Breaking News
Home / ਨਜ਼ਰੀਆ / ਚਾਚਾ ਸਾਧੂ ਸਿੰਘ ਦੀ ਯਾਦ ਵਿਚ

ਚਾਚਾ ਸਾਧੂ ਸਿੰਘ ਦੀ ਯਾਦ ਵਿਚ

ਇਲਾਕੇ ਦਾ ਚਾਨਣ ਮੁਨਾਰਾ ਸੀ ਸਰਪੰਚ ਸਾਧੂ ਸਿੰਘ
ਪ੍ਰਿੰ. ਸਰਵਣ ਸਿੰਘ
ਸਰਪੰਚ ਸਾਧੂ ਸਿੰਘ ਸ਼ੇਰਗਿੱਲ ਨੂੰ ਪਹਿਲੀ ਵਾਰ ਮੈਂ 1996 ‘ਚ ਮਿਲਿਆ ਜਦੋਂ ਡਾ. ਜੌਹਲ ਦੀ ਸਰਪ੍ਰਸਤੀ ‘ਚ ਚੱਲਦੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਦਾ ਪ੍ਰਿੰਸੀਪਲ ਬਣ ਕੇ ਮੈਂ ਮੁਕੰਦਪੁਰ ਗਿਆ। ਮੇਰੇ ਉਤੇ ਉਨ੍ਹਾਂ ਦਾ ਪਹਿਲਾ ਪ੍ਰਭਾਵ ਪਰਉਪਕਾਰੀ ਤੇ ਸਾਊ ਬਜ਼ੁਰਗ ਦਾ ਪਿਆ ਜੋ ਅਖ਼ੀਰ ਤਕ ਬਣਿਆ ਰਿਹਾ। ਉਨ੍ਹਾਂ ਦੀ ਸੋਚ ਤੇ ਸ਼ੁਭ ਕਰਮਾਂ ਨੇ ਪਿੰਡ ਮੁਕੰਦਪੁਰ ਨੂੰ ਵਿੱਦਿਆ ਦਾ ਚਾਨਣ ਮੁਨਾਰਾ ਬਣਾ ਦਿੱਤਾ। ਮੁਕੰਦਪੁਰ ਦੀਆਂ ਵਿਦਿਅਕ ਸੰਸਥਾਵਾਂ ਵਿਚ ਦੋ ਸੌ ਪਿੰਡਾਂ ਦੇ ਪੰਜ ਹਜ਼ਾਰ ਵਿਦਿਆਰਥੀ ਨਰਸਰੀ ਤੋਂ ਆਰਟਸ, ਕਾਮੱਰਸ, ਬਿਜਨਿਸ ਤੇ ਸੂਚਨਾ ਟੈਕਨਾਲੋਜੀ ਦੀਆਂ ਮਾਸਟਰਜ਼ ਡਿਗਰੀਆਂ ਤਕ ਦੀ ਵਿੱਦਿਆ ਪ੍ਰਾਪਤ ਕਰ ਰਹੇ ਹਨ। ਪਿੰਡ ਵਿਚ ਹੀ ਯੂਨੀਵਰਸਿਟੀ ਪੱਧਰ ਦੀ ਵਿੱਦਿਆ ਉਪਲਬਧ ਹੈ। ਵਿਦਿਅਕ ਸੰਸਥਾਵਾਂ ਵਿਚ ਇਕ ਸੰਸਥਾ ਦਾ ਨਾਂ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ, ਦੂਜੀ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਤੇ ਤੀਜੀ ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਹੈ।
ਸਾਧੂ ਸਿੰਘ ਸਹੀ ਅਰਥਾਂ ਵਿਚ ‘ਸਾਧੂ’ ਸਨ। ਉਨ੍ਹਾਂ ਨੇ ਮੁਕੰਦਪੁਰ ਵਿਚ ਵਿਕਾਸ ਦੇ ਕਾਰਜ ਕਰਦਿਆਂ ਗਿਆਨ ਦੀ ਐਸੀ ਜੋਤ ਜਗਾਈ ਜੋ ਪੇਂਡੂ ਇਲਾਕੇ ਵਿਚ ਵਿੱਦਿਆ ਦਾ ਚਾਨਣ ਫੈਲਾਅ ਰਹੀ ਹੈ। ਉਨ੍ਹਾਂ ਦਾ ਜਨਮ 5 ਅਗੱਸਤ 1922 ਨੂੰ ਸ. ਭਗਵਾਨ ਸਿੰਘ ਦੇ ਘਰ ਮਾਤਾ ਜੁਆਲੀ ਦੀ ਕੁੱਖੋਂ ਹੋਇਆ ਸੀ। ਸਾਧੂ ਸਿੰਘ ਨੇ ਚਾਰ ਜਮਾਤਾਂ ਪਿੰਡ ਦੇ ਪ੍ਰਾਇਮਰੀ ਸਕੂਲ ‘ਚੋਂ ਪੜ੍ਹੀਆਂ ਤੇ ਤਿੰਨ ਚਾਰ ਮਹੀਨੇ ਖਾਨਖਾਨਾ ਦੇ ਸਕੂਲ ਵਿਚ ਲਾਏ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਬਾਨੀ ਬਾਬਾ ਬੁੱਧ ਸਿੰਘ ਵੀ ਖਾਨਖਾਨੇ ਉਹਨਾਂ ਨਾਲ ਹੀ ਪੜ੍ਹਦੇ ਸਨ। ਉਦੋਂ ਕਿਸੇ ਦੇ ਸੁਫ਼ਨੇ ਵਿਚ ਵੀ ਨਹੀਂ ਸੀ ਕਿ ਖਾਨਖਾਨੇ ਪੜ੍ਹਦੇ ਦੋਵੇਂ ਸਾਧਾਰਨ ਬਾਲਕ ਵੱਡੇ ਹੋ ਕੇ ਦੁਆਬੇ ਦੇ ਪੇਂਡੂ ਇਲਾਕੇ ਵਿਚ ਵਿੱਦਿਆ ਤੇ ਸਿਹਤ ਸੇਵਾਵਾਂ ਦੀਆਂ ਵੱਡੀਆਂ ਸੰਸਥਾਵਾਂ ਚਲਾ ਦੇਣਗੇ!
ਉਨ੍ਹਾਂ ਦਿਨਾਂ ਵਿਚ ਬੱਚਿਆ ਨੂੰ ਪੜ੍ਹਾਉਣ ਦੀ ਇਹ ਹਾਲਤ ਸੀ ਕਿ ਭਗਵਾਨ ਸਿੰਘ ਨੇ ਆਪਣੇ ਪੁੱਤ ਨੂੰ ਪੰਜਵੀਂ ‘ਚ ਪੜ੍ਹਨੋਂ ਹਟਾ ਕੇ ਖੇਤੀ ਵਾਹੀ ਵਿਚ ਜੋੜ ਲਿਆ। ਸਾਧੂ ਸਿੰਘ ਦਾ ਵਿਆਹ 1940 ਵਿਚ ਨਗਰ ਦੀ ਬੀਬੀ ਸੁਰਜੀਤ ਕੌਰ ਨਾਲ ਹੋਇਆ ਜਿਸ ਦੀ ਕੁੱਖੋਂ ਤਿੰਨ ਪੁੱਤਰਾਂ ਤੇ ਇਕ ਧੀ ਨੇ ਜਨਮ ਲਿਆ। ਧੀ ਬਚਪਨ ਵਿਚ ਹੀ ਗੁਜ਼ਰ ਗਈ। ਵੱਡਾ ਪੁੱਤਰ ਪ੍ਰਮਿੰਦਰ ਸਿੰਘ 1947 ‘ਚ ਜੰਮਿਆ, ਵਿਚਕਾਰਲਾ ਮਨਜੀਤ ਸਿੰਘ 50 ਵਿਚ ਤੇ ਛੋਟਾ ਰਣਜੀਤ ਸਿੰਘ 52 ਵਿਚ। ਹੁਣ ਪਿਤਾ ਦੀ ਜ਼ਿੰਮੇਵਾਰੀ ਪੁੱਤਰਾਂ ‘ਤੇ ਆ ਪਈ ਹੈ। ਉਨ੍ਹਾਂ ਦੀ ਮਾਤਾ 2001 ਵਿਚ ਚਲਾਣਾ ਕਰ ਗਈ ਸੀ।
ਦੁਆਬੇ ਦੇ ਹੋਰ ਲੋਕਾਂ ਵਾਂਗ ਪਰਿਵਾਰ ਨੂੰ ਪਿੱਛੇ ਛੱਡ ਕੇ ਸਾਧੂ ਸਿੰਘ 1953 ਵਿਚ ਕਲਕੱਤੇ ਤੋਂ ਵਲਾਇਤ ਨੂੰ ਹਵਾਈ ਜਹਾਜ਼ ਚੜ੍ਹ ਗਿਆ ਸੀ। ਪਹਿਲਾਂ ਕੰਸਟ੍ਰਕਸ਼ਨ ਦੇ ਕੰਮ ‘ਤੇ ਲੱਗਾ ਜਿਸ ‘ਚੋਂ ਹਫ਼ਤੇ ਦੇ 7 ਪੌਂਡ ਮਿਲਦੇ। ਪੌਂਡ ਉਦੋਂ 13 ਰੁਪਏ ਦਾ ਸੀ। ਜਦੋਂ 40 ਪੌਂਡ ਜੁੜ ਜਾਂਦੇ ਤਾਂ 520 ਰੁਪਏ ਦਾ ਮਨੀਆਰਡਰ ਪਿੰਡ ਭੇਜ ਦਿੱਤਾ ਜਾਂਦਾ। ਵਲਾਇਤ ਵਿਚ ਉਹ ਇਕ ਕਮਰੇ ‘ਚ ਚਾਰ-ਚਾਰ ਜਣੇ ਰਹਿੰਦੇ। ਫਕੀਰੀਏ ਨਾਂ ਦੇ ਬੰਦੇ ਨੇ ਤਾਂ ਇਕ ਵਾਰ 32 ਜਣੇ ਆਪਣੇ ਘਰ ‘ਚ ਰੱਖੇ! ਵਲਾਇਤ ਦੀ ਕਮਾਈ ਨਾਲ ਸਾਧੂ ਸਿੰਘ ਨੇ ਪਿੰਡ ‘ਚ ਜ਼ਮੀਨ ਖਰੀਦੀ ਜੋ ਬਾਅਦ ਵਿਚ ਵਿਦਿਅਕ ਸੰਸਥਾਵਾਂ ਦੇ ਕੰਮ ਆਈ। ਪੁੱਤਰਾਂ ਨੂੰ ਵਲਾਇਤ ਦੇ ਵਾਸੀ ਬਣਾ ਕੇ ਆਪ ਪਿੰਡ ਦੇ ਵਿਕਾਸ ਲਈ ਮੁਕੰਦਪੁਰ ਮੁੜ ਆਏ। ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਸਰਪੰਚ ਬਣਾ ਦਿੱਤਾ। ਇਲਾਕੇ ਦੇ ਲੋਕ ਉਨ੍ਹਾਂ ਨੂੰ ਦੋ ਨਾਂਵਾਂ ਨਾਲ ਬੁਲਾਉਂਦੇ, ਸਰਪੰਚ ਸਾਹਿਬ ਅਤੇ ਚਾਚਾ ਜੀ। ਅਮਰਦੀਪ ਕਾਲਜ ਦੇ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ ਦੇ ਉਹ ਚਾਚਾ ਜੀ ਸਨ ਤੇ ਅਸੀਂ ਵੀ ਉਨ੍ਹਾਂ ਨੂੰ ਚਾਚਾ ਜੀ ਹੀ ਕਹਿੰਦੇ ਸਾਂ।
ਉਹ 1972 ਤੋਂ 95 ਤਕ ਮੁਕੰਦਪੁਰ ਦੇ ਸਰਪੰਚ ਰਹੇ। ਉਨ੍ਹਾਂ ਨੇ ਖੇਤਾਂ ਵਿਚ ਘਰ ਪਾ ਲਿਆ ਜਿਥੇ ਅਮਰਦੀਪ ਕਾਲਜ ਬਣਾਉਣ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਤੇ ਸਟਾਫ਼ ਦੀ ਚੋਣ ਲਈ ਇੰਟਰਵਿਊ ਹੁੰਦੇ ਰਹੇ। ਕਾਲਜ ਲਈ ਮੁਢਲੀ ਜ਼ਮੀਨ ਸਾਧੂ ਸਿੰਘ ਤੇ ਉਸ ਦੇ ਭਰਾ ਜਗਤ ਸਿੰਘ ਨੇ ਦਿੱਤੀ ਜਿਸ ਦਾ ਗੁਰਚਰਨ ਸਿੰਘ ਸ਼ੇਰਗਿੱਲ ਨੇ ਯੋਗ ਇਵਜ਼ਾਨਾ ਅਦਾ ਕੀਤਾ। ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਪਾਸ ਹੁਣ ਛੇ-ਸੱਤ ਏਕੜ ਜ਼ਮੀਨ ਹੈ ਤੇ ਅਮਰਦੀਪ ਮੈਮੋਰੀਅਲ ਸੰਸਥਾਵਾਂ ਪਾਸ ਬਾਈ-ਤੇਈ ਏਕੜ। ਇਨ੍ਹਾਂ ਸੰਸਥਾਵਾਂ ਦੀਆਂ ਆਲੀਸ਼ਾਨ ਇਮਾਰਤਾਂ ਹਨ ਤੇ ਆਧੁਨਿਕ ਇੰਫਰਾਸਟ੍ਰਕਚਰ ਹੈ ਜਿਨ੍ਹਾਂ ਵਿਚ ਕਰੋੜਾਂ ਰੁਪਿਆਂ ਦੇ ਦੋ ਮਲਟੀਪਰਪਜ਼ ਹਾਲ ਵੀ ਹਨ। ਇਹ ਸੌ ਕਰੋੜ ਰੁਪਏ ਤੋਂ ਘੱਟ ਨਹੀਂ। ਅਮਰਦੀਪ ਕਾਲਜ ਤੇ ਅਮਰਦੀਪ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨਸੀਚਿਊਐਂਟ ਅਦਾਰੇ ਹਨ ਅਤੇ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਸੀ ਬੀ ਐੱਸ ਸੀ ਨਾਲ ਸੰਬੰਧਿਤ ਹੈ।
ਪਿਛਲੇ ਸਾਲ ਉਹ ਬੀਮਾਰ ਹੋਏ ਤਾਂ ਉਨ੍ਹਾਂ ਦਾ ਵੱਡਾ ਪੁੱਤਰ ਉਨ੍ਹਾਂ ਨੂੰ ਇੰਗਲੈਂਡ ਲੈ ਗਿਆ ਸੀ ਪਰ ਵਡੇਰੀ ਉਮਰ ਕਰਕੇ ਉਹ ਸਿਹਤਯਾਬ ਨਾ ਹੋ ਸਕੇ ਤੇ 95 ਸਾਲ ਦੀ ਉਮਰ ਭੋਗ ਕੇ ਇੰਗਲੈਂਡ ਵਿਚ ਹੀ ਚਲਾਣਾ ਕਰ ਗਏ। ਹੁਣ ਉਨ੍ਹਾਂ ਦੇ ਤਿੰਨੇ ਪੁੱਤਰ ਪਿਤਾ ਦੀਆਂ ਅਸਥੀਆਂ ਮੁਕੰਦਪੁਰ ਲਿਆਏ। ਖੁੱਲ੍ਹੀ ਜੀਪ ‘ਤੇ ਰੱਖੇ ਅਸਥੀਆਂ ਦੇ ਕਲਸ ਉਤੇ ਮੁਕੰਦਪੁਰ ਦੀਆਂ ਵਿਦਿਅਕ ਸੰਸਥਾਵਾਂ ਦੇ ਸਟਾਫ ਤੇ ਵਿਦਿਆਰਥੀਆਂ ਨੇ ਫੁੱਲਾਂ ਦੀ ਬਰਖਾ ਕੀਤੀ ਅਤੇ ਮੁਕੰਦਪੁਰ ਦੇ ਬਜ਼ਾਰ ਤੇ ਬੱਸ ਅੱਡੇ ਵਿਚ ਲੋਕਾਂ ਨੇ ਫੁੱਲ-ਮਾਲਾਵਾਂ ਭੇਟ ਕੀਤੀਆਂ। ਅਸਥੀਆਂ ਕੀਰਤਪੁਰ ਪਰਵਾਹ ਕਰ ਦਿੱਤੀਆਂ ਹਨ। 7 ਅਕਤੂਬਰ ਨੂੰ ਬਾਅਦ ਦੁਪਹਿਰ ਸ਼ੇਰਗਿੱਲ ਅਕੈਡਮੀ ਵਿਚ ਪਾਠ ਦਾ ਭੋਗ ਪਾ ਕੇ ਉਨ੍ਹਾਂ ਨਮਿੱਤ ਅੰਤਮ ਅਰਦਾਸ ਕੀਤੀ ਜਾਵੇਗੀ ਅਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਉਹ ਇਲਾਕਾ ਵਾਸੀਆਂ ਦੇ ਚੇਤਿਆਂ ਵਿਚ ਵਸੇ ਰਹਿਣਗੇ। ਪ੍ਰਿੰਸੀਪਲ, ਸਟਾਫ ਤੇ ਵਿਦਿਆਰਥੀਆਂ ਵੱਲੋਂ ਵਿੱਦਿਆ ਦਾਨੀ ਚਾਚਾ ਜੀ ਨੂੰ ਆਖ਼ਰੀ ਅਲਵਿਦਾ!

Check Also

CLEAN WHEELS

Medium & Heavy Vehicle Zero Emission Mission (ਕਿਸ਼ਤ ਦੂਜੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …