਂਸੇਸ ਲੈਕਿਨ ਵੀ ਅੰਦੋਲਨ ਨਾਲ ਜੁੜੀ। ਫਰਾਂਸੇਸ ਬਿਲ ਦਾ ਸਮਰਥਨ ਕਰਨ ਵਾਲੀ ਪਹਿਲੀ ਮਹਿਲਾ ਸੀਨੇਟਰ ਸੀ।

Check Also

ਕਤਲ ਕਰਨ ਅਤੇ ਚਾਰ ਨੂੰ ਜ਼ਖਮੀ ਕਰਨ ਦੇ ਮਾਮਲੇ ‘ਚ 2 ਵਿਅਕਤੀਆਂ ਨੂੰ ਕੀਤਾ ਚਾਰਜ

ਮਿਸੀਸਾਗਾ/ਬਿਊਰੋ ਨਿਊਜ਼ : 25 ਸਾਲਾ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰਨ ਤੇ ਚਾਰ ਹੋਰਨਾਂ …