ਅਪ੍ਰੈਲ ਮਹੀਨੇ ਦੌਰਾਨ ਹੀ 14 ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਕੇਜਰੀਵਾਲ ਨੇ ਕਿਹਾ ਸੀ, 1 ਅਪ੍ਰੈਲ ਤੋਂ ਬਾਅਦ ਪੰਜਾਬ ’ਚ ਕਿਸੇ ਨੂੰ ਵੀ ਖੁਦਕੁਸ਼ੀ ਨਹੀਂ ਕਰਨ ਦਿਆਂਗੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ’ਤੇ ਘਿਰਦੀ ਜਾ ਰਹੀ ਹੈ। ਚੱਲ ਰਹੇ ਇਸ ਅਪ੍ਰੈਲ ਮਹੀਨੇ ਦੌਰਾਨ ਹੀ ਹੁਣ ਤੱਕ 14 ਕਰਜ਼ਈ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਦੱਸਣਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ 1 ਅਪ੍ਰੈਲ ਤੋਂ ਬਾਅਦ ਪੰਜਾਬ ਵਿਚ ਕਿਸੇ ਨੂੰ ਵੀ ਖੁਦਕੁਸ਼ੀ ਨਹੀਂ ਕਰਨ ਦਿਆਂਗੇ, ਇਹ ਸਾਡੀ ਜ਼ਿੰਮੇਵਾਰੀ ਹੈ। ਖੁਦਕੁਸ਼ੀਆਂ ਦੇ ਮਾਮਲੇ ਨੂੰ ਲੈ ਕੇ ਹੁਣ ਵਿਰੋਧੀ ਪਾਰਟੀਆਂ ਵੀ ਹਮਲਾਵਰ ਹੋ ਗਈਆਂ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਕੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਕ ਮਹੀਨੇ ਦੌਰਾਨ ਹੀ 14 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਅਤੇ ਇਸ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਚੁੱਪ ਹਨ। ਉਨ੍ਹਾਂ ਕਿਹਾ ਕਿ ਕੋਈ ਮੰਤਰੀ ਜਾਂ ਵਿਧਾਇਕ ਪੀੜਤ ਪਰਿਵਾਰਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਉਧਰ ਦੂਜੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਕਿਹਾ ਕਿ ਪੁਲਿਸ ਕਰਮਚਾਰੀਆਂ ਦੀ ਤਰਜ਼ ’ਤੇ ਮਾਨ ਸਰਕਾਰ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਵੀ ਇਕ-ਇਕ ਕਰੋੜ ਰੁਪਏ ਦਾ ਮੁਆਵਜ਼ਾ ਦੇਵੇ।
Check Also
ਅੰਮਿ੍ਰਤਸਰ ’ਚ ਵਧ ਰਹੇ ਕਰੋਨਾ ਦੇ ਮਾਮਲੇ – ਮੈਡੀਕਲ ਕਾਲਜ ਦੇ ਤਿੰਨ ਜੂਨੀਅਰ ਡਾਕਟਰਾਂ ਨੂੰ ਹੋਇਆ ਕਰੋਨਾ
ਅੰਮਿ੍ਰਤਸਰ/ਬਿਊਰੋ ਨਿਊਜ਼ ਅੰਮਿ੍ਰਤਸਰ ’ਚ ਕਰੋਨਾ ਦੇ ਮਾਮਲੇ ਵਧਣ ਲੱਗੇ ਹਨ ਅਤੇ ਮੈਡੀਕਲ ਕਾਲਜ ਦੇ ਤਿੰਨ ਜੂਨੀਅਰ ਡਾਕਟਰ ਵੀ ਕਰੋਨਾ ਦੀ ਲਪੇਟ ਵਿਚ ਆ ਗਏ ਹਨ। ਸਿਹਤ ਵਿਭਾਗ ਨੇ ਚੌਕਸੀ ਵਰਤਦਿਆਂ ਇਨ੍ਹਾਂ ਡਾਕਟਰਾਂ ਨੂੰ ਹੋਮ ਆਈਸੋਲੇਟ ਕਰ ਦਿੱਤਾ ਹੈ। ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਭਾਵੇਂ ਕੋਵਿਡ ਦੇ ਨਵੇਂ ਵੈਰੀਐਂਟ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ, ਪਰ ਫਿਰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਆਖਿਆ ਕਿ ਇਹ ਤਿੰਨੋਂ ਕੇਸ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰ ਹਨ, ਜੋ ਕਿ ਇਸ ਸਮੇਂ ਹੋਮ ਆਈਸੋਲੇਟ ਹਨ ਅਤੇ ਬਿਲਕੁਲ ਸਿਹਤਮੰਦ ਹਨ। ਧਿਆਨ ਰਹੇ ਕਿ ਅੰਮਿ੍ਰਤਸਰ ਵਿਚ ਹੁਣ ਤੱਕ ਕਰੋਨਾ ਦੇ 6 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸੇ ਦੌਰਾਨ ਸਿਹਤ ਵਿਭਾਗ ਨੇ ਲੋਕਾਂ ਨੂੰ ਗਾਈਡ ਲਾਈਨਜ਼ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਹੈ।