Breaking News
Home / ਹਫ਼ਤਾਵਾਰੀ ਫੇਰੀ / ਕਰਤਾਰਪੁਰ ਸਾਹਿਬ ਕੋਰੀਡੋਰ ਬਣਾਉਣ ਨੂੂੰ ਲੈ ਕੇ ਭਾਰਤ-ਪਾਕਿ ਵਿਚਾਲੇ ‘ਜ਼ੀਰੋ ਲਾਈਨ’ ‘ਤੇ ਹੋਈ ਬੈਠਕ

ਕਰਤਾਰਪੁਰ ਸਾਹਿਬ ਕੋਰੀਡੋਰ ਬਣਾਉਣ ਨੂੂੰ ਲੈ ਕੇ ਭਾਰਤ-ਪਾਕਿ ਵਿਚਾਲੇ ‘ਜ਼ੀਰੋ ਲਾਈਨ’ ‘ਤੇ ਹੋਈ ਬੈਠਕ

‘ਦੋਵੇਂ ਪਾਸੇ ਤੇਰਾ ਦਰ’
ਦੋਵੇਂ ਦੇਸ਼ ਬਣਾਉਣਗੇ ਆਪੋ-ਆਪਣੇ ਗੇਟ
ਗੁਰਦਾਸਪੁਰ/ਬਿਊਰੋ ਨਿਊਜ਼ : ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅਪੂਰਨ ਮਾਹੌਲ ਵਿਚ ਵੀ ਕਰਤਾਰਪੁਰ ਸਾਹਿਬ ਕੋਰੀਡੋਰ ਬਣਾਉਣ ਨੂੰ ਲੈ ਕੇ ਦੋਵੇਂ ਮੁਲਕਾਂ ਵਿਚਾਲੇ ਜ਼ੀਰੋ ਲਾਈਨ ‘ਤੇ ਬੈਠਕ ਹੋਈ। ਅਧਿਕਾਰੀਆਂ ਨੇ ਭਾਵੇਂ ਮੀਡੀਆ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਲਾਂਘੇ ਲਈ ਬਣਨ ਵਾਲੀ ਸੜਕ ਦੀ ਉਚਾਈ ਤੇ ਚੌੜਾਈ ਲਈ ਦੋਵਾਂ ਦੇਸ਼ਾਂ ਦੀਆਂ ਟੀਮਾਂ ਨੇ ਸਹਿਮਤੀ ਦਿੱਤੀ ਹੈ। ਦੋਵਾਂ ਦੇਸ਼ਾਂ ਦੀਆਂ ਟੀਮਾਂ ਨੇ ਉਸ ਜਗ੍ਹਾ ਦਾ ਜਾਇਜ਼ਾ ਵੀ ਲਿਆ ਹੈ, ਜਿੱਥੋਂ ਦੋਵਾਂ ਦੇਸ਼ਾਂ ਨੂੰ ਜੋੜਦੀ ਸੜਕ ਬਣੇਗੀ। ਡੇਰਾ ਬਾਬਾ ਨਾਨਕ ਕੋਲ ਕੌਮਾਂਤਰੀ ਸਰਹੱਦ ‘ਤੇ ਹੋਈ ਮੀਟਿੰਗ ਅਨੁਸਾਰ ਦੋਵਾਂ ਦੇਸ਼ਾਂ ਦੇ ਲਾਂਘੇ ਲਈ ਬਣਨ ਵਾਲੇ ਗੇਟ ਆਹਮੋ-ਸਾਹਮਣੇ ਹੋਣਗੇ। ਇਹ ਗੇਟ ਕੌਮਾਂਤਰੀ ਸੀਮਾ ‘ਤੇ ਬਣੇ ਦਰਸ਼ਨੀ ਸਥਲ ਨੇੜੇ ਹੀ ਬਣਨਗੇ। ਪਾਕਿਸਤਾਨੀ ਅਧਿਕਾਰੀਆਂ ਵੱਲੋਂ ਲਾਂਘੇ ਵਾਲੇ ਗੇਟ ਐਨ ਆਹਮੋ ਸਾਹਮਣੇ ਬਣਾਉਣ ਬਾਰੇ ਗੱਲ ਆਖੀ, ਦੱਸੀ ਗਈ ਹੈ। ਇੱਕ ਉੱਚ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਭਾਰਤ ਵਾਲੇ ਪਾਸੇ ਤੋਂ ਕੁਝ ਦਿਨਾਂ ਵਿਚ ਲਾਂਘੇ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਹੋ ਰਿਹਾ ਹੈ। ਅਧਿਕਾਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜ਼ਮੀਨ ਮਾਲਕ ਕਿਸਾਨਾਂ ਦਾ ਮੁਆਵਜ਼ਾ ਸਥਾਨਕ ‘ਡੇਰਾ ਬਾਬਾ ਨਾਨਕ’ ਪ੍ਰਸਾਸ਼ਨ ਨੂੰ ਦੇ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮੀਟਿੰਗ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 50 ਏਕੜ ਜ਼ਮੀਨ ‘ਤੇ ਬਣਨ ਵਾਲੀ ਇੰਟੈਗਰੇਟਿਡ ਚੈੱਕ ਪੋਸਟ ਦਾ ਨਿਰਮਾਣ ਕੰਮ ਸ਼ੁਰੂ ਹੋ ਗਿਆ ਹੈ। ਮੀਟਿੰਗ ਤੋਂ ਪਹਿਲਾਂ ਭਾਰਤ ਵਾਲੇ ਪਾਸੇ ਦੋ ਜੇਸੀਬੀ ਮਸ਼ੀਨਾਂ ਨਾਲ ਲੱਖਾ ਸਿੰਘ ਕਾਹਲੋਂ ਨਾਂ ਦੇ ਇੱਕ ਕਿਸਾਨ ਦੇ ਖੇਤ ਨੂੰ ਸਾਫ਼ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਸੀ। ਇਹ ਜ਼ਮੀਨ ਲਾਂਘੇ ਵਾਲੀ ਥਾਂ ਲਈ ਐਕੁਆਇਰ ਕੀਤੀ ਗਈ ਹੈ। ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਕੰਮ ਨੂੰ ਰਫ਼ਤਾਰ ਦੇਣ ਅਤੇ ਦੋਵਾਂ ਦੇਸ਼ਾਂ ਵਿਚ ਲਾਂਘੇ ਨੂੰ ਇਕਸਾਰ ਰੱਖਣ ਲਈ ਮੰਗਲਵਾਰ ਨੂੰ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦੇ ਤਕਨੀਕੀ ਮਾਹਿਰਾਂ ਦੀਆਂ ਟੀਮਾਂ ਦੀ ਅਹਿਮ ਮੀਟਿੰਗ ਹੋਈ। ਡੇਰਾ ਬਾਬਾ ਨਾਨਕ ਕੋਲ ਪੈਂਦੇ ਧੁੱਸੀ ਬੰਨ੍ਹ ਕੋਲ ਸਥਿਤ ਕੰਡਿਆਲੀ ਤਾਰ ਦੇ ਪਾਰ ‘ਜ਼ੀਰੋ ਲਾਈਨ’ ਉਤੇ ਮੀਟਿੰਗ ਹੋਈ ਜੋ ਸਵੇਰੇ ਸਾਢੇ ਗਿਆਰਾਂ ਤੋਂ ਸ਼ਾਮ ਸਾਢੇ ਚਾਰ ਵਜੇ ਤੱਕ ਸੁਖਾਵੇਂ ਮਾਹੌਲ ਵਿਚ ਚੱਲੀ। ਕੇਂਦਰ ਸਰਕਾਰ ਦੇ ਲੈਂਡ ਪੋਰਟ ਅਥਾਰਟੀ ਦੇ ਅਖਿਲ ਸਕਸੈਨਾ, ਨੈਸ਼ਨਲ ਹਾਈਵੇਅ ਅਥਾਰਟੀ ਦੇ ਪ੍ਰਾਜੈਕਟ ਡਾਇਰੈਕਟਰ ਯਸ਼ਪਾਲ ਅਤੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੇ ਐੱਸਈ ਐੱਨ.ਆਰ. ਗੋਇਲ ਅਤੇ ਡਰੇਨ ਵਿਭਾਗ ਦੇ ਐੱਸਈ ਮਨਜੀਤ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਇਸ ਮੀਟਿੰਗ ਵਿਚ ਹਿੱਸਾ ਲਿਆ। ਭਾਰਤ ਵੱਲੋਂ ਲੈਂਡ ਪੋਰਟ ਅਥਾਰਟੀ ਦੇ ਉੱਚ ਅਧਿਕਾਰੀ ਅਖਿਲ ਸਕਸੈਨਾ ਸਮੇਤ ਹੋਰ ਅਧਿਕਾਰੀਆਂ ਨੇ ਅਤੇ ਪਾਕਿਸਤਾਨ ਤੋਂ ਆਏ ਅਧਿਕਾਰੀਆਂ ਨੇ ਮੀਟਿੰਗ ਵਿਚ ਸ਼ਮੂਲੀਅਤ ਕੀਤੀ।
ਕਰਤਾਰਪੁਰ ਸਾਹਿਬ ਨੇੜੇ ਸਰੋਵਰ ਵੀ ਬਣੇਗਾ
ਅੰਮ੍ਰਿਤਸਰ : ਪਾਕਿਸਤਾਨ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੇ ਚੱਲਦਿਆਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਥੋੜ੍ਹੀ ਦੂਰੀ ‘ਤੇ ਬਣਾਏ ਜਾ ਰਹੇ ਸਰੋਵਰ ਦੇ ਨਿਰਮਾਣ ਦੀ ਜ਼ਿੰਮੇਵਾਰੀ ਲਾਹੌਰ ਦੀ ਵੇਵਜ਼ ਐਸੋਸੀਏਟ ਕੰਪਨੀ ਨੂੰ ਸੌਂਪੀ ਗਈ ਹੈ। 1996 ਵਿਚ ਹੋਂਦ ਵਿਚ ਆਈ ਉਕਤ ਕੰਪਨੀ ਲਾਹੌਰ, ਮੁਲਤਾਨ, ਰਾਵਲਪਿੰਡੀ ਤੇ ਹੋਰਨਾਂ ਸ਼ਹਿਰਾਂ ਵਿਚ ਕਈ ਉੱਚ-ਮਿਆਰੀઠਸਵੀਮਿੰਗ ਪੂਲ ਅਤੇ ‘ਵਾਟਰ ਪਿਉਰੀਫਿਕੇਸ਼ਨ ਪਲਾਂਟ’ ਲਗਾ ਚੁੱਕੀ ਹੈ। ਉਕਤ ਕੰਪਨੀ ਦੇ ਪ੍ਰਬੰਧਕਾਂ ਅਨੁਸਾਰ 9868 ਵਰਗ ਫੁੱਟ ਵਿਚ ਉਸਾਰੇ ਜਾਣ ਵਾਲੇ ਸਰੋਵਰ ਦੇ ਅੱਧੇ ਹਿੱਸੇ ‘ਚ ਪੁਰਸ਼ਾਂ ਅਤੇ ਬਾਕੀ ਰਹਿੰਦੇ ਹਿੱਸੇ ਵਿਚ ਮਹਿਲਾਵਾਂ ਦੇ ਇਸ਼ਨਾਨ ਦਾ ਪ੍ਰਬੰਧ ਕੀਤਾ ਜਾਵੇਗਾ। ਸਰੋਵਰ ਵਿਚ ਬਕਾਇਦਾ ਜਲ ਸਾਫ਼ ਰੱਖਣ ਵਾਲਾ ਪਲਾਂਟ ਵੀ ਲਗਾਇਆ ਜਾ ਰਿਹਾ ਹੈ। ਡਿਵੈਲਪਮੈਂਟ ਆਫ਼ ਕਰਤਾਰਪੁਰ ਕੋਰੀਡੋਰ ਪ੍ਰਾਜੈਕਟ ਅਧੀਨ ਕੀਤੀ ਜਾ ਰਹੀ ਉਸਾਰੀ ਦੇ ਚੱਲਦਿਆਂ ਅਗਸਤ ਮਹੀਨੇ ਦੇ ਅੰਤ ਤੱਕ ਸਰੋਵਰ ਦੀ ਉਸਾਰੀ ਮੁਕੰਮਲ ਕਰ ਲਈ ਜਾਵੇਗੀ। ਜਦਕਿ ਦਰਿਆ ਰਾਵੀ ‘ਤੇ ਪੁਲ ਦਾ ਨਿਰਮਾਣ 21 ਅਗਸਤ ਤੱਕ ਮੁਕੰਮਲ ਕੀਤਾ ਜਾਣਾ ਹੈ।
ਦੂਰਬੀਨ ਹਟਾਈ, ਸੰਗਤ ਮਾਯੂਸ
ਬੀ.ਐਸ.ਐਫ. ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਗਾਈ ਦੂਰਬੀਨ ਨੂੰ ਵੀ ਮੀਟਿੰਗ ਵਾਲੇ ਦਿਨ ਸਵੇਰੇ ਹੀ ਹਟਾ ਦਿੱਤਾ ਸੀ। ਜਿਸ ਨਾਲ ਸੰਗਤ ਦਰਸ਼ਨ ਨਹੀਂ ਕਰ ਸਕੀ। ਮੀਟਿੰਗ ਵਿਚ 8 ਗੱਡੀਆਂ ਵਿਚ ਪਾਕਿ ਦੇ 50 ਮੈਂਬਰ, ਜਦਕਿ ਭਾਰਤ ਤੋਂ 40 ਮੈਂਬਰ ਪਹੁੰਚੇ। ਜ਼ੀਰੋ ਲਾਈਨ ‘ਤੇ ਕੇਸਰੀ, ਲਾਲ, ਕਾਲੀ ਅਤੇ ਸਫੇਦ ਰੰਗ ਦੀਆਂ ਝੰਡੀਆਂ ਲਗਾਈਆਂ ਗਈਆਂ ਸਨ।
ਅਗਲੀ ਬੈਠਕ 2 ਅਪਰੈਲ ਨੂੰ
ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਦੀ ਅਗਲੀ ਮੀਟਿੰਗ 2 ਅਪਰੈਲ ਨੂੰ ਹੋ ਰਹੀ ਹੈ, ਜਿਸ ਵਿੱਚ 19 ਮਾਰਚ ਨੂੰ ਹੋਈ ਮੀਟਿੰਗ ਦੌਰਾਨ ਵਿਚਾਰੇ ਮੁੱਦਿਆਂ ਦੀ ਸਮੀਖਿਆ ਕੀਤੀ ਜਾਵੇਗੀ।
ਜਿੱਥੇ ਬਾਬੇ ਨਾਨਕ ਨੇ ਹਲ਼ ਚਲਾਇਆ ਉਨ੍ਹਾਂ ਖੇਤਾਂ ਨਾਲ ਨਹੀਂ ਕਰਾਂਗੇ ਕੋਈ ਛੇੜਛਾੜ : ਪਾਕਿਸਤਾਨ
ਇਸ ਚਿੰਤਾ ਨੂੰ ਲੈ ਕੇ ਨਵਜੋਤ ਸਿੱਧੂ ਨੇ ਇਮਰਾਨ ਖਾਨ ਨੂੰ ਲਿਖਿਆ ਸੀ ਖਤ
ਲਾਹੌਰ : ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਈ ਕੌਰੀਡੋਰ ਉਸਾਰਨ ਸਮੇਂ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਨਾਲ ਕੋਈ ਛੇੜਛਾੜ ਨਹੀਂ ਹੋਵੇਗੀ। ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਚਿੱਠੀ ਮਿਲੀ ਸੀ। ਚਿੱਠੀ ਵਿਚ ਕਿਹਾ ਗਿਆ ਸੀ ਕਿ ਜਿਸ ਜ਼ਮੀਨ ‘ਤੇ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਸਨ, ਉਸ ਨੂੰ ਉਵੇਂ ਹੀ ਰੱਖਿਆ ਜਾਵੇ। ਇਮਰਾਨ ਖ਼ਾਨ ਸਰਕਾਰ ਨੇ ਸਿੱਧੂ ਦੀ ਇਹ ਮੰਗ ਮੰਨਦਿਆਂ ਗੁਰੂ ਨਾਨਕ ਦੇਵ ਜੀ ਦੇ 30 ਏਕੜ ਦੇ ਖੇਤਾਂ ਵਿਚ ਕਿਸੇ ਕਿਸਮ ਦੀ ਉਸਾਰੀ ਨਾ ਕਰਨ ਦਾ ਐਲਾਨ ਕੀਤਾ।

Check Also

ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ

ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …