ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਸਖਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਣੇ 5 ਸੂਬਿਆਂ ਦੇ ਜ਼ਿਲ੍ਰਾ ਮੈਜਿਸਟਰੇਟ, ਐਸ.ਐਸ.ਪੀ. ਅਤੇ ਐਸ.ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਪੰਜਾਬ ਦੇ ਪੰਜ ਜ਼ਿਲਿ੍ਰਆਂ ਪਠਾਨਕੋਟ, ਫਾਜ਼ਿਲਕਾ, ਜਲੰਧਰ, ਮਾਲੇਕੋਰਟਲਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਐਸ.ਐਸ.ਪੀ. ਵੀ ਇਸ ਤਬਾਦਲਾ ਸੂਚੀ ਵਿਚ ਸ਼ਾਮਲ ਹਨ। ਧਿਆਨ ਰਹੇ ਕਿ ਦੋ ਦਿਨ ਪਹਿਲਾਂ ਹੀ ਇਲੈਕਸ਼ਨ ਕਮਿਸ਼ਨ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਦੋ ਪੁਲਿਸ ਅਧਿਕਾਰੀਆਂ ਨੂੰ ਬਦਲਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਇਸ ਵਿਚ ਰੋਪੜ ਰੇਂਜ ਦੇ ਏ.ਡੀ.ਜੀ.ਪੀ. ਜਸਕਰਨ ਸਿੰਘ ਅਤੇ ਬਾਰਡਰ ਰੇਂਜ ਦੇ ਡੀ.ਆਈ.ਜੀ. ਨਰਿੰਦਰ ਭਾਰਗਵ ਵੀ ਸ਼ਾਮਲ ਸਨ। ਇਨ੍ਹਾਂ ਦੀ ਜਗ੍ਹਾ ਨਵੇਂ ਅਧਿਕਾਰੀ ਨਿਯੁਕਤ ਕਰਨ ਲਈ ਤਿੰਨ-ਤਿੰਨ ਅਧਿਕਾਰੀਆਂ ਦਾ ਪੈਨਲ ਮੰਗਿਆ ਗਿਆ ਹੈ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਵਲੋਂ ਪੰਜਾਬ ਤੋਂ ਇਲਾਵਾ ਉੜੀਸਾ, ਗੁਜਰਾਤ, ਪੱਛਮੀ ਬੰਗਾਲ ਅਤੇ ਅਸਾਮ ਵਿਚ ਵੀ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।