ਹਰਜੀਤ ਬੇਦੀ
ਇੱਕ ਹੁੰਦਾ ਸੀ ਮਲਕ ਭਾਗੋ। ਕਹਾਉਂਦਾ ਸੀ ਆਪਣੇ ਆਪ ਨੂੰ ਮਹਾਂ ਦਾਨੀ ਅਤੇ ਮਹਾਂ ਕਲਿਆਣੀ। ਪਰ ਆਪਣੇ ਬਾਪ ਦਾ ਸ਼ਰਾਧ ਕਰਦਾ ਸੀ ਲੋਕਾਂ ਕੋਲੋਂ ਜਬਰਦਸਤੀ ਅਤੇ ਧੌਂਸ ਨਾਲ ਇਕੱਠੇ ਕੀਤੇ ਧਨ ਨਾਲ। ਆਪਣੇ ਆਪ ਨੂੰ ਵੱਡਾ ਅਤੇ ਮਹਾਨ ਬੰਦਾ ਸਮਝ ਕੇ ਮੁੱਛਾਂ ਨੂੰ ਤਾਅ ਦੇਈ ਰਖਦਾ ਸੀ। ਉਸ ਨੂੰ ਬਾਬੇ ਨਾਨਕ ਨੇ ਦਿੱਤਾ ਸੀ ਸਮਝਾ ਕਿ ਅਸਲ ਵਿੱਚ ਵੱਡਾ ਬੰਦਾ ਹੁੰਦਾ ਕੌਣ ਆ। ਭੁਲੇਖੇ ਦਾ ਸ਼ਿਕਾਰ ਹੋਏ ਅਜੇ ਵੀ ਬਥੇਰੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਵੱਡਾ ਬੰਦਾ ਸਮਝਦੇ ਨੇ। ਅਜਿਹੇ ਬੰਦੇ ਟੌਹਰ ਟਪੱਲਾ ਪੂਰਾ ਰਖਦੇ ਨੇ ਤੇ ਵਿੱਚੋਂ ਹੁੰਦੇ ਆ ਪੋਲੀ ਭੂਕ। ਜਿੱਥੇ ਚਾਰ ਬੰਦੇ ਇਕੱਠੇ ਹੋਏ ਉੱਥੇ ਆਪਣੀ ਲਿਆਕਤ ਦਾ ਵਿਖਾਵਾ ਕਰਨ ਬਹਿ ਜਾਂਦੇ ਆ ਪਰ ਛੇਤੀ ਹੀ ਫੜੇ ਜਾਂਦੇ ਆ। ਫੇਰ ਹੋਰ ਥਾਂ ਮਜਮਾਂ ਲਾ ਕੇ ਪਹਿਲਾ ਵਾਲਾ ਕੰਮ। ਅੱਵਲ ਤਾਂ ਬਹੁਤੇ ਲੋਕ ਅਜਿਹੇ ਵੱਡੇ ਬੰਦਿਆਂ ਨੂੰ ਚੁੱਪ ਚਾਪ ਸੁਣ ਕੇ ਜਰ ਲੈਣ ਵਿੱਚ ਹੀ ਆਪਣਾ ਭਲਾ ਸਮਝਦੇ ਆ ਪਰ ਜੇ ਕੋਈ ਉਹਨਾਂ ਨੂੰ ਵਿੱਚੋਂ ਟੋਕ ਵੀ ਦੇਵੇ ਤਾਂ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ।
ਅਜਿਹੇ ਬੰਦਿਆਂ ਦੀ ਭੌਤਿਕੀ ਵਿੱਚ ਇਹ ਖਾਸੀਅਤ ਹੁੰਦੀ ਹੈ ਕਿ ਨਿਰਸਵਾਰਥੀ ਮਨੁੱਖਾਂ ਦੀ ਇਹ ਨਿੰਦਾ ਕਰਨੋ ਟਲ ਨਹੀਂ ਸਕਦੇ। ਕਿਉਂਕਿ ਆਪ ਉਹਨਾਂ ਵਰਗਾ ਬਣ ਨਹੀਂ ਸਕਦੇ ਤੇ ਦੂਜਿਆਂ ਤੋਂ ਉਨ੍ਹਾਂ ਦੀ ਵਡਿਆਈ ਸੁਣ ਨਹੀਂ ਸਕਦੇ। ਫਿਰ ਇਹਨਾਂ ਵਿਚਾਰੇ ਮਹਾਨ ਸਪੂਤਾਂ ਨੂੰ ਝੂਠ ਦਾ ਢੋਲ ਵਜਾਉਣਾ ਪੈਂਦਾ ਹੈ ਨਹੀਂ ਤਾਂ ਇਹਨਾਂ ਨੂੰ ਚੈਨ ਨਹੀ ਆਉਂਦਾ। ਈਰਖਾ ਅਤੇ ਸਾੜੇ ਦੇ ਮਾਰੇ ਅੰਦਰੇ ਅੰਦਰ ਸੜੀ ਜਾਂਦੇ ਹਨ। ਇਹਨਾਂ ਦੇ ਵੱਸ ਨਹੀਂ ਕਿਉਂਕਿ ਇਹਨਾਂ ਦੇ ਅੰਦਰ ਦਾ ਖੋਖਲਾਪਨ ਹੀ ਇਹਨਾਂ ਨੂੰ ਇਸ ਗੱਲ ਲਈ ਮਜਬੂਰ ਕਰਦਾ ਹੈ ਕਿ ਉਹ ਮਨੁੱਖਤਾਵਾਦੀ ਬੰਦਿਆਂ ਦੀ ਖਾਹਮਖਾਹ ਆਲੋਚਨਾ ਕਰਨ। ਉਹਨਾਂ ਦੀ ਛੋਟੀ ਜਿਹੀ ਗਲਤੀ ਨੂੰ ਮਾਈਕਰੋਸਕੋਪ ਨਾਲ ਹਜਾਰਾਂ ਗੁਣਾ ਵੱਡਾ ਦਿਖਾ ਕੇ ਅਤੇ ਪ੍ਰਚਾਰ ਕਰ ਕੇ ਆਨੰਦ ਪਰਾਪਤ ਕਰਦੇ ਹਨ। ਪਰ ਆਪ ਉਹ ਆਪਣੀ ਵੱਡੀ ਗਲਤੀ ਦੀ ਸਾਧਾਰਣ ਆਲੋਚਨਾ ਵੀ ਨਹੀਂ ਸਹਾਰ ਸਕਦੇ। ਇੱਕ ਸੰਸਥਾ ਦੇ ਮੁਖੀ ਨੂੰ ਵੀ ਇਹ ਸ਼ੱਕ ਹੋ ਗਿਆ ਉਹ ਬਹੁਤ ਵੱਡਾ ਬੰਦਾ ਹੈ। ਇਸੇ ਸ਼ੱਕ ਵਿੱਚ ਉਹ ਗਲਤ ਕਾਰਵਾਈਆਂ ਕਰਨ ਲੱਗਾ। ਜਦ ਆਲੋਚਨਾ ਹੋਣ ਲੱਗੀ ਤਾਂ ਉਸ ਦੀ ਸੁਪਤਨੀ ਉਸ ਦੇ ਬਚਾਅ ਤੇ ਆ ਗਈ, ”ਅਖੇ ਵੱਡੇ ਬੰਦੇ ਤੇ ਕਿੰਤੂ ਪਰੰਤੂ ਨਹੀਂ ਕਰੀਦਾ”। ਕਈ ਭੱਦਰ ਪੁਰਸ ਅਜਿਹੇ ਵੀ ਹੁੰਦੇ ਹਨ ਕਿ ਉਹ ਆਪਣੇ ਆਪ ਹੀ ਮਹਾਨ ਬਣੇ ਫਿਰਦੇ ਹਨ। ਆਪਣੀ ਕਹੀ ਗੱਲ ਨੂੰ ਉਹ ਧੁਰੋਂ ਆਈ ਆਵਾਜ਼ ਹੀ ਸਮਝਦੇ ਹਨ। ਗੱਪ ਮਾਰਨ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ। ਝੂਠ ਨੂੰ ਅਜਿਹੇ ਢੰਗ ਨਾਲ ਬੋਲਣ ਵਿੱਚ ਮਾਹਰ ਹੁੰਦੇ ਹਨ ਕਿ ਉਨ੍ਹਾਂ ਨੂੰ ਸੁਣਨ ਵਾਲੇ ਸਾਧਾਰਨ ਮਨੁੱਖ ਉਸ ਨੂੰ ਸੱਚ ਮੰਨ ਲੈਂਦੇ ਹਨ ਤੇ ਉਹ ਇਸੇ ਨੂੰ ਆਪਣੀ ਬਹੁਤ ਵੱਡੀ ਪ੍ਰਾਪਤੀ ਸਮਝ ਬੈਠਦੇ ਹਨ। ਇਹ ਤਾਂ ਅਜਿਹੀ ਮਿੱਟੀ ਦੇ ਬਣੇ ਹੁੰਦੇ ਜੋ ਆਪਣੇ ਨਾਲ ਪਰਛਾਵੇਂ ਵਾਂਗ ਰਹਿਣ ਵਾਲਿਆਂ ਨੂੰ ਵੀ ਨਹੀਂ ਬਖਸ਼ਦੇ, ਮੌਕਾ ਮਿਲਣ ਤੇ ਉਸਦੀ ਵੀ ਚੁਗਲੀ ਤੇ ਨਿੰਦਾ ਕਰਨੋ ਨਹੀਂ ਹਟਦੇ। ਹਾਂ ਇਹ ਗੱਲ ਜਰੂਰ ਹੈ ਕਿ ਕਈ ਵਾਰ ਉਹਨਾਂ ਦੀ ਪੁਜੀਸ਼ਨ ਹਾਸੋਹੀਣੀ ਵੀ ਬਣ ਜਾਂਦੀ ਹੈ ਪਰ ਢੀਠ ਹੋਣ ਕਾਰਣ ਇਸ ਗੱਲ ਨੂੰ ਬਹੁਤਾ ਨਹੀਂ ਗੌਲਦੇ। ਜੇ ਕਿਤੇ ਓਲੰਪਿਕ ਵਿੱਚ ਝੂਠ ਬੋਲਣ ਦਾ ਮੁਕਾਬਲਾ ਹੁੰਦਾ ਹੋਵੇ ਤਾਂ ਇਨ੍ਹਾਂ ਦਾ ਗੋਲਡ ਮੈਡਲ ਵੱਟ ਤੇ ਪਿਆ। ਕਦੇ ਕਦੇ ਇਹਨਾਂ ਨੂੰ ਆਪਣੇ ਮਹਾਨ ਅਤੇ ਗੁਣਵਾਨ ਹੋਣ ਦਾ ਇੰਨਾ ਫਤੂਰ ਹੋ ਜਾਂਦਾ ਹੈ ਕਿ ਸੱਚਮੁੱਚ ਦੇ ਮਨੁੱਖਤਾਵਾਦੀ, ਸੰਸਾਰ ਪ੍ਰਸਿੱਧ ਅਤੇ ਆਪਣੇ ਖੇਤਰ ਦੇ ਮਾਹਰ ਵਿਅਕਤੀਆਂ ਦੀ ਆਲੋਚਨਾ ਕਰਨ ਤੋਂ ਵੀ ਬਾਜ਼ ਨਹੀਂ ਆਉਂਦੇ। ਆਪਣੇ ਆਪ ਨੂੰ ਮਹਾਨ ਦਰਸਾਉਣ ਲਈ ਇਹ ਉਨ੍ਹਾਂ ਨੂੰ ਵੀ ਭੰਡਦੇ ਹਨ ਜਿਹੜੇ ਆਪਣੇ ਨਿੱਜੀ ਸਵਾਰਥਾਂ ਨੂੰ ਤਿਆਗ ਕੇ ਮਨੁੱਖਤਾ ਦੇ ਭਲੇ ਲਈ ਆਵਾਜ਼ ਬੁਲੰਦ ਕਰਦੇ ਹੋਏ ਆਪਣਾ ਨੁਕਸਾਨ ਵੀ ਬਰਦਾਸ਼ਤ ਕਰ ਲੈਂਦੇ ਹਨ।
ਉਹਨਾਂ ਦੀ ਆਲੋਚਨਾ ਇੰਝ ਕਰਨਗੇ ਜਿਵੇਂ ਆਪ ਉਸ ਖੇਤਰ ਦੇ ਮਾਹਰ ਹੋਣ। ਉਨ੍ਹਾਂ ਦੀਆਂ ਅਜਿਹੀਆ ਕਰਤੂਤਾਂ ਕਾਰਨ ਇਉਂ ਲੱਗਦਾ ਹੈ ਜਿਵੇਂ ਉਹ ਬਾਬਾ ਨਾਨਕ ਨੂੰ ਕੁਰਾਹੀਆ ਕਹਿਣ ਵਾਲਿਆਂ ਦੀ ਨਸਲ ‘ਚੋਂ ਹੋਣ। ਪਰ ਹੰਸਾਂ ਦਾ ਮੁਕਾਬਲਾ ਬਿੱਜੂ ਕਿਵੇ ਕਰ ਸਕਦੇ ਹਨ?