Breaking News
Home / Special Story / ਦੇਸ਼ ਦੀਆਂ ਕਈ ਸਿਆਸੀ ਪਾਰਟੀਆਂ ਕਿਸਾਨੀ ਹਿੱਤਾਂ ਦੀ ਗੱਲ ਕਰਨ ਲੱਗੀਆਂ

ਦੇਸ਼ ਦੀਆਂ ਕਈ ਸਿਆਸੀ ਪਾਰਟੀਆਂ ਕਿਸਾਨੀ ਹਿੱਤਾਂ ਦੀ ਗੱਲ ਕਰਨ ਲੱਗੀਆਂ

ਕਿਸਾਨ ਆਗੂਆਂ ਨੇ ਭਾਜਪਾ ‘ਤੇ ਪੂੰਜੀਪਤੀਆਂ ਦਾ ਪੱਖ ਪੂਰਨ ਦੇ ਲਗਾਏ ਦੋਸ਼
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖਿਲਾਫ ਸਵਾ ਸੌ ਤੋਂ ਵੱਧ ਥਾਵਾਂ ‘ਤੇ, ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਆਗੂਆਂ ਦੇ ਘਰਾਂ ਮੂਹਰੇ ਧਰਨੇ ਲਗਾਤਾਰ ਜਾਰੀ ਹਨ।
ਕਿਸਾਨਾਂ ਦੇ ਧਰਨਿਆਂ ਤੇ ਇਕੱਠਾਂ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਸੰਸਦ ਦੇ ਸੈਸ਼ਨ ਦੌਰਾਨ ਕੀਤਾ ਜਾਣ ਵਾਲਾ ਪ੍ਰਦਰਸ਼ਨ ਦੇਸ਼ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਨੂੰ ਕਿਸਾਨੀ ਮੰਗਾਂ ਪ੍ਰਤੀ ਮੂੰਹ ਖੋਲ੍ਹਣ ਲਈ ਮਜਬੂਰ ਕਰੇਗਾ।
ਆਗੂਆਂ ਨੇ ਕਿਹਾ ਕਿ ਪਹਿਲੀ ਵਾਰੀ ਮੁਲਕ ਦੀਆਂ ਕਈ ਸਿਆਸੀ ਪਾਰਟੀਆਂ ਕਾਰੋਬਾਰੀਆਂ ਦੇ ਹਿੱਤ ਲਾਂਭੇ ਕਰ ਕੇ ਕਿਸਾਨੀ ਹਿੱਤਾਂ ਦੀ ਗੱਲ ਕਰਨ ਲੱਗੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਲੋਕ ਰੋਹ ਦਾ ਅਹਿਸਾਸ ਹੋ ਗਿਆ ਹੈ ਪਰ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਸਹਿਯੋਗੀ ਢੀਠਤਾਈ ਨਾਲ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦਿਆਂ ਲੋਕਾਂ ਦੇ ਰੋਹ ਦਾ ਸ਼ਿਕਾਰ ਹੋ ਰਹੇ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਅਤੇ ਇਸ ਦੇ ਜੋਟੀਦਾਰਾਂ ਨੂੰ ਜਦੋਂ ਯੂਪੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੂੰਹ ਦੀ ਖਾਣੀ ਪਈ ਤਾਂ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਦੀ ਤਾਕਤ ਦਾ ਅਹਿਸਾਸ ਹੋ ਜਾਵੇਗਾ। ਆਗੂਆਂ ਨੇ ਕਿਹਾ ਕਿ ਸੰਸਦ ਦੇ ਸੈਸ਼ਨ ਦੌਰਾਨ ਕੀਤਾ ਜਾਣ ਵਾਲਾ ਪ੍ਰਦਰਸ਼ਨ ਸ਼ਾਂਤਮਈ, ਅਨੁਸ਼ਾਸਨੀ ਅਤੇ ਜਥੇਬੰਦਕ ਹੋਵੇਗਾ।
ਉਨ੍ਹਾਂ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੰਸਦ ਮੂਹਰੇ ਪ੍ਰਦਰਸ਼ਨ ਕਰ ਕੇ ਹਾਕਮਾਂ ਨੂੰ ਸੰਵਿਧਾਨਕ ਜ਼ਿੰਮੇਵਾਰੀ ਦਾ ਅਹਿਸਾਸ ਕਰਾਇਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਮੀਂਹ ਦੀਆਂ ਦੁਸ਼ਵਾਰੀਆਂ ਨੂੰ ਸਿਦਕ, ਸਿਰੜ ਨਾਲ ਝੱਲਦਿਆਂ ਪੰਜਾਬ ਅੰਦਰਲੇ ਮੋਰਚਿਆਂ ਸਮੇਤ ਟਿਕਰੀ ਬਾਰਡਰ ‘ਤੇ ਲਾਮਬੰਦੀ ਵਧਾਈ ਜਾ ਰਹੀ ਹੈ। ਹਰ ਕਿਸਮ ਦੀਆਂ ਸਰਕਾਰੀ ਚਾਲਾਂ ਨੂੰ ਚੌਕਸੀ ਤੇ ਦ੍ਰਿੜ੍ਹਤਾ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ। ਇਸ ਇਤਿਹਾਸਕ ਕਿਸਾਨ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਪੇਂਡੂ ਖੇਤ ਮਜ਼ਦੂਰਾਂ ਨਾਲ ਸੰਘਰਸ਼ੀ ਸਾਂਝ ਹੋਰ ਪੱਕੀ ਕੀਤੀ ਜਾ ਰਹੀ ਹੈ।
ਰਾਜੇਵਾਲ ਨੇ ਅਵਿਜੋਤ ਸਿੰਘ ਦਾ ਕੀਤਾ ਸਨਮਾਨ
ਮੁਹਾਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਮੁਹਾਲੀ ਪਹੁੰਚ ਕੇ ਸੰਘਰਸ਼ੀ ਬਾਲ ਕਿਸਾਨ ਯੋਧੇ ਅਵਿਜੋਤ ਸਿੰਘ ਪੁੱਤਰ ਹਰਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। ਪਿਛਲੇ ਦਿਨੀਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਚੰਡੀਗੜ੍ਹ ਵਿੱਚ ਭਾਜਪਾ ਦੇ ਸੀਨੀਅਰ ਆਗੂ ਸੰਜੈ ਟੰਡਨ ਅਤੇ ਮੇਅਰ ਰਵੀਕਾਂਤ ਦਾ ਵਿਰੋਧ ਕੀਤਾ ਗਿਆ ਸੀ। ਇਸ ਦੌਰਾਨ ਚੰਡੀਗੜ੍ਹ ਪੁਲਿਸ ਨੇ ਰਾਜਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਮਾਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜੋ ਇਸ ਸਮੇਂ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਹਨ। ਇਨ੍ਹਾਂ ‘ਤੇ ਭਾਜਪਾ ਆਗੂਆਂ ਦੇ ਵਾਹਨਾਂ ਦੀ ਭੰਨ-ਤੋੜ ਕਰਨ ਦਾ ਆਰੋਪ ਹੈ। ਜਦਕਿ ਯੂਟੀ ਪੁਲਿਸ ਬਾਲ ਕਿਸਾਨ ਯੋਧੇ ਅਵਿਜੋਤ ਸਿੰਘ ਨੂੰ ਫੜ ਕੇ ਥਾਣੇ ਲੈ ਗਈ ਸੀ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਬਲਬੀਰ ਸਿੰਘ ਰਾਜੇਵਾਲ ਨੇ ਅਭਿਜੋਤ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਆ ਅਤੇ ਬੱਚੇ ਦੀ ਦਲੇਰੀ ਦੀ ਸ਼ਲਾਘਾ ਕੀਤੀ। ਰਾਜੇਵਾਲ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਕਿਸਾਨੀ ਸੰਘਰਸ਼ ਜਾਰੀ ਰਹੇਗਾ ਅਤੇ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨ ਡਟੇ ਰਹਿਣਗੇ। ਉਨ੍ਹਾਂ ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਨੂੰ ਸਖ਼ਤ ਤਾੜਨਾ ਕੀਤੀ ਕਿ ਰੋਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਨਾਲ ਵਧੀਕੀਆਂ ਨਾ ਕੀਤੀਆਂ ਜਾਣ ਕਿਉਂਕਿ ਹੁਣ ਕੋਈ ਵੀ ਕਿਸਾਨ ਜਬਰ ਜ਼ੁਲਮ ਸਹਿਣ ਨਹੀਂ ਕਰੇਗਾ। ਕਿਸਾਨ ਆਗੂ ਨੇ ਚੰਡੀਗੜ੍ਹ ਦੇ ਐੱਸਐੱਸਪੀ ਨਾਲ ਗੱਲਬਾਤ ਕਰਕੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਅਤੇ ਉਨ੍ਹਾਂ ਖ਼ਿਲਾਫ਼ ਦਰਜ ਝੂਠੇ ਕੇਸ ਵਾਪਸ ਲੈਣ ਲਈ ਕਿਹਾ।
ਖੇਤੀ ਕਾਨੂੰਨ ਰੱਦ ਹੋਣ ਤੱਕ ਸੰਸਦ ਨਹੀਂ ਚੱਲਣ ਦਿਆਂਗੇ: ਭਗਵੰਤ ਮਾਨ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪੰਜਾਬ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਜਦੋਂ ਤੱਕ ਖੇਤੀ ਮਾਰੂ ਤਿੰਨੋਂ ਕਾਲੇ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਸੰਸਦ ਦੀ ਕਾਰਵਾਈ ਚੱਲਣ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ‘ਆਪ’ ਸੰਸਦ ਮੈਂਬਰ ਨੇ ਕਾਂਗਰਸ ‘ਤੇ ਗੰਭੀਰ ਆਰੋਪ ਲਾਉਂਦਿਆਂ ਕਿਹਾ ਕਿ ਸਦਨ ਵਿੱਚ ਪੰਜਾਬ ਨਾਲ ਸਬੰਧਿਤ ਚਾਰ ਜਾਂ ਪੰਜ ਸੰਸਦ ਮੈਂਬਰਾਂ ਨੂੰ ਛੱਡ ਕੇ ਕਾਂਗਰਸ ਦੇ ਬਾਕੀ ਸਾਰੇ ਸੰਸਦ ਮੈਂਬਰ ਕਿਸਾਨਾਂ ਦੇ ਹੱਕ ‘ਚ ਖੇਤੀ ਕਾਨੂੰਨਾਂ ਵਿਰੁੱਧ ਬੋਲਣ ਦੀ ਥਾਂ ‘ਰਾਹੁਲ ਗਾਂਧੀ ਦੀ ਜਾਸੂਸੀ’ ਦੇ ਮੁੱਦੇ ‘ਤੇ ਹੀ ਰੌਲਾ-ਰੱਪਾ ਪਾਉਂਦੇ ਹਨ। ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਭਗਵੰਤ ਮਾਨ ਨੇ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਤਿੰਨੋਂ ਖੇਤੀ ਕਾਨੂੰਨ ਵਾਪਸ ਲਵੋ’ ਦਾ ਨਾਅਰਾ ਬੁਲੰਦ ਕੀਤਾ।
ਟਿਕਰੀ ਹੱਦ ‘ਤੇ ਪ੍ਰਿਥੀਪਾਲ ਰੰਧਾਵਾ ਦਾ ਸ਼ਹੀਦੀ ਦਿਹਾੜਾ ਮਨਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਟਿਕਰੀ ਬਾਰਡਰ ‘ਤੇ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਦਾ 42ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੰਗਰੂਰ ਦੇ ਜ਼ਿਲ੍ਹਾ ਆਗੂ ਦਰਬਾਰਾ ਸਿੰਘ ਛਾਜਲਾ ਨੇ ਦੱਸਿਆ ਕਿ ਸੱਤਰਵਿਆਂ ਦੇ ਦਹਾਕੇ ਵਿੱਚ ਉੱਠੀ ਪੰਜਾਬ ਦੀ ਵਿਦਿਆਰਥੀ ਲਹਿਰ ਦੀ ਪ੍ਰਿਥੀਪਾਲ ਸਿੰਘ ਰੰਧਾਵਾ ਨੇ ਲਗਭਗ ਇਕ ਦਹਾਕਾ ਅਗਵਾਈ ਕੀਤੀ। ਵਿਦਿਆਰਥੀਆਂ ਨੂੰ ਆਪਣੀ ਜਥੇਬੰਦਕ ਤਾਕਤ ਰਾਹੀਂ ਸੰਘਰਸ਼ ਲੜਨ ਦੀਆਂ ਅਜਿਹੀਆਂ ਪੈੜਾਂ ਪਾਈਆਂ ਕਿ ਜਿਨ੍ਹਾਂ ‘ਤੇ ਚੱਲ ਕੇ ਅੱਜ ਵੀ ਪੰਜਾਬ ਦੀ ਜਨਤਕ-ਜਮਹੂਰੀ ਲਹਿਰ ਅੱਗੇ ਵੱਧ ਰਹੀ ਹੈ। ਸਮੇਂ ਦੀਆਂ ਸਰਕਾਰਾਂ ਨੇ ਪ੍ਰਿਥੀਪਾਲ ਨੂੰ ਸ਼ਹੀਦ ਕਰਵਾ ਦਿੱਤਾ ਸੀ।
ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੇ ਆਗੂ ਜਗਸੀਰ ਸਿੰਘ ਨੇ ਕਿਹਾ ਕਿ ਅੱਜ ਵੀ ਸਿਖਿਆ ਖੇਤਰ ਦੀ ਹਾਲਤ ਬਹੁਤ ਮਾੜੀ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਇਸੇ ਮਹੀਨੇ ਪੱਤਰ ਜਾਰੀ ਕਰਕੇ ਯੂਨੀਵਰਸਿਟੀ ਕੈਂਪਸ ਸਮੇਤ ਕਾਂਸਟੀਚੁਐਂਟ ਕਾਲਜਾਂ, ਰਿਜਨਲ ਸੈਂਟਰਾਂ ਤੇ ਨੇਬਰਹੁੱਡ ਕੈਂਪਸਾਂ ਦੇ ਵਿਦਿਆਰਥੀਆਂ ਦੀਆਂ ਫੀਸਾਂ ‘ਚ 10 ਫੀਸਦੀ ਵਾਧਾ ਕਰ ਦਿੱਤਾ ਹੈ ਅਤੇ ਕਾਂਸਟੀਚੁਐਂਟ ਕਾਲਜਾਂ ‘ਚ ਪੜ੍ਹਦੇ ਗਰੀਬ ਤੇ ਪੱਛੜੇ ਤਬਕੇ ਨਾਲ ਸਬੰਧਤ ਐੱਸਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਨੂੰ ਫੌਰੀ ਲੋੜੀਂਦੀ ਗਰਾਂਟ ਜਾਰੀ ਕੀਤੀ ਜਾਵੇ।
ਕਿਸਾਨਾਂ ਨਾਲ ਗੱਲਬਾਤ ਲਈ ਸਰਕਾਰ ਹਮੇਸ਼ਾ ਤਿਆਰ : ਤੋਮਰ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕਿਹਾ ਕਿ ਸੰਸਦ ਵੱਲੋਂ ਪਿਛਲੇ ਵਰ੍ਹੇ ਸਤੰਬਰ ਮਹੀਨੇ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਸਬੰਧੀ ਮੁੱਦਿਆਂ ਦੇ ਹੱਲ ਲਈ ਮੁਜ਼ਾਹਰਾ ਕਰ ਰਹੀਆਂ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਲਈ ਸਰਕਾਰ ਹਮੇਸ਼ਾਂ ਤਿਆਰ ਰਹੇਗੀ। ਲੋਕ ਸਭਾ ਵਿੱਚ ਕਿਸਾਨਾਂ ਦੇ ਮੁਜ਼ਾਹਰੇ ਸਬੰਧੀ ਪੁੱਛੇ ਕਈ ਸੁਆਲਾਂ ਦੇ ਲਿਖਤੀ ਜੁਆਬ ਦਿੰਦਿਆਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਰੋਸ ਪ੍ਰਗਟਾ ਰਹੀਆਂ ਕਿਸਾਨ ਯੂਨੀਅਨਾਂ ਨਾਲ ਸਰਕਾਰ ਨੇ ਹੁਣ ਤੱਕ 11 ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਕਿਹਾ, ‘ਸਰਕਾਰ ਕਿਸਾਨ ਯੂਨੀਅਨਾਂ ਨਾਲ ਮੁੱਦਿਆਂ ਦੇ ਹੱਲ ਲਈ ਗੰਭੀਰ, ਸੰਵੇਦਨਸ਼ੀਲ ਤੇ ਭਖਵੀਂ ਗੱਲਬਾਤ ਕਰਦੀ ਰਹੀ ਹੈ। ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨ ਯੂਨੀਅਨਾਂ ਨਾਲ ਚਰਚਾ ਲਈ ਹਮੇਸ਼ਾ ਤਿਆਰ ਰਹੀ ਹੈ ਤੇ ਮਸਲੇ ਦੇ ਹੱਲ ਲਈ ਮੁਜ਼ਾਹਰਾਕਾਰੀ ਕਿਸਾਨਾਂ ਨਾਲ ਗੱਲਬਾਤ ਲਈ ਹਮੇਸ਼ਾ ਤਿਆਰ ਰਹੇਗੀ।
ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਦੇ ਰਵੱਈਏ ‘ਤੇ ਸੰਸਦ ‘ਚ ਸ਼ੋਰ-ਸ਼ਰਾਬਾ
ਅਕਾਲੀ ਦਲ ਤੇ ਬਸਪਾ ਦੇ ਸੰਸਦ ਮੈਂਬਰਾਂ ਨੇ ਤੋਮਰ ਨੂੰ ਦਿਖਾਈਆਂ ਤਖਤੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਖੇਤੀ ਕਾਨੂੰਨਾਂ ਸਬੰਧੀ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਕੇਂਦਰ ਸਰਕਾਰ ਦੇ ਰਵੱਈਏ ‘ਤੇ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਵਿੱਚ ਸ਼ੋਰ-ਸ਼ਰਾਬਾ ਕੀਤਾ ਤੇ ਕਾਰਵਾਈ ਨਹੀਂ ਚੱਲਣ ਦਿੱਤੀ। ਅਕਾਲੀ ਦਲ ਤੇ ਬਸਪਾ ਦੇ ਲੋਕ ਸਭਾ ਮੈਂਬਰਾਂ ਨੇ ਵੀ ਕੰਮ ਰੋਕੂ ਮਤਾ ਪੇਸ਼ ਕੀਤਾ ਪਰ ਸਰਕਾਰ ਨੇ ਇਸ ਨੂੰ ਨਹੀਂ ਮੰਨਿਆ। ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ, ‘ਆਪ’ ਦੇ ਸੰਸਦਾਂ ਮੈਂਬਰਾਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਉਂਦਿਆਂ ‘ਸ਼ਰਮ ਕਰੋ, ਦੇਸ਼ ਦੇ ਅੰਨਦਾਤਾ ਦਾ ਅਪਮਾਨ ਬੰਦ ਕਰੋ’ ਦੇ ਨਾਅਰੇ ਲਾਏ। ਸੰਸਦ ਮੈਂਬਰ ਨਰੇਸ਼ ਗੁਜਰਾਲ ਨੇ ਦੱਸਿਆ ਕਿ ਅਕਾਲੀ ਦਲ ਤੇ ਬਸਪਾ ਦੇ ਮੈਂਬਰਾਂ ਨੇ ਫਿਰ ਖੇਤੀ ਕਾਨੂੰਨ ਰੱਦ ਕਰਨ ਬਾਬਤ ਕੰਮ ਰੋਕੂ ਮਤਾ ਪੇਸ਼ ਕੀਤਾ, ਪਰ ਸਰਕਾਰ ਨੇ ਇਸ ਨੂੰ ਪੇਸ਼ ਨਾ ਕਰਨ ਦਿੱਤਾ। ਸੰਸਦ ਦੇ ਬਾਹਰ ਰੋਸ ਪ੍ਰਗਟਾਉਣ ਵਾਲਿਆਂ ਵਿੱਚ ਨਰੇਸ਼ ਗੁਜਰਾਲ ਤੋਂ ਇਲਾਵਾ ਸੁਖਬੀਰ ਬਾਦਲ, ਹਰਸਿਮਰਤ ਬਾਦਲ, ਬਲਵਿੰਦਰ ਸਿੰਘ ਭੂੰਦੜ, ਬਸਪਾ ਦੇ ਸਤੀਸ਼ ਮਿਸ਼ਰਾ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਦੇਸ਼ ਦੇ ਕਿਸਾਨਾਂ ਨਾਲ ਦੇਸ਼ ਦਾ ਪ੍ਰਧਾਨ ਮੰਤਰੀ ਹੀ ਅਨਿਆਂ ਕਰ ਰਿਹਾ ਹੈ। ‘ਆਪ’ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਜਦੋਂ ਤੱਕ ਤਿੰਨੋਂ ਕਾਲੇ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਸੰਸਦ ਦੀ ਕਾਰਵਾਈ ਚੱਲਣ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਦਨ ਵਿਚ ਪੰਜਾਬ ਨਾਲ ਸਬੰਧਤ ਚਾਰ ਜਾਂ ਪੰਜ ਸੰਸਦ ਮੈਂਬਰਾਂ ਨੂੰ ਛੱਡ ਕੇ ਕਾਂਗਰਸ ਦੇ ਬਾਕੀ ਸਾਰੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਜਾਸੂਸੀ ਦੇ ਮੁੱਦੇ ‘ਤੇ ਹੀ ਰੌਲਾ ਪਾਉਂਦੇ ਰਹੇ।
ਡਾ. ਅਮਰ ਸਿੰਘ ਵਲੋਂ ਖੇਤੀ ਕਾਨੂੰਨਾਂ ਖਿਲਾਫ ਸੰਸਦ ਦੇ ਬਾਹਰ ਪ੍ਰਦਰਸ਼ਨ
ਨਵੀਂ ਦਿੱਲੀ : ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ। ਸੰਸਦ ਭਵਨ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਰੋਸ ਜ਼ਾਹਿਰ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਹੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਮਤਾ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਮੋਦੀ ਸਰਕਾਰ ਕਿਸਾਨੀ ਵਿਰੋਧੀ, ਮਜ਼ਦੂਰ ਵਿਰੋਧੀ, ਆੜ੍ਹਤੀਆ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਅਤੇ ਮਹਿੰਗਾਈ ਵਧਣ ਕਾਰਨ ਸਮਾਜ ਦੇ ਸਾਰੇ ਵਰਗ ਪ੍ਰਭਾਵਿਤ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 500 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਕੁਰਬਾਨੀ ਪ੍ਰਤੀ ਕੋਈ ਹਮਦਰਦੀ ਨਹੀਂ ਦਿਖਾਈ।
ਮੋਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ: ਚੌਟਾਲਾ
ਓਮ ਪ੍ਰਕਾਸ਼ ਚੌਟਾਲਾ ਨੇ ਪਲਵਲ ਤੇ ਗਾਜ਼ੀਪੁਰ ਦੇ ਕਿਸਾਨ ਧਰਨਿਆਂ ਵਿੱਚ ਕੀਤੀ ਸ਼ਿਰਕਤ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਦੇ ਬਹੁਚਰਚਿਤ ਅਧਿਆਪਕ ਭਰਤੀ ਘੁਟਾਲੇ ਵਿੱਚ ਰਿਹਾਈ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਦੇ ਪ੍ਰਮੁੱਖ ਓਮ ਪ੍ਰਕਾਸ਼ ਚੌਟਾਲਾ ਨੇ ਰਾਜਨੀਤੀ ਦੀ ਦੂਜੀ ਪਾਰੀ ਸ਼ੁਰੂ ਕਰ ਦਿੱਤੀ ਹੈ।
ਉਹ ਪਲਵਲ ਵਿੱਚ ਚੱਲ ਰਹੇ ਕਿਸਾਨ ਧਰਨੇ ਵਿੱਚ ਪੁੱਜ ਕੇ ਕੇਂਦਰ ਸਰਕਾਰ ਖ਼ਿਲਾਫ਼ ਗਰਜੇ। ਭਾਵੇਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸੇ ਸਿਆਸੀ ਪਾਰਟੀ ਦੇ ਆਗੂ ਨੂੰ ਸਟੇਜ ‘ਤੇ ਨਹੀਂ ਚੜ੍ਹਨ ਦਿੱਤਾ ਜਾਂਦਾ, ਇਸ ਦੇ ਬਾਵਜੂਦ ਚੌਟਾਲਾ ਪਲਵਲ ਕਿਸਾਨ ਧਰਨੇ ਵਿੱਚ ਗਏ।
ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨ ਲਿਆਉਣ ਨਾਲ ਕੇਂਦਰ ਦੀ ਮੋਦੀ ਸਰਕਾਰ ਦੀ ਉਲਟੀ ਗਿਣਤੀ ਹੁਣ ਸ਼ੁਰੂ ਹੋ ਗਈ ਹੈ। ਪਲਵਲ ਮਗਰੋਂ ਉਹ ਗਾਜ਼ੀਪੁਰ ਹੱਦ ‘ਤੇ ਕਿਸਾਨ ਧਰਨੇ ਵਿੱਚ ਪਹੁੰਚੇ। ਚੌਟਾਲਾ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸਾਢੇ ਸੱਤ ਮਹੀਨੇ ਪਹਿਲਾਂ ਸ਼ੁਰੂ ਹੋਈ ਲੜਾਈ ਸਿਰਫ਼ ਕਿਸਾਨਾਂ ਅਤੇ ਮਜ਼ਦੂਰ ਦੀ ਨਹੀਂ ਹੈ। ਇਹ ਹਰ ਵਰਗ ਦੇ ਲੋਕਾਂ ਦੀ ਲੜਾਈ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਮੁਲਕ ਦੇ ਕਿਸਾਨਾਂ ਨੂੰ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਧੱਕੇ ਖਾਣੇ ਪੈ ਰਹੇ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਵਿਰੋਧ ਕਾਰਨ ਜਿੱਥੇ ਖੇਤੀ ਕਾਨੂੰਨ ਰੱਦ ਹੋਣਗੇ, ਉੱਥੇ ਹੀ ਇਹ ਕਾਨੂੰਨ ਲਿਆਉਣ ਵਾਲੀ ਸਰਕਾਰ ਵੀ ਬਦਲੀ ਜਾਵੇਗੀ। ਉਨ੍ਹਾਂ ਆਖਿਆ ਕਿ ਕਾਨੂੰਨ ਲਿਆਉਣ ਵਾਲੀ ਕੇਂਦਰ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।
ਪੰਜਾਬ ‘ਚ ਭਾਜਪਾ ਆਗੂਆਂ ਦਾ ਹੋ ਰਿਹਾ ਹੈ ਡਟਵਾਂ ਵਿਰੋਧ
ਬਲਾਚੌਰ ‘ਚ ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਆਗੂਆਂ ਦਾ ਪ੍ਰੋਗਰਾਮ ਰੱਦ
ਬਲਾਚੌਰ/ਬਿਊਰੋ ਨਿਊਜ਼ : ਬਲਾਚੌਰ ਵਿਖੇ ਨੈਸ਼ਨਲ ਹਾਈਵੇਅ ‘ਤੇ ਸਥਿਤ ਹੋਟਲ ਸਾਈ ਮਨੀ ਵਿੱਚ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੁਭਾਸ਼ ਸ਼ਰਮਾ ਦੇ ਆਉਣ ਦਾ ਪ੍ਰੋਗਰਾਮ ਕਿਸਾਨਾਂ ਦੇ ਵਿਰੋਧ ਕਾਰਨ ਰੱਦ ਹੋ ਗਿਆ।
ਦਰਅਸਲ, ਭਾਜਪਾ ਆਗੂਆਂ ਦੇ ਆਉਣ ਦੀ ਭਿਣਕ ਪੈਂਦਿਆਂ ਹੀ ਵੱਡੀ ਗਿਣਤੀ ਵਿੱਚ ਕਿਸਾਨ ਹੋਟਲ ਦੇ ਬਾਹਰ ਇਕੱਠੇ ਹੋ ਗਏ। ਕਿਸਾਨਾਂ ਨੇ ਪੈਲੇਸ ਅਤੇ ਹੋਟਲ ਵਾਲਿਆਂ ਨੂੰ ਵੀ ਅੱਗੇ ਤੋਂ ਭਾਜਪਾ ਆਗੂਆਂ ਦੇ ਪ੍ਰੋਗਰਾਮ ਨਾ ਕਰਨ ਦੀ ਤਾੜਨਾ ਕਰਦਿਆਂ ਸਾਈ ਮਨੀ ਹੋਟਲ ਅੱਗੇ ਧਰਨਾ ਲਾ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਔਜਲਾ, ਬਲਜੀਤ ਸਿੰਘ ਭਾਰਾਪੁਰ, ਹਰਵਿੰਦਰ ਸਿੰਘ ਚਾਹਲ, ਦੁਆਬਾ ਕਿਸਾਨ ਯੂਨੀਅਨ ਦੇ ਕੁਲਦੀਪ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਸੁਰਿੰਦਰ ਸਿੰਘ ਬੈਂਸ, ਕੈਪਟਨ ਰਘੁਵੀਰ ਸਿੰਘ, ਠੇਕੇਦਾਰ ਸੁਰਿੰਦਰ ਕੁਮਾਰ ਅਤੇ ਜੋਗਿੰਦਰ ਸਿੰਘ ਰੰਧਾਵਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲੈਣਗੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਖੇਤੀ ਕਾਨੂੰਨ ਲਿਆ ਕੇ ਕਿਸਾਨੀ ਨੂੰ ਢਾਹ ਲਾਉਣਾ ਚਾਹੁੰਦੀ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਭਾਜਪਾ ਦੇ ਨੁਮਾਇੰਦੇ ਕਿਸਾਨੀ ਸੰਘਰਸ਼ ਨੂੰ ਖੇਰੂ-ਖੇਰੂ ਕਰਨ ਦੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਜਾਣ-ਬੁੱਝ ਕੇ ਪੰਜਾਬ ਅਤੇ ਹੋਰ ਸੂਬਿਆਂ ਦਾ ਮਾਹੌਲ ਖਰਾਬ ਕਰ ਰਹੇ ਹਨ, ਜਿਸ ਦਾ ਡਟ ਕੇ ਸਾਹਮਣਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਭਾਜਪਾ ਆਗੂਆਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ। ਕਿਸਾਨਾਂ ਨੇ ਹੋਟਲਾਂ ਦੇ ਮਾਲਕਾਂ ਨੂੰ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਹੋਟਲ ਮਾਲਕਾਂ ਨੇ ਭਾਜਪਾ ਆਗੂਆਂ ਦੇ ਪ੍ਰੋਗਰਾਮ ਬੁੱਕ ਕੀਤੇ ਤਾਂ ਹੋਟਲਾਂ ਅੱਗੇ ਲਗਾਤਾਰ ਧਰਨੇ ਲਗਾਏ ਜਾਣਗੇ।
ਮਾਨਸੂਨ ਸੈਸ਼ਨ ਦੌਰਾਨ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਨਾ ਦੇਣ ਦੀ ਨਿਖੇਧੀ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਬੀਕੇਯੂ ਲੱਖੋਵਾਲ ਦੇ ਸੂਬਾਈ ਆਗੂ ਪ੍ਰਸ਼ੋਤਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਬੀਕੇਯੂ ਡਕੌਂਦਾ ਦੇ ਸ਼ਹੀਦ ਹੋਏ ਕਾਰਕੁਨ ਸੁਖਦੇਵ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਬੱਲੂਆਣਾ ਜ਼ਿਲ੍ਹਾ ਬਠਿੰਡਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਟਿਕਰੀ ਹੱਦ ਦੀ ਕਮੇਟੀ ਨੇ ਰੋਸ ਜ਼ਾਹਰ ਕੀਤਾ ਕਿ ਕਿਸਾਨ ਹਮਾਇਤੀ ਅਖਵਾਉਣ ਵਾਲੀ ਕੇਂਦਰ ਸਰਕਾਰ ਨੇ ਮਾਨਸੂਨ ਸੈਸ਼ਨ ਦੌਰਾਨ ਸ਼ਹੀਦ ਕਿਸਾਨਾਂ ਲਈ ਦੋ ਮਿੰਟ ਦਾ ਮੌਨ ਵੀ ਨਹੀਂ ਰੱਖਿਆ। ਆਗੂਆਂ ਨੇ ਦੱਸਿਆ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਮੁੱਖ ਮਾਰਗਾਂ ਉੱਪਰ ਮੋਰਚੇ ਲਾਈ ਬੈਠੇ ਕਿਸਾਨਾਂ ਨੂੰ ਲਗਾਤਾਰ ਪੈ ਰਹੇ ਮੀਂਹ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕਿਸਾਨਾਂ ਦੇ ਹੌਸਲੇ ਬੁਲੰਦ ਹਨ।
ਕਿਸਾਨਾਂ ਦੀ ਰਿਹਾਈ ਲਈ ਬਲਦੇਵ ਸਿੰਘ ਸਿਰਸਾ ਦਾ ਮਰਨ ਵਰਤ
ਕਿਸਾਨਾਂ ਵੱਲੋਂ ਮਿੰਨੀ ਸਕੱਤਰੇਤ ਸਿਰਸਾ ਦੇ ਮੁੱਖ ਗੇਟ ਅੱਗੇ ਧਰਨਾ
ਸਿਰਸਾ/ਬਿਊਰੋ ਨਿਊਜ਼ : ਦੇਸ਼ਧ੍ਰੋਹ ਦੇ ਇਲਜ਼ਾਮ ‘ਚ ਜੇਲ੍ਹ ਭੇਜੇ ਕਿਸਾਨਾਂ ਨੂੰ ਰਿਹਾਅ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਬਲਦੇਵ ਸਿੰਘ ਸਿਰਸਾ ਵੱਲੋਂ ਮਿੰਨੀ ਸਕੱਤਰੇਤ (ਸਿਰਸਾ) ਦੇ ਬਾਹਰ ਮਰਨ ਵਰਤ ਸ਼ੁਰੂ ਕੀਤਾ। ਇਸੇ ਦੌਰਾਨ ਸਿਰਸਾ ਪੁਲਿਸ ਵੱਲੋਂ ਕਿਸਾਨਾਂ ‘ਤੇ ਦੇਸ਼ਧ੍ਰੋਹ ਦੇ ਕੇਸ ਦਰਜ ਅਤੇ ਪੰਜ ਕਿਸਾਨਾਂ ਨੂੰ ਜੇਲ੍ਹ ਭੇਜਣ ਖਿਲਾਫ ਬਲਦੇਵ ਸਿੰਘ ਸਿਰਸਾ ਨੇ ਮਰਨ ਵਰਤ ਸ਼ੁਰੂ ਕਰਨ ਮਗਰੋਂ ਕਿਹਾ ਕਿ ਉਨ੍ਹਾਂ ਦਾ ਇਹ ਮਰਨ ਵਰਤ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਪੁਲਿਸ ਪੰਜੇ ਕਿਸਾਨਾਂ ਨੂੰ ਰਿਹਾਅ ਨਹੀਂ ਕਰ ਦਿੰਦੀ। ਸਿਰਸਾ ਨੇ ਕਿਹਾ ਕਿ ਕਿਸਾਨਾਂ ਦੀ ਰਿਹਾਈ ਲਈ ਉਹ ਆਪਣੀ ਕੁਰਬਾਨੀ ਦੇਣ ਤੋਂ ਵੀ ਪਿੱਛੇ ਨਹੀਂ ਹਟਣਗੇ।
ਜ਼ਿਕਰਯੋਗ ਹੈ ਕਿ ਲੰਘੀ 11 ਜੁਲਾਈ ਨੂੰ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਜ਼ਿਲ੍ਹਾ ਭਾਜਪਾ ਵੱਲੋਂ ਪਾਰਟੀ ਕਾਰਕੁਨਾਂ ਦੀ ਇੱਕ ਵਰਕਸ਼ਾਪ ਨੂੰ ਸੰਸਦ ਮੈਂਬਰ ਸੁਨੀਤਾ ਦੁੱਗਲ ਤੋਂ ਇਲਾਵਾ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਵੀਰ ਗੰਗਵਾ ਸੰਬੋਧਨ ਕਰਨ ਆਏ ਸਨ। ਵਰਕਸ਼ਾਪ ਮਗਰੋਂ ਜਦੋਂ ਡਿਪਟੀ ਸਪੀਕਰ ਰਣਵੀਰ ਸਿੰਘ ਗੰਗਵਾ ਕਾਫਲੇ ਨਾਲ ਯੂਨੀਵਰਸਿਟੀ ਤੋਂ ਬਾਹਰ ਆਏ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਦੁਬਾਰਾ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਇਸੇ ਦੌਰਾਨ ਕਿਸੇ ਵਿਅਕਤੀ ਨੇ ਰਣਵੀਰ ਗੰਗਵਾ ਦੀ ਗੱਡੀ ਸ਼ੀਸ਼ਾ ਤੋੜ ਦਿੱਤਾ, ਜਿਸ ਮਗਰੋਂ ਪੁਲਿਸ ਨੇ ਲਾਠੀਚਾਰਜ ਕਰਦਿਆਂ ਕਈ ਕਿਸਾਨਾਂ ਨੂੰ ਰਿਹਾਸਤ ਵਿੱਚ ਲੈ ਲਿਆ ਪਰ ਕਿਸਾਨਾਂ ਦੇ ਰੋਹ ਕਾਰਨ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ।
ਇਸੇ ਦੌਰਾਨ ਸਿਵਲ ਲਾਇਨਜ਼ ਥਾਣੇ ਵਿੱਚ ਦੋ ਨਾਮਜ਼ਦ ਕਿਸਾਨਾਂ ਤੋਂ ਇਲਾਵਾ ਸੌ ਹੋਰ ਕਿਸਾਨਾਂ ‘ਤੇ ਦੇਸ਼ਧ੍ਰੋਹ ਸਮੇਤ ਕਈ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਵੱਖ-ਵੱਖ ਪਿੰਡਾਂ ਚੋਂ ਪੰਜ ਕਿਸਾਨਾਂ ਨੂੰ ਘਰਾਂ ‘ਚੋਂ ਸੁੱਤਿਆਂ ਹੋਇਆ ਨੂੰ ਚੁੱਕ ਲਿਆ ਤੇ ਮੈਜਿਸਟਰੇਟ ਸਾਹਮਣੇ ਪੇਸ਼ ਕਰਕੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਗਿਆ ਹੈ। ਕਿਸਾਨਾਂ ‘ਤੇ ਦੇਸ਼ਧ੍ਰੋਹ ਦੇ ਕੇਸ ਦਰਜ ਕੀਤੇ ਜਾਣ ਅਤੇ ਪੰਜ ਕਿਸਾਨਾਂ ਨੂੰ ਜੇਲ੍ਹ ਭੇਜੇ ਜਾਣ ਦੀ ਸੂਚਨਾ ਸਥਾਨਕ ਕਿਸਾਨ ਆਗੂਆਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਦੇਣ ‘ਤੇ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਗਈ, ਜਿਸ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਰਾਕੇਸ਼ ਟਿਕੇਤ, ਬਲਦੇਵ ਸਿੰਘ ਸਿਰਸਾ ਆਦਿ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ।ਆਗੂਆਂ ਨੂੰ ਮਹਾਪੰਚਾਇਤ ਵਿੱਚ ਪਹੁੰਚਣ ਤੋਂ ਰੋਕਣ ਲਈ ਪੁਲਿਸ ਵੱਲੋਂ ਕਈ ਥਾਈਂ ਨਾਕੇ ਵੀ ਲਾਏ ਗਏ ਸਨ ਪਰ ਕਈ ਬੈਰੀਕੇਡ ਤੋੜਦਿਆਂ ਕਿਸਾਨ ਮਹਾਪੰਚਾਇਤ ਵਿੱਚ ਪੁੱਜ ਗਏ।

 

 

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …