Breaking News
Home / ਨਜ਼ਰੀਆ / ਮੋਦੀ ਸ਼ਾਸਨ ਦਾ ਤਿੰਨ ਸਾਲਾਂ ਦਾ ਤੋਹਫਾ : ਭੀੜਾਂ ਵੱਲੋਂ ਹੱਤਿਆਵਾਂ

ਮੋਦੀ ਸ਼ਾਸਨ ਦਾ ਤਿੰਨ ਸਾਲਾਂ ਦਾ ਤੋਹਫਾ : ਭੀੜਾਂ ਵੱਲੋਂ ਹੱਤਿਆਵਾਂ

ਅਸ਼ੋਕ ਸਵੈਨ
ਹੱਤਿਆ (ਲਾਇੰਚ) ਇੱਕ ਅਭਿਆਸ (ਪ੍ਰੈਕਟਿਸ) ਹੈ, ਜਿਸ ‘ਚ ਭੀੜ ਕਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਲੈਂਦੀ ਹੈ। ਅਭਿਆਸ ਦਾ ਆਪਣਾ ਇਤਿਹਾਸ ਹੈ, ਪਰ ਲਾਇੰਚ ਸ਼ਬਦ ਦੀ ਉਤਪਤੀ ਅਮਰੀਕੀ ਇਨਕਲਾਬ ਸਮੇਂ ਕਰਨਲ ਚਾਰਲਸ ਲਾਇੰਚ ਅਤੇ ਉਸ ਦੇ ਗਰੁੱਪ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਇੱਕ ਅਸ਼ਾਂਤ ਅਪਰਾਧੀ ਨੂੰ ਰੋਕਣ ਲਈ ਆਪਣੇ ਹੀ ਨਿਯਮ ਉਸ ਸਮੇਂ ਬਣਾਏ, ਜਦੋਂ ਉਥੇ ਕਨੂੰਨੀ ਵਿਵਸਥਾ ਤਹਿਸ-ਨਹਿਸ ਹੋ ਚੁੱਕੀ ਸੀ।
ਸ਼ਾਇਦ ਭਾਰਤ ਵੀ ਸਮਾਜਿਕ ਰਿਸ਼ਤਿਆਂ ਦੇ ਸੰਦਰਭ ਵਿੱਚ ਅਸ਼ਾਂਤ ਕਿਸਮ ਦੇ ਸਮੇਂ ‘ਚੋਂ ਗੁਜ਼ਰ ਰਿਹਾ ਹੈ, ਪਰੰਤੂ ਰਾਜ ਕੋਲ ਅਮਨ-ਕਨੂੰਨ ਦੀ ਵਿਵਸਥਾ ਕਾਇਮ ਕਰਨ ਦੇ ਸਾਧਨ ਹਨ, ਜਿੱਥੇ ਅਤੇ ਜਦੋਂ ਉਹ ਜ਼ਰੂਰਤ ਸਮਝਦਾ ਹੈ। ਭਾਵੇਂ ਮੋਦੀ ਸ਼ਾਸਨ ਦੇ ਪਿਛਲੇ ਤਿੰਨ ਵਰ੍ਹਿਆਂ ਵਿੱਚ ਭਾਰਤ ਉਹਨਾਂ ਗੰਭੀਰ ਹੱਤਿਆਵਾਂ ਦਾ ਗਵਾਹ ਬਣਿਆ ਹੈ, ਜਿਹੜੀਆਂ ਲਗਾਤਾਰ ਵਾਪਰੀ ਜਾ ਰਹੀਆਂ ਹਨ।
ਹੁਣੇ ਜਿਹੇ ਝਾਰਖੰਡ ‘ਚ ਪੁਲਸ ਦੀ ਹਾਜ਼ਰੀ ‘ਚ ਨੌਂ ਵਿਅਕਤੀਆਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਇਹ ਪਸ਼ੂਆਂ ਦੇ ਵਪਾਰੀਆਂ (ਮੁਸਲਮਾਨਾਂ) ਦਾ ਇੱਕ ਗਰੁੱਪ ਸੀ।
ਮੋਦੀ ਮਈ 2014 ‘ਚ ਗੱਦੀ ‘ਤੇ ਬੈਠਿਆ। ਇਸ ਸਮੇਂ ਤੋਂ ਹੀ ਸੰਘ ਪਰਵਾਰ ਨੂੰ ਆਪਣਾ ਰਾਸ਼ਟਰ-ਵਿਰੋਧੀ ਹਿੰਦੂਤੱਵੀ ਏਜੰਡਾ ਲਾਗੂ ਕਰਨ ਲਈ ਰਾਜਸੀ ਸੁਰੱਖਿਆ ਅਤੇ ਸਰਪ੍ਰਸਤੀ ਮਿਲੀ ਹੋਈ ਹੈ, ਜੋ ਭਾਰਤ ਦੇ ਧਰਮ-ਨਿਰਪੱਖ ਸੰਵਿਧਾਨ ਦਾ ਮੂੰਹ ਚਿੜਾਉਂਦੀ ਹੈ।
ਭੀੜਾਂ ਵੱਲੋਂ ਘੱਟ-ਗਿਣਤੀ ਭਾਈਚਾਰਿਆਂ ਦੇ ਪੂਜਾ ਸਥਾਨਾਂ ਉੱਤੇ ਲਗਾਤਾਰ ਵਿਧੀਬੱਧ ਢੰਗ ਨਾਲ ਹਮਲੇ ਹੋ ਰਹੇ ਹਨ, ਆਜ਼ਾਦ ਸੋਚ ਵਾਲੇ ਅਕਾਦਮਿਕ ਖੇਤਰ ਦੇ ਵਿੱਦਿਅਕ ਸੰਸਥਾਨਾਂ ਨੂੰ ਬੰਦ ਕਰਨ ਲਈ ਮੁਜ਼ਾਹਰੇ ਆਯੋਜਤ ਕੀਤੇ ਜਾਂਦੇ ਹਨ ਅਤੇ ਵਿਰੋਧੀ ਧਿਰ ਦੇ ਆਗੂਆਂ ਦਾ ਮੂੰਹ ਬੰਦ ਕਰਨ ਲਈ ਉਹਨਾਂ ਨੂੰ ਹਿੰਦੂ-ਵਿਰੋਧੀ ਹੋਣ ਅਤੇ ਦੇਸ਼-ਧਰੋਹ ਦੇ ਖਿਤਾਬ ਦਿੱਤੇ ਜਾ ਰਹੇ ਹਨ।
ਪਿਛਲੇ ਤਿੰਨ ਸਾਲਾਂ ‘ਚ ਹਾਕਮ ਪਾਰਟੀ ਅਤੇ ਇਸ ਦੇ ਸਾਥੀਆਂ ਨੇ ਆਪਣੇ ਦੋ ਹਰਮਨ-ਪਿਆਰੇ ਸਮਾਜੀ ਰਾਜਸੀ ਪ੍ਰੋਗਰਾਮਾਂ; ਲਵ ਜਿਹਾਦ (ਰੋਮਿਓ ਜਿਹਾਦ) ਅਤੇ ਗਊ ਰੱਖਿਆ ਨੂੰ ਪਹਿਲ ਦਿੱਤੀ ਹੋਈ ਹੈ, ਜਿਨ੍ਹਾਂ ਦਾ ਮੰਤਵ ਭੀੜਾਂ ਇਕੱਠੀਆਂ ਕਰ ਕੇ ਮੌਕੇ ਉੱਤੇ ਹੀ ‘ਇਨਸਾਫ’ ਦੇਣਾ  ਹੁੰਦਾ ਹੈ।
ਸੰਗਠਿਤ ਸਜੱਗ (ਵਿਜੀਲੈਂਟ) ਗਰੁੱਪਾਂ ਨੇ ਹਿੰਦੂ ਭੈਣਾਂ ਦੇ ਮੁਸਲਮਾਨ ਲੜਕਿਆਂ ਤੋਂ ਬਚਾਓ ਅਤੇ ਗਊਆਂ ਦੀ ਮੁਸਲਿਮ ਵਪਾਰੀਆਂ ਤੋਂ ਰੱਖਿਆ ਦੇ ਨਾਮ ਉੱਤੇ ਦੇਸ਼ ਦੇ ਬਹੁਤੇ ਹਿੱਸਿਆਂ, ਖ਼ਾਸ ਕਰ ਕੇ ਭਾਜਪਾ ਸ਼ਾਸਤ ਰਾਜਾਂ ਵਿੱਚ ਦਹਿਸ਼ਤ ਫੈਲਾਈ ਹੋਈ ਹੈ।
ਸੰਘ ਪਰਵਾਰ ਨੇ ਖੁੱਲ੍ਹੇਆਮ ਮੁਹਿੰਮ ਛੇੜੀ ਹੋਈ ਹੈ ਕਿ ਇਸਲਾਮੀ ਗਰੁੱਪਾਂ, ਜਿਹੜੇ ਮੁਸਲਿਮ ਮੁੰਡਿਆਂ ਨੂੰ ਹਿੰਦੂ ਕੁੜੀਆਂ ਨਾਲ ਵਿਆਹ ਲਈ ਅਤੇ ਇਸਲਾਮ ਕਬੂਲ ਕਰਾਉਣ ਲਈ ਪ੍ਰੇਰਿਤ ਕਰਦੇ ਹਨ, ਨੂੰ ਨਿਖੇੜਿਆ ਜਾਵੇ। ਲਵ ਜਿਹਾਦ ਮੁਹਿੰਮ ਅਸੁਰੱਖਿਅਤ ਹਿੰਦੂਆਂ ਨੂੰ ਮੁਸਲਿਮ ਲੋਕਾਂ ਤੋਂ ਬਚਾਉਣ ਲਈ ਵਿੱਢੀ ਗਈ ਹੈ, ਤਾਂ ਕਿ ਉਹਨਾਂ ਦੇ ਮਨਾਂ ‘ਚ ਸਜੱਗ ਗਰੁੱਪਾਂ ਦੇ ਇਨਸਾਫ ਦੀ ਗੰਢ ਪੀਡੀ ਕੀਤੀ ਜਾ ਸਕੇ।
ਮਈ 2017 ਦੇ ਸ਼ੁਰੂ ਵਿੱਚ ਇੱਕ ਬਜ਼ੁਰਗ ਮੁਸਲਮਾਨ ਕਿਸਾਨ ਗ਼ੁਲਾਮ ਮੁਹੰਮਦ ਦੀ ਹੱਤਿਆ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੇ ਸਜੱਗ ਗਰੁੱਪ ਦੇ ਮੈਂਬਰਾਂ ਵੱਲੋਂ ਇਸ ਕਰ ਕੇ ਕਰ ਦਿੱਤੀ ਗਈ ਕਿ ਉਹਨਾਂ ਨੂੰ ਸ਼ੱਕ ਸੀ ਕਿ ਉਸ ਨੇ ਕਿਸੇ ਹੋਰ ਮੁਸਲਮਾਨ ਦੀ ਗੰਢ-ਤੁਪ ਕਿਸੇ ਹਿੰਦੂ ਲੜਕੀ ਨਾਲ ਕੀਤੀ/ਕਰਵਾਈ ਸੀ। ਇਹ ਕੱਟੜਪੰਥੀ ਹਿੰਦੂ ਸਜੱਗ ਗਰੁੱਪ ਹਿੰਦੂ ਯੁਵਾ ਵਾਹਿਨੀ ਹੈ, ਜਿਸ ਦਾ ਸੰਸਥਾਪਕ ਕੋਈ ਹੋਰ ਨਹੀਂ, ਉੱਤਰ ਪ੍ਰਦੇਸ਼ ਦਾ ਮੌਜੂਦਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਹੈ।
ਹਿੰਦੂ ਯੁਵਾ ਵਾਹਿਨੀ 2002 ਵਿੱਚ ਬਣਾਈ ਗਈ ਸੀ, ਪਰੰਤੂ ਇਸ ਵੱਲੋਂ ਉਹਨਾਂ ਮੁਸਲਮਾਨਾਂ, ਜਿਨ੍ਹਾਂ ਦੇ ਹਿੰਦੂ ਔਰਤਾਂ ਨਾਲ ਸੰਬੰਧ ਸਨ ਜਾਂ ਹਨ, ‘ਤੇ ਹਮਲੇ ਉਦੋਂ ਤੋਂ ਤਿੱਖੇ ਹੋਣੇ ਸ਼ੁਰੂ ਹੋਏ ਹਨ, ਜਦੋਂ ਤੋਂ ਯੋਗੀ ਆਦਿੱਤਿਆਨਾਥ ਯੂ ਪੀ ਦਾ ਮੁੱਖ ਮੰਤਰੀ ਬਣਿਆ ਹੈ।
ਇਸ ਗਰੁੱਪ ਵੱਲੋਂ ਪਬਲਿਕ ਸਥਾਨਾਂ ਅਤੇ ਪਾਰਕਾਂ ‘ਚ ਹੀ ਨਹੀਂ, ਸਗੋਂ ਐਂਟੀ ਰੋਮਿਓ ਮੁਹਿੰਮ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਗਿਆ ਹੈ। ਆਦਿੱਤਿਆਨਾਥ ਵਰਗੇ, ਇੱਕ ਇਹੋ ਜਿਹੇ ਸਜੱਗ ਗਰੁੱਪ ਦੇ ਨੇਤਾ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਕੇ ਮੋਦੀ ਨੇ ਦੇਸ਼ ਨੂੰ ਇਹ ਸੰਕੇਤ ਦਿੱਤਾ ਹੈ ਕਿ ਮੋਦੀ ਸ਼ਾਸਨ ਇਹੋ ਜਿਹੇ ਗਰੁੱਪਾਂ ਨੂੰ ਸ਼ਾਬਾਸ਼ ਦਿੰਦਾ ਹੈ ਅਤੇ ਬਹੁ-ਗਿਣਤੀ ਭਾਈਚਾਰੇ ਦੇ ਇਹਨਾਂ ਸੰਗਠਤ ਗਰੁੱਪਾਂ ਨੂੰ ਉਤਸ਼ਾਹਿਤ ਕਰਦਾ ਹੈ।
ਬੀ ਜੇ ਪੀ ਸ਼ਾਸਤ ਹੋਰ ਪ੍ਰਦੇਸ਼; ਮੱਧ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਇਹੋ ਜਿਹੇ ਫ਼ਿਰਕੂ ਗਰੁੱਪਾਂ ਨੂੰ ਗਊ ਹੱਤਿਆ ਅਤੇ ਲਵ ਜਿਹਾਦ ਪ੍ਰੋਗਰਾਮ ਲਈ ਸ਼ਰੇਆਮ ਰਾਜਸੀ ਸਹਾਇਤਾ ਅਤੇ ਸਹਿਯੋਗ ਮਿਲਦਾ ਹੈ। ਖ਼ਾਸ ਤੌਰ ‘ਤੇ ਗਊ ਰੱਖਿਅਕਾਂ ਵੱਲੋਂ ਪੂਰੇ ਦੇਸ਼ ਵਿੱਚ ਇਹੋ ਜਿਹੇ ਦਹਿਸ਼ਤ ਫੈਲਾਉਣ ਵਾਲੇ ਗਰੁੱਪ ਗਊ ਰੱਖਿਆ ਦੇ ਨਾਮ ਉੱਤੇ ਸਰਗਰਮ ਹਨ।
ਉੱਪਰਲੀਆਂ ਜਾਤਾਂ ਦੇ ਹਿੰਦੂ ਰੱਖਿਅਕਾਂ ਦਾ ਸ਼ਿਕਾਰ ਆਮ ਤੌਰ ‘ਤੇ ਦਲਿਤ ਅਤੇ ਮੁਸਲਮਾਨ ਬਣ ਰਹੇ ਹਨ। 28 ਸਤੰਬਰ 2015 ਦੀ ਰਾਤ ਨੂੰ ਮੁਹੰਮਦ ਅਖਲਾਕ ਦੀ ਹੱਤਿਆ ਤੋਂ ਬਾਅਦ ਇਹਨਾਂ ਫ਼ਿਰਕੂ ਸਜੱਗ ਗਰੁੱਪਾਂ ਵੱਲੋਂ ਮੁਸਲਮਾਨਾਂ ਅਤੇ ਦਲਿਤਾਂ ਉੱਤੇ ਵੱਡੇ ਹਮਲਿਆਂ ਦੀਆਂ ਘਟਨਾਵਾਂ ਝਾਰਖੰਡ ਦੇ ਡੈਲਟੋਨਗੰਜ, ਗੁਜਰਾਤ ਦੇ ਊਨਾ, ਮੱਧ ਪ੍ਰਦੇਸ਼ ਦੇ ਮੰਦਸੌਰ, ਹਰਿਆਣਾ ਅਤੇ ਹੁਣੇ ਜਿਹੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਵਾਪਰੀਆਂ ਹਨ।
ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਹੱਤਿਆਵਾਂ ਦਾ ਇਹ ਲਗਾਤਾਰ ਘਟਨਾ-ਕਰਮ ਦੇਸ਼ ਵਿੱਚ ਅਮਨ-ਕਨੂੰਨ ਦੀ ਬਦਤਰ ਹਾਲਤ ਦਾ ਸਿੱਟਾ ਨਹੀਂ, ਸਗੋਂ ਇਸ ਪਿੱਛੇ ਰਾਜਸੀ ਪ੍ਰਵਾਨਗੀ ਛੁਪੀ ਹੋਈ ਹੈ। ਮੌਜੂਦਾ ਹਾਕਮਾਂ ਦੀ ਹਿੰਦੂਤੱਵੀ ਫਿਲਾਸਫੀ ਨੂੰ ਲਾਗੂ ਕਰਨ ਦੀ ਪ੍ਰਵਿਰਤੀ ਇਹੋ ਜਿਹੀਆਂ ਹੱਤਿਆਵਾਂ ਨੂੰ ਹਵਾ ਦੇਣ ਦਾ ਕਾਰਨ ਬਣ ਰਹੀ ਹੈ।
ਹਿੰਦੂਤੱਵੀ ਸਿਆਸਤਦਾਨਾਂ ਨੇ ਕਾਂਗਰਸ ‘ਤੇ ਦੋਸ਼ ਲਾਇਆ ਕਿ ਉਹ ਘੱਟ-ਗਿਣਤੀ ਭਾਈਚਾਰੇ ਦੀ ਲੋੜੋਂ ਵੱਧ ਤਰਫ਼ਦਾਰੀ ਕਰਦੀ ਹੈ। ਇਸੇ  ਪੈਂਤੜੇ ਨਾਲ ਉਨ੍ਹਾਂ ਨੇ ਸਿਆਸੀ ਤਾਕਤ ਹਥਿਆ ਲਈ। ਭਾਵੇਂ  ਕਾਂਗਰਸ ਦੇ ਘੱਟ-ਗਿਣਤੀ ਪੱਖੀ ਹੋਣ ਦੀ ਅਸਲੀਅਤ ਤੱਥਾਂ ਆਧਾਰਤ ਨਹੀਂ, ਕਿਉਂਕਿ ਦੇਸ਼ ਵਿੱਚ ਮੁਸਲਿਮ ਭਾਈਚਾਰੇ ਦੀ ਹਾਲਤ ਆਰਥਕ ਅਤੇ ਸਮਾਜਿਕ ਪੱਖੋਂ ਬਹੁਤ ਖ਼ਰਾਬ ਹੈ। ਇਸ ਦੇ ਬਾਵਜੂਦ ਹਿੰਦੂਤੱਵੀ ਸੋਚ ਰੱਖਣ ਵਾਲਿਆਂ ਨੂੰ ਉਹਨਾਂ ਦੀ ਆਜ਼ਾਦੀ ਅਤੇ ਮਿਲਦੇ ਅਧਿਕਾਰ ਪਸੰਦ ਨਹੀਂ ਅਤੇ ਉਹ ਉਹਨਾਂ ਉੱਤੇ ਹੁਣ ਪੂਰਾ ਕੰਟਰੋਲ ਕਰਨ ਦੀ ਲੋੜ ਸਮਝਦੇ ਹਨ। ਹਿੰਦੂਤੱਵੀ ਸਿਆਸਤ ਭੀੜਾਂ ਰਾਹੀਂ ਸਮਾਜਿਕ ਕੰਟਰੋਲ ਦੇ ਰਾਹ ਪਈ ਹੋਈ ਹੈ। ਭੀੜ ਵੱਲੋਂ ਹੱਤਿਆ ਕਰਨ ਨੂੰ ਅਪਰਾਧ ਨਹੀਂ ਸਮਝਿਆ ਜਾ ਰਿਹਾ, ਪਰੰਤੂ ਉੱਚ ਜਾਤੀ ਹਿੰਦੂਆਂ ਦੀ ਇਹਨਾਂ ਗਰੁੱਪਾਂ ਰਾਹੀਂ ਆਪਣੇ ਆਸ਼ਿਆਂ ਨੂੰ ਪੂਰਾ ਕਰਨ ਦੀ ਭਾਵਨਾ ਹੈ।
ਇਸ ਸੰਦਰਭ ਵਿੱਚ ਇਹ ਵੇਖਣਾ ਜ਼ਰੂਰੀ ਨਹੀਂ ਹੈ ਕਿ ਪੀੜਤ ਵਿਅਕਤੀ ਗੁਨਾਹਗਾਰ ਹੈ ਜਾਂ ਨਹੀਂ। ਹੱਤਿਆਵਾਂ ਦੇ ਇਸ ਸਿਲਸਿਲੇ ਪਿੱਛੇ ਵੱਡਾ ਸਿਆਸੀ ਮੰਤਵ ਛੁਪਿਆ ਹੋਇਆ ਹੈ। ਇਹ ਸਰਕਾਰ ਦਾ ਸੌੜੀ ਸੋਚ ਰਾਹੀਂ ਆਪਣੇ ਸਿਆਸੀ ਆਸ਼ਿਆਂ ਦੀ ਪ੍ਰਾਪਤੀ ਦਾ ਇੱਕ ਘਿਨਾਉਣਾ ਕਾਰਾ ਹੈ, ਜਿਸ ਵਿੱਚ  ਸਿੱਧਿਆਂ ਉਸ ਉੱਤੇ ਦੋਸ਼ ਮੜ੍ਹਿਆ ਨਹੀਂ ਜਾਂਦਾ। ਇਹੋ ਕਾਰਨ ਹੈ ਕਿ ਵੱਡਾ ਬੌਸ ਮੋਦੀ ਇਹਨਾਂ ਘਟਨਾਵਾਂ ਪ੍ਰਤੀ ਅਣਜਾਣਤਾ ਵਿਖਾਉਂਦਾ ਹੈ, ਜਦੋਂ ਕਿ ਦੇਸ਼ ਉਸ ਤੋਂ ਇਹੋ ਜਿਹੀਆਂ ਘਟਨਾਵਾਂ ਅਤੇ ਹਿੰਦੂਤੱਵੀ ਗਰੁੱਪਾਂ ਪ੍ਰਤੀ ਸਪੱਸ਼ਟਤਾ ਮੰਗਦਾ ਹੈ।
ਪਿਛਲੇ ਸਾਲ ਜਦੋਂ ਗਊ ਰੱਖਿਅਕਾਂ ਦੀਆਂ ਸਰਗਰਮੀਆਂ ਕਾਰਨ ਮੋਦੀ ਨੂੰ ਅੰਤਰ-ਰਾਸ਼ਟਰੀ ਦਬਾਅ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਨੇ ਨੰਗਾ-ਚਿੱਟਾ ਝੂਠ ਬੋਲਦਿਆਂ ਇਸ ਤੋਂ ਇਨਕਾਰ ਕਰ ਦਿੱਤਾ। ਸੰਘ ਪਰਵਾਰ ਅਤੇ ਉਸ ਦੇ ਕੁਝ ਸਮੱਰਥਕ ਸਮਾਜ ਵਿਗਿਆਨੀ ਇਹਨਾਂ ਘਟਨਾਵਾਂ ਨੂੰ ਇਨਸਾਫ ਦਾ ਤਕਾਜ਼ਾ ਅਤੇ ਅਪਰਾਧ ਕੰਟਰੋਲ ਦਾ ਦਰਜਾ ਦਿੰਦੇ ਹਨ ਅਤੇ ਹੁਣ ਵਾਲੀ ਨਿਆਂ ਪਾਲਿਕਾ ਦੀ ਲੇਟ ਲਤੀਫੀ ਅਤੇ ਗ਼ੈਰ-ਵਾਜਬ ਪਾਲਿਸੀਆਂ ਨੂੰ ਦੋਸ਼ ਦਿੰਦੇ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਫ਼ਰਤ ਫੈਲਾਉਣ ਵਾਲੀਆਂ ਤਸ਼ੱਦਦ ਭਰਪੂਰ ਕਾਰਵਾਈਆਂ ਹਿੰਦੂਤੱਵੀ ਸਿਆਸਤਦਾਨਾਂ ਵੱਲੋਂ ਆਯੋਜਤ ਅਤੇ ਉਤਸ਼ਾਹਿਤ ਕੀਤੀਆਂ ਜਾਂਦੀਆਂ ਹਨ।
ਇਥੇ ਹੀ ਬੱਸ ਨਹੀਂ, ਸੰਘ ਪਰਵਾਰ ਇਹਨਾਂ ਸਜੱਗ ਗਰੁੱਪਾਂ ਅਤੇ ਭੀੜਾਂ ਰਾਹੀਂ ਆਪਣਾ ਸਮਾਜਿਕ ਕੰਟਰੋਲ ਵਧਾਉਣ ਦੇ ਰਾਹ ਪਿਆ ਹੋਇਆ ਹੈ, ਤਾਂ ਕਿ ਉੱਚ ਜਾਤੀ ਹਿੰਦੂਆਂ ਦਾ ਦੇਸ਼ ਵਿੱਚ ਹੱਥ ਉੱਤੇ ਰਹੇ।
ਪੰਜਾਬੀ ਰੂਪ : ਗੁਰਮੀਤ

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …