Breaking News
Home / ਨਜ਼ਰੀਆ / ਕੀ ਯੋਗ ਦਾ ਪ੍ਰਚਾਰ ਯੋਗ ਲਈ ਹੋਇਆ

ਕੀ ਯੋਗ ਦਾ ਪ੍ਰਚਾਰ ਯੋਗ ਲਈ ਹੋਇਆ

ਹਰਦੇਵ ਸਿੰਘ ਧਾਲੀਵਾਲ
ਐਸ.ਐਸ.ਪੀ. (ਰਿਟਾ.)
ਯੋਗ ਬਾਰੇ ਕਿਹਾ ਜਾਂਦਾ ਹੈ ਕਿ ਪੁਰਾਣੇ ਸੰਤ ਮਹੰਤ ਜਾਂ ਹੋਰ ਹਿੰਦੂ ਪ੍ਰਚਾਰਕਾਂ ਨੇ ਇਹ ਖੋਜ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਕੀਤੀ, ਉਸ ਸਮੇਂ ਬਹੁਤੇ ਸੰਤ ਪਹਾੜਾਂ ਵਿੱਚ ਰਹਿੰਦੇ ਸਨ ਤੇ ਕਹਿੰਦੇ ਸਨ ਕਿ ਉਹ ਤਪ ਕਰ ਰਹੇ ਹਨ। ਉਨ੍ਹਾਂ ਤੇ ਮੌਸਮ ਦਾ ਬਹੁਤਾ ਅਸਰ ਨਹੀਂ ਸੀ ਹੁੰਦਾ। ਕੁੱਝ ਅਜਿਹੀਆਂ ਚੀਜ਼ਾਂ ਖਾਂਦੇ ਸਨ, ਜੋ ਮੌਸਮ ਦੇ ਅਨੁਕੂਲ ਹੋਣ। ਇਹ ਉਨ੍ਹਾਂ ਦੀ ਹੀ ਖੋਜ਼ ਸੀ। ਅੱਜ ਤੋਂ 30-40 ਸਾਲ ਪਹਿਲਾਂ ਪੰਜਾਬ ਵਿੱਚ ਜਟਾਂਧਾਰੀ ਸੰਤ ਆਮ ਦੇਖੇ ਜਾਂਦੇ ਸਨ, ਉਹ ਵੀ ਕਹਿੰਦੇ ਸੀ ਕਿ ਉਹ ਯੋਗ ਅਨੁਸਾਰ ਕਸਰਤ ਕਰਦੇ ਹਨ, ਸਰੀਰ ਤੇ ਸੁਆਹ ਮਲਦੇ, ਪਰ ਹੁਣ ਇਹ ਅਲੋਪ ਹੋ ਗਏ ਹਨ, ਕਿਉਂਕਿ ਲੋਕਾਂ ਨੂੰ ਪੁਰਾਣੇ ਸਾਧੂ ਸੰਤਾਂ ਵਿੱਚ ਬਹੁਤੀ ਸ਼ਰਧਾ ਨਹੀਂ ਰਹੀ। ਪੀ.ਟੀ.ਸੀ. ਫਿਲੌਰ ਵਿੱਚ ਅਪਰ ਦੀਆਂ ਕਲਾਸਾਂ ਲਈ 6 ਟੇਬਲ ਸਨ, ਉਨ੍ਹਾਂ ਵਿੱਚ 6-6 ਕਸਰਤ ਦੀਆਂ ਵਿਧੀਆਂ ਦੱਸੀਆਂ ਗਈਆਂ। ਉਹ ਕੁੱਝ ਵੱਡੀ ਉਮਰ ਦੇ ਉਮੀਦਵਾਰਾਂ ਲਈ ਬਣਾਏ ਗਏ ਸੀ। ਇਹ ਵੀ ਸਿਹਤ ਦੀ ਤੰਦਰੁਸਤੀ ਲਈ ਮਿਥੇ ਗਏ। ਪੁਰਾਣੇ ਨਿਹੰਗਾਂ ਵਿੱਚ ਗਤਕਾ ਚਾਲੂ ਸੀ, ਉਹ ਵੀ ਇੱਕ ਤਰ੍ਹਾਂ ਦੀ ਸਵੈ ਰੱਖਿਆ ਤੇ ਕਸਰਤ ਨਾਲ ਸਬੰਧਤ ਹੈ ਤੇ ਹੁਣ ਵੀ ਉਤਸ਼ਾਹਤ ਹੋ ਰਿਹਾ ਹੈ। ਪਿੰਡਾਂ ਵਿੱਚ ਜਵਾਨ ਦੰਡ ਬੈਠਕਾਂ ਕੱਢਦੇ ਸਨ, 40-50 ਸਾਲ ਪਹਿਲਾਂ ਸਰੀਰ ਦੇ ਮਸਲ ਬਣਾਉਣ ਦਾ ਇਹੀ ਸਾਧਨ ਸੀ। ਹੁਣ ਜਿੰਮ ਆ ਗਏ ਹਨ। ਕਸਰਤ ਉਮਰ ਤੇ ਖੁਰਾਕ ਅਨੁਸਾਰ ਹੀ ਹੁੰਦੀ ਸੀ। ਅੰਗਰੇਜ਼ੀ ਟੇਬਲ 30-35 ਸਾਲ ਤੋਂ ਵੱਧ ਉਮਰ ਲਈ ਹੀ ਬਣਾਏ ਗਏ।
9-10 ਸਾਲ ਹੋਏ, ਸ. ਅਰੁਣ ਪਾਲ ਸਿੰਘ ਆਈ.ਪੀ.ਐਸ.ਸੰਗਰੂਰ ਐਸ.ਅੇਸ.ਪੀ. ਸਨ। ਉਹ ਮਿਲਣ ਸਾਰ ਤੇ ਵਧੀਆ ਸੁਭਾ ਦੇ ਮਾਲਕ ਰਹੇ, ਉਨ੍ਹਾਂ ਨੇ ਮੈਨੂੰ ਤੇ ਗਿਆਨੀ ਗੁਰਬਚਨ ਸਿੰਘ ਨੂੰ ਯੋਗ ਕਰਨ ਲਈ ਉਤਸ਼ਾਹਤ ਕੀਤਾ। ਅਸੀਂ ਤਿਆਰ ਹੋ ਗਏ, ਇੱਕ ਸ਼ਾਮ ਨੂੰ ਪੁਲਿਸ ਲਾਈਨ ਵਿੱਚ ਇਹ ਹੋਇਆ, ਪਰ ਅਸੀਂ ‘ਓਮ’ ਤੇ ਸੂਰਜ ਨਮਸਕਾਰ ਕਹਿਣ ਤੇ ਇਤਰਾਜ ਕੀਤਾ, ਉਨ੍ਹਾਂ ਕਿਹਾ ਇਹ ਨਾ ਕਰੋ। ਯੋਗ ਦਾ ਸਿਖਲਾਈ ਅਧਿਆਪਕ ਰਾਮ ਨਿਵਾਸ ਕਹਿੰਦਾ ਸੀ ਕਿ ਇਹ ਜ਼ਰੂਰੀ ਹੈ। ਇਸ ਤੋਂ ਸਿੱਧ ਹੋਇਆ ਕਿ ਇਸ ਵਿੱਚ ਧਾਰਮਿਕ ਪ੍ਰੀਕ੍ਰਿਆ ਵੀ ਹੈ। ਇਸ ਲਈ ਕਿਸੇ ਨੂੰ ਮਜਬੂਰ ਕਰਨਾ ਠੀਕ ਨਹੀਂ। ਯੋਗ ਇੱਕ ਚੰਗੀ ਕਸਰਤ ਹੈ, ਕਸਰਤ ਦੇ ਹੋਰ ਵੀ ਸਾਧਨ ਹਨ। ਮੈਂ 76 ਸਾਲ ਦਾ ਹਾਂ ਮੌਸਮ ਤੇ ਸਰੀਰ ਦੀ ਇੱਛਾ ਅਨੁਸਾਰ ਕਦੇ-ਕਦੇ ਟੇਬਲ ਵੀ ਕਰਦਾ ਹਾਂ। ਬੀਮਾਰੀ ਸਮੇਂ ਡਾਕਟਰ ਸਾਹਿਬ ਦੀਆਂ ਸੇਵਾਵਾਂ ਕਦੇ-ਕਦਾਈ ਲੈਣੀਆਂ ਪੈਂਦੀਆਂ ਹਨ। ਅੱਜ ਦੇ ਯੁੱਗ ਵਿੱਚ ਹਰ ਸਰਕਾਰ ਕਹਿੰਦੀ ਹੈ ਕਿ ਬੱਚੇ ਦਾ ਜਨਮ ਹਸਪਤਾਲ ਵਿੱਚ ਕਰਵਾਇਆ ਜਾਏ। ਪਰ ਪੁਰਾਣੇ ਸਮਿਆਂ ਵਿੱਚ ਇਹ ਹਰ ਜਣੇਪੇ ਪੁਰਾਣੇ ਤੇ ਘਟੀਆ ਸਾਧਨਾਂ ਰਾਹੀਂ ਹੁੰਦੇ ਰਹੇ। ਅਮੀਰ ਵੱਡੇ ਜਨਮ ਘਰਾਂ ਵੱਲ ਵੇਖਦੇ ਹਨ। ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਯੋਗ ਦੀ ਗੱਲ ਯੂ.ਐਨ.ਓ. ਵਿੱਚ ਕਰਕੇ ਸਿਫਾਰਸ਼ ਕੀਤੀ, ਕਿ ਇਹ ਵਰਜਿਸ ਸਾਰੇ ਸੰਸ਼ਾਰ ਵਿੱਚ ਕਰਾਈ ਜਾ ਸਕਦੀ ਹੈ। 21 ਜੂਨ ਯੋਗ ਲਈ ਦਿਨ ਮਿਥਿਆ ਗਿਆ। ਅੰਗਰੇਜ਼ ਦੇਸ਼ ਹਰ ਨਵੀਂ ਗੱਲ ਅਪਣਾਉਣ ਤੋਂ ਝਿਜਕਦੇ ਨਹੀਂ, ਪਰ ਉਹ ਸੋਚਦੇ ਜ਼ਰੂਰ ਹਨ ਕਿ ਇਸ ਦੀ ਸਿਫਾਰਸ਼ ਕਿਉਂ ਕੀਤੀ ਜਾਂਦੀ ਹੈ। ਇੱਕ ਵਾਰੀ ਇਸਾਈਆਂ ਦੇ ਵੱਡੇ ਪਾਦਰੀ ਨੇ ਯੋਗ ਨੂੰ ਧਾਰਮਿਕ ਪ੍ਰੀਕ੍ਰਿਆ ਕਹਿ ਕੇ ਨਾ ਕਰਨ ਦੀ ਸਿਫਾਰਸ਼ ਕੀਤੀ ਸੀ। ਵੱਡੇ ਪੋਪ ਦੀ ਯੂਰਪ, ਅਮਰੀਕਾ, ਕਨੇਡਾ ਅਤੇ ਅਸਟ੍ਰੇਲੀਆ ਆਦਿ ਦੇਸ਼ਾਂ ਵਿੱਚ ਬਹੁਤ ਇੱਜਤ ਹੈ। ਸਾਡਾ ਮੀਡੀਆ ਆਰ.ਐਸ.ਐਸ. ਤੇ ਬੀ.ਜੇ.ਪੀ. ਨੇ ਜਕੜਿਆ ਹੋਇਆ ਹੈ। ਬਹੁਤ ਪ੍ਰਚਾਰ ਹੋਇਆ ਕਿ ਸਾਰੀ ਦੁਨੀਆਂ ਵਿੱਚ ਇਹ ਹੋ ਰਿਹਾ ਹੈ। ਭਾਰਤ ਵਰਸ ਇੱਕ ਧਰਮ ਨਿਰਪੱਖ ਦੇਸ਼ ਹੈ, ਹਰ ਇਨਸ਼ਾਨ ਨੂੰ ਆਪਣਾ ਧਰਮ ਮੰਨਣ ਤੇ ਚੱਲਣ ਦੀ ਖੁੱਲ੍ਹ ਹੈ। ਪਰ ਇਹ ਸਮਾਂ ਨਿਰਪੱਖ ਦੇਸ਼ ਵਿੱਚ ਸਰਕਾਰ ਦਾ ਕੰਮ ਨਹੀਂ ਕਿ ਉਹ ਕਿਸੇ ਧਾਰਮਿਕ ਗੱਲ ਨੂੰ ਸਰਕਾਰੀ ਸਾਧਨਾਂ ਰਾਹੀਂ ਪ੍ਰਚਾਰੇ। ਪੰਜਾਬ ਦੇ ਮੁੱਖ ਮੰਤਰੀ ਵੀ ਪਹੁੰਚੇ, ਧਾਰਮਿਕ ਤੌਰ ਤੇ ਮੈਨੂੰ ਪਤਾ ਨਹੀਂ ਕਿ ਉਹ ਯੋਗ ਕਰਦੇ ਹਨ, ਪਰ ਉਹ ਕਸਰਤ ਜ਼ਰੂਰ ਕਰਦੇ ਹਨ। ਸ਼ਾਇਦ ਉਹ ਪ੍ਰਧਾਨ ਮੰਤਰੀ ਨੂੰ ਖੁਸ਼ ਕਰਨ ਲਈ ਇਸ ਇਕੱਠ ਵਿੱਚ ਸ਼ਾਮਲ ਹੋਏ, ਕਿਉਂਕਿ ਉਨ੍ਹਾਂ ਨੇ ਪੰਜਾਬ ਦੇ ਕੁੱਝ ਮਸਲੇ ਹੱਲ ਕਰਵਾਉਣੇ ਸਨ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸ਼ਾਇਦ ਇਹ ਪ੍ਰੋਟੋਕੋਲ ਵੀ ਹੈ।
ਦੇਸ਼ ਦੀ ਸਰਕਾਰ ਨੇ ਯੋਗ ਦਿਵਸ ਨੂੰ ਸਰਕਾਰੀ ਸਨਮਾਨਾਂ ਨਾਲ ਮਨਾਇਆ ਤੇ ਅਗਲੇ ਸਾਲ ਤੋਂ ਯੋਗ ਸਬੰਧੀ ਇਨਾਮ ਦੇਣ ਦੀ ਗੱਲ ਵੀ ਆਖੀ। ਪ੍ਰਧਾਨ ਮੰਤਰੀ ਚੰਡੀਗੜ੍ਹ ਆਏ, 35 ਹਜ਼ਾਰ ਵਿਅਕਤੀ ਇਸ ਵਿੱਚ ਸ਼ਾਮਲ ਹੋਏ। ਉਨ੍ਹਾਂ ਲਈ ਗੱਦੇ, ਦਰੀਆਂ ਜਾਂ ਚਾਦਰਾਂ ਦਾ ਪ੍ਰਬੰਧ ਵੀ ਸਰਕਾਰੀ ਤੌਰ ਤੇ ਹੋਇਆ ਹੋਏਗਾ। ਹੋਰ ਖਰਚੇ ਵੀ ਹੋਏ ਹੋਣਗੇ। ਸਾਰੇ ਪੰਜਾਬ ਵਿੱਚ ਜਿਲ੍ਹਾ ਹੈਡ ਕੁਆਟਰਾਂ ਤੇ ਇਹ ਦਿਵਸ ਮਨਾਏ ਗਏ। ਬਠਿੰਡੇ ਵਿੱਚ ਬੀਬੀ ਹਰਸਿਮਰਤ ਕੌਰ ਨੇ ਯੋਗ ਕੀਤਾ ਤੇ ਕਰਾਇਆ। ਦੇਸ਼ ਦੀ ਹਰ ਰਾਜਧਾਨੀ ਵਿੱਚ ਕੇਂਦਰ ਦੇ ਵੱਡੇ ਵਜ਼ੀਰ ਖਾਸ ਤੌਰ ਤੇ ਗਏ, ਉਨ੍ਹਾਂ ਅਨੁਸਾਰ ਉਚੇਚੇ ਪ੍ਰਬੰਧ ਵੀ ਲੋੜੀਦੇ ਸਨ। ਜੋ ਕੀਤੇ ਗਏ ਹੋਣਗੇ। ਸਿੱਖ ਧਰਮ ਯੋਗ ਦੀ ਸਿਫਾਰਸ਼ ਨਹੀਂ ਕਰਦਾ। ਸਾਡੇ ਕਿਸੇ ਗੁਰੂ ਨੇ ਯੋਗ ਦੀ ਉਸਤਤ ਨਹੀਂ ਕੀਤੀ। ਸਮੇਰ ਪਰਬਤ, ਬਟਾਲੇ ਤੇ ਉੱਤਰ ਪ੍ਰਦੇਸ਼ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਯੋਗੀਆਂ ਨੂੰ ਵਿਚਾਰਾਂ ਰਾਹੀਂ ਸਿੱਧਾ ਰਾਹ ਦਿਖਾਇਆ। ਮੁਸਲਮਾਨ ਵੀ ਇਸ ਦੀ ਤਾਇਦ ਨਹੀਂ ਕਰਦੇ। ਸ੍ਰੀ ਅਟੱਲ ਬਿਹਾਰੀ ਵਾਜਪਾਈ ਤਕਰੀਬਨ 6 ਸਾਲ ਪ੍ਰਧਾਨ ਮੰਤਰੀ ਰਹੇ, ਪਰ ਉਨ੍ਹਾਂ ਨੇ ਅਜਿਹੀ ਕੋਈ ਗੱਲ ਨਹੀਂ ਕੀਤੀ। ਇਸ ਗੱਲ ਤੋਂ ਕੋਈ ਮੁਕਰ ਨਹੀਂ ਸਕਦਾ ਕਿ ਸਾਰੇ ਇਕੱਠਾਂ ਨੂੰ ਸਰਕਾਰੀ ਸਮਰਥਨ ਨਹੀਂ ਸੀ। ਬਿਹਾਰ ਨੇ ਇਸ ਦੀ ਵਿਰੋਧਤਾ ਕੀਤੀ ਤਾਂ ਨਤੀਸ਼ ਕੁਮਾਰ ਸਾਰਾ ਦਿਨ ਮੀਡੀਏ ਦੇ ਕਟਿਹੜੇ ਵਿੱਚ ਰਹੇ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਹ ਵਰਜਿਸ ਦਾ ਪੁਰਾਣਾ ਤਰੀਕਾ ਹੈ। ਜਿਸ ਦੀ ਸੰਤ ਰਾਮ ਦੇਵ ਆਦਿ ਪ੍ਰੋੜਤਾ ਕਰਦੇ ਹਨ। ਸਾਡੇ ਪੰਜਾਬ ਵਿੱਚ ਤੇ ਦੇਸ਼ ਵਿੱਚ ਕੈਂਸਰ ਤੇ ਹੋਰ ਬੀਮਾਰੀਆਂ ਬਹੁਤ ਹਨ, ਨਰਮਾ ਪੱਟੀ ਕੀ ਪੰਜਾਬ ਵਿੱਚ ਕਾਫੀ ਕੈਂਸਰ ਹੈ। ਸ਼੍ਰੋਮਣੀ ਕਮੇਟੀ ਕੈਂਸਰ ਦੇ ਮਰੀਜਾਂ ਲਈ ਆਪਣੇ ਵੱਲੋਂ ਰਕਮ ਜਾਰੀ ਕਰਦੀ ਹੈ। ਸਰਕਾਰ ਅਜਿਹੇ ਹਸਪਤਾਲਾਂ ਦਾ ਪ੍ਰਬੰਧ ਕਰ ਰਹੀ ਹੈ, ਜਿੱਥੇ ਕੈਂਸਰ ਤੇ ਹੋਰ ਭੈਅ-ਭੀਤ ਬੀਮਾਰੀਆਂ ਦਾ ਇਲਾਜ ਹੋ ਸਕੇ। ਅੱਜ ਤੱਕ ਬੀਕਾਨੇਰ ਵਿੱਚ ਕੈਂਸਰ ਦਾ ਵੱਡਾ ਹਸਪਤਾਲ ਹੈ। ਕਹਿੰਦੇ ਹਨ ਕਿ ਇਲਾਜ ਦੀਆਂ ਬਹੁਤ ਸਹੂਲਤਾਂ ਹਨ। ਬਠਿੰਡੇ ਤੋਂ ਇੱਕ ਟਰੇਨ ਬੀਕਾਨੇਰ ਜਾਂਦੀ ਹੈ, ਜਿਸ ਨੂੰ ਕੈਂਸਰ ਟਰੇਨ ਹੀ ਕਿਹਾ ਜਾਂਦਾ ਹੈ। ਲੋੜ ਹੈ ਖੋਜ਼ ਦੀ ਜਿਹੜੇ ਕੈਂਸਰ ਤੇ ਹੋਰ ਬੀਮਾਰੀਆਂ ਦੇ ਕਾਰਨ ਹਨ। ਯੋਗ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਵਰਜਿਸ ਤਾਂ ਹੈ ਕਈ ਸੰਸਥਾਵਾਂ ਸਿਖਾਉਂਦੀਆਂ ਵੀ ਹਨ। ਇਹ ਕਿਹਾ ਜਾਂਦਾ ਹੈ ਕਿ ਕਿਸੇ ਯੋਗ ਵਿਅਕਤੀ ਦੀ ਸਰਪਰਸਤੀ ਹੇਠ ਹੀ ਕੀਤਾ ਜਾਏ।
ਸ਼ਿਵ ਸੈਨਾ ਦੀ ਗੱਲ ਠੀਕ ਹੈ, ਕਿ ਯੋਗ ਨਾਲ ਮਹਿੰਗਾਈ ਦੂਰ ਨਹੀਂ ਹੋਣੀ, ਸਚਾਈ ਤਾਂ ਇਹ ਹੈ ਦੇਸ਼ ਬਹੁਤ ਸਮੱਸਿਆਵਾਂ ਝੀਲ ਰਿਹਾ ਹੈ। ਉਨ੍ਹਾਂ ਵਿੱਚ ਇਹਦਾ ਕੋਈ ਲਾਭ ਨਹੀਂ। ਭਾਰਤ ਵਰਸ ਇੱਕ ਸਰਵ ਧਰਮ ਦੇਸ਼ ਹੈ ਇਸ ਦੀ ਸਰਕਾਰ ਵੋਟਾਂ ਵਿੱਚ ਵੱਡੀ ਨੁਮਾਇੰਦਗੀ ਨਾਲ ਆਈ ਹੈ। ਹਰ ਧਰਮ ਦੇ ਲੋਕਾਂ ਨੇ ਵੋਟਾਂ ਪਾਈਆਂ ਹਨ। ਸਰਕਾਰ ਦਾ ਫਰਜ਼ ਹੈ ਕਿ ਸਮੁੱਚੇ ਦੇਸ਼ ਦੀ ਪ੍ਰਗਤੀ ਤੇ ਤਰੱਕੀ ਲਈ ਨਿਰਪੱਖ ਕੋਸਿਸ ਕਰੇ, ਪਰ ਦੇਸ਼ ਦੀ ਸਰਕਾਰ ਨਿਰਪੱਖ ਤੇ ਉੱਚੀ ਸੋਚ ਰੱਖੇ। ਆਰ.ਐਸ.ਐਸ. ਤੋਂ ਬਿਨਾਂ ਚੰਗੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ। ਯੋਗ ਤੋਂ ਬਿਨਾਂ ਕਸਰਤ ਦੀਆਂ ਹੋਰ ਬਹੁਤ ਵਿਧੀਆਂ ਹਨ। ਸਰਕਾਰ ਨਿਰਪੱਖ ਰਹੇ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …