Breaking News
Home / ਪੰਜਾਬ / ਸਿੱਧੂ ਨੇ ਚੰਡੀਗੜ੍ਹ ਵਿਚਲਾ ਸਰਕਾਰੀ ਬੰਗਲਾ ਕੀਤਾ ਖਾਲੀ

ਸਿੱਧੂ ਨੇ ਚੰਡੀਗੜ੍ਹ ਵਿਚਲਾ ਸਰਕਾਰੀ ਬੰਗਲਾ ਕੀਤਾ ਖਾਲੀ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਵੱਲੋਂ ਉਨ੍ਹਾਂ ਦਾ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਪ੍ਰਵਾਨ ਕਰਨ ਦੇ 24 ਘੰਟਿਆਂ ਦੌਰਾਨ ਹੀ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਹੈ। ਸਿੱਧੂ ਚੁੱਪ-ਚੁਪੀਤੇ ਆਪਣੇ ਸੈਕਟਰ-2 ਸਥਿਤ ਸਰਕਾਰੀ ਨਿਵਾਸ ‘ਤੇ ਆਏ ਅਤੇ ਇਸ ਨੂੰ ਖਾਲੀ ਕਰਨ ਲਈ ਲੋੜੀਂਦੀਆਂ ਦਫਤਰੀ ਰਸਮਾਂ ਪੂਰੀਆਂ ਕੀਤੀਆਂ। ਇਸ ਮਗਰੋਂ ਉਹ ਆਪਣੇ ਅੰਮ੍ਰਿਤਸਰ ਵਾਲੇ ਘਰ ਚਲੇ ਗਏ। ਸੂਤਰਾਂ ਅਨੁਸਾਰ ਸਿੱਧੂ ਨੂੰ ਸਰਕਾਰੀ ਰਿਹਾਇਸ਼ ਖਾਲੀ ਕਰਨ ਲਈ ਰਸਮੀ ਤੌਰ ‘ਤੇ ਖੁਦ ਆਉਣਾ ਪੈਣਾ ਸੀ ਅਤੇ ਇਸੇ ਕਾਰਨ ਹੀ ਉਹ ਇੱਥੇ ਪੁੱਜੇ ਸਨ। ਦਰਅਸਲ ਸਿੱਧੂ ਨੇ ਇਸ ਸਰਕਾਰੀ ਰਿਹਾਇਸ਼ ਵਿੱਚੋਂ ਪਿਛਲੇ ਦਿਨੀਂ ਹੀ ਆਪਣਾ ਸਾਮਾਨ ਟਰੱਕਾਂ ਰਾਹੀਂ ਚੁੱਕ ਲਿਆ ਸੀ। ਸਿੱਧੂ ਨੇ ਆਮ ਵਾਂਗ ਫਿਰ ਟਵੀਟ ਕਰਕੇ ਸੂਚਿਤ ਕਰ ਦਿੱਤਾ ਹੈ ਕਿ ਉਸ ਨੇ ਸਰਕਾਰੀ ਬੰਗਲਾ ਖਾਲੀ ਕਰਕੇ ਪੰਜਾਬ ਸਰਕਾਰ ਹਵਾਲੇ ਕਰ ਦਿੱਤਾ ਹੈ। ਇਸ ਮੌਕੇ ਮੀਡੀਆ ਨੇ ਸਿੱਧੂ ਨਾਲ ਗੱਲਬਾਤ ਕਰਨ ਦਾ ਬੜਾ ਯਤਨ ਕੀਤਾ ਪਰ ਉਨ੍ਹਾਂ ਕਈ ਦਿਨਾਂ ਦਾ ਧਾਰਿਆ ਮੌਨ ਨਹੀਂ ਤੋੜਿਆ ਅਤੇ ਉਹ ਮੀਡੀਆ ਤੋਂ ਬਚਦੇ ਰਹੇ। ਉਹ ਸਰਕਾਰੀ ਬੰਗਲਾ ਸਰਕਾਰ ਹਵਾਲੇ ਕਰਨ ਦੀ ਕਾਰਵਾਈ ਪੂਰੀ ਕਰਕੇ ਬਿਨਾ ਕਿਸੇ ਨੂੰ ਮਿਲੇ ਬੰਦ ਗੱਡੀ ਰਾਹੀਂ ਵਾਪਸ ਚਲੇ ਗਏ।
ਉਹ ਆਪਣਾ ਸਾਮਾਨ ਕਿੱਥੇ ਲੈ ਕੇ ਗਏ ਹਨ, ਇਸ ਬਾਰੇ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਦੱਸਣਯੋਗ ਹੈ ਕਿ ਸਿੱਧੂ ਨੇ ਆਪਣਾ ਇਕ ਘਰ ਅੰਮ੍ਰਿਤਸਰ ਵਿਚ ਬਣਾਇਆ ਹੈ ਤੇ ਉਨ੍ਹਾਂ ਦਾ ਜੱਦੀ ਘਰ ਪਟਿਆਲਾ ਵਿਚ ਵੀ ਹੈ। ਸਿੱਧੂ ਵੱਲੋਂ ਅਸਤੀਫਾ ਪ੍ਰਵਾਨ ਹੋਣ ਤੋਂ ਬਾਅਦ ਵੀ ਧਾਰੀ ਚੁੱਪ ਕਾਰਨ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਇਕ ਅਜਿਹੀ ਚਰਚਾ ਵੀ ਹੈ ਕਿ ਸਿੱਧੂ ਨੂੰ ਕਾਂਗਰਸ ਦੀ ਹਾਈ ਕਮਾਂਡ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਪੰਜਾਬ ਕਾਂਗਰਸ ਦੇ ਅੰਦਰੂਨੀ ਸੂਤਰਾਂ ਅਨੁਸਾਰ ਅਜਿਹਾ ਸੰਭਵ ਨਹੀਂ ਕਿਉਂਕਿ ਹਾਈ ਕਮਾਂਡ ਪੰਜਾਬ ਦੇ ਕਿਸੇ ਆਗੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਲਏ ਬਿਨਾਂ ਕੌਮੀ ਪੱਧਰ ‘ਤੇ ਨੁਮਾਇੰਦਗੀ ਨਹੀਂ ਦੇਵੇਗੀ।

ਦੋ ਮਹੀਨਿਆਂ ਬਾਅਦ ਨਵੀਂ ਰਣਨੀਤੀ ਦਾ ਐਲਾਨ ਕਰਨਗੇ ਨਵਜੋਤ ਸਿੱਧੂ
ਅੰਮ੍ਰਿਤਸਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੈਦਾ ਹੋਏ ਵਿਵਾਦ ਉਪਰੰਤ ਵਜ਼ਾਰਤ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਆਪਣੀ ਅੰਮ੍ਰਿਤਸਰ ਸਥਿਤ ਰਿਹਾਇਸ਼ ‘ਤੇ ਪੁੱਜੇ ਨਵਜੋਤ ਸਿੰਘ ਸਿੱਧੂ ਪਹਿਲੀ ਵਾਰ ਆਪਣੇ ਸਮਰਥਕਾਂ ਤੇ ਵਰਕਰਾਂ ਦੇ ਸਨਮੁੱਖ ਹੋਏ। ਉਨ੍ਹਾਂ ਦੇ ਘਰ ਨਗਰ ਨਿਗਮ ਦੇ ਕੌਂਸਲਰਾਂ ਤੇ ਸਮਰਥਕਾਂ ਦਾ ਤਾਂਤਾ ਲੱਗਾ ਰਿਹਾ ਤੇ ਉਨ੍ਹਾਂ ਹਲਕੇ ਦੇ ਕੌਂਸਲਰਾਂ ਤੇ ਆਗੂਆਂ ਨਾਲ ਮੀਟਿੰਗ ਵੀ ਕੀਤੀ। ਹੋਲੀ ਸਿਟੀ ਕਾਲੋਨੀ ਵਿਚ ਸਥਿਤ ਸਿੱਧੂ ਦੇ ਘਰ ਉਨ੍ਹਾਂ ਦੇ ਹਲਕੇ ਕੇਂਦਰੀ ਨਾਲ ਸਬੰਧਿਤ ਨਗਰ ਨਿਗਮ ਕੌਂਸਲਰ ਪੁੱਜੇ। ਕੌਂਸਲਰ ਸ਼ਿਲੰਦਰ ਸਿੰਘ ਸ਼ੈਲੀ ਨੇ ਦੱਸਿਆ ਕਿ ਉਨ੍ਹਾਂ ਸਮੇਤ ਸਾਰੇ ਕੌਂਸਲਰਾਂ ਨੇ ਸਿੱਧੂ ਨੂੰ ਕਿਹਾ ਕਿ ਆਪਣੇ ਮਹਿਬੂਬ ਨੇਤਾ ਖ਼ਾਤਰ ਅਸਤੀਫ਼ੇ ਦੇ ਰਹੇ ਹਨ ਤੇ ਜੇਕਰ ਸਿੱਧੂ ਵਜ਼ਾਰਤ ਵਿਚ ਨਹੀਂ ਹਨ ਤਾਂ ਉਹ ਵੀ ਕੌਂਸਲਰ ਪਦ ਦੇ ਅਹੁਦੇ ਨੂੰ ਕੁਝ ਨਹੀਂ ਸਮਝਦੇ। ਸਿੱਧੂ ਨੇ ਉਨ੍ਹਾਂ ਨੂੰ ਪਿਆਰ ਨਾਲ ਇਹ ਕਹਿੰਦਿਆਂ ਮਨਾ ਕਰ ਦਿੱਤਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਤੇ ਲੋਕਾਂ ਦੀ ਸੇਵਾ ਕਰਨਾ ਹੀ ਉਨ੍ਹਾਂ ਦਾ ਪਹਿਲਾ ਫ਼ਰਜ਼ ਹੈ। ਇਸ ਮੌਕੇ ਸਿੱਧੂ ਨੇ ਹਾਲ ਦੀ ਘੜੀ ਇਹ ਵੀ ਕਿਹਾ ਕਿ ਉਹ ਹਾਲ ਦੀ ਘੜੀ ਕੇਵਲ ਹਲਕੇ ਦੇ ਲੋਕਾਂ ਦੀ ਸੇਵਾ ਹੀ ਕਰਨਾ ਚਾਹੁੰਦੇ ਹਨ ਤੇ 2 ਮਹੀਨਿਆਂ ਬਾਅਦ ਹੀ ਨਵੀਂ ਰਣਨੀਤੀ ਦਾ ਐਲਾਨ ਕਰਨਗੇ।

ਪਟਿਆਲਾ ਦੀ ਸਿਆਸਤ ਨੂੰ ਵੀ ਲੱਗੀ ਨਜ਼ਰ
ਪਟਿਆਲਾ : ਹਮੇਸ਼ਾ ਹੀ ਪੰਜਾਬ ਦੀ ਸਿਆਸਤ ਵਿਚ ਮੋਹਰੀ ਭੂਮਿਕਾ ਅਦਾ ਕਰਨ ਵਾਲੀ ਪਟਿਆਲਾ ਦੀ ਸਿਆਸਤ ਸਮੇਂ-ਸਮੇਂ ਚੰਦਰੀ ਨਜ਼ਰ ਦਾ ਵੀ ਸ਼ਿਕਾਰ ਹੁੰਦੀ ਰਹੀ ਹੈ। ਕਦੇ ਪੰਥ ਰਤਨ ਸਵਰਗੀ ਗੁਰਚਰਨ ਸਿੰਘ ਟੌਹੜਾ ਨੂੰ ਆਪਣੀ ਹੀ ਪਾਰਟੀ ਤੋਂ ਧੱਕੇ ਖਾਣ ਲਈ ਮਜਬੂਰ ਹੋਣਾ ਪਿਆ ਸੀ, ਜਦੋਂ ਕਿ ਅਜੋਕੀ ਰਾਜਨੀਤੀ ਵਿਚ ਪਟਿਆਲਾ ਦੇ ਜੰਮਪਲ ਪਰ ਸਿਆਸਤ ‘ਚ ਅੰਮ੍ਰਿਤਸਰ ਤੋਂ ਪ੍ਰਵਾਨ ਚੜ੍ਹੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵਿੱਚ ਵੱਡੇ ਕੱਦ ਦਾ ਆਗੂ ਹੋਣ ਦੇ ਬਾਵਜੂਦ ਵੀ ਵਜ਼ਾਰਤ ਤੋਂ ਹੱਥ ਧੋਣੇ ਪੈ ਗਏ ਹਨ। ਸਵਰਗੀ ਟੌਹੜਾ ਵਾਂਗ ਸਿੱਧੂ ਵੀ ਬੇਗ਼ਾਨਿਆਂ ਤੋਂ ਨਹੀਂ ਬਲਕਿ ਆਪਣਿਆਂ ਤੋਂ ਹੀ ਮਾਤ ਖਾ ਗਏ ਹਨ। ਅਸਤੀਫ਼ਾ ਪ੍ਰਵਾਨ ਹੋਣ ਮਗਰੋਂ ਸਿੱਧੂ ਵਜ਼ਾਰਤ ਵਿਚੋਂ ਆਊਟ ਹੋ ਗਏ ਹਨ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਜ਼ਾਰਤ ਵਿਚ ਸਭ ਤੋਂ ਵੱਧ ਕੈਬਨਿਟ ਰੈਂਕ ਦੇ ਮੰਤਰੀ ਪਟਿਆਲਾ ਆਧਾਰਤ ਸਨ, ਜਿਨ੍ਹਾਂ ਵਿਚੋਂ ਇੱਕ ਹੋਰ ਪਟਿਆਲਵੀ ਮਨਫ਼ੀ ਹੋ ਗਿਆ ਹੈ। ਪੰਜਾਬ ਦੀ ਵਜ਼ਾਰਤ ਵਿੱਚ ਪਟਿਆਲਾ ਦੀ ਹਿੱਸੇਦਾਰੀ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਥੇ ਪਟਿਆਲਵੀ ਹਨ, ਉਥੇ ਹੀ ਬ੍ਰਹਮ ਮਹਿੰਦਰਾ, ਵਿਜੈਇੰਦਰ ਸਿੰਗਲਾ ਤੇ ਸਾਧੂ ਸਿੰਘ ਧਰਮਸੋਤ ਵੀ ਪਟਿਆਲਾ ਜ਼ਿਲ੍ਹੇ ਤੋਂ ਹਨ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …