Breaking News
Home / ਪੰਜਾਬ / ਕਿਸਾਨਾਂ ’ਤੇ ਮਹਿੰਗਾਈ ਦੀ ਮਾਰ

ਕਿਸਾਨਾਂ ’ਤੇ ਮਹਿੰਗਾਈ ਦੀ ਮਾਰ

ਡੀਏਪੀ ਖਾਦ 150 ਰੁਪਏ ਕੀਤੀ ਮਹਿੰਗੀ
ਕਿਸਾਨ ਆਗੂ ਫਿਰ ਹੋਏ ਸਰਗਰਮ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਿਸਾਨਾਂ ’ਤੇ ਮਹਿੰਗਾਈ ਦੀ ਮਾਰ ਫਿਰ ਪੈ ਗਈ ਹੈ ਅਤੇ ਕੇਂਦਰ ਸਰਕਾਰ ਨੇ ਡੀਏਪੀ ਖਾਦ ਦੇ ਰੇਟ ਵਧਾ ਦਿੱਤੇ ਹਨ। ਅਗਲੇ ਸੀਜ਼ਨ ਵਿਚ ਕਿਸਾਨਾਂ ਨੂੰ ਡੀਏਪੀ ਖਾਦ 150 ਰੁਪਏ ਮਹਿੰਗੀ ਮਿਲੇਗੀ। ਪੰਜਾਬ ਵਿਚ ਪਹਿਲਾਂ 1200 ਰੁਪਏ ਪ੍ਰਤੀ ਬੋਰੀ ਖਾਦ ਮਿਲਦੀ ਸੀ, ਹੁਣ ਇਸਦੀ ਕੀਮਤ 1350 ਰੁਪਏ ਹੋ ਗਈ ਹੈ। ਕਿਸਾਨਾਂ ਵਲੋਂ ਇਸਦਾ ਸਖਤ ਵਿਰੋਧ ਵੀ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਫਸਲ ਦੀ ਓਨੀ ਕੀਮਤ ਨਹੀਂ ਵਧਦੀ, ਜਿੰਨੀ ਖਾਦਾਂ ਦੀ ਵਧ ਜਾਂਦੀ ਹੈ। ਕਿਸਾਨਾਂ ਨੇ ਖਾਦ ਦੀ ਕੀਮਤ ਵਿਚ ਹੋਏ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਕੇਂਦਰ ਸਰਕਾਰ ਵਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਇੰਟਰਨੈਸ਼ਨਲ ਮਾਰਕੀਟ ਵਿਚ ਕੀਮਤ ਵਧਣ ਦੀ ਵਜ੍ਹਾ ਨਾਲ ਇਹ ਕਦਮ ਚੁੱਕਿਆ ਗਿਆ ਹੈ। ਦੱਸਣਯੋਗ ਹੈ ਕਿ ਪਿਛਲੀ ਵਾਰ ਵੀ ਜਦੋਂ ਖਾਦ ਦੀ ਕੀਮਤ ਵਧੀ ਸੀ ਤਾਂ ਕਿਸਾਨਾਂ ਨੇ ਇਸਦਾ ਡਟਵਾਂ ਵਿਰੋਧ ਕੀਤਾ ਸੀ ਤਾਂ ਕਿਸਾਨਾਂ ਨੂੰ ਸਬਸਿਡੀ ਦੇ ਦਿੱਤੀ ਗਈ ਸੀ। ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸਰਕਾਰ ਫਸਲ ਦੀ ਕੀਮਤ ਤਾਂ ਦੋ-ਢਾਈ ਫੀਸਦੀ ਮੁਸ਼ਕਲ ਨਾਲ ਵਧਾਉਂਦੀ ਹੈ, ਪਰ ਖਾਦ ਅਤੇ ਬੀਜ਼ਾਂ ਦੀ ਕੀਮਤ 20 ਤੋਂ 25 ਫੀਸਦੀ ਤੱਕ ਵਧਾ ਦਿੱਤੀ ਹੈ। ਲੱਖੋਵਾਲ ਹੋਰਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ਾਈ ਹਨ ਅਤੇ ਏਨੀ ਮਹਿੰਗੀ ਖਾਦ ਕਿਥੋਂ ਖਰੀਦਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਤਾਂ ਪਹਿਲਾਂ ਹੀ ਡੀਜ਼ਲ ਵੀ ਮਹਿੰਗਾ ਖਰੀਦਣਾ ਪੈ ਰਿਹਾ ਹੈ ਅਤੇ ਸਰਕਾਰ ਨੂੰ ਖਾਦ ਦੀ ਕੀਮਤ ਵਿਚ ਕੀਤਾ ਵਾਧਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਲੱਖੋਵਾਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਹ ਵਾਧਾ ਵਾਪਸ ਨਾ ਲਿਆ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਬਾਜਵਾ ਨੂੰ ਬੰਬ ਵਾਲੇ ਬਿਆਨ ’ਤੇ ਘੇਰਿਆ

ਬਾਜਵਾ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਦਿੱਤੀ ਚੇਤਾਵਨੀ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ …