Breaking News
Home / ਦੁਨੀਆ / ਪੰਜਾਬੀ ਬੋਲੀ ਨੂੰ ਇੰਗਲੈਂਡ ‘ਚ ਮਿਲਿਆ ਚੌਥਾ ਸਥਾਨ

ਪੰਜਾਬੀ ਬੋਲੀ ਨੂੰ ਇੰਗਲੈਂਡ ‘ਚ ਮਿਲਿਆ ਚੌਥਾ ਸਥਾਨ

ਸਿੱਖਾਂ ਦੀ ਵਸੋਂ ‘ਚ 1 ਲੱਖ ਦਾ ਵਾਧਾ – ਇਸਾਈਆਂ ਦੀ ਗਿਣਤੀ 58 ਲੱਖ ਘਟੀ
ਲੰਡਨ : ਇੰਗਲੈਂਡ ਅਤੇ ਵੇਲਜ਼ ‘ਚ 2021 ਮਰਦਮਸ਼ੁਮਾਰੀ ਦੇ ਧਰਮ ਆਧਾਰ ਅਤੇ ਬੋਲੀ ਦੇ ਆਧਾਰ ਤੇ ਅੰਕੜੇ ਜਾਰੀ ਹੋਏ ਹਨ। ਅੰਕੜਾ ਵਿਭਾਗ ਓ.ਐਨ.ਐਸ. ਵਲੋਂ ਜਾਰੀ ਅੰਕੜਿਆਂ ਮੁਤਾਬਿਕ ਇੰਗਲੈਂਡ ਅਤੇ ਵੇਲਜ਼ ਵਿਚ ‘ਪੰਜਾਬੀ’ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਬਣੀ ਹੈ।
2011 ਮਰਦਮਸ਼ੁਮਾਰੀ ਮੌਕੇ 2,73,231 ਵਿਅਕਤੀਆਂ ਵਲੋਂ ਆਪਣੀ ਬੋਲੀ ਪੰਜਾਬੀ ਲਿਖਵਾਈ ਗਈ ਸੀ ਤੇ ਹੁਣ 21 ਮਾਰਚ 2021 ਨੂੰ ਹੋਈ ਮਰਦਮਸ਼ੁਮਾਰੀ ਮੌਕੇ 2,90,645 ਵਿਅਕਤੀਆਂ ਵਲੋਂ ਆਪਣੀ ਬੋਲੀ ਪੰਜਾਬੀ ਲਿਖਵਾਈ ਗਈ ਹੈ। ਜਿਸ ਮੁਤਾਬਿਕ ਸਿਰਫ਼ ਆਪਣੀ ਪਹਿਲੀ ਬੋਲੀ ਆਮ ਘਰਾਂ ਵਿਚ ਬੋਲੀ ਜਾਣ ਵਾਲੀ ਜਾਂ ਇਹ ਕਹਿ ਲਵੋ ਕਿ ਮਾਂ ਬੋਲੀ ਪੰਜਾਬੀ ਲਿਖਵਾਉਣ ਵਾਲਿਆਂ ਦੀ ਗਿਣਤੀ ਵਿਚ ਸਿਰਫ 17,514 ਦਾ ਹੀ ਵਾਧਾ ਹੋਇਆ ਹੈ ਪਰ ਯੂ ਕੇ ਵਿਚ ਪਹਿਲੇ ਨੰਬਰ ਤੇ ਅੰਗਰੇਜ਼ੀ, ਦੂਸਰੇ ਨੰਬਰ ਤੇ ਪੋਲਿਸ਼, ਤੀਸਰੇ ਨੰਬਰ ਤੇ ਰੋਮੀਨੀਅਨ ਤੇ ਚੌਥੇ ਨੰਬਰ ਤੇ ਪੰਜਾਬੀ ਹੈ। ਜਦੋਂਕਿ 2011 ਵਿਚ ਹੋਈ ਮਰਦਮਸ਼ੁਮਾਰੀ ਵੇਲੇ ਪੰਜਾਬੀ ਤੀਸਰੇ ਸਥਾਨ ‘ਤੇ ਸੀ। ਇਸ ਤੋਂ ਪਹਿਲਾਂ 2001 ਵਿਚ ਪੰਜਾਬੀ ਯੂ ਕੇ ਦੀ ਦੂਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਸੀ।
ਧਰਮ ਦੇ ਆਧਾਰ ‘ਤੇ ਵੇਖਿਆ ਜਾਵੇ ਤਾਂ ਸਿੱਖਾਂ ਦੀ ਵਸੋਂ ਵਿਚ 101000 ਦਾ ਵਾਧਾ ਹੋਇਆ ਹੈ, 2011 ਵਿਚ ਸਿੱਖਾਂ ਦੀ ਆਬਾਦੀ 423000 ਸੀ ਜੋ ਹੁਣ ਵਧ ਕੇ 524000 ਤੱਕ ਪਹੁੰਚ ਗਈ ਹੈ। ਇਸਾਈ ਭਾਈਚਾਰੇ ਦੀ ਵਸੋਂ 14 ਫੀਸਦੀ ਘਟੀ ਹੈ, ਜਾਣੀ 2011 ਵਿਚ ਇਸਾਈ ਮੱਤ ਦੇ ਲੋਕਾਂ ਦੀ ਆਬਾਦੀ 3 ਕਰੋੜ 33 ਲੱਖ ਜਾਣੀ ਕੁੱਲ ਆਬਾਦੀ ਦਾ 59.3 ਫ਼ੀਸਦੀ ਸੀ, ਜੋ ਹੁਣ 2021 ਵਿਚ ਘਟ ਕੇ 2 ਕਰੋੜ 75 ਲੱਖ ਜਾਣੀ 46.2 ਫ਼ੀਸਦੀ ਰਹਿ ਗਈ ਹੈ। ਜਦ ਕਿ ਜਿਹੜੇ ਲੋਕਾਂ ਨੇ ਖ਼ੁਦ ਨੂੰ ਕਿਸੇ ਵੀ ਧਰਮ ਨਾਲ ਨਹੀਂ ਜੋੜਿਆ ਉਹਨਾਂ ਦੀ ਗਿਣਤੀ ਵਿਚ 12 ਫੀਸਦੀ ਵਾਧਾ ਹੋਇਆ ਹੈ, ਜਾਣੀ ਅਜਿਹੇ ਲੋਕਾਂ ਦੀ ਵਸੋਂ 1 ਕਰੋੜ 41 ਲੱਖ ਤੋਂ ਵਧ ਕੇ 2 ਕਰੋੜ 22 ਲੱਖ ਤੱਕ ਪਹੁੰਚ ਗਈ ਹੈ। ਹਿੰਦੂ ਭਾਈਚਾਰੇ ਦੀ ਗਿਣਤੀ ਵਿਚ ਵੀ 1.5 ਫ਼ੀਸਦੀ ਵਾਧਾ ਹੋਇਆ ਹੈ, ਜੋ 818000 ਤੋਂ ਵਧ ਕੇ 10 ਲੱਖ ਤੱਕ ਪਹੁੰਚ ਗਈ ਹੈ।
ਮੁਸਲਿਮ ਆਬਾਦੀ 27 ਲੱਖ ਤੋਂ ਵੱਧ ਕੇ 39 ਲੱਖ ਤੱਕ ਅੱਪੜ ਗਈ ਹੈ। ਇਸੇ ਤਰ੍ਹਾਂ ਬੋਧੀਆਂ ਦੀ ਆਬਾਦੀ 249000 ਤੋਂ ਵੱਧ ਕੇ 273000 ਅਤੇ ਯਹੂਦੀਆਂ ਦੀ ਆਬਾਦੀ 265000 ਤੋਂ ਵਧ ਕੇ 271000 ਹੋਈ ਹੈ। ਜਦਕਿ ਰਵੀਦਾਸੀਆ ਭਾਈਚਾਰੇ ਦੀ ਵਸੋਂ 10,000 ਹੈ।
ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂ.ਕੇ. ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ ਨੇ ਇੰਗਲੈਂਡ ਵਿਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲਗਭਗ 10 ਲੱਖ ਪੰਜਾਬੀ ਵਸਦੇ ਹਨ ਪਰ ਦੁੱਖ ਹੈ ਕਿ ਇਸ ਵਾਰ ਵੱਖ-ਵੱਖ ਸ਼ਹਿਰਾਂ ਵਿਚ ਮਾਂ ਬੋਲੀ ਪੰਜਾਬੀ ਲਿਖਵਾਉਣ ਲਈ ਕੀਤੀਆਂ ਪ੍ਰਚਾਰ ਮੀਟਿੰਗਾਂ, ਕਨਵੈਨਸ਼ਨਾਂ ਅਤੇ ਹੋਰ ਵੱਖ-ਵੱਖ ਜ਼ਰੀਏ ਕੀਤੇ ਪ੍ਰਚਾਰ ਦੇ ਬਾਵਜੂਦ ਅਸੀਂ ਆਪਣਾ ਟੀਚਾ ਸਰ ਨਹੀਂ ਕਰ ਸਕੇ।
ਉਨ੍ਹਾਂ ਕਿਹਾ ਕਿ ਇਕੱਲੇ ਸਿੱਖ ਭਾਈਚਾਰੇ ਦੀ ਹੀ ਵਸੋਂ 5 ਲੱਖ ਤੋਂ ਵੱਧ ਹੈ, ਜਦਕਿ ਹਿੰਦੂ ਪੰਜਾਬੀ ਅਤੇ ਲਹਿੰਦੇ ਪੰਜਾਬ ਤੋਂ ਆਏ ਪੰਜਾਬੀਆਂ ਵਿਚੋਂ ਸਿਰਫ਼ 290645 ਨੇ ਹੀ ਆਪਣੀ ਪੰਜਾਬੀ ਨੂੰ ਮਾਣ ਦਿੱਤਾ ਹੈ।

 

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …