Breaking News
Home / ਹਫ਼ਤਾਵਾਰੀ ਫੇਰੀ / ‘ਪਰਵਾਸੀ’ ਦਾ ਪ੍ਰਧਾਨ ਮੰਤਰੀ ਟਰੂਡੋ ਨੂੰ ਸਿੱਧਾ ਸਵਾਲ

‘ਪਰਵਾਸੀ’ ਦਾ ਪ੍ਰਧਾਨ ਮੰਤਰੀ ਟਰੂਡੋ ਨੂੰ ਸਿੱਧਾ ਸਵਾਲ

ਹਸਪਤਾਲਾਂ ਦੇ ਬਦਤਰ ਹਾਲਾਤ ਲਈ ਕੌਣ ਹੈ ਜ਼ਿੰਮੇਵਾਰ?
ਮਿੱਸੀਸਾਗਾ/ਪਰਵਾਸੀ ਬਿਊਰੋ
ਲੰਘੇ ਵੀਰਵਾਰ ਨੂੰ ਮਿੱਸੀਸਾਗਾ ਵਿੱਚ ਮਿਊਂਸਪਲ ਕੌਂਸਲ ਲਈ ਫੈਡਰਲ ਫੰਡਿੰਗ ਦਾ ਐਲਾਨ ਕਰਨ ਲਈ ਪਹੁੰਚੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਸ ਸਮੇਂ ਅਦਾਰਾ ‘ਪਰਵਾਸੀ’ ਦੇ ਇਕ ਤਿੱਖੇ ਸਵਾਲ ਦਾ ਸਾਹਮਣਾ ਕਰਨਾ ਪਿਆ ਜਦੋਂ ਪਰਵਾਸੀ ਮੀਡੀਆ ਗਰੁੱਪ ਦੀ ਕੈਨੇਡਾ ਨਿਊਜ਼ ਹੈੱਡ ਹਰਨੇਹਾ ਗੁਲਾਟੀ ਨੇ ਸਵਾਲ ਪੁੱਛਿਆ ਕਿ ਹਸਪਤਾਲਾਂ ਵਿੱਚ ਪੈਦਾ ਹੋ ਰਹੇ ਬੱਦਤਰ ਹਾਲਾਤ ਲਈ ਕੌਣ ਜ਼ਿੰਮੇਵਾਰ ਹੈ?
ਆਪਣੇ ਸਵਾਲ ਵਿੱਚ ਹਰਨੇਹਾ ਨੇ ਪੁੱਛਿਆ, ”ਮੇਰੀ ਮਾਂ ਸੀਨੀਅਰ ਸਿਟੀਜ਼ਨ ਹੈ। ਉਹ ਭਾਰਤ ਵਰਗੇ ਪੱਛੜੇ ਮੁਲਕ ਤੋਂ ਆਈ। ਇੱਥੇ ਆ ਕੇ ਕੰਮ ਕੀਤਾ, ਟੈਕਸ ਭਰੇ। ਪਿੱਛਲੇ ਦਿਨੀਂ ਜਦੋਂ ਉਹ ਬਿਮਾਰ ਹੋਈ ਤਾਂ ਉਸ ਨੂੰ ਬਰੈਂਪਟਨ ਸਿਵਿਕ ਹਸਪਤਾਲ ਵਿੱਚ 6 ਘੰਟੇ ਹਾਲ ਵਿੱਚ ਹੀ ਬਿਨ੍ਹਾਂ ਕਿਸੇ ਇਲਾਜ ਤੋਂ ਗੁਜ਼ਾਰਨੇ ਪਏ। ਕੀ ਉਹ ਇਸ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਲਈ ਕੈਨੇਡਾ ਆਈ ਸੀ? ਕੀ ਇਹ ਮਿਊਂਸਪਲ, ਪ੍ਰੋਵਿੰਸ਼ਲ ਜਾਂ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਹੈ?”
ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਫੈਡਰਲ ਸਰਕਾਰ ਹਮੇਸ਼ਾ ਹੀ ਪ੍ਰੋਵਿੰਸ਼ਲ ਸਰਕਾਰਾਂ ਨੂੰ ਵੱਡੀ ਫੰਡਿੰਗ ਦਿੰਦੀ ਹੈ ਅਤੇ ਇਹ ਪ੍ਰੋਵਿੰਸ਼ਲ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਲੰਮੀ ਬਿਮਾਰੀ ਦੇ ਮਰੀਜ਼ਾਂ ਨੂੰ ਘਰਾਂ ਵਿੱਚ ਹੀ ਇਲਾਜ ਮਿਲੇ ਤਾਂ ਕਿ ਹਸਪਤਾਲਾਂ ਵਿੱਚ ਜ਼ਰੂਰਤਮੰਦ ਰੋਗੀਆਂ ਨੂੰ ਤੁਰੰਤ ਇਲਾਜ ਮਿਲ ਸਕੇ। ਪਰੰਤੂ ਪ੍ਰਧਾਨ ਮੰਤਰੀ ਇਸ ਸਵਾਲ ਦਾ ਕੋਈ ਵੀ ਸਿੱਧਾ ਜਵਾਬ ਨਹੀਂ ਦੇ ਸਕੇ।
ਪ੍ਰਧਾਨ ਮੰਤਰੀ ਦੀ ਇਸ ਫੇਰੀ ਦਾ ਮੰਤਵ ਪੇਸ਼ ਕੀਤੇ ਗਏ ਫੈਡਰਲ ਬਜਟ ਵਿੱਚ ਬਾਰੇ ਜਾਣਕਾਰੀ ਦੇਣਾ ਸੀ। ਵਰਨਣਯੋਗ ਹੈ ਕਿ ਫੈਡਰਲ ਸਰਕਾਰ ਨੇ 2.2 ਬਿਲੀਅਨ ਡਾਲਰ ਮਿਊਂਸਪਲ ਕੌਂਸਲਾਂ ਲਈ ਬਜਟ ਵਿੱਚ ਰੱਖੇ ਹਨ ਤਾਂ ਕਿ ਸ਼ਹਿਰਾਂ ਵਿੱਚ ਲੋੜੀਂਦੀਆਂ ਸਹੂਲਤਾਂ ਅਤੇ ਵੱਖ-ਵੱਖ ਪ੍ਰਾਜੈਕਟਾਂ ਦੇ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਰਕਾਰ ਜੋ ਵੀ ਪੈਸਾ ਗੈਸ ਟੈਕਸ ਰਾਹੀਂ ਇਕੱਠਾ ਕਰਦੀ ਹੈ ਉਹ ਮੋੜਵਾਂ ਇਨ੍ਹਾਂ ਸ਼ਹਿਰਾਂ ਦੀ ਬਿਹਤਰੀ ਵਾਸਤੇ ਖਰਚਿਆ ਜਾਂਦਾ ਹੈ।
ਇਸ ਮੌਕੇ ਤੇ ਮਿੱਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਵੀ ਮੌਜੂਦ ਸਨ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਇਸ ਫੰਡਿੰਗ ਲਈ ਧੰਨਵਾਦ ਵੀ ਕੀਤਾ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਬੁੱਧਵਾਰ ਨੂੰ ਮਿੱਸੀਸਾਗਾ ਕੌਂਸਲ ਨੇ ਇਕ ਇਕ-ਮੁੱਠ ਹੋ ਕੇ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਹੈ ਕਿ ਉਹ ਪੀਲ ਰੀਜਨ ਤੋਂ ਅਲਗ ਹੋ ਜਾਣਗੇ। ਮੇਅਰ ਕਰੌਂਬੀ ਦਾ ਕਹਿਣਾ ਹੈ ਕਿ ਅਸੀਂ ਹੋਰਨਾਂ ਦੋ ਸ਼ਹਿਰਾਂ, ਬਰੈਂਪਟਨ ਅਤੇ ਕੈਲੇਡਨ ਦੀ ਬਿਹਤਰੀ ਲਈ 80 ਮਿਲੀਅਨ ਡਾਲਰ ਦਾ ਯੋਗਦਾਨ ਪਾਉਂਦੇ ਹਾਂ, ਜੋ ਅਸੀਂ ਆਪਣੇ ਸ਼ਹਿਰ ਲਈ ਖਰਚਣਾ ਚਾਹਾਂਗੇ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …