Breaking News
Home / ਮੁੱਖ ਲੇਖ / ਕਿਸਾਨਾਂ ਦੇ ਨਾਮ ਚਿੱਠੀ

ਕਿਸਾਨਾਂ ਦੇ ਨਾਮ ਚਿੱਠੀ

ਡਾ : ਬਲਵਿੰਦਰ ਸਿੰਘ
ਸੰਚਾਲਕ, ਰੇਡੀਓ ਸਰਗਮ ਟੋਰਾਂਟੋ
416 737 6600
ਲਿਖਤੁਮ ਰੇਡੀਓ ਸਰਗਮ ਟੋਰਾਂਟੋ, ਅੱਗੇ ਮਿਲੇ ਘੋਲ ਕਰ ਰਹੇ ਕਿਸਾਨਾਂ, ਉਨ੍ਹਾਂ ਦੇ ਪਰਿਵਾਰਾਂ ਤੇ ਸਮਰਥਕਾਂ ਨੂੰ। ਅਸੀਂ ਇਸ ਜਗ੍ਹਾ ਰਾਜ਼ੀ ਖੁਸ਼ੀ ਹਾਂ ਅਤੇ ਆਪ ਸਭ ਦੀ ਤੰਦਰੁਸਤੀ ਅਤੇ ਚੜ੍ਹਦੀਕਲਾ ਦੀ ਅਰਦਾਸ ਕਰਦੇ ਹਾਂ।
ਸਮਾਚਾਰ ਇਹ ਹੈ ਕਿ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪਰਦੇਸਾਂ ਵਿੱਚ ਹਜ਼ਾਰਾਂ ਮੀਲ ਦੂਰ ਬੈਠੇ ਹੋਏ ਵੀ ਅਸੀਂ ਤੁਹਾਡੇ ਨਾਲ਼ ਹਾਂ। ਅਸੀਂ ਤੁਹਾਡੇ ਵਾਂਗ ਠੰਢੀਆਂ ਰਾਤਾਂ ਵਿੱਚ ਟਰਾਲੀਆਂ ਥੱਲੇ ਅਤੇ ਟੈਂਟਾਂ ਵਿੱਚ ਭੁੰਜੇ ਤਾਂ ਨਹੀਂ ਸੌਂ ਰਹੇ, ਪਰ ਯਕੀਨ ਮੰਨਣਾ ਕਿ ਅਸੀਂ ਤੁਹਾਡੀ ਬੇ-ਅਰਾਮੀ ਨੂੰ ਦਿਲੋਂ ਮਹਿਸੂਸ ਕਰ ਰਹੇ ਹਾਂ। ਅਸੀਂ ਤੁਹਾਡੇ ਸਭਨਾ ਦੇ ਤਹੱਈਏ ਅਤੇ ਸਿਰੜ ਦੀ ਦਾਦ ਹੀ ਨਹੀਂ ਦਿੰਦੇ ਬਲਕਿ ਤੁਹਾਡੇ ਵਿੱਚ ਬਜ਼ੁਰਗਾਂ, ਬੱਚਿਆਂ ਅਤੇ ਲੇਡੀਜ਼ ਦੀ ਭਰਵੀਂ ਹਾਜ਼ਰੀ ਨੂੰ ਸਿਜਦਾ ਵੀ ਕਰਦੇ ਹਾਂ।
ਇਤਿਹਾਸ ਵਿੱਚ ਹੁਣ ਤੱਕ ਆਪਣੇ ਹੱਕਾਂ ਦੀ ਮੰਗ ਕਰਨ ਵਾਲਿਆਂ ਦੀ ਗਿਣਤੀ ਬੜੀ ਲੰਮੀ ਹੈ . . . ਉਨ੍ਹਾਂ ਵੱਲੋਂ ਜੱਥੇਬੰਦਕ ਢੰਗ ਨਾਲ਼ ਚਲਾਏ ਗਏ ਅੰਦੋਲਨਾਂ ਦਾ ਵੀ ਕੋਈ ਸਾਨੀ ਨਹੀਂ . . . ਉਨ੍ਹਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਵੀ ਆਪਾਂ ਸਭ ਨੇ ਆਪਣੇ ਚੇਤਿਆਂ ਵਿੱਚੋਂ ਕਦੀ ਨਹੀਂ ਵਿਸਾਰਿਆ, ਪ੍ਰੰਤੂ ਅਜੋਕੇ ਸਮੇਂ ਵਿੱਚ ਇਹ ਇਕ ਅਜਿਹੀ ਪਹਿਲੀ ਲਹਿਰ ਹੈ ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਆਪਣੇ ਨਾਲ਼ ਹੋ ਰਹੀਆਂ ਵਧੀਕੀਆਂ ਵਿਰੁੱਧ ਆਵਾਜ਼ ਨੂੰ ਅਮਨ ਪੂਰਵਕ ਤਰੀਕੇ ਨਾਲ਼ ਵੀ ਉਠਾਇਆ ਜਾ ਸਕਦਾ ਹੈ . . . ਆਪਣੇ ਰੋਸੇ ਨੂੰ ਸਲੀਕੇ ਅਤੇ ਦਲੀਲ ਨਾਲ਼ ਪੇਸ਼ ਕੀਤਾ ਜਾ ਸਕਦਾ ਹੈ, ਆਪਣੀਆਂ ਜਾਇਜ਼ ਮੰਗਾਂ ਦਾ ਮੁਲਾਂਕਣ ਕਰਕੇ ਆਪਣੇ ਪੱਖ ਨੂੰ ਠੋਸ ਢੰਗ ਨਾਲ ਸਰਕਾਰੀ ਧਿਰ ਦੇ ਸਾਹਮਣੇ ਰੱਖਿਆ ਜਾ ਸਕਦਾ ਹੈ, ਵੱਖ ਵੱਖ ਜੱਥੇਬੰਦੀਆਂ ਵੱਲੋਂ ਵਿੱਢੇ ਗਏ ਇਸ ਘੋਲ ਨੂੰ ਇਕੋ ਮਨੋਰਥ ਥੱਲੇ ਜਾਰੀ ਰੱਖਿਆ ਜਾ ਸਕਦਾ ਹੈ, ਆਪਸੀ ਵਖਰੇਵਿਆਂ ਨੂੰ ਪਰ੍ਹੇ ਰੱਖ ਕੇ ਇੱਕੋ ਸਾਂਝੇ ਮੁੱਦੇ ਲਈ ਇਕ ਮੁੱਠ ਹੋ ਕੇ ਇਕੱਠਿਆਂ ਜੂਝਿਆ ਜਾ ਸਕਦਾ ਹੈ।
ਤੁਹਾਡੀਆਂ ਇਹਨਾਂ ਖ਼ੂਬੀਆਂ ਸਦਕਾ ਹੀ ਤੁਹਾਨੂੰ ਅੰਤਰਰਾਸ਼ਟਰੀ ਪੱਧਰ ‘ਤੇ ਨਾ ਸਿਰਫ ਮਾਨਤਾ ਪ੍ਰਾਪਤ ਹੋ ਰਹੀ ਹੈ, ਬਲਕਿ ਹਰ ਪਾਸੇ ਤਰੀਫ਼ਾਂ ਦੇ ਪੁਲ਼ ਬੰਨ੍ਹੇ ਜਾ ਰਹੇ ਨੇ। ਇਹੀ ਕਾਰਨ ਹੈ ਕਿ ਦੁਨੀਆਂ ਭਰ ਦੀਆਂ ਅਖ਼ਬਾਰਾਂ ਨੇ ਤੁਹਾਡੀ ਮੁਹਿੰਮ ਦੀਆਂ ਖ਼ਬਰਾਂ ਛਾਇਆ ਕੀਤੀਆਂ ਨੇ, ਦੁਨੀਆਂ ਦੇ ਮੋਹਰੀ ਟੈਲੀਵਿਯਨ ਚੈਨਲਾਂ ਨੇ ਤੁਹਾਡੀਆਂ ਮੰਗਾਂ, ਤੁਹਾਡੇ ਹੱਕਾਂ, ਤੁਹਾਡੇ ਸਬਰ ਸੰਤੋਖ ਦੀ ਵਡਿਆਈ ਕਰਦਿਆਂ ਇਹਨਾਂ ਨੂੰ ਵਿਦੇਸ਼ੀ ਕਰੋੜਾਂ ਲੋਕਾਂ ਤੱਕ ਪੁੱਜਦਾ ਕੀਤਾ ਹੈ। ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਇਸ ਵਾਸਤੇ ਤੁਸੀਂ ਸਭ ਵਧਾਈ ਦੇ ਹੱਕਦਾਰ ਹੋ।
ਆਪਣੀ ਇਸ ਲੜਾਈ ਰਾਹੀਂ ਤੁਸੀਂ ਚਿਰੋਕੇ ਸਮੇਂ ਤੋਂ ਚੱਲੀਆਂ ਆ ਰਹੀਆਂ ਕੁਝ ਰੀਤਾਂ ਨੂੰ ਖਤਮ ਕੀਤਾ ਹੈ . . . ਇਹਨਾਂ ਵਿੱਚ ਸਭ ਤੋਂ ਸਿਖਰਲੀ ਗੱਲ ਇਹ ਹੈ ਕਿ ਤੁਸੀਂ ਕਿਸੇ ਵੀ ਸਿਆਸੀ ਪਾਰਟੀ ਨੂੰ ਮੂਹਰੇ ਨਹੀਂ ਲੱਗਣ ਦਿੱਤਾ. . . ਮੂਹਰੇ ਤਾਂ ਦੂਰ ਦੀ ਗੱਲ ਹੈ, ਤੁਸੀਂ ਸਿਆਸਤਦਾਨਾ ਨੂੰ ਆਪਣੀਆਂ ਸਟੇਜਾਂ ਦੇ ਨੇੜੇ ਤੱਕ ਨਹੀਂ ਆਉਣ ਦਿੱਤਾ। ਇਤਿਹਾਸ ਗਵਾਹ ਹੈ ਕਿ ਰਵਾਇਤੀ ਸਿਆਸੀ ਪਾਰਟੀਆਂ ਕਿੰਨੀ ਵੀ ਸੁਹਿਰਦਤਾ ਕਿਉਂ ਨਾ ਦਿਖਾ ਰਹੀਆਂ ਹੋਣ, ਉਨ੍ਹਾਂ ਦੇ ਟੀਚੇ ਵੱਖਰੇ ਹੁੰਦੇ ਹਨ, ਉਹ ਕਿਸੇ ਘੋਲ ਦੀ ਕਾਮਯਾਬੀ ਨੂੰ ਕੇਵਲ ਭਵਿੱਖ ਵਿੱਚ ਮਿਲਣ ਵਾਲੀਆਂ ਵੋਟਾਂ ਦੇ ਪੈਮਾਨੇ ਨਾਲ਼ ਮਾਪਣ ਦੀਆਂ ਆਦੀ ਹੁੰਦੀਆਂ ਹਨ, ਉਹ ਕਦੀ ਵੀ ਸ਼ੁਰੂ ਵਿੱਚ ਉਠਾਈਆਂ ਗਈਆਂ ਮੰਗਾਂ ਨੂੰ ਅੰਤ ਤੱਕ ਨਹੀਂ ਲੈ ਕੇ ਜਾਂਦੀਆਂ, ਉਨ੍ਹਾਂ ਦੇ ਨੇਤਾ ਜਲਦੀ ਉਕਤਾ ਜਾਂਦੇ ਹਨ, ਉਨ੍ਹਾਂ ਵਿੱਚ ਠਰੰਮਾ ਨਹੀਂ ਹੁੰਦਾ, ਉਹ ਇਕ ਇਕ ਕਦਮ ਇਸ ਕਦਰ ਫੂਕ ਫੂਕ ਕੇ ਰੱਖਦੇ ਹਨ ਮਤੇ ਉਨ੍ਹਾਂ ਦਾ ਸਿਆਸੀ ਲਾਹਾ ਖੁੱਸ ਜਾਵੇ, ਉਹ ਸਦਾ ਸਮਝੌਤੇ ਵਾਲੇ ਹੁੰਗਾਰੇ ਦੀ ਤਾਂਘ ਵਿੱਚ ਰਹਿੰਦੇ ਨੇ, ਉਨ੍ਹਾਂ ਦਾ ਸੁਆਰਥ ਹਮੇਸ਼ਾ ਉਨ੍ਹਾਂ ਦੀ ਸੁਹਿਰਦਤਾ ‘ਤੇ ਭਾਰੂ ਰਹਿੰਦਾ ਹੈ, ਅਤੇ ਉਨ੍ਹਾਂ ਨੂੰ ਭੋਲੀ ਜਨਤਾ ਦੇ ਭਲੇ ਨਾਲ਼ ਕੋਈ ਸਰੋਕਾਰ ਨਹੀਂ ਹੁੰਦਾ। ਕਿਸੇ ਰਾਜਨੀਤਕ ਧਿਰ ਨਾਲ਼ ਨਾ ਜੁੜਨ ਦੀ ਨੀਤੀ ਤੁਹਾਡੇ ਹੱਕ ਵਿੱਚ ਭੁਗਤ ਰਹੀ ਹੈ।
ਪੰਜਾਬ ਤੋਂ ਚੱਲ ਕੇ ਹਰਿਆਣੇ ਦੇ ਬੈਰੀਕੇਡਾਂ ਨੂੰ ਹਟਾ ਕੇ, ਪਾਣੀ ਦੀਆਂ ਬੁਛਾੜਾਂ ਦਾ ਸਾਹਮਣੇ ਕਰਦੇ ਹੋਏ, ਦਿੱਲੀ ਦੇ ਬਾਰਡਰਾਂ ਤੱਕ ਪਹੁੰਚ ਕੇ ਆਪਣੀ ਆਵਾਜ਼ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦਾ ਸਫ਼ਰ ਤੁਹਾਡੀ ਕਾਮਯਾਬੀ ਦੀ ਪਹਿਲੀ ਮੰਜ਼ਿਲ ਹੈ। ਆਪਣੇ ਹੌਸਲੇ, ਆਪਣੇ ਜਜ਼ਬੇ, ਆਪਣੀ ਹਿੰਮਤ, ਆਪਣੇ ਸਬਰ, ਆਪਣੇ ਏਕੇ, ਆਪਣੀ ਨੇਕ ਦਿਲੀ, ਆਪਣੇ ਤਰਕ, ਆਪਣੀ ਸੁਹਿਰਦਤਾ ਸਦਕਾ ਤੁਸੀਂ ਓਹ ਜ਼ਰੂਰੀ ਸਮੱਗਰੀ ਇਕੱਠੀ ਕਰ ਲਈ ਹੈ, ਜੋ ਕਿਸੇ ਵੀ ਅੰਦੋਲਨ ਦੀ ਬੁਨਿਆਦ ਹੋਇਆ ਕਰਦੀ ਹੈ। ਠੋਸ ਬੁਨਿਆਦ ਹੀ ਰੁਸ਼ਨਾਉਂਦੇ ਭਵਿੱਖ ਦੀ ਨਿਸ਼ਾਨੀ ਹੁੰਦੀ ਹੈ।
ਨਾ ਸਿਰਫ ਪਿਛੋਕੜ ਵਿੱਚ ਬਲਕਿ ਹੁਣ ਵੀ ਸਰਕਾਰ ਅਤੇ ਸਰਕਾਰੀ ਬੋਲੀ ਬੋਲਣ ਵਾਲੇ ਜਾਂ ਮੁੱਦੇ ਦੀ ਅਸਲੀਅਤ ਤੋਂ ਨਾ-ਵਾਕਿਫ਼ ਲੋਕ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਨੇ ਕਿ ਤਿੰਨੋ ਖੇਤੀ ਕਾਨੂੰਨ ਕਿਸਾਨਾਂ ਦੇ ਹਿਤ ਵਿੱਚ ਹਨ, ਅਤੇ ਉਨ੍ਹਾਂ ਨੂੰ ਕੁਝ ਸੁਆਰਥੀ ਅਨਸਰਾਂ ਵੱਲੋਂ ਭੜਕਾਇਆ ਜਾ ਰਿਹਾ ਹੈ। ਸ਼ਾਇਦ ਉਹ ਇਕ ਬਹੁਤ ਸਧਾਰਨ ਗੱਲ ਸਮਝਣ ਦੇ ਅਸਮਰਥ ਨੇ. . . ਜੇ ਕਿਸਾਨ ਇਹ ਕਹਿ ਰਹੇ ਹਨ ਕਿ ਨਵੇਂ ਖੇਤੀ ਕਾਨੂੰਨ ਉਨ੍ਹਾਂ ਦੇ ਭਲੇ ਲਈ ਨਹੀਂ ਹਨ, ਸਗੋਂ ਭਵਿੱਖ ਵਿੱਚ ਉਨ੍ਹਾਂ ਦੇ ਖਿਲਾਫ਼ ਜਾਣਗੇ ਅਤੇ ਇਨ੍ਹਾਂ ਨੂੰ ਲਾਗੂ ਕਰਨ ਨਾਲ਼ ਸਿਰਫ ਵੱਡੇ ਕਾਰਪੋਰੇਟ ਅਦਾਰਿਆਂ ਨੂੰ ਮੁਨਾਫ਼ਾ ਪਹੁੰਚੇਗਾ, ਇਸ ਲਈ ਇਨ੍ਹਾਂ ਨੂੰ ਵਾਪਿਸ ਲੈ ਲਿਆ ਜਾਵੇ, ਤਾਂ ਇਹ ਕਿਹੜੀ ਅਣਹੋਣੀ ਮੰਗ ਹੈ? ਪਰ ਓਧਰ ਕਾਨੂੰਨ ਬਣਾਉਣ ਵਾਲੀ ਸਰਕਾਰ ਲਗਾਤਾਰ ਇਹੀ ਕਹੀ ਜਾ ਰਹੀ ਹੈ ਕਿ ਨਹੀਂ ਤੁਹਾਨੂੰ ਨਹੀਂ ਪਤਾ, ਇਹ ਤੁਹਾਡੀ ਹਾਲਤ ਸੁਧਾਰਨ ਵਾਸਤੇ ਤਿਆਰ ਕੀਤੇ ਗਏ ਨੇ . . . ਇਨ੍ਹਾਂ ਦਾ ਤੁਹਾਨੂੰ ਬਹੁਤ ਵੱਡਾ ਫ਼ਾਇਦਾ ਹੋਏਗਾ। ਸਾਫ਼ ਜਿਹੀ ਗੱਲ ਹੈ ਕਿ ਜਿਨ੍ਹਾਂ ਦੀ ਜੂਨ ਸੁਧਾਰਨ ਦਾ ਦਾਅਵਾ ਕਰਦੇ ਇਹ ਕਾਨੂੰਨ ਬਣਾਏ ਗਏ ਹਨ, ਜੇ ਓਹ ਖ਼ੁਦ ਹੀ ਇਹ ਦੁਹਾਈ ਦੇ ਰਹੇ ਨੇ ਕਿ ਸਾਨੂੰ ਇਨ੍ਹਾਂ ਦੀ ਜ਼ਰੂਰਤ ਨਹੀਂ ਤਾਂ ਫਿਰ ਇਨ੍ਹਾਂ ਨੂੰ ਵਾਪਿਸ ਲੈਣ ਵਿੱਚ ਕੀ ਹਰਜ਼ ਹੈ। ਜੇ ਇਕ ਜਮਹੂਰੀ ਸਰਕਾਰ ਕੋਈ ਕਾਨੂੰਨ ਬਣਾ ਸਕਦੀ ਹੈ ਤਾਂ ਇਸ ਨੂੰ ਹਟਾਇਆ ਵੀ ਜਾ ਸਕਦਾ ਹੈ।
ਆਏ ਦਿਨ ਇਹ ਖ਼ਬਰਾਂ ਮਿਲ ਰਹੀਆਂ ਹਨ ਕਿ ਸਰਕਾਰ ਐਮ.ਐਸ.ਪੀ ਬਾਰੇ ਲਿਖ ਕੇ ਦੇਣ ਲਈ ਤਿਆਰ ਹੈ ਕਿ ਇਸ ਨੂੰ ਬੰਦ ਨਹੀਂ ਕੀਤਾ ਜਾਏਗਾ, ਜਾਂ ਕੁਝ ਹੋਰ ਮਦਾਂ ਨੂੰ ਵੀ ਰੈਲਾ ਕਰ ਦਿੱਤਾ ਜਾਏਗਾ, ਬੱਸ ਕਿਸਾਨ ਜੱਥੇਬੰਦੀਆਂ ਸਰਕਾਰ ਨਾਲ਼ ਗੱਲਬਾਤ ਕਰਨ ਲਈ ਅੱਗੇ ਆਉਣ। ਕਾਸ਼ ਕਿ ਇਹੀ ਸੱਦਾ ਕਾਨੂੰਨ ਘੜ੍ਹਨ ਤੋਂ ਪਹਿਲਾਂ ਕਿਸਾਨਾਂ ਨੂੰ ਦਿੱਤਾ ਗਿਆ ਹੁੰਦਾ ਅਤੇ ਉਨ੍ਹਾਂ ਦੇ ਸੁਝਾਅ ਲੈ ਲਏ ਗਏ ਹੁੰਦੇ ਕਿ ਲਓ ਭਾਈ ਅਸੀਂ ਤੁਹਾਡੀ ਬਿਹਤਰੀ ਲਈ ਆਹ ਆਹ ਸੋਚਿਆ ਹੈ, ਤੁਸੀਂ ਦੱਸੋ ਕਿ ਇਹਦੀ ਹਾਮੀ ਭਰਦੇ ਓ, ਤਾਂ ਕਿਸਾਨਾਂ ਨੂੰ ਕਦੀ ਵੀ ਆਪਣੇ ਘਰ-ਬਾਰ, ਆਪਣੇ ਪਰਿਵਾਰ, ਆਪਣੇ ਪਸ਼ੂ, ਆਪਣੇ ਖੇਤ ਛੱਡ ਕੇ ਦਿੱਲੀ ਵੱਲ ਕੂਚ ਨਾ ਕਰਨਾ ਪੈਂਦਾ। ਮੁੱਕਦੀ ਗੱਲ ਇਹ ਹੈ ਕਿ ਅੱਜ ਦਾ ਕਿਸਾਨ ਆਪਣੇ ਹੱਕਾਂ ਲਈ ਜਾਗਰੂਕ ਹੋ ਚੁੱਕਾ ਹੈ ਅਤੇ ਉਸ ਨੂੰ ਆਪਣੇ ਭਲੇ-ਨੁਕਸਾਨ ਬਾਰੇ ਪੂਰੀ ਸੋਝੀ ਆ ਚੁੱਕੀ ਹੈ। ਇਹ ਗੱਲ ਸਿਰਫ ਕਿਸਾਨ ਦੀ ਨਹੀਂ। ਕੀ ਕਿਸੇ ਵੀ ਹੋਰ ਖੇਤਰ ਵਿੱਚ ਕੰਮ ਕਰਨ ਵਾਲੇ ਲੋਕ ਆਪਣੇ ਵਿਰੁੱਧ ਬਣਾਏ ਗਏ ਕਾਨੂੰਨਾਂ ਨੂੰ ਚੁੱਪ ਚਾਪ ਜਰ ਲੈਂਦੇ ਨੇ? ਕੀ ਓਹ ਹੜਤਾਲਾਂ ਤੇ ਮੁਜ਼ਾਹਰਿਆਂ ‘ਤੇ ਨਹੀਂ ਉਤਰਦੇ, ਕੀ ਉਹ ਧਰਨੇ ਨਹੀਂ ਦਿੰਦੇ, ਕੀ ਉਹ ਸੂਬਾ ਬੰਦ ਜਾਂ ਦੇਸ਼ ਬੰਦ ਦੇ ਸੰਦੇਸ਼ ਨਹੀਂ ਦਿੰਦੇ। ਹੋਰ ਤਾਂ ਹੋਰ, ਕੀ ਸਿਆਸੀ ਪਾਰਟੀਆਂ ਵੀ ਇਸ ਤਰ੍ਹਾਂ ਦੇ ਸੱਦੇ ਨਹੀਂ ਦਿੰਦੀਆਂ?
ਤੁਹਾਡੀਆਂ ਮੰਗਾਂ ਵਾਜਿਬ ਨੇ, ਜਾਇਜ਼ ਨੇ ਅਤੇ ਇਨ੍ਹਾਂ ਦਾ ਵਿਰੋਧ ਕਰਨ ਵਾਲੇ ਕਈ ਲੋਕਾਂ ਨੂੰ ਵੀ ਇਨ੍ਹਾਂ ਦਾ ਭਲੀ ਭਾਂਤ ਪਤਾ ਹੈ। ਹਾਲ ਹੀ ਵਿੱਚ ਭਾਰਤ ਦੇ ਵਿਤ ਮੰਤਰਾਲੇ ਦੇ ਰਹਿ ਚੁੱਕੇ ਚੀਫ ਇਕਨੌਮਿਕ ਐਡਵਾਈਜ਼ਰ, ਅਤੇ ਵਰਲਡ ਬੈਂਕ ਦੇ ਸਾਬਕਾ ਚੀਫ ਇਕਾਨੋਮਿਸਟ ਕੌਸ਼ਿਕ ਬਾਸੂ ਨੇ ਆਪਣੀ ਇਕ ਪੋਸਟ ਵਿੱਚ ਕਿਹਾ ਹੈ ਕਿ ਇਨ੍ਹਾਂ ਖੇਤੀ ਕਾਨੂੰਨਾਂ ਵਿੱਚ ਤਰੁੱਟੀਆਂ ਹਨ ਅਤੇ ਇਹ ਕਿਸਾਨਾਂ ਦਾ ਨੁਕਸਾਨ ਕਰਨਗੇ। ਨਾਲ ਹੀ ਉਨ੍ਹਾਂ ਨੇ ਕਿਸਾਨਾਂ ਦੀ ਸੰਵੇਦਨਸ਼ੀਲਤਾ ਅਤੇ ਇਖ਼ਲਾਕੀ ਤਾਕਤ ਦੀ ਸਲਾਹੁਤਾ ਕੀਤੀ ਹੈ। ਇਥੇ ਹੀ ਬੱਸ ਨਹੀਂ, ਦੇਸ਼ ਦੇ 10 ਨਾਮਾਵਰ ਅਰਥਸ਼ਾਸਤਰੀਆਂ ਨੇ ਕੇਂਦਰੀ ਖੇਤੀ ਮੰਤਰੀ ਨੂੰ ਲਿਖੇ ਇਕ ਪੱਤਰ ਵਿੱਚ ਸਪਸ਼ਟ ਤੌਰ ‘ਤੇ ਕਿਹਾ ਹੈ ਕਿ ਉਹ ਮੰਨਦੇ ਹਨ ਕਿ ਖੇਤੀ ਮੰਡੀ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ, ਪ੍ਰੰਤੂ ਇਹ ਕਾਨੂੰਨ ਉਸ ਮਸਲੇ ਦਾ ਹੱਲ ਨਹੀਂ ਹਨ ਕਿਉਂਕਿ ਇਨ੍ਹਾਂ ਦਾ ਅਧਾਰ ਹੀ ਗਲਤ ਧਾਰਨਾ ਨੂੰ ਬਣਾਇਆ ਗਿਆ ਹੈ। ਉਨ੍ਹਾਂ ਨੇ ਪੰਜ ਦਲੀਲਾਂ ਦੇ ਕੇ ਦੱਸਿਆ ਹੈ ਕਿ ਇਹ ਕਾਨੂੰਨ ਬੁਨਾਇਦੀ ਤੌਰ ‘ਤੇ ਛੋਟੇ ਕਿਸਾਨਾਂ ਲਈ ਨੁਕਸਾਨ ਦਾਇਕ ਹਨ।
ਅਸਲੀਅਤ ਇਹ ਹੈ ਕਿ ਭਾਰਤ ਵਿੱਚ ਵੱਡੀ ਗਿਣਤੀ ਹੈ ਹੀ ਛੋਟੇ ਅਤੇ ਬਹੁਤ ਛੋਟੇ ਕਿਸਾਨਾਂ ਦੀ। ਅੰਕੜਿਆਂ ਮੁਤਾਬਿਕ ਇਹ ਗਿਣਤੀ 80 ਪ੍ਰਤੀਸ਼ਤ ਤੋਂ ਵੀ ਵੱਧ ਹੈ। ਇਹਨਾਂ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ ਅਤੇ ਇਹ ਫ਼ਸਲ ਪੱਕਣ ਤੋਂ ਬਾਅਦ ਇਸ ਨੂੰ ਵੱਢ ਕੇ ਯਕਦਮ ਲਾਗਲੀ ਮੰਡੀ ਵਿੱਚ ਵੇਚ ਦਿੰਦੇ ਹਨ ਤਾਂ ਕਿ ਸਿਰ ਚੜ੍ਹੇ ਕਰਜ਼ੇ ਮੋੜੇ ਜਾ ਸਕਣ ਅਤੇ ਘਰ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ। ਕੀ ਕਰੋੜਾਂ ਅਜਿਹੇ ਕਿਸਾਨਾਂ ਦੀ ਪਹੁੰਚ ਹੈ ਕਿ ਉਹ ਆਪਣੀ ਫ਼ਸਲ ਨੂੰ ਸਟੋਰ ਕਰ ਸਕਣ ਜਾਂ ਵਧੇਰੇ ਮੁੱਲ ‘ਤੇ ਵੇਚਣ ਲਈ ਕਿਸੇ ਦੂਰ ਦੁਰਾਡੇ ਸੂਬੇ ਵਿੱਚ ਲੈ ਜਾ ਸਕਣ? ਕਦਾਚਿਤ ਨਹੀਂ। ਇਹ ਨਾ-ਮੁਮਕਿਨ ਹੈ।
ਪਿਛਲੇ ਕੁਝ ਦਿਨਾਂ ਵਿੱਚ ਸੁਪਰੀਮ ਕੋਰਟ ਨੇ ਜਿੱਥੇ ਇਹ ਕਿਹਾ ਹੈ ਕਿ ਕਿਸਾਨਾ ਵੱਲੋਂ ਧਰਨਿਆਂ ‘ਤੇ ਬੈਠਣਾ ਉਨ੍ਹਾਂ ਦਾ ਜਮਹੂਰੀ ਅਧਿਕਾਰ ਹੈ, ਉਥੇ ਇਸ ਉਚ ਅਦਾਲਤ ਵੱਲੋਂ ਅਜਿਹੀ ਇਕ ਸਾਂਝੀ ਕਮੇਟੀ ਬਣਾਏ ਜਾਣ ਦਾ ਵੀ ਸੁਝਾਅ ਦਿੱਤਾ ਗਿਆ ਹੈ ਜੋ ਕਿ ਇਨ੍ਹਾਂ ਪੇਚੀਦਾ ਮੁੱਦਿਆਂ ਨੂੰ ਵਿਚਾਰੇਗੀ। ਕੋਰਟ ਦੀ ਇਸ ਰਾਇ ਨੂੰ ਕਿਸਾਨ ਜਥੇਬੰਦੀਆਂ ਨੇ ਮੁੱਢੋਂ ਹੀ ਨਿਕਾਰ ਦਿੱਤਾ ਹੈ। ਪਰ ਉਸ ਤੋਂ ਵੀ ਅਗਲੀ ਗੱਲ ਇਹ ਹੈ ਕਿ ਜਿਸ ਘਾਗ ਪੱਤਰਕਾਰ ਨੂੰ ਇਸ ਕਮੇਟੀ ਵਿੱਚ ਸ਼ਾਮਿਲ ਕਰਨ ਦੀ ਚਰਚਾ ਛੇੜੀ ਗਈ ਹੈ, ਉਹ ਤਾਂ ਖ਼ੁਦ ਇਹਨਾਂ ਕਾਨੂੰਨਾਂ ਨੂੰ ਵਾਪਿਸ ਲੈਣ ਲਈ ਕਹਿ ਰਿਹਾ ਹੈ। ਅੰਗ੍ਰੇਜ਼ੀ ਭਾਸ਼ਾ ਦੇ ਬਹੁ-ਚਰਚਿਤ ਜਰਨਾਲਿਸਟ ਪੀ.ਸਾਈਨਾਥ ਨੇ ਬਹੁਤ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਉਹ ਕਿਸੇ ਵੀ ਅਜਿਹੀ ਕਮੇਟੀ ਦਾ ਹਿੱਸਾ ਨਹੀਂ ਬਣੇਗਾ ਜੋ ਕਿਸਾਨਾਂ ਦੀ ਮੌਤ ਦਾ ਕਾਰਨ ਬਣੇ। ਸਾਈਨਾਥ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਜੇ ਸਰਕਾਰ ਇਹ ਕਹਿ ਰਹੀ ਹੈ ਕਿ ਕਿਸਾਨਾਂ ਵੱਲੋਂ ਖੇਤੀ ਕਾਨੂੰਨ ਵਿਰੁੱਧ ਉਠਾਏ ਗਏ 14-15 ਨੁਕਤਿਆਂ ਵਿੱਚੋਂ 12 ਵਿੱਚ ਸੋਧ ਕਰਨ ਲਈ ਤਿਆਰ ਹੈ ਤਾਂ ਇਸ ਦਾ ਮਤਲਬ ਹੈ ਸਰਕਾਰ ਇਹ ਮੰਨ ਰਹੀ ਹੈ ਕਿ ਇਹਨਾਂ ਕਾਨੂੰਨਾਂ ਵਿੱਚ ਕਿੰਨੀਆਂ ਗੰਭੀਰ ਤਰੁੱਟੀਆਂ ਹਨ। ਮੌਤ-ਮਈ ਕਮੀਆਂ ਵਾਲੇ ਇਨ੍ਹਾਂ ਦਸਤਾਵੇਜ਼ਾਂ ਵਿੱਚ 80 ਤੋਂ 90 ਪ੍ਰਤੀਸ਼ਤ ਸੋਧ ਕਰਨ ਦੀ ਕੋਈ ਤੁਕ ਨਹੀਂ ਬਣਦੀ। ਸਾਈਨਾਥ ਤਾਂ ਇਸ ਗੱਲ ‘ਤੇ ਵੀ ਸਵਾਲ ਕਰ ਰਹੇ ਹਨ ਕਿ ਸੰਵਿਧਾਨਕ ਤੌਰ ‘ਤੇ ਖੇਤੀ ਦਾ ਮਸਲਾ ਜੋ ਕਿ ਸੂਬਾਈ ਅਧਿਕਾਰ ਖੇਤਰ ਹੇਠ ਆਉਂਦਾ ਹੈ, ਵਿੱਚ ਕੇਂਦਰ ਕਿਉਂ ਵੱਡੀਆਂ ਤਬਦੀਲੀਆਂ ਕਰ ਰਿਹਾ ਹੈ। ਸਾਈਨਾਥ ਕਹਿ ਰਿਹਾ ਹੈ: ‘ਕੀ ਤੁਸੀਂ ਗੈਰ-ਸੰਵਿਧਾਨਕ ਕਾਨੂੰਨਾਂ ਨੂੰ ਸੋਧ ਸਕਦੇ ਹੋ? ਨਹੀਂ, ਤੁਸੀਂ ਉਨ੍ਹਾਂ ਨੂੰ ਵਾਪਿਸ ਲੈਂਦੇ ਹੋ। ਸਾਈਨਾਥ ਤਾਂ ਸਗੋਂ ਖੇਤੀ-ਸੰਕਟ ਦੇ ਮਸਲੇ ਨੂੰ ਵਿਚਾਰਨ ਲਈ ਪਾਰਲੀਮੈਂਟ ਦੀ ਵਿਸ਼ੇਸ਼ ਬੈਠਕ ਦੀ ਮੰਗ ਕਰ ਰਹੇ ਹਨ। ਕੀ ਇਕ ਮੰਝੇ ਹੋਏ ਪੱਤਰਕਾਰ ਦੀਆਂ ਇਹਨਾਂ ਤਾਜ਼ਾ ਟਿੱਪਣੀਆਂ ਤੋਂ ਵੀ ਇਹ ਅੰਦਾਜ਼ਾ ਲਗਾਉਣਾ ਔਖਾ ਹੈ ਕਿ ਕਿਸਾਨਾਂ ਦੀ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ਕਿੰਨੀ ਜਾਇਜ਼ ਹੈ?
ਸਾਨੂੰ ਬਾਹਰ ਬੈਠਿਆਂ ਨੂੰ ਇਹ ਵੀ ਪਤਾ ਲੱਗ ਰਿਹਾ ਹੈ ਕਿ ਕੁਝ ਮੀਡੀਆ ਇਸ ਸ਼ਾਂਤਮਈ ਅੰਦੋਲਨ ਬਾਰੇ ਸਹੀ ਸੂਚਨਾ ਪ੍ਰਸਾਰਿਤ ਕਰਨ ਦੀ ਬਜਾਏ ਬੇਤੁਕੀਆਂ ਅਤੇ ਨਿਰ-ਅਧਾਰ ਖ਼ਬਰਾਂ ਛਾਪ ਕੇ ਕਿਸਾਨ ਜਥੇਬੰਦੀਆਂ ਬਾਰੇ ਸ਼ੰਕੇ ਖੜ੍ਹੇ ਕਰ ਰਿਹਾ ਹੈ, ਜਾਂ ਏਸ ਤਾਕ ਵਿੱਚ ਹੈ ਕਿ ਵੱਖ ਵੱਖ ਜਥੇਬੰਦੀਆਂ ਵਿੱਚ ਕਿਸੇ ਤਰ੍ਹਾਂ ਵਖਰੇਵੇਂ ਪੈਦਾ ਕੀਤੇ ਜਾ ਸਕਣ। ਇਹ ਚੰਗੀ ਗੱਲ ਹੈ ਕਿ ਤੁਸੀਂ ਇਸ ਬਾਰੇ ਪਹਿਲਾਂ ਹੀ ਸੁਚੇਤ ਹੋ ਅਤੇ ਆਪਣੀ ਪਲ ਪਲ ਦੀ ਕਾਰਵਾਈ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਰਹੇ ਹੋ। ਬਿਨਾਸ਼ੱਕ ਕਈ ਲੋਕ ਸੋਸ਼ਲ ਮੀਡੀਆ ਨੂੰ ਵੀ ਕੁਝ ਅਫ਼ਵਾਹਾਂ ਫੈਲਾਉਣ ਲਈ ਵਰਤਣ ਵਾਸਤੇ ਸਦਾ ਤਿਆਰ ਰਹਿੰਦੇ ਨੇ, ਤੁਸੀਂ ਉਨ੍ਹਾਂ ਤੋਂ ਸਾਵਧਾਨ ਰਹਿਣਾ। ਇਹ ਗੱਲ ਤੁਹਾਡੇ ਹੱਕ ਵਿੱਚ ਜਾਂਦੀ ਹੈ ਕਿ ਤਿੰਨ ਹਫਤਿਆਂ ਤੋਂ ਵਿੱਢੇ ਹੋਏ ਇਸ ਅੰਦੋਲਨ ਵਿੱਚ ਹਜ਼ਾਰਾਂ-ਲੱਖਾਂ ਕਿਸਾਨਾ ਦੀ ਸ਼ਮੂਲੀਅਤ ਦੇ ਬਾਵਜੂਦ ਤੁਸੀਂ ਇਕ ਵੀ ਅਜਿਹੀ ਘਟਨਾ ਨਹੀਂ ਵਾਪਰਨ ਦਿੱਤੀ ਜਿਸ ਨਾਲ ਤੁਹਾਡੀ ਸੋਚ, ਤੁਹਾਡੀ ਸੁਹਿਰਦਤਾ, ਤੁਹਾਡੇ ਸਿਰੜ ਜਾਂ ਤੁਹਾਡੇ ਸੰਜਮ ‘ਤੇ ਕੋਈ ਸਵਾਲੀਆ ਚਿੰਨ੍ਹ ਲੱਗੇ। ਇਹਦੀ ਬਦੌਲਤ ਹੀ ਹਰ ਵਰਗ, ਹਰ ਭਾਈਚਾਰੇ, ਹਰ ਧਰਮ, ਹਰ ਖਿੱਤੇ, ਹਰ ਉਮਰ ਦੇ ਲੋਕਾਂ ਵੱਲੋਂ ਤੁਹਾਨੂੰ ਪੂਰੀ ਮਾਨਤਾ ਅਤੇ ਸਹਿਯੋਗ ਮਿਲ ਰਿਹਾ ਹੈ। ਇਕ-ਦੋ ਦਿਨ ਪਹਿਲਾਂ ਹੀ ਇਕ ਮੰਦਰ ਦੇ ਪ੍ਰਬੰਧਕਾਂ ਵੱਲੋਂ ਤੁਹਾਡੇ ਲਈ ਰਹਾਇਸ਼ ਦਾ ਇੰਤਜ਼ਾਮ ਕਰਨ ਅਤੇ ਹੋਰਨਾ ਫਿਰਕਿਆਂ ਦੇ ਮੈਂਬਰਾਂ ਵੱਲੋਂ ਤੁਹਾਡੇ ਹੱਕ ਵਿੱਚ ਨਿੱਤਰਣ ਦੀਆਂ ਘਟਨਾਵਾਂ ਨੇ ਉਨ੍ਹਾਂ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ ਜੋ ਇਨ੍ਹਾਂ ਧਰਨਿਆਂ ਨੂੰ ਧਾਰਮਿਕ ਰੰਗਤ ਦੇ ਕੇ ਨਿੰਦਣਾ ਚਾਹੁੰਦੇ ਨੇ ਜਾਂ ਇਸ ਨੂੰ ਮਹਿਜ਼ ਕਿਸਾਨਾ ਦਾ ਮਸਲਾ ਗਰਦਾਨਕੇ ਦੂਜੇ ਲੋਕਾਂ ਨੂੰ ਉਨ੍ਹਾਂ ਵਿਰੁੱਧ ਉਕਸਾਉਣਾ ਚਾਹੁੰਦੇ ਨੇ। ਇਕ ਗੱਲ ਸਭ ਨੂੰ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਅੰਨ-ਦਾਤੇ ਦੀ ਬੇਕਦਰੀ ਨਾਲ਼ ਬਾਕੀ ਦੇ ਸਭ ਲੋਕ ਵੀ ਆਪਣੀ ਕਦਰ ਗਵਾ ਲੈਣਗੇ – ਅੱਜ, ਨਹੀਂ ਤਾਂ ਕੱਲ੍ਹ।
ਤੁਹਾਡੇ ਇਸ ਅੰਦੋਲਨ ਵਿੱਚ ਨੌਜਵਾਨ ਤਬਕੇ ਦੀ ਭਰਵੀਂ ਹਾਜ਼ਰੀ ਇਕ ਅਹਿਮ ਕਦਮ ਹੈ। ਅਸੀਂ ਉਨ੍ਹਾਂ ਦੀ ਸ਼ਮੂਲੀਅਤ ਨੂੰ ਜੀ ਆਇਆਂ ਕਹਿੰਦੇ ਹਾਂ। ਜਿਸ ਸਬਰ ਸੰਤੋਖ ਨਾਲ ਉਹ ਆਪਣੇ ਜੋਸ਼ ਅਤੇ ਹੋਸ਼ ਦਾ ਇਸਤੇਮਾਲ ਕਰ ਰਹੇ ਹਨ, ਉਹਦੀ ਸ਼ਲਾਘਾ ਕਰਨੀ ਬਣਦੀ ਹੈ। ਪੂਰਨ ਸ਼ਾਂਤਮਈ ਢੰਗ ਨਾਲ ਚਲਾਏ ਜਾ ਰਹੇ ਇਸ ਅੰਦੋਲਨ ਦੌਰਾਨ ਸੰਤ ਰਾਮ ਸਿੰਘ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਕਿਸਾਨ ਆਪਣੀਆਂ ਮੰਗਾਂ ਮੰਗਵਾਉਣ ਲਈ ਕਿੰਨੇ ਦੁਸ਼ਵਾਰੀਆਂ ਭਰੇ ਮਹੌਲ ਵਿੱਚੋਂ ਲੰਘ ਰਹੇ ਹਨ, ਅਤੇ ਖੇਤੀ ਕਾਨੂੰਨ ਕਿਸ ਹੱਦ ਤੱਕ ਉਨ੍ਹਾਂ ਦੀ ਹਾਲਤ ਨੂੰ ਬਦ ਤੋਂ ਬੱਦਤਰ ਕਰਨ ਲਈ ਘੜੇ ਗਏ ਹਨ। ਅਸੀਂ ਸੰਤ ਰਾਮ ਸਿੰਘ ਅਤੇ ਹੁਣ ਤੱਕ ਕਰੀਬ 20 ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਲਾਮ ਕਰਦੇ ਹਾਂ। ਸਾਨੂੰ ਤੁਹਾਡੇ ਸਭਨਾ ‘ਤੇ ਇਸ ਗੱਲ ਦਾ ਵੀ ਫ਼ਖ਼ਰ ਹੈ ਕਿ ਤੁਸੀਂ ਸੀਤ ਰਾਤਾਂ ਨੂੰ ਵੀ ਖਿੜੇ ਮੱਥੇ ਆਪਣੇ ਪਿੰਡਿਆਂ ‘ਤੇ ਝੱਲ ਰਹੇ ਓ ਅਤੇ ਸੀਅ ਤੱਕ ਨਹੀਂ ਕਰ ਰਹੇ।
ਚਿੱਠੀ ਦੇ ਅੰਤ ਵਿੱਚ ਅਸੀਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਪਰਦੇਸਾਂ ਵਿੱਚ ਵੱਸਦੇ ਪਰਿਵਾਰਾਂ ਦਾ ਆਪਣੀ ਜੰਮਣ-ਭੋਇੰ ਨਾਲ਼ ਮੋਹ ਅਤੇ ਸਤਿਕਾਰ ਪੂਰੀ ਤਰ੍ਹਾਂ ਕਾਇਮ ਹੈ। ਸਾਡੀ ਦਿਲੀ ਖ਼ਾਹਿਸ਼ ਹੈ ਕਿ ਕਿਸਾਨਾਂ ਦੇ ਚੱਲ ਰਹੇ ਇਸ ਅੰਦੋਲਨ ਨੂੰ ਜਲਦੀ ਸਫ਼ਲਤਾ ਮਿਲੇ ਅਤੇ ਤੁਸੀਂ ਸਭ ਆਪਣੇ ਪਰਿਵਾਰਾਂ ਵਿੱਚ ਸ਼ਾਮਿਲ ਹੋ ਕੇ, ਆਪਣੀ ਮਿਹਨਤ ਦੀ ਕਮਾਈ ਕਰਕੇ, ਆਪਣੇ ਵੱਡ-ਵਡੇਰਿਆਂ ਦੀਆਂ ਪੈੜਾਂ ‘ਤੇ ਚੱਲਦੇ ਹੋਏ, ਇਕ ਬਿਹਤਰ ਸਮਾਜ ਸਿਰਜਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੇ ਰਹੋ। ਅਸੀਂ ਤੁਹਾਡੀ ਸਭਨਾ ਦੀ ਚ੍ਹੜਦੀ ਕਲਾ ਦੀ ਅਰਦਾਸ ਕਰਦੇ ਹਾਂ। ਸਾਨੂੰ ਪੂਰਨ ਵਿਸ਼ਵਾਸ ਹੈ ਕਿ ਤੁਹਾਡੇ ਦ੍ਰਿੜ ਨਿਸ਼ਚੇ ਸਦਕਾ ਜਿੱਤ ਵੀ ਤੁਹਾਡੀ ਹੀ ਹੋਏਗੀ। ੲੲੲ

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …