-16.5 C
Toronto
Sunday, February 8, 2026
spot_img
Homeਨਜ਼ਰੀਆਅੰਮਾਂ ਵਾਲਾ ਘਰ

ਅੰਮਾਂ ਵਾਲਾ ਘਰ

ਸ਼ਵਿੰਦਰ ਕੌਰ
76260-63593
ਘਰ ਤਾਂ ਉਸ ਵਿੱਚ ਵਸਣ ਵਾਲੇ ਪਰਿਵਾਰਾਂ ਨਾਲ ਬਣਦੇ ਹਨ। ਬਸ਼ਿੰਦਿਆਂ ਬਿਨਾਂ ਤਾਂ ਇੱਟਾਂ, ਗਾਰੇ, ਸੀਮਿੰਟ ਨਾਲ ਬਣਿਆ ਢਾਂਚਾ, ਦਿਲ ਤੋਂ ਬਗੈਰ ਹੱਡੀਆਂ ਦਾ ਪਿੰਜਰ ਵਾਂਗ ਹੀ ਹੁੰਦਾ ਹੈ। ਸਾਡੇ ਘਰ ਵਿੱਚ ਰਹਿਣ ਵਾਲਾ ਸਾਡਾ ਖਾਸਾ ਵੱਡਾ ਟੱਬਰ ਸੀ। ਜਿੱਥੇ ਸਾਰਾ ਦਿਨ ਰੌਲਾ ਰੱਪਾ ਪੈਂਦਾ ਰਹਿੰਦਾ। ਇਸ ਦੇ ਉਲਟ ਸਾਡੇ ਨਾਲ ਵਾਲਾ ਘਰ ਜਿਸ ਨੂੰ ਅੰਮਾ ਵਾਲਾ ਘਰ ਕਹਿੰਦੇ ਸੀ ਬਿਲਕੁਲ ਸੁੰਨ ਮੁਸੁੰਨਾ ਸੀ। ਜਿਸ ਦਿਨ ਦੀ ਮੈਂ ਸੁਰਤ ਸੰਭਾਲੀ ਸੀ ਉਸ ਦਿਨ ਤੋਂ ਲੈ ਕੇ ਮੈਂ ਉਸ ਘਰ ਵਿੱਚ ਕੋਈ ਵੱਸਦਾ ਨਹੀਂ ਦੇਖਿਆ ਸੀ। ਘਰ ਕੀ ਸੀ? ਮਗਰ ਇੱਕ ਡਿੱਗੂ ਡਿੱਗੂ ਕਰਦੀ ਵੱਡੀ ਸਬਾਤ ਤੇ ਅੱਗੇ ਸਾਰਾ ਖਾਲੀ ਵਿਹੜਾ।
ਮੇਰੇ ਬਾਲ ਮਨ ਵਿੱਚ ਜਗਿਆਸਾ ਜਾਗਦੀ। ਇਸ ਘਰ ਵਿੱਚ ਕੋਈ ਰਹਿੰਦਾ ਕਿਉਂ ਨਹੀਂ? ਇਸ ਘਰ ਨੂੰ ਅੰਮਾਂ ਵਾਲਾ ਘਰ ਕਿਉਂ ਕਹਿੰਦੇ ਹਨ? ਮੈਂ ਆਪਣੀ ਮਾਂ ਦੁਆਲੇ ਹੋ ਜਾਂਦੀ ਅਤੇ ਉਸ ਨੂੰ ਸਵਾਲ-ਦਰ-ਸਵਾਲ ਕਰੀਂ ਜਾਂਦੀ ਕਿ ਇਸ ਘਰ ਵਿੱਚ ਕੋਈ ਰਹਿੰਦਾ ਕਿਉਂ ਨਹੀ। ਘਰ ਵਾਲੇ ਕਿਧਰ ਗਏ? ਪਰ ਮੇਰੀ ਮਾਂ ਕੋਲ ਮੇਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ। ਉਹ ਇਹ ਕਹਿ ਕੇ ਗੱਲ ਮੁਕਾ ਦਿੰਦੀ, ”ਪੁੱਤ ਜਿਸ ਦਿਨ ਦੀ ਮੈਂ ਇਸ ਘਰ ਵਿੱਚ ਆਈ ਹਾਂ, ਮੈਂ ਤਾਂ ਆਪ ਇਸ ਨੂੰ ਇੰਜ ਹੀ ਸੁੰਨਾ ਪਿਆ ਦੇਖਦੀ ਆਈ ਹਾਂ। ਬਸ ਪਹਿਲਾਂ ਕੰਧ ਨਾਲ ਢਹਿ ਢੇਰੀ ਹੋ ਰਹੀਆਂ ਖੁਰਲੀਆਂ ਸਨ ਤੇ ਸਬਾਤ ਨਾਲ ਇੱਕ ਝਲਿਆਨੀ ਹੁੰਦੀ ਸੀ।
ਮਾਂ ਤੋਂ ਕੁਝ ਨਾ ਪੱਲੇ ਪੈਂਦਾ ਦੇਖ ਕੇ ਮੈਂ ਦਾਦੀ ਦੇ ਦੁਆਲੇ ਹੋ ਜਾਂਦੀ ਆਪਣਾ ਉਹੀ ਸਵਾਲ ਦਾਦੀ ਕੋਲ ਦੁਰਹਾ ਦਿੰਦੀ। ਦਾਦੀ ਮਾਂ ਕੁਝ ਬੋਲਣ ਤੋਂ ਪਹਿਲਾਂ ਗਮ-ਚ-ਭਿੱਜੇ ਹੌਕੇ ਭਰਦੀ। ਫਿਰ ਗਮਗੀਨ ਆਵਾਜ਼ ਮੈਨੂੰ ਦੱਸਣ ਲੱਗ ਪੈਂਦੀ, ”ਕਦੇ ਪੁੱਤ ਇਸ ਘਰ ਵਿੱਚ ਵੀ ਜ਼ਿੰਦਗੀ ਧੜਕਦੀ ਸੀ। ਖੂਬ ਰੌਣਕਾਂ ਹੁੰਦੀਆਂ ਸਨ। ਬੱਚਿਆਂ ਦੇ ਹਾਸੇ ਪਹਾੜੀ ਨਦੀ ਦੀ ਝੱਗ ਵਾਂਗੂੰ ਹਵਾ ਵਿੱਚ ਤੈਰਦੇ ਫਿਰਦੇ ਸਨ। ਬਲਦਾਂ ਦੇ ਗਲਾਂ ਵਿੱਚ ਪਾਈਆਂ ਟੱਲੀਆਂ ਛਣਕਦੀਆਂ ਸਨ। ਮੂੰਹ ਹਨੇਰੇ ਹੀ ਚਾਟੀ ਵਿੱਚ ਘੁੰਮਦੀ ਮੱਧਾਣੀ ਦੀ ਘੁਮਕਾਰ ਨਾਲ ਪਾਠ ਕਰਦੀ ਘਰ ਦੀ ਸਵਾਣੀ ਦੀ ਮਿੱਠੜੀ ਅਵਾਜ਼ ਘਰ ਦੀ ਫਿਜ਼ਾ ਨੂੰ ਸੰਗੀਤਮਈ ਬਣਾ ਦਿੰਦੀ ਸੀ। ਧਾਰ ਕੱਢਣ ਲਈ ਅੜਾਉਂਦੀਆਂ ਮੱਝਾਂ ਅਤੇ ਗਾਵਾਂ, ਮਾਲਕਣ ਨੂੰ ਬਾਕੀ ਧੰਦੇ ਵਿੱਚੇ ਛੱਡ ਆਪਣੇ ਕੋਲ ਆਉਣ ਲਈ ਮਜਬੂਰ ਕਰਦੀਆਂ ਸਨ।
ਬੜੀ ਕਾਮੀ ਔਰਤ ਸੀ ਭੋਲੀ । ਖੂਹ ਤੋਂ ਪਾਣੀ ਦੇ ਘੜੇ ਭਰ ਕੇ ਲਿਆਉਣੇ, ਪਸ਼ੂ ਡੰਗਰ ਦੀ ਸਾਂਭ-ਸੰਭਾਲ ਕਰਨੀ, ਖੇਤ ਰੋਟੀ ਦੇਣ ਜਾਣਾ ਗੱਲ ਕੀ ਸਾਰਾ ਦਿਨ ਊਰੀ ਵਾਂਗੂੰ ਘੁੰਮਦੀ ਰਹਿੰਦੀ ਸੀ। ਥਕੇਵਾਂ ਤਾਂ ਜਿਵੇਂ ਉਸ ਦੇ ਨੇੜੇ ਆਉਣ ਤੋਂ ਡਰਦਾ ਸੀ।
ਮੇਰੇ ਕੋਲੋਂ ਸਬਰ ਨਾ ਹੁੰਦਾ ਮੈਂ ਵਿਚੋਂ ਹੀ ਦਾਦੀ ਮਾਂ ਦੀ ਗੱਲ ਟੋਕ ਕੇ ਪੁੱਛਣ ਲੱਗ ਜਾਂਦੀ,”ਹੁਣ ਫਿਰ ਉਹ ਸਾਰੇ ਕਿੱਥੇ ਉਠ ਗਏ?”
ਜਾਣਾ ਕਿੱਥੇ ਸੀ ਪੁੱਤ। ਪਤਾ ਨਹੀਂ ਕੁਦਰਤ ਕਿਉਂ ਇਸ ਘਰ ‘ਤੇ ਕਰੋਪ ਹੋ ਗਈ। ਸਭ ਤੋਂ ਵੱਡਾ ਮੁੰਡਾ ਫੌਜ ਵਿੱਚ ਭਰਤੀ ਹੋ ਗਿਆ। ਅੱਗ ਲੱਗਣੀ ਪਹਿਲੀ ਸੰਸਾਰ ਜੰਗ ਲੱਗੀ ਹੋਈ ਸੀ। ਟ੍ਰੇਨਿੰਗ ਦੇ ਕੇ ਸਿੱਧਾ ਮਹਾਜ਼ ‘ਤੇ ਭੇਜ ਦਿੱਤਾ। ਅੰਗਰੇਜ਼ੀ ਹਕੂਮਤ ਵਲੋਂ ਬੁਰੀ ਤਰ੍ਹਾਂ ਫੱਟੜ ਹੋਣ ਤੇ ਕੱਲਕੱਤੇ ਦੇ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ ਗਿਆ। ਉਸ ਦਾ ਹਸਪਤਾਲ ਵਿੱਚ ਹੀ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲਿਆਂ ਜੂਝਾਰੂਆਂ ਨਾਲ ਮੇਲ ਹੋ ਗਿਆ। ਠੀਕ ਹੋਣ ‘ਤੇ ਘਰ ਵਾਪਿਸ ਆਉਣ ਦੀ ਥਾਂ ਉਨ੍ਹਾਂ ਦਾ ਸਾਥੀ ਬਣ ਨਿਵੇਕਲੇ ਰਾਹਾਂ ਦਾ ਪਾਂਧੀ ਬਣ ਤੁਰ ਪਿਆ।
ਮਗਰ ਦੋ ਧੀਆਂ ਤੇ ਇੱਕ ਪੁੱਤ ਉਸ ਘਰ ਦੇ ਵਿਹੜੇ ਦੀ ਰੌਣਕ ਸਨ। ਵਸਦੇ ਰਸਦੇ ਘਰ ਤੇ ਮਾੜੇ ਵਕਤ ਦਾ ਅਜਿਹਾ ਚੰਦਰਾਂ ਪਰਛਾਵਾਂ ਪਿਆ ਕਿ ਉਸ ਘਰ ਵਿੱਚ ਜਗਦੇ ਚਿਰਾਗਾਂ ਦੀ ਲੋਅ ਸਦਾ ਲਈ ਬੁੱਝ ਗਈ। ਪਹਿਲਾਂ ਮੁੰਡਾ ਅਤੇ ਫਿਰ ਦੋਨੋਂ ਕੁੜੀਆਂ ਨੂੰ, ਵਾਰੀ ਵਾਰੀ ਕੁਲਹਿਣੀ ਮੌਤ ਦੇ ਜ਼ਾਲਮ ਪੰਜੇ ਨੇ ਮਾਂ ਬਾਪ ਤੋਂ ਖੋਹ ਲਿਆ। ਹੋਣੀ ਦੀ ਮਾਰ ਨੇ ਘਰ ਦੇ ਚਾਨਣਾਂ ਨੂੰ ਨਿਗਲ ਕੇ, ਗੂੜ੍ਹੇ ਕਾਲੇ ਹਨ੍ਹੇਰੇ ਵਿੱਚ ਤਬਦੀਲ ਕਰ ਦਿੱਤਾ।
ਬੱਚਿਆਂ ਦੀ ਅਚਾਨਕ ਮੌਤ ਨੇ ਬਾਪ ਨੂੰ ਤੋੜ ਕੇ ਰੱਖ ਦਿੱਤਾ। ਉਹ ਐਨਾ ਵੱਡਾ ਸਦਮਾ ਨਾ ਸਹਿੰਦਾ ਹੋਇਆ ਆਪਣੀ ਹੋਸ਼ ਗਵਾ ਬੈਠਾ। ਛੇਤੀ ਹੀ ਬੱਚਿਆਂ ਦੇ ਮਗਰ ਹੀ ਇਸ ਜਹਾਨ ਤੋਂ ਰੁਖ਼ਸਤ ਹੋ ਗਿਆ। ਮਗਰ ਰਹਿ ਗਈ ਇਕਲਾਪਾ ਭੋਗਣ ਨੂੰ ਇਕੱਲੀ ਭੋਲੀ। ਪਹਿਲਾਂ ਵੱਡੇ ਮੁੰਡੇ ਦੇ ਘਰੇਂ ਵਾਪਸ ਨਾ ਆਉਣ ਦਾ ਦੁੱਖ, ਫਿਰ ਉਸ ਤੋਂ ਛੋਟੇ ਦੇ ਭਰ ਜਵਾਨੀ ਵਿਚ ਤੁਰ ਜਾਣ ਦਾ ਦੁੱਖ, ਆਖਰ ਨੂੰ ਬਚਪਨ ਵਿੱਚ ਹੀ ਦੋਨਾਂ ਧੀਆਂ ਦੀ ਮੌਤ। ਇੱਕ ਮਗਰੋਂ ਦੂਜਾ ਫਿਰ ਤੀਜਾ ਚੌਥਾ ਹਾਦਸੇ ਉਸ ਨੂੰ ਉਮਰ ਭਰ ਤੋੜਦੇ ਰਹੇ ਤੇ ਉਹ ਟੁਕੜੇ-ਟੁਕੜੇ ਜ਼ਿੰਦਗੀ ਨੂੰ ਆਪਣੇ ਹੱਠ ਨਾਲ ਜੋੜਨ ਦਾ ਉਪਰਾਲਾ ਕਰਦੀ ਰਹੀ ਪਰ ਕੁਦਰਤ ਉਸ ਉੱਤੇ ਫਿਰ ਵੀ ਮਿਹਰਬਾਨ ਨਾ ਹੋਈ।
ਉਸ ਨੂੰ ਆਪਣਾ ਆਪ ਵੀ ਸੁੰਨੇ, ਵੀਰਾਨ ਅਤੇ ਉੱਜੜੇ ਘਰ ਵਾਂਗ ਖਾਲੀ ਖਾਲੀ ਲੱਗਦਾ। ਚਾਰ ਚੁਫੇਰੇ ਪਸਰੀ ਚੁੱਪ ਤੱਕ ਕੇ ਉਸ ਨੂੰ ਡੋਬੂ ਪੈਂਦੇ। ਪਰ ਆਪਣੇ ਵੱਡੇ ਪੁੱਤ ਦੇ ਵਾਪਸ ਆਉਣ ਦੀ ਇੱਕੋ ਇੱਕ ਆਸ ਦੀ ਕਿਰਨ ਸੀ ਜੋ ਉਸ ਨੂੰ ਜਿਊਣ ਲਈ ਸਾਹ ਬਖਸ਼ਦੀ ਸੀ।
ਦਾਦੀ ਮਾਂ ਆਪਣੀ ਗੱਲ ਜ਼ਾਰੀ ਰੱਖਦੀ ਹੋਈ ਦੱਸੀ ਜਾ ਰਹੀ ਸੀ। ਭੋਲੀ ਜੋ ਮੇਰੀ ਜੇਠਾਣੀਆਂ ਦੇ ਥਾਂ ਲੱਗਦੀ ਸੀ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਸੀ। ਬਹੁਤ ਕੁਝ ਖਤਮ ਹੋ ਜਾਣ ਦੇ ਬਾਵਜੂਦ ਵੀ ਉਸ ਨੇ ਸਬਰ ਸੰਤੋਖ ਦਾ ਪੱਲਾ ਘੁੱਟ ਕੇ ਫੜੀ ਰੱਖਿਆ। ਆਪਣੇ ਅੰਦਰੋਂ ਵੱਡੇ ਪੁੱਤ ਦੇ ਵਾਪਸ ਆਉਣ ਦੀ ਆਸ ਨੂੰ ਖ਼ਤਮ ਨਾ ਹੋਣ ਦਿੱਤਾ। ਉਸ ਨੂੰ ਪਤਾ ਸੀ ਕਿ ਉਸ ਪੁੱਤ ਦੇਸ਼ ਦੀਆਂ ਗੁਲਾਮੀ ਦੀਆਂ ਜੰਜੀਰਾਂ ਕੱਟਣ ਲਈ ਜੂਝ ਰਿਹਾ ਹੈ ਅਤੇ ਉਹ ਲਗਾਤਾਰ ਜੇਲ੍ਹਾਂ ਦਾ ਬਸ਼ਿੰਦਾ ਬਣਿਆ ਹੋਇਆ ਹੈ ਇਸ ਲਈ ਘਰ ਨਹੀਂ ਆ ਰਿਹਾ। ਪਰ ਉਸ ਨੂੰ ਆਸ ਸੀ ਕਿ ਕਦੇ ਤਾਂ ਆਵੇਗਾ ਹੀ।
ਜਿਉਂਦੇ ਜੀਅ ਪੁੱਤ ਨੂੰ ਦੇਖਣ, ਮਿਲਣ, ਉਸ ਦਾ ਘਰ ਵੱਸਦਾ ਦੇਖਣ ਦੀ ਚਾਹਤ ਜਿਸ ਨੇ ਉਸ ਦੇ ਦਿਲ ਦੀ ਧੜਕਣ ਨੂੰ ਚੱਲਦੀ ਰੱਖਿਆ ਹੋਇਆ ਸੀ ਨੂੰ ਪੂਰਾ ਹੁੰਦਾ ਦੇਖਣ ਲਈ ਉਹ ਲਗਾਤਾਰ ਸੱਤ ਮੱਸਿਆ ਤੁਰ ਕੇ ਅੰਮ੍ਰਿਤਸਰ ਨਾਉਣ ਜਾਂਦੀ ਰਹੀ। ਸਾਡੇ ਵਿਚੋਂ ਕੋਈ ਨਾ ਕੋਈ ਉਸ ਦੇ ਨਾਲ ਜਾਂਦਾ। ਪੈਰ ਸੁੱਜ ਕੇ ਪਥੋਲੀਆਂ ਵਰਗੇ ਹੋ ਜਾਂਦੇ। ਆਖ਼ਰ ਇੱਕ ਦਿਨ ਸਾਰੇ ਦੁੱਖਾਂ ਤੋਂ ਛੁਟਕਾਰਾ ਪਾ ਕੇ, ਆਪਣੀ ਅਧੂਰੀ ਆਸ ਨੂੰ ਨਾਲ ਲੈ ਕੇ ਹੀ ਉਹ ਦੁਨੀਆਂ ਤੋਂ ਤੁਰ ਗਈ।
ਆਖਰੀ ਉਮਰ ਵਿੱਚ ਇਸ ਘਰ ਵਿੱਚ ਇਕੱਲੀ ਰਹਿੰਦੀ ਰਹੀ ਹੋਣ ਕਰ ਕੇ ਹੀ, ਇਸ ਨੂੰ ਸਾਰੇ ਅੰਮਾਂ ਵਾਲਾ ਘਰ ਕਹਿਣ ਲੱਗ ਪਏ ਸਨ। ਭੋਲੀ ਨੇ ਤਾਂ ਭਾਵੇਂ ਕੁਝ ਦੇਖਿਆ ਨਹੀਂ ਪਰ ਉਸ ਦੇ ਪੁੱਤ ਥੱਮਣ ਸਿਉਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਲਗਾਤਾਰ ਜੇਲ੍ਹਾਂ ਦੇ ਤਸੀਹੇ ਸਹਿ ਕੇ ਆਪਣੇ ਨਾਲ ਮਾਂ ਬਾਪ ਦਾ ਨਾਂ ਵੀ ਦੇਸ਼ ਲਈ ਕੁਰਬਾਨੀ ਕਰਨ ਵਾਲਿਆਂ ਦੇ ਇਤਿਹਾਸ ਵਿੱਚ ਲਿਖਾ ਦਿੱਤਾ।
ਪੰਦਰਾਂ ਅਗਸਤ ਨੂੰ ਪਝੰਤਰਵਾਂ ਆਜ਼ਾਦੀ ਦਿਹਾੜਾ ਸੀ। ਪਰ ਸਾਡੇ ਹਾਕਮਾਂ ਨੂੰ ਇਹ ਅਹਿਸਾਸ ਕਿੱਥੇ ਹੈ ਕਿ ਇਸ ਆਜ਼ਾਦੀ ਲਾੜੀ ਨੂੰ ਵਿਆਹੁਣ ਲਈ ਕਿੰਨੇ ਨੌਜਵਾਨਾਂ ਨੇ ਹੱਸ ਹੱਸ ਕੇ ਫਾਂਸੀ ਦੇ ਰੱਸੇ ਗਲਿਆਂ ਵਿੱਚ ਪਵਾਏ। ਆਜ਼ਾਦੀ ਦੇ ਪਰਵਾਨਿਆਂ ਦੇ ਪਰਿਵਾਰਾਂ ਨੂੰ ਕਿੰਨੀਆਂ ਮੁਸੀਬਤਾਂ ਵਿੱਚੋਂ ਦੀ ਲੰਘਣਾ ਪਿਆ। ਜੇਲ੍ਹਾਂ ਵਿੱਚ ਸੜਦੇ ਪੁੱਤਾਂ ਨੂੰ ਯਾਦ ਕਰਕੇ ਮਾਵਾਂ ਮੋਮਬੱਤੀ ਵਾਂਗ ਸੜਦੀਆਂ ਰਹੀਆਂ। ਬਹੁਤਿਆਂ ਦੇ ਘਰ ਘਾਟ, ਜ਼ਮੀਨਾਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ। ਆਉਂਦੀ ਆਉਂਦੀ ਆਜ਼ਾਦੀ ਲੱਖਾਂ ਪੰਜਾਬੀਆਂ ਦੇ ਖੂਨ ਨਾਲ ਰੰਗੀ ਗਈ।
ਅੱਜ ਸਾਨੂੰ ਇਹ ਵੀ ਨਿਰਖ ਪਰਖ ਕਰਨ ਦੀ ਲੋੜ ਹੈ ਕਿ ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਨੇ ਦੇਸ਼ ਨੂੰ ਜਿਹੋ ਜਿਹਾ ਬਣਾਉਣ ਦੇ ਸੁਪਨੇ ਲਏ ਸਨ ਕੀ ਉਹਨਾਂ ਦੇ ਸੁਪਨੇ ਸਾਕਾਰ ਹੋਏ ਹਨ? ਲੱਖਾਂ ਮਾਂ ਭੋਲੀ ਵਰਗੀਆਂ ਮਾਵਾਂ ਜੋ ਸਾਰੀ ਜ਼ਿੰਦਗੀ ਪੁੱਤਾਂ ਨੂੰ ਤੱਕਣ ਲਈ ਤਰਸਦੀਆਂ ਇਸ ਜਹਾਨ ਤੋਂ ਬੇਆਸੀਆਂ ਤੁਰ ਗਈਆਂ ਕਿਤੇ ਉਹਨਾਂ ਦੀ ਕੁਰਬਾਨੀ ਆਜਾਈਂ ਤਾਂ ਨਹੀਂ ਗਈ।

RELATED ARTICLES

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

POPULAR POSTS