Breaking News
Home / ਹਫ਼ਤਾਵਾਰੀ ਫੇਰੀ / ਅੜੀਅਲ ਭਾਜਪਾ ਨੂੰ ਕਿਸਾਨਾਂ ਨੇ ਝੁਕਾਅ ਲਿਆ : ਦਾਤਾਰ ਸਿੰਘ

ਅੜੀਅਲ ਭਾਜਪਾ ਨੂੰ ਕਿਸਾਨਾਂ ਨੇ ਝੁਕਾਅ ਲਿਆ : ਦਾਤਾਰ ਸਿੰਘ

ਬੈਠਕ ‘ਚੋਂ ਨਿਕਲ ਸਿੰਘੂ ਬਾਰਡਰ ਵਾਪਸ ਜਾਂਦਿਆਂ ਦਾਤਾਰ ਸਿੰਘ ਤੇ ਬਲਬੀਰ ਸਿੰਘ ਰਾਜੇਵਾਲ ਦੀ ਰਜਿੰਦਰ ਸੈਣੀ ਹੋਰਾਂ ਨਾਲ ਹੋਈ ਖਾਸ ਗੱਲਬਾਤ
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਮੰਤਰੀਆਂ ਨੇ ਬੁੱਧਵਾਰ ਨੂੰ 40 ਕਿਸਾਨ ਯੂਨੀਅਨਾਂ ਦੇ ਆਗੂਆਂ ਨਾਲ ਖੇਤੀ ਕਾਨੂੰਨਾਂ ਸਬੰਧੀ ਛੇਵੇਂ ਗੇੜ ਦੀ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿਚ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਸ. ਦਾਤਾਰ ਸਿੰਘ ਵੀ ਸ਼ਾਮਲ ਹੋਏ। ਮੀਟਿੰਗ ਸਮਾਪਤ ਹੋਣ ਤੋਂ ਬਾਅਦ ਪਰਵਾਸੀ ਮੀਡੀਆ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਨੇ ਟੋਰਾਂਟੋ ਤੋਂ ਦਾਤਾਰ ਸਿੰਘ ਨਾਲ ਗੱਲਬਾਤ ਕੀਤੀ। ਰਜਿੰਦਰ ਸੈਣੀ ਹੋਰਾਂ ਨੇ ਦਾਤਾਰ ਸਿੰਘ ਕੋਲੋਂ ਹੋਈ ਮੀਟਿੰਗ ਬਾਰੇ ਜਾਣਕਾਰੀ ਹਾਸਲ ਕੀਤੀ, ਜੋ ਪਰਵਾਸੀ ਦੇ ਪਾਠਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ। ਗੱਲਬਾਤ ਦੌਰਾਨ ਦਾਤਾਰ ਸਿੰਘ ਨੇ ਦੱਸਿਆ ਮੀਟਿੰਗ ਵਿਚ 40 ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ ਅਤੇ ਸਾਰੇ ਆਗੂ ਸਿੰਘੂ ਬਾਰਡਰ ਤੋਂ ਬੱਸ ਰਾਹੀਂ ਦਿੱਲੀ ਦੇ ਵਿਗਿਆਨ ਭਵਨ ਵਿਚ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਕਿਸਾਨ ਪੰਜ ਏਜੰਡੇ ਲੈ ਕੇ ਮੀਟਿੰਗ ਵਿਚ ਗਏ ਸਨ। ਸਰਕਾਰ ਨੇ ਕਿਸਾਨਾਂ ਦੀਆਂ ਦੋ ਮੰਗਾਂ ਪਰਾਲੀ ਸਾੜਨ ਦੇ ਮੁੱਦੇ ‘ਤੇ ਇਕ ਕਰੋੜ ਦੇ ਜੁਰਮਾਨੇ ਬਾਰੇ ਅਤੇ ਬਿਜਲੀ ਦੇ ਨਿੱਜੀਕਰਨ ਨੂੰ ਰੋਕਣ ਸਬੰਧੀ ਮੰਗ ਤਾਂ ਮੰਨ ਲਈ ਹੈ, ਖੇਤੀਬਾੜੀ ਕਾਨੂੰਨਾਂ ਸਬੰਧੀ ਗੱਲ ਲਈ 4 ਜਨਵਰੀ ਨੂੰ ਦੁਬਾਰਾ ਮੀਟਿੰਗ ਸੱਦ ਲਈ ਹੈ।
ਰਜਿੰਦਰ ਸੈਣੀ ਹੋਰਾਂ ਵਲੋਂ ਪੁੱਛੇ ਜਾਣ ‘ਤੇ ਦਾਤਾਰ ਸਿੰਘ ਨੇ ਦੱਸਿਆ ਕਿ ਖੇਤੀ ਸਬੰਧੀ ਕਾਨੂੰਨਾਂ ਬਾਰੇ ਸਰਕਾਰ ਨੇ ਕਮੇਟੀ ਬਣਾਉਣ ਦੀ ਗੱਲ ਕਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨ ਰੱਦ ਕਰਵਾਉਣ ‘ਤੇ ਕਾਇਮ ਹਨ। ਦਾਤਾਰ ਸਿੰਘ ਨੇ ਦੱਸਿਆ ਕਿ ਪਹਿਲੀ ਵਾਰੀ ਕਿਸਾਨੀ ਏਜੰਡੇ ‘ਤੇ ਮੀਟਿੰਗ ਹੋਈ ਹੈ। ਦਾਤਾਰ ਸਿੰਘ ਨੇ ਇਹ ਵੀ ਦੱਸਿਆ ਕਿ ਸਰਕਾਰ ਕਾਫੀ ਪਿੱਛੇ ਮੁੜ ਚੁੱਕੀ ਹੈ ਅਤੇ ਅੜੀਅਲ ਭਾਜਪਾ ਨੂੰ ਅਸੀਂ ਝੁਕਾਅ ਦਿੱਤਾ ਹੈ।
ਰਜਿੰਦਰ ਸੈਣੀ ਹੋਰਾਂ ਨੇ ਦਾਤਾਰ ਸਿੰਘ ਨੂੰ ਪੁੱਛਿਆ ਕਿ ਹੁਣ ਤੱਕ ਤੁਸੀਂ ਕਿੰਨੇ ਕੁ ਸਫਲ ਹੋਏ ਹੋ ਤਾਂ ਉਨ੍ਹਾਂ ਦੱਸਿਆ ਕਿ ਸਾਡੀਆਂ ਸਾਰੀਆਂ ਜਥੇਬੰਦੀਆਂ ਦਾ ਫੈਸਲਾ ਹੈ ਕਿ ਦਿੱਲੀ ਦੇ ਅੰਦਰ ਨਹੀਂ ਜਾਣਾ ਅਤੇ ਦਿੱਲੀ ਨੂੰ ਚਾਰੇ ਪਾਸਿਓਂ ਘੇਰਾ ਪਾ ਕੇ ਰੱਖਣਾ ਹੈ ਅਤੇ ਜਿੱਤ ਪ੍ਰਾਪਤ ਕਰਨੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਅੰਦੋਲਨ ਹੁਣ ਪੂਰੇ ਦੇਸ਼ ਅਤੇ ਵਿਦੇਸ਼ਾਂ ਤੱਕ ਪਹੁੰਚ ਚੁੱਕਾ ਹੈ। ਇਸ ਅੰਦੋਲਨ ਵਿਚ ਭਾਰਤ ਦੇ ਬਹੁਤੇ ਸੂਬਿਆਂ ਵਿਚੋਂ ਕਿਸਾਨ ਪਹੁੰਚ ਰਹੇ ਹਨ। ਰਜਿੰਦਰ ਸੈਣੀ ਹੋਰਾਂ ਵਲੋਂ ਜਦੋਂ ਦਾਤਾਰ ਸਿੰਘ ਗੱਲਬਾਤ ਕੀਤੀ ਗਈ ਤਾਂ ਉਹ ਬੱਸ ਰਾਹੀਂ ਬਾਕੀ ਆਗੂਆਂ ਨਾਲ ਸਿੰਘੂ ਬਾਰਡਰ ਨੂੰ ਵਾਪਸ ਜਾ ਰਹੇ ਸਨ। ਇਸ ਦੌਰਾਨ ਰਜਿੰਦਰ ਸੈਣੀ ਹੋਰਾਂ ਦੀ ਬਲਬੀਰ ਸਿੰਘ ਰਾਜੇਵਾਲ ਹੋਰਾਂ ਨਾਲ ਵੀ ਫਤਹਿ ਦੀ ਸਾਂਝ ਪਈ ਅਤੇ ਉਨ੍ਹਾਂ ਵੀ ਪਰਵਾਸੀ ਸਰੋਤਿਆਂ ਨੂੰ ਸੁਨੇਹਾ ਦਿੱਤਾ ਕਿ ਛੇਤੀ ਹੀ ਅੰਦੋਲਨ ਦੀ ਸੰਪੂਰਨ ਜਿੱਤ ਹੋਵੇਗੀ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …