Breaking News
Home / ਪੰਜਾਬ / ਕਿਸਾਨਾਂ ਨੇ ‘ਨਿੱਜੀਕਰਨ ਤੇ ਕਾਰਪੋਰੇਟ ਵਿਰੋਧੀ ਦਿਵਸ’ ਮਨਾਇਆ

ਕਿਸਾਨਾਂ ਨੇ ‘ਨਿੱਜੀਕਰਨ ਤੇ ਕਾਰਪੋਰੇਟ ਵਿਰੋਧੀ ਦਿਵਸ’ ਮਨਾਇਆ

ਤਿੰਨੋਂ ਖੇਤੀ ਕਾਨੂੰਨ ਸੰਯੁਕਤ ਰਾਸ਼ਟਰ ਦੇ ਐਲਾਨਨਾਮੇ ਖਿਲਾਫ : ਡਾ. ਦਰਸ਼ਨ ਪਾਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਕੌਮੀ ਰਾਜਧਾਨੀ ਨਵੀਂ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦੇਸ਼ ਦੀਆਂ ਮੁੱਖ ਟਰੇਡ ਯੂਨੀਅਨਾਂ ਦੇ ਮੋਢੇ ਨਾਲ ਮੋਢਾ ਜੋੜਦਿਆਂ ‘ਨਿੱਜੀਕਰਨ ਤੇ ਕਾਰਪੋਰੇਟ ਵਿਰੋਧੀ ਦਿਵਸ’ ਮਨਾਇਆ। ਕਿਸਾਨਾਂ ਨੇ ਭਾਰਤੀ ਸੰਵਿਧਾਨ ਦੀਆਂ ਧਾਰਨਾਵਾਂ ਨੂੰ ਮਿੱਧ ਕੇ ਭਵਿੱਖ ਨਾਲ ਜੁੜੀਆਂ ਨੀਤੀਆਂ, ਜਨਤਕ ਅਦਾਰੇ ਤੇ ਆਮ ਲੋਕਾਂ ਦੀਆਂ ਸਹੂਲਤਾਂ ਕਾਰਪੋਰੇਟ ਘਰਾਣਿਆਂ ਦੇ ਫਾਇਦੇ ਲਈ ਅਮੀਰਾਂ ਹਵਾਲੇ ਕਰਨ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਮੋਰਚੇ ਵੱਲੋਂ ਦਿੱਤੇ ਸੱਦੇ ਮੁਤਾਬਕ ਦੇਸ਼ ਭਰ ਵਿੱਚ ਹੈੱਡਕੁਆਰਟਰਾਂ ਤੇ ਤਹਿਸੀਲ ਪੱਧਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਮੰਗ ਪੱਤਰ ਦੇ ਕੇ ‘ਨਿੱਜੀਕਰਨ ਤੇ ਕਾਰਪੋਰੇਟੀਕਰਨ’ ਦੀ ਸਖਤ ਨਿੰਦਾ ਕੀਤੀ ਗਈ। ਸੰਯੁਕਤ ਕਿਸਾਨ ਮੋਰਚੇ ਨੇ ਗੁਰੂਗ੍ਰਾਮ ਰੇਲਵੇ ਸਟੇਸ਼ਨ ਦੇ ਬਾਹਰ ਨਵੇਂ ਖੇਤੀ ਕਾਨੂੰਨਾਂ, ਕਿਰਤ ਕਾਨੂੰਨਾਂ, ਨਿੱਜੀਕਰਨ ਤੇ ਅਸਮਾਨੀ ਪੁੱਜੀਆਂ ਤੇਲ ਤੇ ਰਸੋਈ ਗੈਸ ਕੀਮਤਾਂ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਕੀਤਾ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਦੇਸ਼ ਭਰ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਇਕਜੁੱਟਤਾ ਪ੍ਰਗਟਾਉਂਦਿਆਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼ ਜ਼ਿਲ੍ਹਾ ਪੱਧਰੀ ਰੋਸ-ਮੁਜ਼ਾਹਰੇ ਕਰਦਿਆਂ ਡਿਪਟੀ-ਕਮਿਸ਼ਨਰਾਂ/ ਐੱਸਡੀਐੱਮ ਅਤੇ ਤਹਿਸੀਲਦਾਰਾਂ ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਮੰਗ-ਪੱਤਰ ਭੇਜੇ ਗਏ। ਰੇਲਵੇ-ਸਟੇਸ਼ਨਾਂ ‘ਤੇ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਹਮਾਇਤ ਕੀਤੀ ਗਈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ 46ਵੇਂ ਸੈਸ਼ਨ ਦੇ ਹਵਾਲੇ ਨਾਲ ਡਾ. ਦਰਸ਼ਨ ਪਾਲ ਨੇ ਕਿਹਾ ਕਿ ਤਿੰਨ ਕੇਂਦਰੀ ਕਾਨੂੰਨ ਜਿਨ੍ਹਾਂ ਦਾ ਕਿਸਾਨ ਵਿਰੋਧ ਕਰ ਰਹੇ ਹਨ, ਉਹ ਕਾਨੂੰਨ ‘ਕਿਸਾਨਾਂ ਤੇ ਪੇਂਡੂ ਖੇਤਰ ਵਿੱਚ ਕੰਮ ਕਰਦੇ ਹੋਰ ਕਿਰਤੀਆਂ ਦੇ ਅਧਿਕਾਰਾਂ ਤੇ ਸੰਯੁਕਤ ਰਾਸ਼ਟਰ ਦੇ ਐਲਾਨਨਾਮੇ’ ਖਿਲਾਫ਼ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਇਸ ਕੌਮਾਂਤਰੀ ਐਲਾਨਨਾਮੇ ‘ਤੇ ਦਸਤਖ਼ਤ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਮੇਵਾਤ ਦੀ ਸੁਨੇਹੜਾ-ਜੁੜੇਹਰਾ ਬਾਰਡਰ ‘ਤੇ ਸ਼ਹੀਦ ਹਸਨ ਖਾਨ ਮੇਵਾਤੀ ਦੇ ਸ਼ਹੀਦੀ ਦਿਹਾੜੇ ‘ਤੇ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ। ਮੇਵਾਤ ਦੇ ਲੋਕ ਸ਼ੁਰੂ ਤੋਂ ਹੀ ਇਸ ਅੰਦੋਲਨ ਵਿਚ ਸਮਰਥਨ ਕਰਦੇ ਰਹੇ ਹਨ। ਮੇਵਾਤ ਦਾ ਰਾਜਾ ਹਸਨ ਖ਼ਾਨ 15 ਮਾਰਚ 1527 ਨੂੰ ਮੇਵਾਤੀ ਬਾਬਰ ਦੀ ਫੌਜ ਨਾਲ ਲੜਦਿਆਂ ਸ਼ਹੀਦ ਹੋ ਗਿਆ ਸੀ। ਇਸ ਲੜਾਈ ਵਿੱਚ ਰਾਜਾ ਦੇ ਨਾਲ ਮੇਵਾਤ ਦੇ ਹਜ਼ਾਰਾਂ ਲੋਕ ਵੀ ਸ਼ਹੀਦ ਹੋਏ ਸਨ। ਇਹ ਵਿਰਾਸਤ ਇਸ ਇਲਾਕੇ ਦਾ ਇਤਿਹਾਸ ਦੁਹਰਾਉਂਦੀ ਹੈ। ਮਹਾਪੰਚਾਇਤ ਦੌਰਾਨ ਮੇਵਾਤੀ ਔਰਤਾਂ ਵੱਡੀ ਗਿਣਤੀ ‘ਚ ਸ਼ਾਮਲ ਹੋਈਆਂ। ਉਤਰਾਖੰਡ ਤੋਂ ਕਿਸਾਨ ਮਜ਼ਦੂਰ ਜਾਗ੍ਰਿਤੀ ਯਾਤਰਾ ਪਲੀਆ ਹੁੰਦੇ ਹੋਏ ਸੰਘਾਈ ਪਹੁੰਚੀ। ਯਾਤਰਾ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਕਰਨਾਟਕ ਦੇ ਕਿਸਾਨ ਬਾਸਵਕਾਲੀਅਨ ਤੋਂ ਬੇਲਾਰੀ ਤੱਕ ਪੈਦਲ ਮਾਰਚ ਕਰ ਰਹੇ ਹਨ। ਨੁੱਕੜ ਮੀਟਿੰਗਾਂ ਅਤੇ ਪਿੰਡ ਦੀਆਂ ਕਮੇਟੀਆਂ ਰਾਹੀਂ ਅੰਦੋਲਨ ਸਾਰੇ ਰਾਜ ਵਿਚ ਫੈਲ ਰਿਹਾ ਹੈ। ਗੁਰੂਗ੍ਰਾਮ ਰੇਲਵੇ ਸਟੇਸ਼ਨ ਦੇ ਬਾਹਰ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਸਰਕਾਰੀ ਮਾਲਕੀ ਵਾਲੇ ਅਦਾਰਿਆਂ ਨੂੰ ਵੇਚਣ ‘ਚ ਰੁੱਝੀ ਹੋਈ ਹੈ ਜਦੋਂਕਿ ਸਰਮਾਏਦਾਰ/ਪੂੰਜੀਪਤੀ ਦੇਸ਼ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਤੱਕ 44 ਕਿਰਤ ਕਾਨੂੰਨਾਂ ਦਾ ਭੋਗ ਪਾ ਚੁੱਕੀ ਹੈ ਜਦੋਂਕਿ ਚਾਰ ਲੇਬਰ ਕੋਡ ਲਾਗੂ ਕੀਤੇ ਹਨ, ਜੋ ਮੁਲਾਜ਼ਮ/ਵਰਕਰ ਜਮਾਤ ਦਾ ਸ਼ੋਸ਼ਣ ਕਰਨਗੇ। ਇਹ ਸਾਰੇ ਕਾਨੂੰਨ ਪੂੰਜੀਪਤੀਆਂ ਨੂੰ ਲਾਹੇ ਦੇਣ ਲਈ ਹੀ ਅਮਲ ਵਿੱਚ ਲਿਆਂਦੇ ਗਏ ਹਨ। ਪਿਛਲੇ ਦੋ ਮਹੀਨਿਆਂ ‘ਚ ਤੇਲ ਕੀਮਤਾਂ ਹੀ ਨਹੀਂ ਬਲਕਿ ਰਸੋਈ ਗੈਸ ਦੇ ਭਾਅ ਵੀ ਆਪਣੇ ਸਿਖਰਲੇ ਪੱਧਰ ‘ਤੇ ਹਨ।’
26 ਮਾਰਚ ਦੇ ‘ਭਾਰਤ ਬੰਦ’ ਸਬੰਧੀ ਮੀਟਿੰਗ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਮਾਜਿਕ ਜਥੇਬੰਦੀਆਂ, ਟਰਾਂਸਪੋਰਟਰਾਂ ਤੇ ਟਰੇਡ ਯੂਨੀਅਨਾਂ ਦੇ ਆਗੂਆਂ ਨਾਲ ਸਾਂਝੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਮੋਰਚੇ ਵੱਲੋਂ ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ, ਕਵਿਤਾ ਕੁਰੂਗੰਟੀ, ਗੁਰਮੀਤ ਸਿੰਘ ਭੱਟੀਵਾਲ ਅਤੇ ਗੁਰਪਿੰਦਰ ਲਾਡੀ ਸ਼ਾਮਲ ਹੋਏ। ਮੀਟਿੰਗ ਦੌਰਾਨ 26 ਮਾਰਚ ਦੇ ‘ਭਾਰਤ-ਬੰਦ’ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਕੇਂਦਰ ਸਰਕਾਰ ਨੂੰ ‘ਨਿੱਜੀਕਰਨ ਤੇ ਕਾਰਪੋਰੇਟੀਕਰਨ’ ਦੀਆਂ ਨੀਤੀਆਂ ਤੋਂ ਪਿੱਛੇ ਹਟਣ ਲਈ ਮਜਬੂਰ ਕਰ ਦੇਵੇਗਾ।
ਕਿਸਾਨ ਅੰਦੋਲਨ ਮੋਦੀ ਸਰਕਾਰ ਨੂੰ ਪਿੱਛੇ ਹਟਣ ਲਈ ਕਰ ਦੇਵੇਗਾ ਮਜਬੂਰ
32 ਕਿਸਾਨ ਜਥੇਬੰਦੀਆਂ ਨੇ ਨਿੱਜੀਕਰਨ ਤੇ ਮਹਿੰਗਾਈ ਵਿਰੋਧੀ ਦਿਵਸ ਮਨਾਇਆ
ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਨਿੱਜੀਕਰਨ ਅਤੇ ਮਹਿੰਗਾਈ ਵਿਰੋਧੀ ਦਿਵਸ ਮਨਾਇਆ। ਸੂਬੇ ਭਰ ਵਿੱਚ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀਆਂ ਅਤੇ ਮੁਲਾਜ਼ਮਾਂ ਜਥੇਬੰਦੀਆਂ ਨੇ ਇੱਕਜੁਟਤਾ ਪ੍ਰਗਟਾਉਂਦਿਆ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਲਗਾਤਾਰ ਵਧੀਆਂ ਕੀਮਤਾਂ ਅਤੇ ਜਨਤਕ-ਖੇਤਰ ਦੇ ਅਦਾਰਿਆਂ ਦੇ ਨਿੱਜੀਕਰਨ ਖ਼ਿਲਾਫ਼ ਮੰਗਲਵਾਰ ਨੂੰ ਰੋਸ ਪ੍ਰਦਰਸ਼ਨ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਜ਼ਿਲ੍ਹਾ/ਤਹਿਸੀਲ ਪੱਧਰ ‘ਤੇ ਮੁਜ਼ਾਹਰੇ ਕਰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਮੰਗ ਪੱਤਰ ਭੇਜੇ, ਜਿਸ ਵਿੱਚ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਘੱਟ ਕਰਨ ਅਤੇ ਜਨਤਕ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨ ਦੀ ਮੰਗ ਕੀਤੀ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨਾਲ ਕਿਸਾਨੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਮਜ਼ਦੂਰਾਂ ਨੂੰ ਨਵੇਂ ਲੇਬਰ ਕਾਨੂੰਨਾਂ ਰਾਹੀ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਤਿੰਨੇ ਖੇਤੀ ਕਾਨੂੰਨ, ਲੇਬਰ ਕੋਡ ਰੱਦ ਕੀਤੇ, ਫ਼ਸਲਾਂ ਦੀ ਐੱਮਐੱਸਪੀ ‘ਤੇ ਖਰੀਦ ਦੀ ਗਾਰੰਟੀ ਦਿੱਤੀ ਜਾਵੇ। ਜਨਤਕ ਖੇਤਰ ਦੇ ਅਦਾਰਿਆਂ ਦੇ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ ਅਤੇ ਵੇਚੇ ਜਾ ਚੁੱਕੇ ਅਦਾਰਿਆਂ ਦੇ ਸਰਕਾਰੀਕਰਨ ਦੇ ਕਦਮ ਲਏ ਜਾਣ। ਪੰਜਾਬ ਭਰ ਵਿੱਚ 125 ਤੋਂ ਵੱਧ ਥਾਵਾਂ ‘ਤੇ ਰੇਲਵੇ ਪਾਰਕਾਂ, ਪੈਟਰੋਲ ਪੰਪਾਂ, ਕਾਰਪੋਰੇਟ ਅਦਾਰਿਆਂ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਚਲਦੇ ਪੱਕੇ ਧਰਨਿਆਂ ‘ਚ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੇ ਦੇਸ਼ ਦੇ ਜਨਤਕ-ਖੇਤਰ ਦੇ ਅਦਾਰਿਆਂ ਦਾ ਉਜਾੜਾ ਕਰ ਦਿੱਤਾ ਹੈ। ਜ਼ਰੂਰੀ ਵਸਤਾਂ ਦੀਆਂ ਅਸਮਾਨ ਨੂੰ ਛੋਹ ਰਹੀਆਂ ਕੀਮਤਾਂ ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਵਿਕਾਸ ਦੇ ਨਾਮ ਹੇਠ ਲਿਆਂਦੇ ਖੇਤੀ ਕਾਨੂੰਨਾਂ ਅਤੇ ਪਰਾਲੀ ਸਬੰਧੀ ਆਰਡੀਨੈਂਸ ਵੀ ਖੇਤੀਬਾੜੀ ਸੈਕਟਰ ਨੂੰ ਬਰਬਾਦ ਕਰਨ ਵਾਲੇ ਹਨ ਅਤੇ ਬਿਜਲੀ ਸੋਧ ਬਿੱਲ-2020 ਰਾਹੀ ਨਿੱਜੀ ਕੰਪਨੀਆਂ ਲਈ ਹੋਰ ਰਾਹ ਪੱਧਰਾ ਕੀਤਾ ਜਾਣ ਦੀਆਂ ਨੀਤੀਆਂ ਹਨ। ਪਰ ਦੇਸ਼ ਭਰ ਦੇ ਲੋਕਾਂ ਵੱਲੋਂ ਇੱਕਜੁੱਟਤਾ ਨਾਲ ਲੜਿਆ ਜਾ ਰਿਹਾ ਕਿਸਾਨ ਅੰਦੋਲਨ ਕੇਂਦਰ ਸਰਕਾਰ ਨੂੰ ਇਨ੍ਹਾਂ ਨੀਤੀਆਂ ਤੋਂ ਪਿੱਛੇ ਹਟਣ ਲਈ ਮਜਬੂਰ ਕਰ ਦੇਵੇਗਾ।

ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਉਣ ਲਈ ਪੰਜਾਬ ‘ਚ ਹੋਣ ਲੱਗੀਆਂ ਤਿਆਰੀਆਂ
23 ਮਾਰਚ ਨੂੰ ਟਿੱਕਰੀ ਬਾਰਡਰ ‘ਤੇ ਹੋਣਗੇ ਭਗਤ ਸਿੰਘ ਸਬੰਧੀ ਸਮਾਗਮ
ਚੰਡੀਗੜ੍ਹ : ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਕਿਸਾਨ ਜਥੇਬੰਦੀਆਂ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਉਣ ਅਤੇ 26 ਮਾਰਚ ਨੂੰ ਭਾਰਤ ਬੰਦ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਸਮਾਗਮਾਂ ਦੀ ਤਿਆਰੀ ਲਈ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੰਜਾਬ ਵਿਚ ਕਈ ਥਾਈਂ ਪ੍ਰਦਰਸ਼ਨ ਕੀਤੇ ਗਏ।ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਕਿਸਾਨੀ ਸੰਘਰਸ਼ ਵਿੱਚ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 23 ਮਾਰਚ ਨੂੰ ਟਿੱਕਰੀ ਬਾਰਡਰ ‘ਤੇ ਹੋਣ ਵਾਲੇ ਭਗਤ ਸਿੰਘ ਸਬੰਧੀ ਸਮਾਗਮਾਂ ਵਿੱਚ ਵੱਡੀ ਗਿਣਤੀ ਵਿਚ ਨੌਜਵਾਨ ਹਿੱਸਾ ਲੈਣਗੇ।

Check Also

ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ

ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …