60 ਕਿਲੋਮੀਟਰ ‘ਚ ਹੋਵੇਗਾ ਸਿਰਫ ਇਕ ਟੋਲ ਪਲਾਜ਼ਾ : ਨਿਤਿਨ ਗਡਕਰੀ
ਨਵੀਂ ਦਿੱਲੀ : ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਵਿਚ 60 ਕਿਲੋਮੀਟਰ ‘ਚ ਕੇਵਲ ਇਕ ਹੀ ਟੋਲ ਪਲਾਜ਼ਾ ਹੋਵੇਗਾ ਅਤੇ ਜੇਕਰ ਇਸ ਦਰਮਿਆਨ ਕੋਈ ਦੂਸਰਾ ਟੋਲ ਪਲਾਜ਼ਾ ਹੈ ਤਾਂ ਉਸ ਨੂੰ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਬੰਦ ਕਰ ਦਿੱਤਾ ਜਾਵੇਗਾ। ਲੋਕ ਸਭਾ ‘ਚ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਵਿਚ 2024 ਤੱਕ ਅਮਰੀਕਾ ਵਰਗੀਆਂ ਸੜਕਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਟੋਲ ਪਲਾਜ਼ਿਆਂ ਦੇ ਨੇੜੇ ਰਹਿੰਦੇ ਉਨ੍ਹਾਂ ਸਥਾਨਕ ਲੋਕਾਂ ਨੂੰ ਪਾਸ ਪ੍ਰਦਾਨ ਕਰਾਂਗੇ, ਜਿੰਨ੍ਹਾਂ ਕੋਲ ਆਧਾਰ ਕਾਰਡ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਅਸੀਂ ਇਹ ਜ਼ਰੂਰੀ ਕਰ ਦਿੱਤਾ ਹੈ ਕਿ 8 ਯਾਤਰੀਆਂ ਤੱਕ ਲੈ ਕੇ ਜਾਣ ਵਾਲੀ ਹਰ ਕਾਰ ‘ਚ 6 ਏਅਰਬੈਗ ਹੋਣੇ ਚਾਹੀਦੇ ਹਨ। ਲੋਕ ਸਭਾ ‘ਚ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਲਈ 2022-23 ਲਈ ਗ੍ਰਾਂਟਾਂ ਦੀਆਂ ਮੰਗਾਂ ‘ਤੇ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਭਾਰਤ ‘ਚ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਅਮਰੀਕਾ ਦੇ ਬਰਾਬਰ ਬਣਾਇਆ ਜਾਵੇ। ਸੜਕਾਂ ਦੇ ਬੁਨਿਆਦੀ ਢਾਂਚੇ ‘ਚ ਸੁਧਾਰ ਸੰਬੰਧੀ ਗਡਕਰੀ ਨੇ ਕਿਹਾ ਕਿ ਹੁਣ ਦਿੱਲੀ ਤੋਂ ਮੇਰਠ ਦਾ ਸਫਰ ਕਰਨ ‘ਚ ਸਿਰਫ 40 ਮਿੰਟ ਲੱਗਦੇ ਹਨ, ਜਦੋਂਕਿ ਇਸ ਸਫ਼ਰ ਲਈ ਪਹਿਲਾਂ 4 ਘੰਟਿਆਂ ਦਾ ਸਮਾਂ ਲੱਗਦਾ ਸੀ। ਕੇਂਦਰੀ ਮੰਤਰੀ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਟ੍ਰੈਫਿਕ ਅਤੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ 62,000 ਕਰੋੜ ਰੁਪਏ ਦੇ ਸੜਕੀ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਸਾਡੀ ਕੋਸ਼ਿਸ਼ ਉਸ ਪ੍ਰਾਜੈਕਟ ਨੂੰ ਪੂਰਾ ਕਰਨ ਦੀ ਹੈ, ਜਿਸ ਨਾਲ ਸ੍ਰੀਨਗਰ ਤੋਂ 20 ਘੰਟਿਆਂ ‘ਚ ਮੁੰਬਈ ਪਹੁੰਚਿਆ ਜਾ ਸਕੇ। ਸਰਕਾਰ ਕਈ ਹੋਰ ਪ੍ਰਾਜੈਕਟਾਂ ‘ਤੇ ਵੀ ਕੰਮ ਕਰ ਰਹੀ ਹੈ, ਜਿਸ ਨਾਲ ਦਿੱਲੀ ਤੋਂ ਜੈਪੁਰ, ਹਰਿਦੁਆਰ ਅਤੇ ਦੇਹਰਾਦੂਨ ਦੋ ਘੰਟਿਆਂ ‘ਚ ਪਹੁੰਚਿਆ ਜਾ ਸਕੇ।
ਢੁਕਵਾਂ ਮੁਆਵਜ਼ਾ ਦੇਵੇ ਸਰਕਾਰ : ਡਿੰਪਾ
ਕਾਂਗਰਸ ਦੇ ਲੋਕ ਸਭਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਸੜਕਾਂ ਬਣਾਉਣ ਲਈ ਲੋਕਾਂ ਕੋਲੋਂ ਲਈਆਂ ਜਾਣ ਵਾਲੀਆਂ ਜ਼ਮੀਨਾਂ ‘ਤੇ ਸਰਕਾਰ ਵਲੋਂ ਦਿੱਤੇ ਜਾਂਦੇ ਮੁਆਵਜ਼ੇ ਸਬੰਧੀ ਕਿਹਾ ਕਿ ਇਹ ਕਿਸਾਨਾਂ ਦੀ ਜ਼ਮੀਨ ਹੜਪੱਣ ਵਾਲੇ ਹਾਲਾਤ ਹਨ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਗਿੱਲ ਨੇ ਸੜਕ ਮਾਰਚ ਡਿਮਾਂਡ ਫ਼ਾਰ ਗ੍ਰਾਂਟ ‘ਤੇ ਬੋਲਦਿਆਂ ਕਿਹਾ ਕਿ ਭਾਰਤ ਸਰਕਾਰ ਵਲੋਂ ਉਨ੍ਹਾਂ ਦੇ ਹਲਕੇ ‘ਚ 3 ਰਾਜ ਮਾਰਗ ਬਣਾਏ ਜਾ ਰਹੇ ਹਨ। ਜਿਸ ‘ਚ ਕਟੜਾ-ਦਿੱਲੀ, ਹੁਸ਼ਿਆਰਪੁਰ ਅਤੇ ਬਿਆਸ-ਬਟਾਲਾ ਸੜਕਾਂ ਸ਼ਾਮਲ ਹਨ। ਡਿੰਪਾ ਨੇ ਕਿਹਾ ਕਿ ਸੜਕਾਂ ਬਣਾਉਣ ਲਈ ਸਰਕਾਰ ਵਲੋਂ ਜ਼ਮੀਨ ਹਾਸਲ ਕੀਤੀ ਜਾ ਰਹੀ ਹੈ, ਪਰ ਜ਼ਮੀਨ ਦੇ ਮਾਲਕਾਂ ਨੂੰ ਬਹੁਤ ਘੱਟ ਮੁਆਵਜ਼ਾ ਦਿੱਤਾ ਜਾ ਰਿਹਾ ਹੈ।