Breaking News
Home / Special Story / ਕਿਸਾਨਾਂ ਦੇ ਬਲੀਦਾਨ ਦਾ ਅਪਮਾਨ ਕਰ ਰਹੀ ਹੈ ਮੋਦੀ ਸਰਕਾਰ : ਸੰਯੁਕਤ ਕਿਸਾਨ ਮੋਰਚਾ

ਕਿਸਾਨਾਂ ਦੇ ਬਲੀਦਾਨ ਦਾ ਅਪਮਾਨ ਕਰ ਰਹੀ ਹੈ ਮੋਦੀ ਸਰਕਾਰ : ਸੰਯੁਕਤ ਕਿਸਾਨ ਮੋਰਚਾ

Farmer’s st Singhu border in New Delhi on Monday. Tribune Photo

ਨਵੀਂ ਦਿੱਲੀ : ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵਲੋਂ ਲੋਕ ਸਭਾ ‘ਚ ਇਹ ਕਹਿਣ ‘ਤੇ ਕਿ ਸਰਕਾਰ ਕੋਲ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਬਾਰੇ ਕੋਈ ਅੰਕੜਾ ਨਹੀਂ, ਇਸ ‘ਤੇ ਸੰਯੁਕਤ ਕਿਸਾਨ ਮੋਰਚਾ ਨੇ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਇਕ ਬਿਆਨ ਜਾਰੀ ਕਰਕੇ ਭਾਰਤ ਸਰਕਾਰ ਦੇ ਜਵਾਬ ਦੀ ਨਿੰਦਾ ਕੀਤੀ ਹੈ ਅਤੇ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ 689 ਤੋਂ ਵੱਧ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਆਪਣੀ ਮੰਗ ਨੂੰ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਜਿਹੀਆਂ ਟਿੱਪਣੀਆਂ ਰਾਹੀਂ ਮੋਰਚੇ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਬਲੀਦਾਨ ਦਾ ਅਪਮਾਨ ਕਰ ਰਹੀ ਹੈ। ਸੀਨੀਅਰ ਕਿਸਾਨ ਆਗੂ ਤੇ ਸੰਯੁਕਤ ਕਿਸਾਨ ਮੋਰਚਾ ਕੋਰ ਕਮੇਟੀ ਦੇ ਮੈਂਬਰ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਸਰਕਾਰ ਝੂਠ ਬੋਲ ਰਹੀ ਹੈ ਅਤੇ ਅਜਿਹੀਆਂ ਟਿੱਪਣੀਆਂ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਇੰਟੈਲੀਜੈਂਸ ਬਿਊਰੋ ਦੀਆਂ ਟੀਮਾਂ ਸਾਡੇ ਕੋਲੋਂ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀਆਂ ਹਨ ਪਰ ਫਿਰ ਵੀ ਸਰਕਾਰ ਕਹਿ ਰਹੀ ਹੈ ਕਿ ਉਨ੍ਹਾਂ ਕੋਲ ਅਜਿਹੀਆਂ ਮੌਤਾਂ ਦਾ ਕੋਈ ਰਿਕਾਰਡ ਨਹੀਂ ਹੈ। ਜੋ ਇਹ ਵਿਖਾਉਂਦਾ ਹੈ ਕਿ ਸਰਕਾਰ ਸੰਸਦ ‘ਚ ਝੂਠ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੌਮੀ ਅਪਰਾਧ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਤੋਂ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦਾ ਡਾਟਾ ਪਤਾ ਕਰਾ ਸਕਦੀ ਹੈ, ਕਿਉਂਕਿ ਉਹ ਦੇਸ਼ ‘ਚ ਹਰ ਤਰ੍ਹਾਂ ਨਾਲ ਹੋਈਆਂ ਮੌਤਾਂ ਦਾ ਡਾਟਾ ਇਕੱਤਰ ਕਰਦਾ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਇਹ ਵੀ ਆਰੋਪ ਲਗਾਇਆ ਕਿ ਰਸਮੀ ਗੱਲਬਾਤ ਨਾ ਸ਼ੁਰੂ ਕਰਕੇ ਭਾਜਪਾ ਸਰਕਾਰ ਕਿਸਾਨ ਜਥੇਬੰਦੀਆਂ ‘ਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਇਕਜੁੱਟ ਹੋ ਕੇ ਖੜ੍ਹੇ ਹਨ ਤੇ ਮੋਦੀ ਸਰਕਾਰ ਨੂੰ ਆਪਣੇ ਫੁੱਟ-ਪਾਊ ਏਜੰਡੇ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ‘ਚ ਕਿਸਾਨ ਟਰੈਕਟਰ-ਟਰਾਲੀਆਂ ਰਾਹੀਂ ਦਿੱਲੀ ਮੋਰਚਿਆਂ ‘ਤੇ ਪਹੁੰਚ ਰਹੇ ਹਨ ਤੇ ਸੰਘਰਸ਼ ਜਾਰੀ ਰਹੇਗਾ।
ਪੂੰਜੀਪਤੀਆਂ ਦੇ ਵੀ ਬਾਈਕਾਟ ਦਾ ਸਮਾਂ ਆਇਆ :ਰਾਜੇਵਾਲ
ਲੁਧਿਆਣਾ ਵਿਚ ‘ਕਾਰਪੋਰੇਟ ਭਜਾਓ, ਦੇਸ਼ ਬਚਾਓ, ਪੰਜਾਬ ਬਚਾਓ’ ਮਹਾਰੈਲੀ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਲੁਧਿਆਣਾ ਦੇ ਗਿੱਲ ਰੋਡ ਸਥਿਤ ਦਾਣਾ ਮੰਡੀ ਵਿੱਚ ‘ਕਾਰਪੋਰੇਟ ਭਜਾਓ, ਦੇਸ਼ ਬਚਾਓ, ਪੰਜਾਬ ਬਚਾਓ’ ਮਹਾਰੈਲੀ ਕੀਤੀ। ਰੈਲੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਕੇ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ। ਜਾਣਕਾਰੀ ਮੁਤਾਬਿਕ ਇਸ ਮਹਾਰੈਲੀ ਵਿੱਚ 37 ਜਥੇਬੰਦੀਆਂ ਨੂੰ ਮਿਲਾ ਕਿ ਬਣੇ ‘ਪੰਜਾਬ ਬਚਾਓ ਸੰਯੁਕਤ ਮੋਰਚਾ’ ਦੇ ਕਾਰਕੁਨ ਹਾਜ਼ਰ ਸਨ। ਆਗੂਆਂ ਨੇ ਕਿਹਾ ਕਿ ਕਿਸਾਨ-ਮਜ਼ਦੂਰ ਦੇ ਸਾਂਝੇ ਸੰਘਰਸ਼ ਸਦਕਾ ਹੀ ਕੇਂਦਰ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਹੋਣਾ ਪਿਆ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਦੋਂ ਤੋਂ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹੈ, ਉਦੋਂ ਤੋਂ ਦੇਸ਼ ਵਿੱਚ ਪੂੰਜੀਵਾਦ ਭਾਰੂ ਹੋ ਗਿਆ। ਪ੍ਰਧਾਨ ਮੰਤਰੀ ਮੋਦੀ ਸਾਰਾ ਦੇਸ਼ ਪੂੰਜੀਪਤੀਆਂ ਨੂੰ ਦੇਣਾ ਚਾਹੁੰਦੇ ਹਨ। ਇਸ ਕਰ ਕੇ ਅੰਦੋਲਨ ਦੀ ਜਿੱਤ ਤੋਂ ਬਾਅਦ ਹੁਣ ਪਿੰਡ-ਪਿੰਡ, ਸ਼ਹਿਰ-ਸ਼ਹਿਰ ਘਰਾਂ ਵਿੱਚ, ਦੁਕਾਨਾਂ ‘ਤੇ, ਫੈਕਟਰੀਆਂ ਵਿੱਚ ਪੂੰਜੀਪਤੀਆਂ ਦੇ ਬਾਈਕਾਟ ਦੀ ਮੁਹਿੰਮ ਸ਼ੁਰੂ ਕੀਤੀ ਜਾਵੇ ਤਾਂ ਕਿ ਪੂੰਜੀਪਤੀਆਂ ਨੂੰ ਵੀ ਪਤਾ ਲੱਗੇ ਕਿ ਉਨ੍ਹਾਂ ਦਾ ਪੇਚਾ ਕਿੱਥੇ ਪਿਆ ਹੈ।
ਰਾਜੇਵਾਲ ਨੇ ਕਿਹਾ ਕਿ ਇਹ ਮਿੱਥ ਬਣ ਗਈ ਸੀ ਕਿ ਜਿੱਥੇ ਮੋਦੀ ਹੈ ਉੱਥੇ ਸਭ ਕੁਝ ਸੰਭਵ ਹੈ ਪਰ ਕਿਸਾਨਾਂ-ਮਜ਼ਦੂਰਾਂ ਦਾ ਏਕਾ ਮੋਦੀ ਨੂੰ ਹਰਾਉਣ ਵਿੱਚ ਸਫ਼ਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਸਾਰੇ ਜਾਗਰੂਕ ਦਿਮਾਗ ਬੈਠੇ ਹਨ, ਇਸ ਲਈ ਮਹਿੰਗਾਈ, ਗਰੀਬੀ ਅਤੇ ਬੇਰੁਜ਼ਗਾਰੀ ਦੂਰ ਕਰਨ ਲਈ ਸਿਸਟਮ ਨੂੰ ਬਦਲਣ ਦੀ ਲੋੜ ਹੈ।
ਇਸ ਮੌਕੇ ਉਨ੍ਹਾਂ ਕਿਸਾਨ-ਮਜ਼ਦੂਰ ਸੰਘਰਸ਼ ਦੀ ਜਿੱਤ ਲਈ ਸਾਰੀਆਂ ਹਮਾਇਤੀ ਜਥੇਬੰਦੀਆਂ ਨੂੰ ਵਧਾਈ ਦਿੱਤੀ। ਮਹਾਰੈਲੀ ਨੂੰ ਬੰਤ ਬਰਾੜ, ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਬਖਤਪੁਰ, ਕਿਰਨਜੀਤ ਸਿੰਘ ਸੇਖੋਂ, ਨਿਰਮਲ ਧਾਲੀਵਾਲ, ਕੁਲਵੰਤ ਸਿੰਘ ਸੰਧੂ, ਭਗਵੰਤ ਸਿੰਘ ਸਮਾਓਂ ਤੇ ਗੁਰਨਾਮ ਸਿੰਘ ਬੌਲਦ ਕਲਾਂ ਸਣੇ ਹੋਰ ਆਗੂਆਂ ਨੇ ਸੰਬੋਧਨ ਕੀਤਾ।
ਸੰਘਰਸ਼ੀ ਕਾਮਿਆਂ ਦੀ ਹਮਾਇਤ ‘ਚ ਮਤੇ ਪਾਸ
ਬੁਲਾਰਿਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਫੋਕੇ ਵਾਅਦਿਆਂ ਦੇ ਆਸਰੇ ਸੱਤਾ ਪ੍ਰਾਪਤੀ ਕਰਨ ਵਾਲਿਆਂ ਤੋਂ ਲੋਕ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ। ਘੱਟ ਗਿਣਤੀ ਲੋਕਾਂ ਨੂੰ ਨਿਸ਼ਾਨਾ ਬਣਾ ਕਿ ਮਨੂੰਵਾਦੀ ਸੋਚ ਨੂੰ ਫਿਰ ਤੋਂ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸੂਬੇ ਦੀ ਕਾਂਗਰਸ ‘ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਕਾਂਗਰਸ ਦੁਬਾਰਾ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਹਾਰੈਲੀ ਵਿੱਚ ਸਨਅਤੀ ਕਾਮਿਆਂ, ਖੇਤ ਮਜ਼ਦੂਰਾਂ, ਬੇਰੁਜ਼ਗਾਰਾਂ ਤੇ ਸਕੀਮ ਵਰਕਰਾਂ ਦੇ ਸੰਘਰਸ਼ਾਂ ਦੀ ਹਮਾਇਤ ਦੇ ਮਤੇ ਵੀ ਪਾਸ ਕੀਤੇ ਗਏ।
ਖੇਤੀ ਕਾਨੂੰਨ ਵਾਪਸੀ ਬਿੱਲ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ
ਕਿਸਾਨ ਅੰਦੋਲਨ ਅਜੇ ਜਾਰੀ ਰਹੇਗਾ : ਰਾਕੇਸ਼ ਟਿਕੈਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦ ‘ਚ ਖੇਤੀ ਕਾਨੂੰਨ ਵਾਪਸੀ ਬਿੱਲ, 2021 ਪਾਸ ਕੀਤੇ ਜਾਣ ‘ਤੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਬਿੱਲ ਉਨ੍ਹਾਂ 750 ਕਿਸਾਨਾਂ ਨੂੰ ਸ਼ਰਧਾਂਜਲੀ ਹੈ ਜੋ ਪਿਛਲੇ ਸਾਲ ਨਵੰਬਰ ਵਿੱਚ ਸ਼ੁਰੂ ਹੋਏ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਹਨ।
ਇਹ ਬਿੱਲ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸੰਸਦ ‘ਚ ਪੇਸ਼ ਕੀਤਾ ਤੇ ਵਿਰੋਧੀ ਪਾਰਟੀਆਂ ਦੇ ਹੰਗਾਮੇ ਦੌਰਾਨ ਬਿੱਲ ਬਿਨਾਂ ਕਿਸੇ ਚਰਚਾ ਦੇ ਪਾਸ ਕਰ ਦਿੱਤਾ ਗਿਆ।
ਇਸ ਸਬੰਧੀ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ। ਖੇਤੀ ਕਾਨੂੰਨ ਰੱਦ ਕਰਨ ਵਾਲਾ ਬਿੱਲ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ 750 ਕਿਸਾਨਾਂ ਨੂੰ ਸ਼ਰਧਾਂਜਲੀ ਹੈ। ਘੱਟੋ-ਘੱਟ ਸਮਰਥਨ ਮੁੱਲ ਦਾ ਰੇੜਕਾ ਜਾਰੀ ਹੈ। ਵਿਰੋਧ ਜਾਰੀ ਰਹੇਗਾ ਕਿਉਂਕਿ ਐੱਮਐੱਸਪੀ ਸਮੇਤ ਹੋਰ ਮੁੱਦੇ ਵਿਚਾਰ ਅਧੀਨ ਹਨ। ਇਸ ਤੋਂ ਪਹਿਲਾਂ ਬੀਕੇਯੂ ਦੇ ਬੁਲਾਰੇ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਕੇਂਦਰ ਨਾਲ ਗੱਲ ਕੀਤੇ ਬਿਨਾਂ ਦਿੱਲੀ ਦੀਆਂ ਸਰਹੱਦਾਂ ਦੇ ਨਾਲ-ਨਾਲ ਰੋਸ ਮੁਜ਼ਾਹਰੇ ਵਾਲੀਆਂ ਹੋਰ ਥਾਵਾਂ ਨਹੀਂ ਛੱਡਣਗੀਆਂ। ਟਿਕੈਤ ਨੇ ਕਿਹਾ ਕਿ ਕੇਂਦਰ ਚਾਹੁੰਦਾ ਹੈ ਕਿ ਕਿਸਾਨ ਉਨ੍ਹਾਂ ਤੱਕ ਪਹੁੰਚ ਕੀਤੇ ਬਿਨਾਂ ਆਪਣਾ ਅੰਦੋਲਨ ਖਤਮ ਕਰ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਦਾ ਹੱਲ ਲੱਭ ਕੇ ਕੇਂਦਰ ਨੂੰ ਹੁਣ ਪਿਛਲੇ ਸਾਲ ਹੋਏ ਨੁਕਸਾਨ ਬਾਰੇ ਗੱਲ ਕਰਨੀ ਚਾਹੀਦੀ ਹੈ। ਜੇਕਰ ਕੇਂਦਰ ਸਿਰਫ਼ ਝੂਠੇ ਬਿਆਨਾਂ ਨਾਲ ਮਸਲਾ ਸੁਲਝਾਉਣਾ ਚਾਹੁੰਦਾ ਹੈ ਤਾਂ ਇਹ ਮੁੱਦਾ ਖਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਬਿੱਲ ‘ਤੇ ਮੋਹਰ ਲਗਾਉਣ ਦਿਉ ਫਿਰ ਅਸੀਂ 750 ਕਿਸਾਨਾਂ ਦੀ ਮੌਤ, ਐੱਮਐੱਸਪੀ ਤੇ ਕਿਸਾਨਾਂ ਵਿਰੁੱਧ ਦਰਜ ਕੇਸ ਰੱਦ ਕਰਨ ਵਰਗੇ ਹੋਰ ਮੁੱਦਿਆਂ ‘ਤੇ ਚਰਚਾ ਕਰਾਂਗੇ।
ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਕੋਲੋਂ ਕਮੇਟੀ ਲਈ ਪੰਜ ਕਿਸਾਨ ਆਗੂਆਂ ਦੇ ਨਾਂ ਮੰਗੇ
ਕਿਸਾਨ ਮੋਰਚਾ 4 ਦਸੰਬਰ ਨੂੰ ਲਏਗਾ ਆਖਰੀ ਫੈਸਲਾ
ਨਵੀਂ ਦਿੱਲੀ : ਕੇਂਦਰ ਦੀ ਮੋਦੀ ਸਰਕਾਰ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ‘ਤੇ ਖਰੀਦ ਤੇ ਕਿਸਾਨਾਂ ਨਾਲ ਜੁੜੇ ਹੋਰਨਾਂ ਮਸਲਿਆਂ ‘ਤੇ ਵਿਚਾਰ ਚਰਚਾ ਲਈ ਕਮੇਟੀ ਗਠਿਤ ਕਰਨ ਖਾਤਰ ਸੰਯੁਕਤ ਕਿਸਾਨ ਮੋਰਚੇ ਤੋਂ ਪੰਜ ਨਾਮ ਮੰਗੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਸਰਕਾਰ ਦੀ ਇਸ ਪੇਸ਼ਕਸ਼ ਬਾਰੇ 4 ਦਸੰਬਰ ਦੀ ਆਪਣੀ ਮੀਟਿੰਗ ‘ਚ ਫੈਸਲਾ ਲਏਗਾ। ਸਰਕਾਰ ਨੇ ਇਹ ਪੇਸ਼ਕਸ਼ ਅਜਿਹੇ ਮੌਕੇ ਕੀਤੀ ਹੈ ਜਦੋਂ ਸੰਸਦ ਦੇ ਦੋਵਾਂ ਸਦਨਾਂ ਨੇ ਖੇਤੀ ਕਾਨੂੰਨ ਵਾਪਸੀ ਬਿੱਲ ਨੂੰ ਪਾਸ ਕੀਤਾ ਹੈ। ਇਸੇ ਦੌਰਾਨ ਇਹ ਵੀ ਚਰਚੇ ਹਨ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਕਿਸਾਨਾਂ ਖਿਲਾਫ ਦਰਜ ਕੇਸ ਰੱਦ ਕਰਨ ਦੀ ਹਦਾਇਤ ਕੀਤੀ ਹੈ, ਪਰ ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ। ਕਿਸਾਨ ਆਗੂ ਦਰਸ਼ਨਪਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਤੋਂ ਕਮੇਟੀ ਲਈ ਪੰਜ ਨਾਮ ਮੰਗੇ ਹਨ, ਜੋ ਫ਼ਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ‘ਤੇ ਖਰੀਦ ਦੀ ਗਾਰੰਟੀ ਸਮੇਤ ਕਿਸਾਨਾਂ ਦੀਆਂ ਹੋਰਨਾਂ ਮੰਗਾਂ ‘ਤੇ ਵਿਚਾਰ ਚਰਚਾ ਕਰੇਗੀ। ਅਸੀਂ ਅਜੇ ਤੱਕ ਨਾਵਾਂ ਬਾਰੇ ਫੈਸਲਾ ਨਹੀਂ ਕੀਤਾ। ਅਸੀਂ ਇਸ ਬਾਰੇ 4 ਦਸੰਬਰ ਦੀ ਮੀਟਿੰਗ ਵਿੱਚ ਫੈਸਲਾ ਲਵਾਂਗੇ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਬਾਕੀ ਮੰਗਾਂ ਨੂੰ ਪੂਰਾ ਕਰਨ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ।
