Breaking News
Home / ਭਾਰਤ / ਭਗਤ ਸਿੰਘ ਦੇ ਨਾਮ ‘ਤੇ ਹੋਵੇਗਾ ਦਿੱਲੀ ਦਾ ਸੈਨਿਕ ਸਕੂਲ : ਕੇਜਰੀਵਾਲ

ਭਗਤ ਸਿੰਘ ਦੇ ਨਾਮ ‘ਤੇ ਹੋਵੇਗਾ ਦਿੱਲੀ ਦਾ ਸੈਨਿਕ ਸਕੂਲ : ਕੇਜਰੀਵਾਲ

ਵਿਦਿਆਰਥੀਆਂ ਨੂੰ ਫੌਜ ‘ਚ ਭਰਤੀ ਹੋਣ ਲਈ ਦਿੱਤੀ ਜਾਵੇਗੀ ਸਿਖਲਾਈ
ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਦਿਆਰਥੀਆਂ ਨੂੰ ਫੌਜ ‘ਚ ਭਰਤੀ ਹੋਣ ਲਈ ਸਿਖਲਾਈ ਕਰਵਾਉਣ ਲਈ ਦਿੱਲੀ ਸਰਕਾਰ ਵਲੋਂ ਤਿਆਰ ਕੀਤੇ ਜਾ ਰਹੇ ਸੈਨਿਕ ਸਕੂਲ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਿਆ ਜਾਵੇਗਾ। ਇਹ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਕੇਜਰੀਵਾਲ ਨੇ ਸਕੂਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਇਹ ਸਕੂਲ ਝੜੌਦਾ ਕਲਾਂ ‘ਚ 14 ਏਕੜ ‘ਚ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਰਹਿਣ ਵਾਲਾ ਕੋਈ ਵੀ ਬੱਚਾ 9ਵੀਂ ਅਤੇ 11ਵੀਂ ਜਮਾਤ ‘ਚ ਦਾਖਲਾ ਲੈ ਸਕਦਾ ਹੈ। ਦੋਵੇਂ ਕਲਾਸਾਂ ਲਈ 100-100 ਸੀਟਾਂ ਹੋਣਗੀਆਂ। ਕੇਜਰੀਵਾਲ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹਾਦਤ ਦਿਵਸ ਤੋਂ ਇਕ ਦਿਨ ਪਹਿਲਾਂ ਉਕਤ ਐਲਾਨ ਕਰਦਿਆਂ ਕਿਹਾ ਕਿ ਸਕੂਲ ‘ਚ ਪੜ੍ਹਾਈ ਤੋਂ ਲੈ ਕੇ ਸਭ ਕੁਝ ਮੁਫ਼ਤ ਹੋਵੇਗਾ। ਰਿਹਾਇਸ਼ੀ ਸਕੂਲ ‘ਚ ਕੁੜੀਆਂ ਅਤੇ ਮੁੰਡਿਆਂ ਦੇ ਰਹਿਣ ਦੀ ਵੱਖ-ਵੱਖ ਵਿਵਸਥਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 20 ਦਸਬੰਰ ਨੂੰ ਦਿੱਲੀ ਕੈਬਨਿਟ ਵਲੋਂ ਲਏ ਇਸ ਫੈਸਲੇ ‘ਚ ਕਿਹਾ ਗਿਆ ਹੈ ਕਿ ਦਿੱਲੀ ‘ਚ ਇਕ ਅਜਿਹਾ ਸਕੂਲ ਬਣਾਇਆ ਜਾਵੇਗਾ, ਜਿੱਥੇ ਬੱਚਿਆਂ ਨੂੰ ਹਥਿਆਰਬੰਦ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ‘ਚ ਭਰਤੀ ਹੋਣ ਲਈ ਸਿਖਲਾਈ ਦਿੱਤੀ ਜਾਵੇਗੀ। ਕੇਜਰੀਵਾਲ ਨੇ ਦਾਅਵਾ ਕਰਦਿਆਂ ਕਿਹਾ ਕਿ ਇਸ ਸਾਲ ਤੋਂ ਕਲਾਸ ਸ਼ੁਰੂ ਕੀਤੀ ਜਾਵੇਗੀ। 27 ਮਾਰਚ ਨੂੰ 9ਵੀਂ ਅਤੇ 28 ਮਾਰਚ ਨੂੰ 11ਵੀਂ ਕਲਾਸ ਦੇ ਦਾਖ਼ਲੇ ਲਈ ਪ੍ਰੀਖਿਆਵਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਦੋਹਾਂ ਕਲਾਸਾਂ ਦੀਆਂ 200 ਸੀਟਾਂ ਲਈ 18 ਹਜ਼ਾਰ ਅਰਜ਼ੀਆਂ ਆ ਚੁੱਕੀਆਂ ਹਨ। 27 ਤੋਂ 28 ਮਾਰਚ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਆਧਾਰ ‘ਤੇ ਹੀ ਬੱਚਿਆਂ ਨੂੰ ਸਕੂਲ ‘ਚ ਦਾਖ਼ਲਾ ਮਿਲੇਗਾ। ਦਿੱਲੀ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸਕੂਲ ‘ਚ ਸਿਖਲਾਈ ਦੇਣ ਲਈ ਤਿੰਨੇ ਫੌਜਾਂ ਦੇ ਸੇਵਾਮੁਕਤ ਅਫਸਰਾਂ ਦੀ ਨਿਯੁਕਤੀ ਕੀਤੀ ਜਾਵੇਗੀ।

 

Check Also

ਹਾਥਰਸ ਹਾਦਸਾ ਮਾਮਲੇ ’ਚ ਧਾਰਮਿਕ ਸਭਾ ਦੇ ਪ੍ਰਬੰਧਕਾਂ ਖਿਲਾਫ ਐਫ਼.ਆਈ.ਆਰ. ਦਰਜ

ਸਤਸੰਗ ਤੋਂ ਬਾਅਦ ਮਚੀ ਭਗਦੜ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ 122 ਹੋਈ ਲਖਨਊ/ਬਿਊਰੋ ਨਿਊਜ਼ ਉਤਰ …