Breaking News
Home / ਭਾਰਤ / ਰਾਹੁਲ ਗਾਂਧੀ ਦੋ ਲੋਕ ਸਭਾ ਹਲਕਿਆਂ ਤੋਂ ਲੜਨਗੇ ਚੋਣ

ਰਾਹੁਲ ਗਾਂਧੀ ਦੋ ਲੋਕ ਸਭਾ ਹਲਕਿਆਂ ਤੋਂ ਲੜਨਗੇ ਚੋਣ

ਰਾਹੁਲ ਵਲੋਂ ਯੂਪੀ ਦੇ ਹਲਕੇ ਅਮੇਠੀ ਤੇ ਕੇਰਲਾ ਦੇ ਹਲਕੇ ਵਾਇਲਾਡ ਤੋਂ ਚੋਣ ਲੜਨ ਦਾ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਦੱਖਣੀ ਭਾਰਤ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਕੇਰਲ ਦੇ ਲੋਕ ਸਭਾ ਹਲਕੇ ਵਾਇਨਾਡ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਆਪਣੇ ਰਵਾਇਤੀ ਹਲਕੇ ਅਤੇ ਕਾਂਗਰਸ ਦੇ ਗੜ੍ਹ ਅਮੇਠੀ (ਯੂਪੀ) ਤੋਂ ਵੀ ਉਹ ਚੋਣ ਲੜਨਗੇ। ਇਸ ਦਾ ਐਲਾਨ ਸਾਬਕਾ ਰੱਖਿਆ ਮੰਤਰੀ ਏ.ਕੇ ਐਂਟਨੀ ਨੇ ਇੱਥੇ ਮੀਡੀਆ ਕਾਨਫ਼ਰੰਸ ਦੌਰਾਨ ਕੀਤਾ। ਐਂਟਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਰਟੀ ਦੀ ਸੂਬਾਈ ਇਕਾਈ ਨੇ ਚੋਣ ਲੜਨ ਦੀ ਬੇਨਤੀ ਕੀਤੀ ਜੋ ਉਨ੍ਹਾਂ ਸਵੀਕਾਰ ਲਈ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਦੱਖਣੀ ਭਾਰਤ ਨੂੰ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਉਹ ਉਨ੍ਹਾਂ ਦਾ ਸਤਿਕਾਰ ਕਰਦੇ ਹਨ ਤੇ ਉਨ੍ਹਾਂ ਦੀ ਭੂਮਿਕਾ ਅਹਿਮ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਮੇਠੀ ਨੂੰ ਉਹ ਕਦੇ ਨਹੀਂ ਛੱਡਣਗੇ। ਇਸ ਦੌਰਾਨ ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੇ ਐਲਾਨ ਨੂੰ ਖੱਬੇ ਪੱਖੀਆਂ ਖ਼ਿਲਾਫ਼ ਜੰਗ ਗਰਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਭਾਜਪਾ ਖ਼ਿਲਾਫ਼ ਸਾਂਝੇ ਸੰਘਰਸ਼ ਦੀ ਵਿਚਾਰਧਾਰਾ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਕੇਰਲ ਵਿਚ ਸਿੱਧਾ ਮੁਕਾਬਲਾ ਐੱਲਡੀਐੱਫ ਤੇ ਕਾਂਗਰਸ ਦੀ ਅਗਵਾਈ ਵਾਲੀ ਯੂਡੀਐੱਫ ਵਿਚਾਲੇ ਹੈ, ਪਰ ਕਾਂਗਰਸ ਪ੍ਰਧਾਨ ਦੇ ਚੋਣ ਲੜਨ ਨੂੰ ਉਹ ਕੋਈ ਅਹਿਮੀਅਤ ਨਹੀਂ ਦਿੰਦੇ।
ਰਾਹੁਲ ਡਰ ਕੇ ਕੇਰਲ ਭੱਜੇ: ਅਮਿਤ ਸ਼ਾਹ
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਦੇ ਅਮੇਠੀ ਤੋਂ ਇਲਾਵਾ ਵਾਇਨਾਡ (ਕੇਰਲ) ਸੀਟ ਤੋਂ ਚੋਣ ਲੜਨ ਦੇ ਫ਼ੈਸਲੇ ਦਾ ਮਜ਼ਾਕ ਉਡਾਉਂਦਿਆਂ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਨੂੰ ਡਰ ਪੈਦਾ ਹੋ ਗਿਆ ਹੈ ਕਿ ਉਸ ਦੇ ਰਵਾਇਤੀ ਗੜ੍ਹ ਦੇ ਵੋਟਰ ਉਸ ਵੱਲੋਂ ਕੀਤੇ ਕੰਮਾਂ ਦਾ ਹਿਸਾਬ ਮੰਗਣਗੇ। ਪੱਛਮੀ ਉੱਤਰ ਪ੍ਰਦੇਸ਼ ਵਿਚ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ”ਕੇਰਲਾ ਵਿਚ ਖੁਸ਼ਾਮਦੀਦ ਵਾਲੀ ਸਿਆਸਤ ਹੈ ਜਿਸ ਕਾਰਨ ਰਾਹੁਲ ਉਥੋਂ ਚੋਣ ਲੜ ਰਿਹਾ ਹੈ।
ਸਭ ਤੋਂ ਗਰਮ ਮੁੱਦਾ : ਰਾਹੁਲ ਅਜਿਹੇ ਤੀਜੇ ਗਾਂਧੀ ਜੋ ਇਕ ਚੋਣ ‘ਚ ਦੋ ਸੀਟਾਂ ਤੋਂ ਮੈਦਾਨ ‘ਚ ਹੋਣਗੇ
ਆਖਿਰ ਆਗੂ ਦੋ ਸੀਟ ਤੋਂ ਚੋਣ ਲੜਦੇ ਕਿਉਂ ਹਨ?
ਆਖਰਕਾਰ ਐਲਾਨ ਹੋ ਹੀ ਗਿਆ ਕਿ ਰਾਹੁਲ ਗਾਂਧੀ ਅਮੇਠੀ ਦੇ ਨਾਲ-ਨਾਲ ਕੇਰਲ ਦੀ ਵਾਯਨਾਡ ਸਟ ਤੋਂ ਵੀ ਚੋਣ ਲੜਨਗੇ। ਆਖਰ ਕੀ ਕਾਰਨ ਹੈ ਕਿ ਆਗੂ ਦੋ ਸੀਟਾਂ ਤੋਂ ਚੋਣ ਲੜਨਾ ਚਾਹੁੰਦੇ ਹਨ। ਰਾਜਨੀਤਿਕ ਮਾਹਿਰ ਮੰਨਦੇ ਹਨ ਕਿ ਅਜਿਹਾ ਦੋ ਕਾਰਨਾਂ ਕਰਕੇ ਹੁੰਦਾ ਹੈ। ਪਹਿਲਾ ਆਗੂਆਂ ਨੂੰ ਪਰੰਪਰਾਗਤ ਸੀਟ ‘ਤੇ ਹਾਰ ਦਾ ਡਰ। ਦੂਜਾ : ਦੂਜੇ ਰਜ ‘ਚ ਜਾ ਕੇ ਰਾਜਨੀਤਿਕ ਸੰਦੇਸ਼ ਦੇਣਾ। ਜਿਸ ਤਰ੍ਹਾਂ ਕਿ ਮੋਦੀ ਨੇ ਕੀਤਾ। ਮੋਦੀ ਵਡੋਦਰਾ ਅਤੇ ਯੂਪੀ ਦੀ ਕਾਸ਼ੀ (ਬਨਾਰਸ) ਸੀਟ ਤੋਂ ਲੜੇ। ਫਾਇਦਾ ਪਾਰਟੀ ਨੂੰ ਮਿਲਿਆ। ਭਾਜਪਾ ਨੇ ਇਥੇ 80 ‘ਚੋਂ 71 ਸੀਟਾਂ ਜਿੱਤ ਲਈਆਂ।
ਸਭ ਤੋਂ ਪਹਿਲਾਂ ਇਤਿਹਾਸ : 1996 ਤੋਂ ਪਹਿਲਾਂ ਤੱਕ ਆਗੂ ਤਿੰਨ ਸੀਟਾਂ ਤੋਂ ਚੋਣ ਲੜ ਸਕਦਾ ਸੀ। ਰੀਪ੍ਰੈਜੈਨਟੇਸ਼ਨ ਆਫ਼ ਦਾ ਪੀਪੁਲ ਐਕਟ (1951) ‘ਚ ਸੋਧ ਤੋਂ ਬਾਅਦ ਇਹ ਤਹਿ ਹੋਇਆ ਕਿ ਕੋਈ ਵੀ ਉਮੀਦਵਾਰ ਦੋ ਤੋਂ ਜ਼ਿਆਦਾ ਸੀਟਾਂ ‘ਤੇ ਚੋਣ ਨਹੀਂ ਲੜ ਸਕਦਾ।
ਐਮਰਜੈਂਸੀ ਤੋਂ ਪਹਿਲਾਂ ਦਾ ਦੌਰ
1957 ‘ਚ 32 ਸਾਲ ਦੇ ਅਟਲ ਬਿਹਾਰੀ ਵਾਜਪਾਈ ਨੇ ਯੂਪੀ ਦੀਆਂ ਤਿੰਨ ਸੀਟਾਂ ਬਲਰਾਮਪੁਰ, ਮਥੁਰਾ ਅਤੇ ਲਖਨਊ ਤੋਂ ਚੋਣ ਲੜੀ। ਸਿਰਫ਼ ਬਲਰਾਮਪੁਰ ਤੋਂ ਜਿੱਤੇ। ਮਥੁਰਾ ‘ਚ ਤਾਂ ਜ਼ਮਾਨਤ ਤੱਕ ਜਬਰਤ ਹੋ ਗਈ ਸੀ।
ਐਮਰਜੈਂਸੀ ਤੋਂ ਬਾਅਦ
1977 ‘ਚ ਇੰਦਰਾ ਗਾਂਧੀ ਆਪਣੀ ਸੀਟ ਰਾਏਬਰੇਲੀ ਤੋਂ ਹਾਰ ਗਈ, 1980 ‘ਚ ਇੰਦਰਾ ਦੋ ਸੀਟਾਂ ਰਾਏਬਰੇਲੀ (ਯੂਪੀ) ਅਤੇ ਮੇਡਕ (ਹੁਣ ਤੇਲੰਗਾਨਾ ‘ਚ) ਤੋਂ ਮੈਦਾਨ ‘ਚ ਉਤਰੀ ਅਤੇ ਦੋਵੇਂ ਸੀਟਾਂ ਤੋਂ ਜਿੱਤ ਗਈ।
ਹਰ ਦਲ ‘ਚ ਰਹੇ ਨੇ ਦੋ ਸੀਟਾਂ ਤੋਂ ਚੋਣ ਲੜਨ ਵਾਲੇ ਆਗੂ
ੲ ਅਟਲ ਬਿਹਾਰੀ ਵਾਜਪਾਈ : ਅਟਲ 1991 ‘ਚ ਵਿਦਿਸ਼ਾ ਅਤੇ ਲਖਨਊ ਤੋਂ ਚੋਣ ‘ਚ ਉਤਰੇ ਅਤੇ ਦੋਵੇਂ ਥਾਵਾਂ ਤੋਂ ਜਿੱਤੇ। 1996 ‘ਚ ਗਾਂਧੀਨਗਰ ਅਤੇ ਲਖਨਊ ਤੋਂ ਅਤੇ ਦੋਵੇਂ ਜਗ੍ਹਾ ‘ਤੇ ਜਿੱਤੇ, 13 ਦਿਨ ਸਰਕਾਰ ਚਲਾਈ।
ੲ ਲਾਲ ਕ੍ਰਿਸ਼ਨ ਅਡਵਾਨੀ : 1991 ‘ਚ ਨਵੀਂ ਦਿੱਲੀ ਅਤੇ ਗਾਂਧੀਨਗਰ ਤੋਂ ਚੋਣ ਮੈਦਾਨ ‘ਚ ਉਤਰੇ ਤੇ ਦੋਵੇਂ ਥਾਵਾਂ ਤੋਂ ਜਿੱਤੇ।
ੲ ਸੋਨੀਆ ਗਾਂਧੀ : 1991 ‘ਚ ਬੇਲਲਾਰੀ ਅਤੇ ਅਮੇਠੀ ਤੋਂ ਚੋਣ ਮੈਦਾਨ ‘ਚ ਉਤਰੇ ਅਤੇ ਦੋਵੇਂ ਥਾਵਾਂ ਤੋਂ ਜਿੱਤੇ।
ੲ ਐਨ ਟੀ ਰਾਮਾਰਾਓ : 1985 ‘ਚ ਆਂਧਰਾ ਵਿਧਾਨ ਸਭਾ ਚੋਣਾਂ ‘ਚ ਗੁਡਿਵਡਾ, ਹਿੰਦੁਪੁਰ ਅਤੇ ਨਾਲਗੋਂਡਾ ਤੋਂ ਲੜੇ ਅਤੇ ਦੋਵੇਂ ਥਾਵਾਂ ਤੋਂ ਜਿੱਤੇ।
ੲ ਮੁਲਾਯਮ ਸਿੰਘ ਯਾਦਵ : 2014 ‘ਚ ਆਜ਼ਮਗੜ੍ਹ ਅਤੇ ਮੈਨਪੁਰੀ ਤੋਂ ਚੋਣ ਮੈਦਾਨ ‘ਚ ਉਤਰੇ ਅਤੇ ਜਿੱਤੇ।
ੲ ਲਾਲ ਪ੍ਰਸਾਦ ਯਾਦਵ : 2009 ‘ਚ ਸਾਰਥ ਅਤੇ ਪਾਟਲੀਪੁੱਤਰ ਤੋਂ ਚੋਣ ਮੈਦਾਨ ‘ਚ ਉਤਰੇ। ਸਾਰਣ ਤੋਂ ਜਿੱਤੇ, ਪਾਟਲੀਪੁੱਤਰ ਤੋਂ ਹਾਰੇ
ੲ ਦੇਵੀਲਾਲ : 1989 ‘ਚ ਦੇਵੀਲਾਲ ਤਿੰਨ ਲੋਕ ਸਭਾ ਸੀਟਾਂ ਸੀਕਰ, ਰੋਹਤਕ, ਫਿਰੋਜ਼ਪੁਰ ਤੋਂ ਚੋਣ ਲੜੇ। ਸੀਕਰ, ਰੋਹਤਕ ਤੋਂ ਜਿੱਤੇ ਗਏ ਪ੍ਰੰਤੂ ਫਿਰੋਜ਼ਪੁਰ ਤੋਂ ਹਾਰ ਗਏ।
ਇਕ ਆਗੂ, ਇਕ ਸੀਟ
ਕਮਿਸ਼ਨ ਨੇ ਸੁਪਰੀਮ ਕੋਰਟ ਤੋਂ ਸੈਕਸ਼ਨ 33 (7) ‘ਚ ਸੋਧ ਦੀ ਸਿਫਾਰਸ਼ ਕੀਤੀ ਸੀ ਤਾਂ ਕਿ ਇਕ ਆਗੂ ਇਕ ਸੀਟ ਤੋਂ ਹੀ ਚੋਣ ਲੜ ਸਕੇ। ਇਕ ਸੀਟ ‘ਤੇ ਚੋਣ ਦਾ ਖਰਚਾ ਇਸ ਤਰ੍ਹਾਂ ਸਮਝੋ : 2014 ‘ਚ 543 ਸੀਟਾਂ ‘ਤੇ ਕਮਿਸ਼ਨ ਨੇ 3426 ਕਰੋੜ ਰੁਪਏ ਖਰਚ ਕੀਤੇ ਸਨ। ਯਾਨੀ ਇਕ ਸੀਟ ‘ਤੇ 6.30 ਕਰੋੜ। ਉਪ ਚੋਣ ‘ਚ ਦੁਬਾਰਾ ਫਿਰ ਇੰਨਾ ਹੀ ਖਰਚਾ ਹੋਵੇਗਾ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …