ਕਿਹਾ ਕੈਪਟਨ-ਸਿੱਧੂ ਦਰਮਿਆਨ ਪੈਦਾ ਹੋਇਆ ਵਿਵਾਦ ਪੰਜਾਬ ਕਾਂਗਰਸ ਲਈ ਪਲੱਸ ਪੁਆਇੰਟ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਰਮਿਆਨ ਚੱਲ ਰਹੇ ਕਲੇਸ਼ ਤੋਂ ਹਰ ਵਿਅਕਤੀ ਜਾਣੂ ਹੈ। ਪ੍ਰੰਤੂ ਇਸ ਕਲੇਸ਼ ਦੇ ਚਲਦਿਆਂ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦਾ ਇਕ ਅਨੋਖਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿਚ ਰਾਵਤ ਨੇ ਕਿਹਾ ਹੈ ਕਿ ਕੈਪਟਨ-ਸਿੱਧੂ ਵਿਵਾਦ ਦਾ ਪੰਜਾਬ ਕਾਂਗਰਸ ਨੂੰ ਫਾਇਦਾ ਮਿਲੇਗਾ। ਪੰਜਾਬ ਕਾਂਗਰਸ ਦੇ ਕਲੇਸ਼ ਬਾਰੇ ਪੁੱਛੇ ਜਾਣ ’ਤੇ ਰਾਵਤ ਨੇ ਕਿਹਾ ਕਿ ਜੇਕਰ ਕੈਪਟਨ-ਸਿੱਧੂ ਵਿਚਾਲੇ ਵਿਵਾਦ ਹੈ ਤਾਂ ਇਹ ਪੰਜਾਬ ਲਈ ਪਲੱਸ ਪੁਆਇੰਟ ਹੈ। ਕਿਉਂਕਿ ਵਿਰੋਧੀ ਪਾਰਟੀਆਂ ਤਾਂ ਪਹਿਲਾਂ ਕੈਪਟਨ-ਸਿੱਧੂ ਦੀ ਲੜਾਈ ਨੂੰ ਚੋਣਾਵੀ ਸਟੰਟ ਦੱਸ ਰਹੀਆਂ ਹਨ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਭ ਚੋਣ ਨੀਤੀਘਾੜ ਪ੍ਰਸ਼ਾਂਤ ਕਿਸ਼ੋਰ ਵੱਲੋਂ ਤਿਆਰ ਕੀਤਾ ਗਿਆ ਇਕ ਚੋਣਾਵੀ ਟਰਿੱਕ ਹੈ। ਰਾਵਤ ਨੇ ਅੱਗੇ ਕਿਹਾ ਕਿ ਪੰਜਾਬ ਕਾਂਗਰਸ ਅੰਦਰ ਕੋਈ ਕਲੇਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਂਗਰਸੀ ਆਗੂ ਆਪਣੀ ਹਰ ਗੱਲ ਨੂੰ ਪੂਰੇ ਜ਼ੋਰ-ਸ਼ੋਰ ਨਾਲ ਉਠਾਉਂਦੇ ਹਨ ਅਤੇ ਵਿਰੋਧੀਆਂ ਲਗਦਾ ਹੈ ਪੰਜਾਬ ਕਾਂਗਰਸ ਅੰਦਰ ਸਭ ਠੀਕ ਨਹੀਂ ਹੈ।