ਸਿੱਧੂ ਨੂੰ ਅੱਛੇ ਵਿਵਹਾਰ ਦਾ ਮਿਲ ਸਕਦਾ ਹੈ ਫਾਇਦਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਰੋਡਰੇਜ ਦੇ 34 ਸਾਲ ਪੁਰਾਣੇ ਮਾਮਲੇ ਵਿਚ ਇਕ ਸਾਲ ਦੀ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਂ ਪਹਿਲਾਂ ਹੀ ਜੇਲ੍ਹ ਵਿਚੋਂ ਰਿਹਾਅ ਹੋ ਸਕਦੇ ਹਨ। ਸਿੱਧੂ ਦੇ ਅੱਛੇ ਵਿਵਹਾਰ ਦੇ ਕਰਕੇ ਸਰਕਾਰ ਉਨ੍ਹਾਂ ਨੂੰ 26 ਜਨਵਰੀ 2023 ਨੂੰ ਗਣਤੰਤਰ ਦਿਵਸ ਮੌਕੇ ਰਿਹਾਅ ਕਰ ਸਕਦੀ ਹੈ।
ਇਸ ਗੱਲ ਦੀ ਅਜੇ ਤੱਕ ਪੁਸ਼ਟੀ ਤਾਂ ਨਹੀਂ ਹੋਈ ਹੈ, ਪਰ ਕੁਝ ਦਿਨ ਪਹਿਲਾਂ ਸਿੱਧੂ ਨੂੰ ਪਟਿਆਲਾ ਜੇਲ੍ਹ ਵਿਚ ਮਿਲਣ ਗਏ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਇਸਦੀ ਜਾਣਕਾਰੀ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੁਝ ਦਿਨ ਪਹਿਲਾਂ ਦਰਜਨ ਦੇ ਕਰੀਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੱਧੂ ਨੂੰ ਮਿਲਣ ਲਈ ਪਟਿਆਲਾ ਦੀ ਸੈਂਟਰਲ ਜੇਲ੍ਹ ਪਹੁੰਚੇ ਸਨ। ਮੁਲਾਕਾਤ ਕਰਕੇ ਵਾਪਸ ਪਰਤੇ ਇਕ ਆਗੂ ਨੇ ਕਿਹਾ ਸੀ ਕਿ ਸਿੱਧੂ ਨੂੰ ਅੱਛੇ ਵਿਵਹਾਰ ਕਰਕੇ ਆਉਣ ਵਾਲੀ 26 ਜਨਵਰੀ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਨਵਜੋਤ ਸਿੱਧੂ ਲੰਘੇ 6 ਮਹੀਨਿਆਂ ਤੋਂ ਜੇਲ੍ਹ ਵਿਚ ਹਨ ਅਤੇ ਉਹ ਆਪਣੀ ਬੈਰਕ ਵਿਚ ਬੈਠ ਕੇ ਕਲਰਕ ਦਾ ਕੰਮ ਵੀ ਕਰ ਰਹੇ ਹਨ।
ਨਵਜੋਤ ਸਿੱਧੂ ਦਾ ਜੇਲ੍ਹ ‘ਚ 6 ਮਹੀਨਿਆਂ ਦੌਰਾਨ 34 ਕਿਲੋ ਭਾਰ ਘਟਿਆ
ਜੇਲ੍ਹ ‘ਚ ਕਲਰਕ ਵਜੋਂ ਸੇਵਾਵਾਂ ਨਿਭਾ ਰਹੇ ਹਨ ਸਿੱਧੂ
ਪਟਿਆਲਾ : ਪਟਿਆਲਾ ਜੇਲ੍ਹ ਵਿਚ ਰੋਡ ਰੇਜ਼ ਦੇ ਮਾਮਲੇ ‘ਚ ਇਕ ਸਾਲ ਕੈਦ ਦੀ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦਾ 6 ਮਹੀਨਿਆਂ ਦੌਰਾਨ 34 ਕਿਲੋ ਭਾਰ ਘਟ ਗਿਆ ਹੈ ਅਤੇ ਹੁਣ ਉਹਨਾਂ ਦਾ ਵਜ਼ਨ 99 ਕਿਲੋ ਤੱਕ ਹੋ ਗਿਆ ਹੈ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਨਵਜੋਤ ਸਿੱਧੂ ਰੋਜ਼ਾਨਾ 2 ਘੰਟੇ ਯੋਗਾ ਕਰਦੇ ਹਨ ਅਤੇ ਨਾਲ ਕਸਰਤ ਕਰਦੇ ਹਨ। ਉਹ ਸਵੇਰੇ 2 ਵਜੇ ਉਠ ਜਾਂਦੇ ਹਨ ਤੇ ਫਿਰ 4 ਘੰਟੇ ਮੈਡੀਟੇਸ਼ਨ ਕਰਦੇ ਹਨ। ਰਿਪੋਰਟ ਮੁਤਾਬਕ ਸਿੱਧੂ ਦੀ ਸਿਹਤ ਹੁਣ ਪਹਿਲਾਂ ਨਾਲੋਂ ਕਿਤੇ ਚੰਗੀ ਹੈ। 6 ਫੁੱਟ 2 ਇੰਚ ਲੰਬੇ ਕੱਦ ਵਾਲੇ ਨਵਜੋਤ ਸਿੱਧੂ ਜੇਲ੍ਹ ਵਿਚ ਕਲਰਕ ਵਜੋਂ ਸੇਵਾਵਾਂ ਵੀ ਦੇ ਰਹੇ ਹਨ ਅਤੇ ਕਿਤਾਬਾਂ ਪੜ੍ਹਨ ‘ਤੇ ਵੀ ਕਾਫੀ ਸਮਾਂ ਬਿਤਾਉਂਦੇ ਹਨ। ਉਹ ਸ਼ਾਮ 6 ਵਜੇ ਤੋਂ ਬਾਅਦ ਕੁਝ ਨਹੀਂ ਖਾਂਦੇ ਅਤੇ ਉਹ ਸਿਰਫ 4 ਘੰਟੇ ਸੌਂਦੇ ਹਨ। ਮਿਲੀ ਜਾਣਕਾਰੀ ਮੁਤਾਬਕ ਉਹਨਾਂ ਨਰਾਤਿਆਂ ਦੇ 9 ਦਿਨ ਮੌਨ ਵਰਤ ਰੱਖ ਕੇ ਬਿਤਾਏ। ਸ਼ੁੱਕਰਵਾਰ ਨੂੰ ਨਵਜੋਤ ਸਿੱਧੂ 45 ਮਿੰਟ ਲਈ 3 ਵਿਅਕਤੀਆਂ ਨਾਲ ਮੁਲਾਕਾਤ ਕਰ ਸਕਦੇ ਹਨ। ਉਹ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਪਾਰਟੀ ਆਗੂਆਂ ਨੂੰ ਮਿਲਦੇ ਹਨ। ਜੇਲ੍ਹ ਅਧਿਕਾਰੀਆਂ ਨੇ ਉਹਨਾਂ ਨੂੰ ਆਪਣੀ ਮਰਜ਼ੀ ਦੀਆਂ ਕਿਤਾਬਾਂ ਪੜ੍ਹਨ ਦੀ ਖੁਲ੍ਹ ਦਿੱਤੀ ਹੈ। ਦੱਸਣਯੋਗ ਹੈ ਕਿ ਜੇਲ੍ਹ ਵਿਚ ਪਹਿਲਾਂ ਗਾਇਕ ਦਲੇਰ ਮਹਿੰਦੀ ਵੀ ਉਹਨਾਂ ਨਾਲ ਬੈਰਕ ਨੰਬਰ 10 ਵਿਚ ਬੰਦ ਸਨ ਪਰ ਉਹ ਬਾਅਦ ਵਿਚ ਰਿਹਾਅ ਹੋ ਗਏ। ਉਧਰ ਦੂਜੇ ਪਾਸੇ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਨਵਜੋਤ ਸਿੱਧੂ ਨੂੰ ਜੇਲ੍ਹ ਵਿਚ ਚਿੱਠੀ ਭੇਜੀ ਹੈ। ਜਿਸ ਤੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਜੇਲ੍ਹ ਤੋਂ ਬਾਹਰ ਆਉਣ ‘ਤੇ ਸਿੱਧੂ ਨੂੰ ਕਾਂਗਰਸ ਪਾਰਟੀ ਵਿਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਪਰ ਨਵਜੋਤ ਸਿੱਧੂ ਦੀ ਅਜੇ ਤੱਕ ਛੇ ਮਹੀਨੇ ਦੀ ਸਜ਼ਾ ਬਾਕੀ ਹੈ।
ਨਵਜੋਤ ਸਿੱਧੂ ਨੂੰ ਕਾਂਗਰਸ ਹਾਈਕਮਾਨ ਨੇ ਨਹੀਂ ਭੇਜੀ ਕੋਈ ਚਿੱਠੀ
ਜੇਲ੍ਹ ‘ਚੋਂ ਰਿਹਾਈ ਤੋਂ ਬਾਅਦ ਸਿੱਧੂ ਨੂੰ ਕਾਂਗਰਸ ‘ਚ ਨਹੀਂ ਮਿਲ ਰਹੀ ਕੋਈ ਵੱਡੀ ਜ਼ਿੰਮੇਵਾਰੀ : ਹਰੀਸ਼ ਚੌਧਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਰੋਡ ਰੇਜ਼ ਦੇ ਮਾਮਲੇ ਵਿਚ ਪਟਿਆਲਾ ਦੀ ਸੈਂਟਰਲ ਜੇਲ੍ਹ ਵਿਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਨ ਜਾਂ ਪ੍ਰਿਅੰਕਾ ਗਾਂਧੀ ਵਲੋਂ ਕੋਈ ਚਿੱਠੀ ਨਹੀਂ ਭੇਜੀ ਗਈ। ਲੰਘੇ ਦੋ ਦਿਨਾਂ ਤੋਂ ਚੱਲ ਰਹੀਆਂ ਕਿਆਸਅਰਾਈਆਂ ਨੂੰ ਪੰਜਾਬ ਕਾਂਗਰਸ ਕਮੇਟੀ ਦੇ ਇੰਚਾਰਜ ਹਰੀਸ਼ ਚੌਧਰੀ ਨੇ ਰੱਦ ਕਰ ਦਿੱਤਾ ਹੈ। ਹਰੀਸ਼ ਚੌਧਰੀ ਨੇ ਪ੍ਰਿਅੰਕਾ ਗਾਂਧੀ ਵਲੋਂ ਨਵਜੋਤ ਸਿੱਧੂ ਨੂੰ ਭੇਜੀ ਗਈ ਚਿੱਠੀ ਬਾਰੇ ਚੱਲ ਰਹੀ ਚਰਚਾ ਨੂੰ ਮੁੱਢੋਂ ਹੀ ਨਕਾਰ ਦਿੱਤਾ ਅਤੇ ਜੇਲ੍ਹ ਵਿਚੋਂ ਰਿਹਾਅ ਤੋਂ ਬਾਅਦ ਨਵਜੋਤ ਸਿੱਧੂ ਨੂੰ ਕਾਂਗਰਸ ਪਾਰਟੀ ‘ਚ ਕੋਈ ਵੱਡੀ ਜ਼ਿੰਮੇਵਾਰੀ ਦੇਣ ਤੋਂ ਵੀ ਇਨਕਾਰ ਕੀਤਾ। ਧਿਆਨ ਰਹੇ ਕਿ ਲੰਘੇ ਦੋ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਿਅੰਕਾ ਗਾਂਧੀ ਵਲੋਂ ਚਿੱਠੀ ਭੇਜੇ ਜਾਣ ਦੀ ਗੱਲ ਕਹੀ ਜਾ ਰਹੀ ਸੀ। ਚਿੱਠੀ ਵਿਚ ਕੀ ਲਿਖਿਆ ਹੈ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਰਿਹਾ ਸੀ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਨਵਜੋਤ ਸਿੱਧੂ ਨੂੰ ਜੇਲ੍ਹ ਵਿਚੋਂ ਰਿਹਾਈ ਤੋਂ ਬਾਅਦ ਪਾਰਟੀ ਵਿਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਹਾਲਾਂਕਿ ਜੇਲ੍ਹ ਸੁਪਰਡੈਂਟ ਵਲੋਂ ਵੀ ਸਿੱਧੂ ਦੇ ਨਾਮ ਕਿਸੇ ਵੀ ਚਿੱਠੀ ਦੇ ਆਉਣ ਤੋਂ ਸਾਫ ਮਨਾ ਕੀਤਾ ਗਿਆ ਸੀ। ਇਨ੍ਹਾਂ ਕਿਆਸ ਅਰਾਈਆਂ ਨੂੰ ਹੁਣ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਮੀਡੀਆ ਵਿਚ ਤਾਂ ਇਹ ਵੀ ਚਰਚਾ ਚੱਲ ਰਹੀ ਸੀ ਕਿ ਆਉਂਦੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਨਵਜੋਤ ਸਿੱਧੂ ਨੂੰ ਜੇਲ੍ਹ ਵਿਚੋਂ ਰਿਹਾਅ ਕੀਤਾ ਜਾ ਸਕਦਾ ਹੈ। ਇਸ ਸਬੰਧੀ ਵੀ ਜੇਲ੍ਹ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਦੱਸਣਯੋਗ ਹੈ ਕਿ 34 ਸਾਲ ਪੁਰਾਣੇ ਰੋਡ ਰੇਜ਼ ਮਾਮਲੇ ਵਿਚ ਨਵਜੋਤ ਸਿੱਧੂ ਪਟਿਆਲਾ ਦੀ ਸੈਂਟਰਲ ਜੇਲ੍ਹ ਵਿਚ ਇਕ ਸਾਲ ਦੀ ਸਜ਼ਾ ਕੱਟ ਰਹੇ ਹਨ ਅਤੇ ਉਨ੍ਹਾਂ ਦੀ 6 ਮਹੀਨੇ ਦੀ ਸਜ਼ਾ ਅਜੇ ਬਾਕੀ ਰਹਿੰਦੀ ਹੈ।