ਟੋਰਾਂਟੋ: ਐਨਡੀਪੀ ਦੇ ਦੋ ਉਮੀਦਵਾਰਾਂ ਵੱਲੋਂ ਯਹੂਦੀ ਵਿਰੋਧੀ ਟਿੱਪਣੀਆਂ ਕੀਤੇ ਜਾਣ ਕਾਰਨ ਕਾਫੀ ਰੌਲਾ ਪੈ ਜਾਣ ਤੋਂ ਬਾਅਦ ਦੋਵਾਂ ਉਮੀਦਵਾਰਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਪਾਰਟੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਦੋਵਾਂ ਉਮੀਦਵਾਰਾਂ ਨੋਵਾ ਸਕੋਸੀਆ ਤੋਂ ਡੈਨ ਓਸਬੌਰਨ ਅਤੇ ਟੋਰਾਂਟੋ ਤੋਂ ਸਿਡਨੀ ਕੋਲਜ ਨੇ ਅਸਤੀਫਾ ਦਿੱਤਾ ਹੈ। ਫੈਡਰਲ ਪਾਰਟੀ ਆਗੂ ਜਗਮੀਤ ਸਿੰਘ ਨੇ ਦੱਖਣ-ਪੱਛਮੀ ਓਨਟਾਰੀਓ ਵਿੱਚ ਕੈਂਪੇਨ ਦੌਰਾਨ ਇਸ ਦਾ ਖੁਲਾਸਾ ਕੀਤਾ। ਓਨਟਾਰੀਓ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਦੋਵਾਂ ਦੀਆਂ ਟਿੱਪਣੀਆਂ ਬਿਲਕੁਲ ਗਲਤ ਸਨ ਤੇ ਅਜਿਹੇ ਵਿਚਾਰਾਂ ਦੀ ਸਾਡੀ ਪਾਰਟੀ ਵਿੱਚ ਕੋਈ ਥਾਂ ਨਹੀਂ।
ਇਸ ਤਰ੍ਹਾਂ ਦੀਆਂ ਟਿੱਪਣੀਆਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਬਿਲਕੁਲ ਸਹੀ ਫੈਸਲਾ ਲਿਆ ਗਿਆ ਹੈ। 2019 ਵਿੱਚ ਓਸਬੌਰਨ ਨੇ ਓਪਰਾਹ ਨੂੰ ਟਵੀਟ ਕਰਕੇ ਪੁੱਛਿਆ ਸੀ ਕਿ ਕੀ ਆਸਵਿਟਜ ਸੱਚੀਂ ਮੁੱਚੀਂ ਦੀ ਕੋਈ ਥਾਂ ਹੈ ਤੇ ਕੀ ਉੱਥੇ ਦੂਜੀ ਵਰਲਡ ਵਾਰ ਦੌਰਾਨ ਪੋਲੈਂਡ ਵਿੱਚ ਨਾਜੀਆਂ ਵੱਲੋਂ ਕੌਂਸਨਟਰੇਸਨ ਕੈਂਪ ਚਲਾਇਆ ਗਿਆ ਸੀ। ਲੰਘੇ ਦਿਨੀਂ ਭੇਜੇ ਟਵੀਟ ਵਿੱਚ ਓਸਬੌਰਨ ਨੇ ਮੁਆਫੀ ਦੀ ਪੇਸਕਸ਼ ਕੀਤੀ ਸੀ। ਉਨ੍ਹਾਂ ਆਖਿਆ ਕਿ ਆਸਵਿਟਜ ਤੇ ਹੋਲੋਕੌਸਟ ਦੇ ਇਤਿਹਾਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।