20.3 C
Toronto
Monday, September 14, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਸਤਪਾਲ ਸਿੰਘ ਜੌਹਲ ਦੀ ਚਿੱਠੀ...

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਸਤਪਾਲ ਸਿੰਘ ਜੌਹਲ ਦੀ ਚਿੱਠੀ ਦੀ ਸ਼ਲਾਘਾ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਸਤਪਾਲ ਸਿੰਘ ਜੌਹਲ ਦੀ ਚਿੱਠੀ ਦੀ ਸ਼ਲਾਘਾਟੈਰਿਫ ਕਾਰਨ ਟੈਕਸ ‘ਚ ਹੁੰਦੇ ਵਾਧੇ ਬਾਰੇ 27 ਅਗਸਤ ਨੂੰ ਭੇਜਿਆ ਸੀ ਲਿਖਤੀ ਸੁਝਾਅ
ਬਰੈਂਪਟਨ/ਹਰਜੀਤ ਬਾਜਵਾ : ਬਰੈਂਪਟਨ ਤੋਂ ਉੱਘੇ ਪੰਜਾਬੀ ਪੱਤਰਕਾਰ ਸਤਪਾਲ ਸਿੰਘ ਜੌਹਲ ਨੇ ਬੀਤੇ ਹਫਤੇ 27 ਅਗਸਤ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇਕ ਚਿੱਠੀ ਭੇਜੀ ਸੀ ਜਿਸ ਵਿੱਚ ਅਮਰੀਕਾ ਨਾਲ਼ ਦੁਵੱਲੇ ਟੈਰਿਫ ਬਾਰੇ ਚੱਲ ਰਹੀ ਵਿਓਪਾਰਕ ਜੰਗ ਦੌਰਾਨ ਵਧ ਰਹੀ ਮਹਿੰਗਾਈ ਤੋਂ ਲੋਕਾਂ ਉੱਪਰ ਵਾਧੂ ਬੋਝ ਨਾ ਪੈਣ ਦੇਣ ਦਾ ਸੁਝਾਅ ਦਿੱਤਾ ਗਿਆ ਸੀ। ਜੌਹਲ ਨੇ ਆਪਣੇ ਖ਼ਤ ਵਿੱਚ ਲਿਖਿਆ ਸੀ ਕਿ ਜਿਨ੍ਹਾਂ ਵਸਤਾਂ ਦੀਆਂ ਕੀਮਤਾਂ ਨਾਲ ਗਾਹਕਾਂ ਨੂੰ ਜੀ.ਐੱਸ.ਟੀ/ਐੱਚ.ਐੱਸ.ਟੀ (ਉਨਟਾਰੀਓ ‘ਚ 5+8 =13 ਪ੍ਰਤੀਸ਼ਤ ਤੱਕ) ਦੇਣਾ ਪੈਂਦਾ ਹੈ, ਜੇਕਰ ਉਨ੍ਹਾਂ ਵਸਤਾਂ ਦੀ ਕੀਮਤ ਵਧਦੀ ਹੈ ਤਾਂ ਸਟੋਰਾਂ ਵਿੱਚ ਅਤੇ ਆਨਲਾਈਨ ਸ਼ਾਪਿੰਗ ਕਰਨ ਸਮੇਂ ਗਾਹਕਾਂ ਨੂੰ ਟੈਕਸ ਆਪਣੇ ਆਪ ਵੱਧ ਲੱਗਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਮਹਿੰਗਾਈ ਲੋਕਾਂ ਵਾਸਤੇ ਮਾੜੀ ਪਰ ਸਰਕਾਰਾਂ ਵਾਸਤੇ ਹਮੇਸ਼ਾਂ ਚੰਗੀ ਖ਼ਬਰ ਹੋ ਨਿੱਬੜਦੀ ਹੈ। ਸਤਪਾਲ ਸਿੰਘ ਜੌਹਲ ਵਲੋਂ ਲਿਖਿਆ ਗਿਆ ਕਿ ਕੈਨੇਡਾ ਸਰਕਾਰ ਵਲੋਂ ਅਮਰੀਕੀ ਵਸਤਾਂ ‘ਤੇ ਬੀਤੇ ਦਿਨੀਂ ਐਲਾਨੇ ਗਏ ਟੈਰਿਫ ਨਾਲ਼ ਕੈਨੇਡਾ ਵਿੱਚ ਲੋਕਾਂ ਨੂੰ ਵੱਧ ਜੀ.ਐੱਸ.ਟੀ/ਐੱਚ.ਐੱਸ.ਟੀ ਦੇਣਾ ਪਵੇਗਾ ਅਤੇ ਸਿੱਟੇ ਵਜੋਂ ਫੈਡਰਲ ਤੇ ਸੂਬਾ ਸਰਕਾਰਾਂ ਨੂੰ ਵੱਧ ਟੈਕਸ (ਵਸਤਾਂ ਦੀ ਕੀਮਤ ਦਾ ਪ੍ਰਤੀਸ਼ਤ) ਮਿਲਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਕਾਰਨੀ ਦੇ ਤੁਰੰਤ ਦਖਲ ਦੀ ਮੰਗ ਕਰਦਿਆਂ ਲਿਖਿਆ ਕਿ ਅਜਿਹੇ ਹਾਲਾਤ ਵਿੱਚ ਲੋਕਾਂ ਤੋਂ ਉਗਰਾਹੇ ਜਾਣ ਵਾਲਾ ਵੱਧ ਜੀ.ਐੱਸ.ਟੀ/ਐੱਚ.ਐੱਸ.ਟੀ 100 ਪ੍ਰਤੀਸ਼ਤ ਰਿਫੰਡ ਕੀਤਾ ਜਾਣਾ ਜ਼ਰੂਰੀ ਹੈ। ਇਹ ਵੀ ਕਿ ਬੀਤੀ 2 ਸਤੰਬਰ ਨੂੰ ਮਾਰਕ ਕਾਰਨੀ ਦੇ ਦਫਤਰ ਤੋਂ ਸਤਪਾਲ ਸਿੰਘ ਜੌਹਲ ਨੂੰ ਜਵਾਬ ਪ੍ਰਾਪਤ ਹੋਇਆ ਹੈ ਜਿਸ ਵਿੱਚ ਉਨ੍ਹਾਂ ਦੇ ਸੁਝਾਅ ਦੀ ਸ਼ਲਾਘਾ ਕੀਤੀ ਗਈ ਅਤੇ ਲਿਖਿਆ ਗਿਆ ਕਿ ਉਨ੍ਹਾਂ ਦੀ ਚਿੱਠੀ ਨੂੰ ਵਿੱਤ ਅਤੇ ਮਾਲ ਮੰਤਰੀ ਫਰਾਂਸੁਆ ਫਿਲਿਪ ਸ਼ੈਨਪੇਨ ਦੇ ਵਿਚਾਰ ਲਈ ਭੇਜਿਆ ਗਿਆ ਹੈ। ਚੇਤੇ ਰਹੇ ਕਿ ਬੀਤੀ 28 ਫਰਵਰੀ ਨੂੰ ਅਮਰੀਕਾ ਦੀ ਇਰਾਨ ਨਾਲ਼ ਜੰਗ ਲੱਗਣ ਤੋਂ ਬਾਅਦ ਅਚਾਨਕ ਤੇਲ ਦੀਆਂ ਕੀਮਤਾਂ ਵਧੀਆਂ ਸਨ ਤਾਂ ਸਰਕਾਰ ਦੇ ਮਾਲੀਏ ਵਿੱਚ ਆਪਣੇ ਆਪ ਹੋਏ ਟੈਕਸ ਵਾਧੇ ਦੇ ਮੁੱਦੇ ਨੂੰ ਸਤਪਾਲ ਸਿੰਘ ਜੌਹਲ ਨੇ 27 ਮਾਰਚ 2026 ਨੂੰ ਲਿਖੀ ਆਪਣੀ ਚਿੱਠੀ ਵਿੱਚ ਪ੍ਰਧਾਨ ਮੰਤਰੀ ਕਾਰਨੀ ਕੋਲ਼ ਉਠਾਇਆ ਸੀ ਜਦਕਿ ਸੰਸਦ ‘ਚ ਵਿਰੋਧੀ ਧਿਰ ਅਜੇ ਚੁੱਪ ਸੀ। ਜੌਹਲ ਦਾ ਉਹ ਖਤ ਵੀ ਕਾਰਨੀ ਵਲੋਂ ਮੰਤਰੀ ਸ਼ੈਂਪੇਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਅਪ੍ਰੈਲ 2026 ਵਿੱਚ ਫੈਡਰਲ ਸਰਕਾਰ ਨੇ ਗੈਸ ਅਤੇ ਡੀਜ਼ਲ ਤੋਂ ਆਪਣਾ ਐਕਸਾਈਜ਼ ਟੈਕਸ ਮੁਆਫ ਕਰ ਦਿੱਤਾ ਅਤੇ ਟੈਕਸ ਦੀ ਉਹ ਰਾਹਤ ਹੁਣ 31 ਦਸੰਬਰ 2026 ਤੱਕ ਜਾਰੀ ਰੱਖਣਾ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਹ ਵੀ ਕਿ ਸਤਪਾਲ ਸਿੰਘ ਜੌਹਲ ਵਲੋਂ ਸਮੇਂ ਅਨੁਸਾਰ ਸਰਕਾਰਾਂ ਨੂੰ ਹਲੂਣਾ ਦਿੰਦੇ ਰਹਿਣ ਦੇ ਨਿੱਗਰ ਉਪਰਾਲਿਆਂ ਦੀ ਕੈਨੇਡਾ ਵਿੱਚ ਭਾਈਚਾਰੇ ਵਲੋਂ ਭਰਵੀਂ ਸ਼ਲਾਘਾ ਕੀਤੀ ਜਾਂਦੀ ਹੈ।

 

RELATED ARTICLES
POPULAR POSTS