ਸੰਯੁਕਤ ਕਿਸਾਨ ਮੋਰਚੇ ਨੇ ਸਾਫ਼ ਕਰ ਦਿੱਤਾ ਕਿ ਸਾਰੀਆਂ ਸਬੰਧਤ ਕਿਸਾਨ ਜਥੇਬੰਦੀਆਂ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ 4 ਦਸੰਬਰ ਨੂੰ ਕਿਸਾਨ ਸੰਘਰਸ਼ ਵਿੱਚ ਅਗਲੇ ਕਦਮਾਂ ਬਾਰੇ ਫੈਸਲੇ ਲੈਣਗੀਆਂ, ਜਿਵੇਂ ਕਿ ਪਹਿਲਾਂ ਐਲਾਨ ਕੀਤਾ ਗਿਆ ਸੀ। ਮੋਰਚੇ ਨੇ ਕਿਹਾ ਕਿ 4 ਦਸੰਬਰ ਦੀ ਮੀਟਿੰਗ ਵਿੱਚ ਕੋਈ ਤਬਦੀਲੀ ਨਹੀਂ ਹੈ ਤੇ ਮੀਟਿੰਗ ਸਿੰਘੂ ਬਾਰਡਰ ‘ਤੇ ਹੀ ਹੋਵੇਗੀ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਉਠਾਏ ਵੱਖ-ਵੱਖ ਨੁਕਤਿਆਂ ‘ਤੇ ਚਰਚਾ ਹੋਵੇਗੀ ਅਤੇ ਭਵਿੱਖ ਦੇ ਫੈਸਲੇ ਲਏ ਜਾਣਗੇ।
ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ ਦਾ ਸਨਮਾਨ
ਰਾਣਾ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਕੀਤੀ ਸੀ ਦਿਲ ਖੋਲ੍ਹ ਕੇ ਮੱਦਦ
ਲੁਧਿਆਣਾ/ਬਿਊਰੋ ਨਿਊਜ਼ : ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਹੱਦ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਦਿਲ ਖੋਲ੍ਹ ਕੇ ਮਦਦ ਕਰਨ ਵਾਲੇ ਗੋਲਡਨ ਹੱਟ ਢਾਬੇ ਦੇ ਮਾਲਕ ਰਾਮ ਸਿੰਘ ਰਾਣਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ।
ਲੁਧਿਆਣਾ ਦੇ ਸਰਕਟ ਹਾਊਸ ਵਿੱਚ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਕਿਸਾਨ ਸੇਵਾ ਸਨਮਾਨ ਭੇਟ ਕਰਕੇ ਉਨਾਂ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਚੀਆਂ, ਹਰਿਆਣਾ ਇਕਾਈ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਕਰਨਲ ਹਰਬੰਤ ਸਿੰਘ ਕਾਹਲੋਂ, ਮਹਿਲਾ ਕਾਂਗਰਸ ਆਗੂ ਸਤਵਿੰਦਰ ਬਿੱਟੀ, ਦਰਸ਼ਨ ਸਿੰਘ ਲੋਟੇ, ਰੇਸ਼ਮ ਸਿੰਘ ਸੱਗੂ, ਭਗਵਾਨ ਦਾਸ ਬਾਵਾ, ਐੱਸਕੇ ਗੁਪਤਾ, ਜਰਨੈਲ ਸਿੰਘ, ਗੁਰਮੀਤ ਕੌਰ ਤੇ ਗੁਰਪ੍ਰੀਤ ਕੌਰ ਸਿੱਧੂ ਨੇ ਸੋਨੇ ਦਾ ਤਗ਼ਮਾ, ਯਾਦਗਾਰੀ ਚਿੰਨ੍ਹ ਤੇ ਦੁਸ਼ਾਲਾ ਭੇਟ ਕੀਤਾ।
ਇਸ ਮੌਕੇ ਰਾਣਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਜਿੱਤ ਦੌਰਾਨ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਸਾਹਮਣੇ ਆਈ ਹੈ ਤੇ ਲੋਕਤੰਤਰ ਮਜ਼ਬੂਤ ਹੋਇਆ ਹੈ। ਇੰਡੀਅਨ ਓਵਰਸੀਜ਼ ਕਾਂਗਰਸ, ਯੂਐੱਸਏ ਦੇ ਆਗੂਆਂ ਨੇ ਕਿਹਾ ਕਿ ਰਾਮ ਸਿੰਘ ਰਾਣਾ ਨੇ ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਤੇ ਵੰਡ ਕੇ ਛੱਕਣ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਮਾਨਵਤਾ ਦੀ ਸੇਵਾ ਕੀਤੀ ਹੈ। ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਤੇ ਉਮਰਾਓ ਸਿੰਘ ਛੀਨਾ ਨੇ ਰਾਮ ਸਿੰਘ ਰਾਣਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ।
ਦਿੱਲੀ ਦੇ ਮੋਰਚਿਆਂ ‘ਤੇ ਕਿਸਾਨਾਂ ਦੇ ਚਿਹਰੇ ਖਿੜੇ
ਕਿਸਾਨ ਜਥੇਬੰਦੀਆਂ ਨੇ ਯੂਨੀਅਨ ਦੇ ਝੰਡਿਆਂ ਨਾਲ ਟਿਕਰੀ ਦੀ ਸਟੇਜ ਵੱਲ ਕੱਢਿਆ ਮਾਰਚ
ਨਵੀਂ ਦਿੱਲੀ : ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਖੇਤੀ ਕਾਨੂੰਨ ਵਾਪਸੀ ਬਿੱਲ 2021 ਪਾਸ ਹੋਣ ਦਾ ਪਤਾ ਲੱਗਦੇ ਹੀ ਦਿੱਲੀ ਦੀਆਂ ਹੱਦਾਂ ‘ਤੇ ਮੋਰਚੇ ਲਾਈ ਬੈਠੇ ਹਜ਼ਾਰਾਂ ਕਿਸਾਨਾਂ ਦੇ ਚਿਹਰੇ ਖਿੜ ਗਏ। ਟਿਕਰੀ ਬਾਰਡਰ ਤੇ ਗਾਜ਼ੀਪੁਰ ਦੇ ਮੋਰਚਿਆਂ ਵਿੱਚ ਸ਼ੁਰੂਆਤੀ ਦੌਰ ਤੋਂ ਤਾਲਮੇਲ ਕਰਵਾਉਣ ਵਾਲੀ ਅਰੁਣਾ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਬਰਬਾਦੀ ਵਾਲੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣੇ ਪਏ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਲੋਕਤੰਤਰੀ ਰਵਾਇਤਾਂ ਦਾ ਰੱਜ ਕੇ ਘਾਣ ਕੀਤਾ ਹੈ।
ਟਿਕਰੀ ਬਾਰਡਰ ‘ਤੇ ਕਿਸਾਨਾਂ ਨੇ ਇਸ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਸਾਲ ਭਰ ਕਿਸਾਨਾਂ ਨੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਮੋਰਚੇ ਗੱਡੀ ਰੱਖੇ। ਟਿਕਰੀ ਬਾਰਡਰ ‘ਤੇ ਕਿਸਾਨਾਂ ਨੇ ਆਪਣੀਆਂ ਯੂਨੀਅਨਾਂ ਦੇ ਝੰਡਿਆਂ ਨਾਲ ਵੱਡਾ ਮਾਰਚ ਵੀ ਸਟੇਜ ਵੱਲ ਕੱਢਿਆ। ਕਿਸਾਨ ਆਗੂ ਅਮਰਜੀਤ ਸਿੰਘ ਸਹੋਤਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਹੰਕਾਰ ਟੁੱਟ ਗਿਆ ਹੈ। ਗਾਜ਼ੀਪੁਰ ਮੋਰਚੇ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਇਤਿਹਾਸਕ ਜਿੱਤ ਨੇ ਸਾਬਤ ਕੀਤਾ ਕਿ ਸਬਰ, ਸੰਤੋਖ ਨਾਲ ਵੱਡੀਆਂ ਜੰਗਾਂ ਜਿੱਤੀਆਂ ਜਾਂਦੀਆਂ ਹਨ। ਸਿੰਘੂ ਮੋਰਚੇ ਤੋਂ ਨੌਜਵਾਨ ਕਿਸਾਨ ਹਰਪਾਲ ਸਿੰਘ ਔਲਖ ਨੇ ਕਿਹਾ ਕਿ ਕਿਸਾਨ ਏਕੇ ਨੇ ਇਹ ਅਹਿਮ ਪੜਾਅ ਲਿਆਂਦਾ ਤੇ ਭਾਰਤੀ ਲੋਕਤੰਤਰ ‘ਚ ਅੰਦੋਲਨ ਦੀ ਜਿੱਤ ਦੇ ਕਈ ਮਾਇਨੇ ਕੱਢੇ ਜਾਣਗੇ।
ਪੰਜਾਬ ਦੇ ਸੰਘਰਸ਼ੀ ਅਖਾੜਿਆਂ ਵਿੱਚ ਖੁਸ਼ੀ ਦਾ ਮਾਹੌਲ
ਚੰਡੀਗੜ੍ਹ : ਪੰਜਾਬ ਦੇ ਸੰਘਰਸ਼ੀ ਅਖਾੜਿਆਂ ਸਮੇਤ ਪਿੰਡਾਂ, ਸ਼ਹਿਰਾਂ ਅਤੇ ਛੋਟੇ ਕਸਬਿਆਂ ਵਿੱਚ ਸੰਸਦ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਕਰਨ ਸਬੰਧੀ ਬਿੱਲ ਪਾਸ ਹੋਣ ਮਗਰੋਂ ਕਿਸਾਨਾਂ ਸਮੇਤ ਸੂਬੇ ਦੇ ਸਮੂਹ ਵਰਗਾਂ ਦੇ ਵਿਅਕਤੀਆਂ ਨੇ ਜਿੱਤ ਦੇ ਜਸ਼ਨ ਮਨਾਏ। ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਅੱਗੇ, ਟੌਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਦੇ ਬਾਹਰ ਸਵਾ ਸੌ ਤੋਂ ਵੱਧ ਥਾਵਾਂ ‘ਤੇ ਜਾਰੀ ਧਰਨਿਆਂ ਦੌਰਾਨ ਬੁਲਾਰਿਆਂ ਨੇ ਕਿਸਾਨੀ ਸੰਘਰਸ਼ ਦੌਰਾਨ ਆਏ ਉਤਰਾਅ-ਚੜ੍ਹਾਅ ‘ਤੇ ਚਰਚਾ ਕਰਦਿਆਂ ਸੰਸਦ ਵੱਲੋਂ ਬਿੱਲ ਪਾਸ ਕਰਨ ਨੂੰ ਲੋਕ ਜਿੱਤ ਕਰਾਰ ਦਿੱਤਾ।
ਕਿਸਾਨ ਅੰਦੋਲਨ ਦਾ ਅਨਿੱਖੜਵਾਂ ਅੰਗ ਬਣੇ ਟਰੈਕਟਰ
ਟਰੈਕਟਰਾਂ ਦੀ ਸ਼ੂਕ ਪੰਜਾਬੀਆਂ ਦੇ ਦਿਲਾਂ ‘ਚ ਹਮੇਸ਼ਾ ਧੜਕਦੀ ਰਹੇਗੀ
ਬੰਗਾ/ਬਿਊਰੋ ਨਿਊਜ਼ : ਕਿਸਾਨੀ ਅੰਦੋਲਨ ਦੀ ਜਿੱਤ ‘ਚ ਪੰਜਾਬ ਤੋਂ ਦਿੱਲੀ ਦੇ ਸਫ਼ਰ ਨੂੰ ਨੇੜੇ ਕਰਨ ਵਾਲੇ ਟਰੈਕਟਰਾਂ ਦੀ ਵੀ ਵੱਡੀ ਭੂਮਿਕਾ ਰਹੀ ਹੈ।
ਅੰਦੋਲਨ ‘ਚ ਘੁੰਮਦੇ ਇਨ੍ਹਾਂ ਟਰੈਕਟਰਾਂ ਦੀ ਸ਼ੂਕ ਪੰਜਾਬੀਆਂ ਦੇ ਦਿਲਾਂ ‘ਚ ਹਮੇਸ਼ਾਂ ਧੜਕਦੀ ਰਹੇਗੀ।
ਅੰਦੋਲਨ ਦੌਰਾਨ ਹੋਏ ਟਰੈਕਟਰ ਮਾਰਚ ਤਾਂ ਕੌਮਾਂਤਰੀ ਮੀਡੀਆ ਦੀਆਂ ਸੁਰਖ਼ੀਆਂ ਵੀ ਬਣੇ। ਸਰਕਾਰ ਵੱਲੋਂ ਲਾਏ ਅੜਿੱਕਿਆਂ ਨੂੰ ਤੋੜਦੇ ਹੋਏ ਇਹ ਟਰੈਕਟਰ ਹੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਟਿਕਰੀ, ਸਿੰਘੂ ਤੇ ਗਾਜ਼ੀਪੁਰ ਬਾਰਡਰਾਂ ਤੱਕ ਲੈ ਕੇ ਗਏ। ਪੁਰਾਣੇ ਟਰੈਕਟਰ ਵੇਚਣ ਦਾ ਕੰਮ ਕਰਨ ਵਾਲੇ ਮੁਖਤਿਆਰ ਸਿੰਘ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਦੇ ਸਾਰੇ ਪੁਰਾਣੇ ਟਰੈਕਟਰ ਨਾਲੋ-ਨਾਲ ਵਿਕਦੇ ਰਹੇ, ਜਦਕਿ ਆਮ ਤੌਰ ‘ਤੇ ਇਹ ਕਈ-ਕਈ ਮਹੀਨੇ ਜਮ੍ਹਾਂ ਰਹਿੰਦੇ ਸਨ। ਮੀਂਹ, ਹਨੇਰੀ ਤੇ ਗਰਮੀ-ਸਰਦੀ ਵਿੱਚ ਇਨ੍ਹਾਂ ਟਰੈਕਟਰ ਟਰਾਲੀਆਂ ਨੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਹੈ। ਨਿੱਕੇ-ਨਿੱਕੇ ਘਰਾਂ ਦਾ ਰੂਪ ਧਾਰੀ ਬੈਠੇ ਇਹ ਟਰੈਕਟਰ ਟਰਾਲੀਆਂ ਬਾਰਡਰਾਂ ‘ਤੇ ਨਵੇਂ ਪਿੰਡ ਵਸਾਈ ਬੈਠੀਆਂ ਹਨ। ਇਨ੍ਹਾਂ ਟਰੈਕਟਰਾਂ ‘ਤੇ ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ ਵੱਖ-ਵੱਖ ਸਲੋਗਨ ਵੀ ਲਿਖਵਾਏ ਗਏ। ਬਹਿਰਾਮ ਦੇ ਕੁਮਾਰ ਪੇਂਟਰ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਨਵੇਂ-ਪੁਰਾਣੇ ਟਰੈਕਟਰਾਂ ‘ਤੇ ਵੱਖ-ਵੱਖ ਸਲੋਗਨ ਲਿਖਾਉਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਸੀ। ਕਟਾਰੀਆਂ ਦੇ ਬਚਿੱਤਰ ਸਿੰਘ, ਮੁਕੰਦਪੁਰ ਦੇ ਪ੍ਰੀਤਮ ਸਿੰਘ ਅਤੇ ਕਾਹਮਾ ਦੇ ਬਦੇਸ਼ਾਂ ਸਿੰਘ ਦਾ ਕਹਿਣਾ ਸੀ ਕਿ ਟਰੈਕਟਰਾਂ ‘ਤੇ ਲੱਗੇ ਸਾਊਂਡ ਸਿਸਟਮ, ਲਮਕਦੇ ਡੋਰੀਆਂ-ਪਰਾਂਦੇ, ਸਿਤਾਰੇ ਜੜ੍ਹੀਆਂ ਲੜੀਆਂ, ਅੱਗੇ-ਪਿੱਛੇ ਫਿੱਟ ਕਰਵਾਈਆਂ ਗਾਰਡਰੀਆਂ ਅਤੇ ਅੱਗੇ ਝੂਲਦੇ ਰੋਸ ਦੇ ਝੰਡੇ ਇਨ੍ਹਾਂ ਟਰੈਕਟਰਾਂ ਨੂੰ ਇੱਕ ਨਵੀਂ ਤੇ ਖ਼ਾਸ ਦਿੱਖ ਦਿੰਦੇ ਹਨ।
ਪੰਜਾਬ ਸਰਕਾਰ 113 ਫ਼ਸਲਾਂ ‘ਤੇ ਦੇਵੇਗੀ ਐੱਮਐੱਸਪੀ: ਨਾਭਾ
ਕੇਂਦਰ ਨੂੰ ਕਿਸਾਨਾਂ ਦੀ ਐੱਮਐੱਸਪੀ ਸਬੰਧੀ ਮੰਗ ਸਵੀਕਾਰ ਕਰਨ ਦੀ ਅਪੀਲ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਿਸਾਨ ਅੰਦੋਲਨ ਵਿੱਚ ਪੰਜਾਬੀਆਂ ਦੀ ਅਹਿਮ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਹੁਣ ਐੱਮਐੱਸਪੀ ਨੂੰ ਵੀ ਜਲਦੀ ਤੋਂ ਜਲਦੀ ਲਾਗੂ ਕਰੇ।
ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਨੂੰ ਐੱਮਐੱਸਪੀ ਨਹੀਂ ਦੇਵੇਗੀ ਤਾਂ ਪੰਜਾਬ ਸਰਕਾਰ ਆਪਣੇ ਸੂਬੇ ਦੇ ਕਿਸਾਨਾਂ ਨੂੰ 113 ਫਸਲਾਂ ‘ਤੇ ਐੱਮਐੱਸਪੀ ਦੇਵੇਗੀ। ਜਲੰਧਰ ‘ਚ ਸਰਕਟ ਹਾਊਸ ਵਿੱਚ ਗੱਲ ਕਰਦਿਆਂ ਉਨ੍ਹਾਂ ਉਮੀਦ ਪ੍ਰਗਟਾਈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਜ਼ਰੂਰ ਐੱਮਐੱਸਪੀ ਦੇਵੇਗੀ ਪਰ ਜੇਕਰ ਕੇਂਦਰ ਨੇ ਐਮਐਸਪੀ ਨਾ ਦਿੱਤੀ ਤਾਂ ਉਹ ਪੰਜਾਬ ਦੇ ਕਿਸਾਨਾਂ ਨੂੰ ਉੱਜੜਨ ਨਹੀਂ ਦੇਣਗੇ। ਰਣਦੀਪ ਸਿੰਘ ਨਾਭਾ ਨੇ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਸੁਆਗਤ ਕਰਦਿਆਂ ਕਿਹਾ ਕਿ ਹੁਣ ਐੱਮਐੱਸਪੀ ਨੂੰ ਵੀ ਲਾਗੂ ਕਰੇ। ਖੇਤੀਬਾੜੀ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਵਾਰ ਝੋਨੇ ਦੀ ਪਰਾਲੀ ਨੂੰ ਪੰਜਾਬ ਵਿੱਚ ਪਹਿਲਾਂ ਦੇ ਮੁਕਾਬਲੇ ਘੱਟ ਅੱਗ ਲੱਗੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਸੰਦਾਂ ‘ਤੇ 14.96 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ ਤਾਂ ਜੋ ਪਰਾਲੀ ਨੂੰ ਖੇਤਾਂ ਵਿੱਚ ਵਾਹਿਆ ਜਾ ਸਕੇ। ਨਾਭਾ ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵੀ ਉੱਦਮ ਕਰਨ ਦੀ ਸਲਾਹ ਦਿੰਦਿਆਂ ਕਿਹਾ ਖੇਤੀਬਾੜੀ ਵਿੱਚ ਉਤਪਾਦਨ ਦੇ ਨਾਲ-ਨਾਲ ਉਪਜ ਦੀ ਪ੍ਰੋਸੈਸਿੰਗ ਵੱਲ ਵੀ ਰੁਝਾਨ ਵਧਾਉਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਸਰਕਟ ਹਾਊਸ ਪਹੁੰਚਣ ‘ਤੇ ਖੇਤੀਬਾੜੀ ਮੰਤਰੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ।

 

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …