Breaking News
Home / ਕੈਨੇਡਾ / ਕਲੀਵਲੈਂਡ ਵਾਲੇ ਡਾ. ਸੁਰਜੀਤ ਸਿੰਘ ਢਿੱਲੋਂ ਸੁਰਗਵਾਸ

ਕਲੀਵਲੈਂਡ ਵਾਲੇ ਡਾ. ਸੁਰਜੀਤ ਸਿੰਘ ਢਿੱਲੋਂ ਸੁਰਗਵਾਸ

ਸਸਕਾਰ ਅਤੇ ਅੰਤਮ ਅਰਦਾਸ 3 ਦਸੰਬਰ ਨੂੰ
ਕਲੀਵਲੈਂਡ/ਬਿਊਰੋ ਨਿਊਜ : ਕਲੀਵਲੈਂਡ ਏਰੀਏ ਵਿਚ ਪੰਜਾਬੀ ਭਾਈਚਾਰੇ ਦੀ ਜਾਣੀ ਪਛਾਣੀ ਸਖ਼ਸ਼ੀਅਤ ਅਤੇ ਇਸ ਏਰੀਏ ਦੇ ਪਹਿਲੇ ਪੰਜਾਬੀ ਵੈਟਨਰੀ ਡਾਕਟਰ, ਡਾ ਸੁਰਜੀਤ ਸਿੰਘ ਢਿੱਲੋਂ ਪਿਛਲੇ ਦਿਨੀਂ ਗੁਰ-ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਮ ਅਰਦਾਸ 3 ਦਸੰਬਰ ਨੂੰ ਗੁਰਦੁਆਰਾ ਰਿੱਚਫੀਲਡ ਕਲੀਵਲੈਂਡ ਵਿਖੇ ਕੀਤੀ ਜਾਵੇਗੀ।
ਗੰਗਾਨਗਰ ਨਾਲ ਸੰਬੰਧਤ, ਡਾ ਸੁਰਜੀਤ ਸਿੰਘ ਢਿੱਲੋਂ ਹੁਰਾਂ ਨੇ ਹਿਸਾਰ ਤੋਂ ਵੈਟਨਰੀ ਦੀ ਡਿਗਰੀ ਕਰਨ ਤੋਂ ਬਾਅਦ ਅਮਰੀਕਾ ਤੋਂ ਪੀਐਚਡੀ ਕੀਤੀ ਸੀ। ਬਾਅਦ ਵਿਚ ਉਨ੍ਹਾਂ ਨੇ ਪੰਜਾਬ ਐਗਰੀਕਲਚਰ ਯੂਨਵਿਰਸਿਟੀ ਲੁਧਿਆਣਾ ਦੇ ਵੈਟਨਰੀ ਵਿਭਾਗ ਵਿਚ ਅਸਿੱਸਟੈਂਟ ਪ੍ਰੋਫੈਸਰ ਵਜੋਂ ਕੰਮ ਵੀ ਕੀਤਾ। ਫਿਰ ਉਹ ਅਮਰੀਕਾ ਆ ਗਏ ਅਤੇ ਕਲੀਵਲੈਂਡ ਨੂੰ ਆਪਣਾ ਘਰ ਬਣਾਇਆ। ਉਨ੍ਹਾਂ ਨੇ ਮੁੜ ਤੋਂ ਵੈਟਨਰੀ ਦੀ ਡਿਗਰੀ ਪ੍ਰਾਪਤ ਕਰਕੇ ਕਲੀਵਲੈਂਡ ਖੇਤਰ ਵਿਚ ਪਹਿਲੇ ਪੰਜਾਬੀ ਵੈਟਰਨਰੀ ਡਾਕਟਰ ਬਣਨ ਦਾ ਮਾਣ ਪ੍ਰਾਪਤ ਕੀਤਾ। ਉਹ ਸਿਰਫ਼ ਆਪ ਹੀ ਵੈਟਨਰੀ ਡਾਕਟਰ ਨਹੀਂ ਬਣੇ ਸਗੋਂ ਉਨ੍ਹਾਂ ਨੇ ਆਪਣੇ ਸਾਥੀਆਂ ਅਤੇ ਵਿਦਿਆਰਥੀਆਂ ਨੂੰ ਪ੍ਰੇਰਤ ਕਰਕੇ ਵੈਟਰਨਰੀ ਕਿੱਤੇ ਵਿਚ ਲਿਆਂਦਾ। ਉਹ ਸਮਾਜਿਕ, ਧਾਰਮਿਕ ਅਤੇ ਭਾਈਚਾਰਕ ਗਤੀਵਿਧੀਆਂ ਵਿਚ ਸੱਭ ਤੋਂ ਮੂਹਰੀ ਹੁੰਦੇ ਸਨ। ਉਹ ਕਲੀਵਲੈਂਡ ਵਿਚ ਵੱਸਣ ਵਾਲੇ ਮੋਢੀਆਂ ਵਿਚੋਂ ਇੱਕ ਸਨ ਅਤੇ ਆਪਣੀ ਮਿਹਨਤ ਅਤੇ ਯੋਗਤਾ ਨਾਲ ਬਹੁਤ ਵੱਡਾ ਨਾਮਣਾ ਖੱਟਿਆ ਸੀ। ਉਹ ਬਹੁਤ ਹੀ ਚਿੰਤਨਸੀਲ਼ ਅਤੇ ਪੰਜਾਬੀ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਫਿਕਰਮੰਦ ਹੁੰਦੇ ਸਨ। ਗੁਰਬਾਣੀ ਦੇ ਗਿਆਤਾ ਅਤੇ ਪੰਜਾਬੀ ਅਦਬ ਨਾਲ ਪਿਆਰ ਕਰਨ ਵਾਲੀ ਅਜ਼ੀਮ ਸਖ਼ਸ਼ੀਅਤ ਦਾ ਤੁਰ ਜਾਣਾ, ਪਰਿਵਾਰ ਅਤੇ ਪੰਜਾਬੀ ਭਾਈਚਾਰੇ ਲਈ ਨਾ-ਪੂਰਿਆ ਜਾਣ ਵਾਲਾ ਘਾਟਾ ਹੈ।
ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਰਿੱਚਫੀਲਡ ਵਿਖੇ 3 ਦਿਸੰਬਰ ਨੂੰ ਇਕ ਵਜੇ ਤੋਂ 2 ਵਜੇ ਤੱਕ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਵੈਰਾਗਮਈ ਕੀਰਤਨ ਹੋਵੇਗਾ ਅਤੇ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ। ਢਿਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਹੋਰ ਜਾਣਕਾਰੀ ਲਈ ਪ੍ਰੋ. ਹਰਜੀਤ ਸਿੰਘ ਢਿਲੋਂ ਨੂੰ 216-406-6324 ਜਾਂ ਡਾ ਮਨਬੀਰ ਕੌਰ ਪੰਨੂ ਨੂੰ 216-469-6295 ‘ਤੇ ਫੋਨ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …