ਕੁਦਰਤ ‘ਤੇ ਕਾਬਜ਼ ਹੋਣ ਦੀ ਲਾਲਸਾ ਮਨੁੱਖੀ ਜੀਵਨ ਦੇ ਪਤਨ ਦਾ ਕਾਰਨ : ਡਾ. ਡੀ.ਪੀ. ਸਿੰਘ
ਮੁਲਾਕਾਤ ਕਰਤਾ
ਸ਼੍ਰੀਮਤੀ ਮਨਦੀਪ ਕੌਰ ਖੋਖਰ, ਹੁਸ਼ਿਆਰਪੁਰ
ਮਨਦੀਪ ਖੋਖਰ : ਡਾ. ਸਾਹਿਬ !ਤੁਸੀਂ ਆਪਣੇ ਪਿਛੋਕੜ ਬਾਰੇ ਦੱਸੋ ਅਤੇ ਇਹ ਵੀ ਜਾਣਕਾਰੀ ਦਿਉ ਕਿ ਪੇਸ਼ੇ ਵਜੋਂ ਕਿਸ ਖੇਤਰ ਵਿਚ ਸੇਵਾ ਨਿਭਾਈ ।ઠ
ਡਾ. ਸਿੰਘ : ਮੇਰਾ ਜਨਮ ਸੰਨ 1956 ਦੌਰਾਨ, ਭਾਰਤ ਦੇ ਸੂਬੇ ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਵਿਖੇ ਸ. ਅਰਜਨ ਸਿੰਘ ਅਤੇ ਮਾਤਾ ਪ੍ਰਕਾਸ਼ ਕੌਰ ਦੇ ਪਰਿਵਾਰ ਵਿਚ ਹੋਇਆ। ਮੁੱਢਲੀ ਵਿਦਿਆ ਸਰਕਾਰੀ ਹਾਈ ਸਕੂਲ, ਬੀਰਮਪੁਰ ਤੋਂ ਪ੍ਰਾਪਤ ਕੀਤੀ। ਸੰਨ 1976 ਵਿਚ ਸਰਕਾਰੀ ਕਾਲਜ, ਟਾਂਡਾ ਉੜਮੁੜ ਤੋਂ ਬੀ. ਐਸ ਸੀ. ਦੀ ਡਿਗਰੀ ਪ੍ਰਾਪਤ ਕੀਤੀ। ਉਪਰੰਤ ਸੰਨ 1978 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਫਿਜ਼ਿਕਸ ਵਿਸ਼ੇ ਵਿਚ ਐਮ. ਐਸ ਸੀ. ਦੀ ਡਿਗਰੀ ਹਾਸਿਲ ਕੀਤੀ।ઠ
ਉਸੇ ਸਾਲ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਚੰਡੀਗੜ੍ਹ ਵਿਖੇ ਫਿਜ਼ਿਕਸ ਵਿਸ਼ੇ ਦੇ ਅਧਿਆਪਕ ਵਜੋਂ ਸੇਵਾ ਸੰਭਾਲੀ। ਫਿਰ ਸਮੇਂ ਦੇ ਬੀਤਣ ਨਾਲ ਖਾਲਸਾ ਕਾਲਜ, ਅੰਮ੍ਰਿਤਸਰ, ਅਤੇ ਸ਼ਿਵਾਲਿਕ ਕਾਲਜ ਨੰਗਲ ਵਿਖੇ ਵੀ ਸੇਵਾ ਨਿਭਾਈ। ਇਸੇ ਕਾਲ ਦੌਰਾਨ ਸੰਨ 1986 ਵਿਚ ਭੌਤਿਕ ਵਿਗਿਆਨ ਵਿਸ਼ੇ ਵਿਚ ਖੋਜ ਕਾਰਜਾਂ ਸਬੰਧਤ ਸੇਵਾਵਾਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀ. ਐਚ ਡੀ. ਦੀ ਡਿਗਰੀ ਵੀ ਪ੍ਰਾਪਤ ਹੋਈ। ਸ਼ਿਵਾਲਿਕ ਕਾਲਜ ਨੰਗਲ ਦੇ ਸਰਕਾਰੀਕਰਣ ਤੋਂ ਬਾਅਦ ਪੰਜਾਬ ਦੇ ਹੋਰ ਸਰਕਾਰੀ ਕਾਲਜਾਂ ਵਿਚ ਵੀ ਅਧਿਆਪਨ ਕਾਰਜ ਕਰਨ ਦਾ ਮੌਕਾ ਮਿਲਿਆ। ਇਸ ਤਰ੍ਹਾਂ ਭਾਰਤ ਵਿਖੇ ਸੰਨ 2008 ਤਕ ਲਗਭਗ 30 ਸਾਲ ਭੌਤਿਕ ਵਿਗਿਆਨ ਵਿਸ਼ੇ ਸਬੰਧਤ ਅਧਿਆਪਨ ਤੇ ਖੋਜ ਕਾਰਜ ਕੀਤੇ। ਇਸੇ ਕਾਲ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਥਾਪਰ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਦੀਆਂ ਸੈਨੇਟ ਸਭਾਵਾਂ ਅਤੇ ਬੋਰਡ ਆਫ਼ ਸਟੱਡੀਜ਼ ਦੇ ਮੈਂਬਰ ਵਜੋਂ ਸੇਵਾ ਨਿਭਾਉਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ।ઠ
ਉਪਰੋਕਤ ਸੇਵਾ-ਕਾਲ ਦੌਰਾਨ, ਦੇਸ਼-ਵਿਦੇਸ਼ ਵਿਚ, ਫਿਜ਼ਿਕਸ ਵਿਸ਼ੇ ਦੇ ਖੋਜ ਕਾਰਜਾਂ ਸਬੰਧਤ ਅਨੇਕ ਕਾਨਫਰੰਸਾਂ ਵਿਚ ਭਾਗ ਲੈਣ ਦਾ ਮੌਕਾ ਵੀ ਮਿਲਿਆ। ਇਸੇ ਸਬੰਧ ਵਿਚ ਸੰਨ 1987 ਵਿਚ ਲੰਡਨ (ਇੰਗਲੈਂਡ), 1988 ਵਿਚ ਸ਼ੰਘਾਈ (ਚੀਨ), 1988 ਵਿਚ ਹਾਂਗਕਾਂਗ ਅਤੇ 2006 ਐਡਮਿੰਨਟਨ (ਕੈਨੇਡਾ) ਦੀ ਯਾਤਰਾ ਵੀ ਕੀਤੀ।
ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਕਾਨਫਰੰਸਾਂ/ਸੈਮੀਨਾਰਾਂ ਦੀ ਪ੍ਰਧਾਨਗੀ ਦਾ ਮਾਣ ਵੀ ਪ੍ਰਾਪਤ ਹੋਇਆ। ਹੁਣ ਤੱਕ ਮੈਂ ਫਿਜ਼ਿਕਸ ਵਿਸ਼ੇ ਨਾਲ ਸਬੰਧਤ ਲਗਭਗ 70 ਖੋਜ ਪੱਤਰ ਲਿਖ ਚੁੱਕਾ ਹਾਂ ਜੋ ਅਮਰੀਕਾ, ਇੰਗਲੈਂਡ, ਜਰਮਨੀ, ਕੈਨੇਡਾ, ਚੀਨ ਤੇ ਭਾਰਤ ਦੀਆਂ ਪ੍ਰਮੁੱਖ ਖੋਜ ਪਤ੍ਰਿਕਾਵਾਂ ਵਿਚ ਛਪੇ ਹਨ। ਇਸੇ ਕਾਲ ਦੌਰਾਨ ਦੇਸ਼-ਵਿਦੇਸ ਵਿਚ ਵਿਸ਼ੇਸ਼ ਸੱਦੇ ਉੱਤੇ ਲੈਕਚਰ ਦੇਣ ਦਾ ਮਾਣ ਵੀ ਪ੍ਰਾਪਤ ਹੋਇਆ। ਅਮਰੀਕਾ, ਕੈਨੇਡਾ, ਚੀਨ ਤੇ ਭਾਰਤ ਦੀਆਂ ਫਿਜ਼ਿਕਸ ਵਿਸ਼ੇ ਨਾਲ ਸਬੰਧਤ ਪ੍ਰਸਿਧ ਖੋਜ ਪਤ੍ਰਿਕਾਵਾਂ ਦਾ ਰਿਵਿਊ ਪੈਨਲ ਮੈਂਬਰ ਵੀ ਰਹਿ ਚੁੱਕਾ ਹਾਂ ਅਤੇ ਭਾਰਤ ਤੇ ਕੈਨੇਡਾ ਦੀਆਂ ਵਿਗਿਆਨ ਅਤੇ ਅਧਿਆਪਨ ਸੰਬੰਧਤ ઠ6 ਪ੍ਰਮੁੱਖ ਸੰਸਥਾਵਾਂ ਦਾ ਲਾਈਫ਼ ਮੈਂਬਰ ਹਾਂ।ઠ
ਸੰਨ 2008 ਤੋਂ ਟੋਰਾਂਟੋ (ਕੈਨੇਡਾ) ਵਿਖੇ ਸੈਕੰਡਰੀ ਅਤੇ ਡਿਗਰੀ ਪੱਧਰ ਉੱਤੇ ਅਧਿਆਪਨ ਕਾਰਜਾਂ ਵਿਚ ਕਾਰਜ਼ਸ਼ੀਲ ਹਾਂ। ਵਿੱਦਿਆ ਪ੍ਰਦਾਨ ਕਾਰਜਾਂ ਸਬੰਧਤ, ਸੰਨ 2013 ਵਿਚ ਮੈਂ ਕੈਂਬਰਿਜ ਲਰਨਿੰਗ ਸੰਸਥਾ ਦੀ ਸਥਾਪਨਾ ਕੀਤੀ ਜਿਸ ਦੇ ਬਾਨੀ ਡਾਇਰੈਕਟਰ ਵਜੋਂ ਮੈਂ ਅੱਜ ਵੀ ਅਧਿਆਪਨ ਕਾਰਜਾਂ ਨਾਲ ਜੁੜਿਆ ਹੋਇਆ ਹਾਂ।ઠ
ਮਨਦੀਪ ਖੋਖਰ : ਆਪਣੇ ਸਾਹਿਤਕ ਸਫ਼ਰ ਬਾਰੇ ਥੋੜ੍ਹੀ ਜਾਣਕਾਰੀ ਦਿਉ?
ਡਾ. ਸਿੰਘ : ਘਰ ਵਿਚ ਸਾਹਿਤਕ ਕਿਤਾਬਾਂ ਤੇ ਮੈਗਜੀਨਾਂ ਦੇ ਪੜ੍ਹਨ ਦਾ ਮਾਹੌਲ ਸੀ। ਜਿਸ ਕਾਰਨ ਸਾਹਿਤਕ ਪਠਣ ਕਾਰਜਾਂ ਦੀ ਲਗਨ ਬਚਪਨ ਤੋਂ ਹੀ ਲਗ ਗਈ । ਸਕੂਲੀ ਪੜ੍ਹਾਈ ਦੌਰਾਨ ਵੀ ਅਧਿਆਪਕਾਂ ਨੇ ਅਜਿਹੇ ਕਾਰਜਾਂ ਵਿਚ ਉਤਸ਼ਾਹਿਤ ਕੀਤਾ। ਜਿਸ ਕਾਰਨ ਪੰਜਾਬੀ ਦੇ ਪ੍ਰਮੁੱਖ ਲੇਖਕਾਂ ਖਾਸਕਰ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਕਰਤਾਰ ਸਿੰਘ ਦੁੱਗਲ, ਅੰਮ੍ਰਿਤਾ ਪ੍ਰੀਤਮ, ਸ਼ਿਵ ਬਟਾਲਵੀ, ਭਾਈ ਵੀਰ ਸਿੰਘ, ਸੋਹਣ ਸਿੰਘ ਸੀਤਲ, ਦਲੀਪ ਕੌਰ ਟਿਵਾਣਾ ਅਤੇ ਅਜੀਤ ਕੌਰ ਆਦਿ ਨੂੰ ਪੜ੍ਹਨ ਦਾ ਮੌਕਾ ਮਿਲਿਆ। ਹਿੰਦੀ ਦੇ ਪ੍ਰਮੁੱਖ ਲੇਖਕਾਂ ਜਿਵੇਂ ਕਿ ਮੁਨਸ਼ੀ ਪ੍ਰੇਮ ਚੰਦ, ਕ੍ਰਿਸ਼ਨਾ ਸੋਬਤੀ, ਸਆਦਤ ਹਸਨ ਮੰਟੋ, ਆਦਿ ਵੀ ਪੜ੍ਹੇ। ਕਾਲੀਦਾਸ, ਰਾਵਿੰਦਰ ਨਾਥ ਟੈਗੋਰ ਤੇ ਸ਼ਰਤ ਚੰਦਰ ਚਟੋਪਾਧਿਆਇ ਆਦਿ ਦੀਆਂ ਰਚਨਾਵਾਂ ਦਾ ਹਿੰਦੀ ਰੂਪਾਂਤਰਣ ਵੀ ਪੜ੍ਹਿਆ।
ਸਕੂਲੀ ਦਿਨਾਂ ਵਿਚ ਸਾਹਿਤਕ ਲੇਖ ਮੁਕਾਬਲਿਆਂ ਵਿਚ ਭਾਗ ਲੈਣ ਕਰਕੇ ਸਾਹਿਤਕ ਲਿਖਣ ਕਾਰਜਾਂ ਵਿਚ ਵੀ ਰੁਚੀ ਪੈਦਾ ਹੋ ਗਈ। ਸਰਕਾਰੀ ਕਾਲਜ, ਟਾਂਡਾ ਉੜਮੁੜ ਵਿਖੇ ਪੜ੍ਹਾਈ ਦੌਰਾਨ, ਮੇਰੀ ਪਹਿਲੀ ਰਚਨਾ – ”ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਜੀਵਨ ਤੇ ਰਚਨਾ” ਕਾਲਜ ਦੇ ਮੈਗਜ਼ੀਨ ઠ”ਤਾਰਿਕਾ ਮੰਡਲ” ਵਿਚ ਸੰਨ 1975 ਦੌਰਾਨ ਛਪੀ। ਉਪਰੰਤ ਸੰਨ 1988 ਤੋਂ ਮੇਰੀਆਂ ਰਚਨਾਵਾਂ, ਨਿਯਮਿਤ ਰੂਪ ਵਿਚ, ਪੰਜਾਬੀ ਦੇ ਵਿਭਿੰਨ ਮੈਗਜ਼ੀਨਾਂ ਤੇ ਅਖਬਾਰਾਂ ਵਿਚ ਛਪਣੀਆਂ ਸੁਰੂ ਹੋ ਗਈਆਂ ਸਨ। ਸਮੇਂ ਨਾਲ ਮੇਰੀਆਂ ਅਨੇਕ ਰਚਨਾਵਾਂ ਪੰਜਾਬੀ ਦੇ ਪ੍ਰਮੁੱਖ ਅਖਬਾਰਾਂ ਖਾਸ ਕਰ ‘ਅਜੀਤ’, ‘ਪੰਜਾਬੀ ਟ੍ਰਿਬਿਊਨ’, ‘ਨਵਾਂ ਜ਼ਮਾਨਾ’, ‘ਦੇਸ਼ ਸੇਵਕ’, ‘ਜਗਬਾਣੀ’ ਅਤੇ ‘ਚੜ੍ਹਦੀ ਕਲਾ’ ਦਾ ਸ਼ਿੰਗਾਰ ਬਣੀਆਂ। ਵਿਦੇਸ਼ਾਂ ਵਿਚ ਮੇਰੀਆਂ ਰਚਨਾਵਾਂ ‘ਇੰਡੋ-ਕਨੈਡੀਅਨ ਟਾਇਮਜ਼’, ‘ਡੇਲੀ ਪੰਜਾਬੀ’, ‘ਪਰਵਾਸੀ ਵੀਕਲੀ’ ਤੇ ‘ਪੰਜਾਬ ਟਾਇਮਜ਼’ ਆਦਿ ਅਖਬਾਰਾਂ ਵਿਚ ਵੀ ਛਪੀਆਂ ਤੇ ਹੁਣ ਵੀ ਛਪਦੀਆਂ ਰਹਿੰਦੀਆਂ ਹਨ। ਇੰਝ ਹੀ ਮੇਰੀਆਂ ਰਚਨਾਵਾਂ ਪੰਜਾਬੀ ਦੇ ਜਾਣੇ-ਪਛਾਣੇ ਮੈਗਜ਼ੀਨਾਂ ਜਿਵੇਂ ਕਿ ‘ਜਾਗ੍ਰਿਤੀ’, ‘ਜਨ-ਸਾਹਿਤ’, ‘ਪ੍ਰੀਤ ਲੜੀ’, ‘ਤਸਵੀਰ’, ‘ਮਹਿਰਮ’, ‘ਵਿਗਿਆਨ ਦੇ ਨਕਸ਼’, ‘ਯੋਜਨਾ’ (ਪੰਜਾਬੀ), ‘ਤਰਕਸ਼ੀਲ’, ‘ਸਿੱਖ ਫੁੱਲਵਾੜੀ’, ‘ਸਾਡਾ ਵਿਰਸਾ-ਸਾਡਾ ਗੋਰਵ’, ‘ਗੁਰਮਤਿ ਪ੍ਰਕਾਸ਼’, ‘ਪੰਖੜੀਆਂ’, ‘ਪ੍ਰਾਇਮਰੀ ਸਿੱਖਿਆ’, ‘ਬਾਲ-ਸੰਦੇਸ਼’, ‘ਅਲੜ੍ਹ-ਬਲੜ੍ਹ’, ਅਤੇ ‘ਨਿੱਕੀਆਂ ਕਰੂਬਲਾਂ’ ਆਦਿ ਵਿਚ ਛਪੀਆਂ ਹਨ। ਹੁਣ ਤਕ ਛਪੀਆਂ ਇਨ੍ਹਾਂ ਰਚਨਾਵਾਂ ਦੀ ਕੁੱਲ ઠਗਿਣਤੀ ਲਗਭਗ 900 ਹੈ। ઠ
ਪਾਕਿਸਤਾਨ ਤੋਂ ਛਪ ਰਹੇ ਬਾਲ ਸਾਹਿਤ ਮੈਗਜ਼ੀਨ ”ਪੰਖੇਰੂ” ਵਿਚ ਵੀ ਮੇਰੀਆਂ ਹੁਣ ਤੱਕ ਦੋ ਦਰਜਨ ਰਚਨਾਵਾਂ ਛਪੀਆਂ ਹਨ। ਮੇਰੀਆਂ ਲਗਭਗ ਡੇਢ ਦਰਜਨ ਲੇਖ/ਕਹਾਣੀਆਂ ਵਿਭਿੰਨ ਵਿਦਵਾਨਾਂ ਵਲੋਂ ਸੰਪਾਦਿਤ ਕੀਤੀਆਂ ਕਿਤਾਬਾਂ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ। ਮੇਰੇ ਦੁਆਰਾ ਲਿਖਤ ਲਗਭਗ 25 ਐਂਟਰੀਜ਼ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ ”ਚਿਲਡਰਨ ਇੰਨਸਾਕਿਲੋਪੀਡੀਆ” ਵਿਚ ਸ਼ਾਮਿਲ ਕੀਤੀਆਂ ਗਈਆਂ ਹਨ। ਲਗਭਗ 50 ਰਚਨਾਵਾਂ ਹਿੰਦੀ ਦੇ ਪ੍ਰਕਾਸ਼ਨਾ ਖਾਸ ਕਰ ‘ਅਜੀਤ ਸਮਾਚਾਰ’ ਅਖਬਾਰ, ‘ਜਾਗ੍ਰਿਤੀ’ (ਹਿੰਦੀ) ਮੈਗਜ਼ੀਨ ઠਤੇ ‘ਸ਼ਿਵਾਲਿਕ ਪੱਤ੍ਰਿਕਾ’ ਵੀਕਲੀ ਵਿਚ ਵੀ ਛਪ ਚੁੱਕੀਆਂ ਹਨ। ਮੇਰੀਆਂ 25 ਕੁ ਰਚਨਾਵਾਂ ਅੰਗਰੇਜ਼ੀ ਦੇ ਅਖਬਾਰਾਂ ‘ਦਾ ਟ੍ਰਿਬਿਊਨ’, ‘ਇੰਡੀਅਨ ਐਕਸਪ੍ਰੈਸ’ ਅਤੇ ‘ਇੰਪਲਾਇਮੈਂਟ ਨਿਊਜ਼ ਵੀਕਲੀ’ ਵਿਚ ਵੀ ਸਮੇਂ-ਸਮੇਂ ਛਪਦੀਆਂ ਰਹੀਆਂ ਹਨ। ਇਸ ਤੋਂ ਇਲਾਵਾ ਮੇਰੀਆਂ 150 ਕੁ ਰਚਨਾਵਾਂ ਅੰਗਰੇਜ਼ੀ ਦੇ ਮੈਗਜੀਨਾਂ ਖਾਸ ਕਰ ਸਾਇੰਸ ਰਿਪੋਰਟਰ, ਸਾਇੰਸ ਇੰਡੀਆ, ਇੰਨਵੈਂਨਸ਼ਨ ਇੰਨਟੈਲੀਜੈਂਸ, ਯੂਨੀਅਰ ਸਾਇੰਸ ਡਾਇਜੈਸਟ, ਐਡਵਾਂਸ, ਅਲਾਇਵ, ਵੋਮੈਨ ਇਰਾ, ਆਇਡੈਂਟਿਟੀ, ਦਾ ਸਿੱਖ ਰੀਵਿਊ, ਦਾ ਸਿੱਖ ਬੂਲੈਟਿਨ, ਅੰਡਰਸਟੈਂਡਿੰਗ ਸਿੱਖਇਜ਼ਮ, ਅਤੇ ਯੋਜਨਾ (ਅੰਗਰੇਜ਼ੀ) ਵਿਚ ਵੀ ਛਪ ਚੁੱਕੀਆਂ ਹਨ।ઠ
ਮੈਂ, ਵਿਗਿਆਨ, ਧਰਮ ਅਤੇ ਵਾਤਾਵਰਣੀ ਵਿਸ਼ਿਆਂ ਸਬੰਧਤ, ਹੁਣ ਤਕ 21 ਕਿਤਾਬਾਂ ਦੀ ਰਚਨਾ ਕਰ ਚੁੱਕਾ ਹਾਂ। ਜਿਨ੍ਹਾਂ ਵਿਚ ਮੌਲਿਕ ਕਿਤਾਬਾਂ ਤੋਂ ਇਲਾਵਾ ਸੰਪਾਦਿਤ ਅਤੇ ਅਨੁਵਾਦਿਤ ਕਿਤਾਬਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿਚੋਂ 10 ਕਿਤਾਬਾਂ ਆਮ ਪਾਠਕਾਂ ਲਈ, ਤੇ ਸੱਤ ਕਿਤਾਬਾਂ ਬੱਚਿਆਂ ਲਈ ਲਿਖੀਆਂ ਗਈਆਂ ਹਨ ਅਤੇ ਚਾਰ ਕਿਤਾਬਾਂ ਅਨੁਵਾਦਿਤ ਕੀਤੀਆਂ ਗਈਆਂ ਹਨ। ਇਹ ਕਿਤਾਬਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਚੰਡੀਗੜ੍ਹ, ਨੈਸ਼ਨਲ ਬੁੱਕ ਟਰੱਸਟ, ਦਿੱਲੀ ਅਤੇ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵਲੋਂ ਛਾਪੀਆਂ ਗਈਆਂ ਹਨ। ਪੰਜਾਬੀ ਦੇ ਕਈ ਵਿਦਵਾਨਾਂ ਦੀਆਂ ਕਿਤਾਬਾਂ ਦਾ ਮੁੱਖਬੰਧ ਲਿਖਣ ਦਾ ਅਤੇ ਲਗਭਗ 15 ਵਿਦਵਾਨਾਂ ਦੀਆਂ ਕਿਤਾਬਾਂ ਦਾ ਰਿਵੀਊ ਕਰਨ ਦਾ ਵੀ ਮਾਣ ਹਾਸਿਲ ਹੋਇਆ ਹੈ। ਨੰਗਲ, ਰੋਪੜ ਦੀ ‘ਅੱਖਰ’ ਸਾਹਿਤ ਸੰਸਥਾ ਦਾ ਬਾਨੀ ਪ੍ਰਧਾਨ ਰਿਹਾ ਹਾਂ ਅਤੇ ‘ਪੰਜਾਬ ਵਿਗਿਆਨ ਸਾਹਿਤ ਸਭਾ’ ਦਾ ਬਾਨੀ ਜਨਰਲ ਸਕੱਤਰ ਰਹਿ ਚੁੱਕਾ ਹਾਂ।ઠ
ਮੇਰੀਆਂ ਪੁਸਤਕਾਂ ਅਤੇ ਲੇਖਣ ਕਾਰਜਾਂ ਸਬੰਧਤ ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਪੰਜਾਬੀ ਸੱਥ ਜਲੰਧਰ, ਸਾਰੰਗ ਸੰਸਥਾ, ਚੰਡੀਗੜ੍ਹ, ਪੀਸ ਆਨ ਅਰਥ ਸੰਸੰਥਾ, ਕੈਨੇਡਾ ਅਤੇ ਅਨੇਕ ਹੋਰ ਸਾਹਿਤਕ ਸੰਸਥਾਵਾਂ ਵਲੋਂ ਮੈਨੂੰ ਦੇਸ਼-ਵਿਦੇਸ਼ ਵਿਚ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।ઠ
ਮਨਦੀਪ ਖੋਖਰ : ਤੁਸੀਂ ਕਿਹੜੀਆਂ ਕਿਹੜੀਆਂ ਵਿਧਾਵਾਂ ਵਿਚ ਲਿਖਿਆ?
ਡਾ. ਸਿੰਘ : ਮੈਂ ਸ਼ੁਰੂ ਵਿਚ ਵਾਰਤਕ ਵਿਧਾ ਉੱਤੇ ਹੱਥ-ਅਜ਼ਮਾਈ ਕੀਤੀ। ਮੇਰੀਆਂ ਬਹੁਤੀਆਂ ਕਿਤਾਬਾਂ ਇਸੇ ਵਿਧੀ ਵਿਚ ਹਨ। ਇਸ ਖੇਤਰ ਵਿਚ ਯੋਗਦਾਨ ਲਈ ਸੰਨ 1994 ਵਿਚ ਸਾਰੰਗ ਸੰਸਥਾ, ਚੰਡੀਗੜ੍ਹ ਵਲੋਂ ਮੈਨੂੰ, ਫਿਜ਼ਿਕਸ ਵਿਸ਼ੇ ਦੇ ਨੋਬਲ ਇਨਾਮ ਜੇਤੂ ਭਾਰਤੀ ਵਿਗਿਆਨੀ ‘ਸੀ. ਵੀ. ਰਮਨ’ ਦੇ ਜੀਵਨ ਉੱਤੇ ਪੰਜਾਬੀ ਭਾਸ਼ਾ ਵਿਚ ਪੁਸਤਕ ਲਿਖਣ ਲਈ ‘ਹੈਨੀਬਲ ਸਾਹਿਤ ਰਤਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਸੰਨ 2000 ਵਿਚ, ਮੇਰੀ ਵਾਰਤਕ ਕਿਤਾਬ ‘ਵਿਗਿਆਨ ਪ੍ਰਾਪਤੀਆਂ ਅਤੇ ਮਸਲੇ’ ਲਈ, ਭਾਸ਼ਾ ਵਿਭਾਗ ਪੰਜਾਬ ਵਲੋਂ ਮੈਨੂੰ ‘ਡਾ. ਐਮ.ਐਸ.ਰੰਧਾਵਾ ਗਿਆਨ ਸਾਹਿਤ ਪੁਰਸਕਾਰ’ ਦੇ ਕੇ ਸਨਮਾਨਿਤ ਕੀਤਾ ਗਿਆ।ઠ
ਫਿਰ ਸਮੇਂ ਨਾਲ ਕਹਾਣੀ ਰਚਨਾ ਕਾਰਜਾਂ ਵੱਲ ਦਿਲਚਸਪੀ ਹੋ ਗਈ। ਬਾਲਾਂ ਲਈ ਕਹਾਣੀ ਵਿਧਾ ਰਾਹੀਂ ਵਿਗਿਆਨ ਦਾ ਗਿਆਨ ਪ੍ਰਸਾਰ ਕਰਨ ਦੇ ਯਤਨ ਕੀਤੇ ਹਨ। ਮੇਰੀਆਂ ਇਸ ਵਿਧਾ ਵਿਚ ਰਚੀਆਂ ਦੋ ਪੁਸਤਕਾਂ ‘ਸਤਰੰਗ’ ਅਤੇ ‘ਰੋਬਟ, ਮਨੁੱਖ ਅਤੇ ਕੁਦਰਤ’ ਨੂੰ ਕ੍ਰਮਵਾਰ ਸੰਨ 1991, ਅਤੇ ਸੰਨ 1997 ਵਿਚ ਭਾਸ਼ਾ ਵਿਭਾਗ ਪੰਜਾਬ ਵਲੋਂ ઠਦੋ ਵਾਰ ‘ਸਰਵੋਤਮ ਬਾਲ ਸਾਹਿਤ ਪੁਸਤਕ ਪੁਰਸਕਾਰ’ ਪ੍ਰਦਾਨ ਕੀਤਾ ਗਿਆ ਹੈ।ઠ
ਉਪਰੰਤ ਮੈਂ ਵਿਗਿਆਨ ਅਤੇ ਧਾਰਮਿਕ ਵਿਸ਼ਿਆਂ ਸਬੰਧਤ ਕਵਿਤਾਵਾਂ ਵੀ ਲਿਖੀਆਂ ਹਨ। ਪਿਛਲੇ ਦਿਨੀ ਪੰਜਾਬੀ ਵਿਚ ਬਾਲ-ਨਾਟਕਾਂ ਦੇ ਖੇਤਰ ਵਿਚ ਵੀ ਹੱਥ-ਅਜਮਾਈ ਕੀਤੀ ਹੈ। ਇਸ ਖੇਤਰ ਵਿਚ ਮੇਰੇ 12 ਨਾਟਕ, ਪਰਵਾਸੀ ਵੀਕਲੀ ਅਖਬਾਰ, ਕੈਨੇਡਾ, ਜਾਗਰਣ (ਪੰਜਾਬੀ), ਜਲੰਧਰ, ਤੇ ਪੰਖੜੀਆਂ ਮੈਗਜ਼ੀਨ, ਮੁਹਾਲੀ ਵਿਚ ਛਪੇ ਹਨ। ਇਹ ਨਾਟਕ, ਸ਼ਾਹਮੁਖੀ ਲਿਪੀ ਵਿਚ ਪਕਿਸਤਾਨ ਤੋਂ ਛੱਪਦੇ ਬਾਲ ਸਾਹਿਤ ਮੈਗਜ਼ੀਨ ‘ਪੰਖੇਰੂ’ ਵਿਚ, 2017-18 ਦੌਰਾਨ ਲਗਾਤਾਰ ਛੱਪਦੇ ਰਹੇ ਹਨ।ઠ
ਮਨਦੀਪ ਖੋਖਰ : ਸਮਕਾਲ ਵਿਚ ਨਿਬੰਧਾਂ ਦਾ ਕੀ ਯੋਗਦਾਨ ਹੈ?ઠ
ਡਾ. ਸਿੰਘ : ਸਾਹਿਤ ਲੇਖਣ ਕਾਰਜਾਂ ਦੀ ਸੱਭ ਤੋਂ ਸੌਖੀ ਵਿਧਾ ਨਿਬੰਧ ਰਚਨਾ ਹੀ ਹੈ। ਜੋ ਕਿਸੇ ਵੀ ਵਿਸ਼ੇ ਸਬੰਧਤ ਤੱਥਾਂ ਦਾ ਵਰਨਣ ਹੀ ਹੁੰਦਾ ਹੈ। ਇਸ ਵਿਧਾ ਵਿਚ ਲੇਖਕ ਦੀ ਸਿਰਜਣਾਤਮਕਤਾ (creativity) ਦਾ ਪੱਖ ਕਹਾਣੀ, ਕਵਿਤਾ, ਨਾਟਕ ਜਾਂ ਨਾਵਲ ਆਦਿ ਦੇ ਰਚਨਾ ਕਾਰਜਾਂ ਨਾਲੋਂ ਕਾਫ਼ੀ ਘੱਟ ਹੁੰਦਾ ਹੈ। ਪਰ ਨਿਬੰਧ ਲੇਖਣ, ਗਿਆਨ ਵਿਗਿਆਨ ਪਸਾਰ ਕਾਰਜਾਂ ਲਈ ਕਾਫ਼ੀ ਲਾਹੇਵੰਦ ਵਿਧਾ ਹੈ। ਅਖਬਾਰਾਂ ਤੇ ਮੈਗਜੀਨ ਅਕਸਰ ਇਹੋ ਵਿਧਾ ਦੀ ਹੀ ਵਰਤੋਂ ਕਰਦੇ ਹਨ। ਖੋਜ ਕਾਰਜਾਂ ਦੀ ਰਿਪੋਰਟ ਤਿਆਰੀ ਸਮੇਂ ਵੀ, ਰਿਪੋਰਟ ਦੇ ਭਿੰਨ-ਭਿੰਨ ਭਾਗਾਂ ਦੇ ਰਚਣ ਕਾਰਜਾਂ ਲਈ ਅਕਸਰ ਇਸੇ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ। ਇੰਟਰਨੈੱਟ ਅਤੇ ਹੋਰ ਇਲੈੱਕਟ੍ਰਾਨਿਕ ਮੀਡੀਆ ਵੀ ਇਸ ਵਿਧੀ ਦੀ ਵਰਤੋਂ ਬਹੁਤ ਹੀ ਸੁਚਾਰੂ ਢੰਗ ਨਾਲ ਕਰ ਰਿਹਾ ਹੈ। ਅੱਜ ਕੱਲ੍ਹ ਲਘੂ ਨਿਬੰਧ ਲਿਖਣ ਦਾ ਰੁਝਾਣ ਵੀ ਪ੍ਰਚਲਿਤ ਹੋ ਚੁੱਕਾ ਹੈ।
ਮਨਦੀਪ ਖੋਖਰ : ਸਮਕਾਲੀ ਸਾਹਿਤਕ ਰਚਨਾਵਾਂ ਬਾਰੇ ਤੁਹਾਡੇ ਕੀ ਵਿਚਾਰ ਹਨ?
ਡਾ. ਸਿੰਘ : ਸਮਕਾਲੀ ਸਮੇਂ ਦੌਰਾਨ ਪੰਜਾਬੀ ਸਾਹਿਤ ਵਿਚ ਸਮਾਜਿਕ, ਆਰਥਿਕ, ਰਾਜਨੀਤਕ, ਵਿਗਿਆਨਕ, ਤਕਨੀਕੀ, ਵਾਤਾਵਰਣੀ, ਧਾਰਮਿਕ ਤੇ ਸਭਿਆਚਾਰਕ ਵਿਸ਼ਿਆਂ ਸਬੰਧਤ ਬਹੁਤ ਹੀ ਸਾਰਥਕ ਯਤਨ ਕੀਤੇ ਜਾ ਰਹੇ ਹਨ। ਵਾਰਤਕ, ਕਹਾਣੀ, ਕਵਿਤਾ, ਗੀਤ, ਗਜ਼ਲ, ਨਾਟਕ, ਅਤੇ ਨਾਵਲ ਦੇ ਮਾਧਿਅਮਾਂ ਦੀ ਸੁਯੋਗ ਵਰਤੋਂ ਕੀਤੀ ਜਾ ਰਹੀ ਹੈ। ਮਿੰਨੀ ਕਹਾਣੀ ਤੇ ਹਾਇਕੂ ਰਚਨਾਵਾਂ ਦਾ ਵੀ ਵਿਕਾਸ ਹੋਇਆ ਹੈ। ਦੁੱਖ ਹੈ ਕਿ ਕੁਝ ਕੁ ਗੀਤਕਾਰ/ਗਾਇਕ ਸਮਾਜ ਪ੍ਰਤੀ ਆਪਣੀ ਜੁੰਮੇਵਾਰੀ ਤੋਂ ਅਵੇਸਲਾਪਣ ਦਿਖਾਉਂਦੇ ਹੋਏ, ਸਿਰਫ਼ ਵਪਾਰਿਕ ਤੇ ਵਿੱਤੀ ਲਾਭਾਂ ਲਈ, ਗੀਤਾਂ ਵਿਚ ਲੱਚਰਤਾ ਤੇ ਹਿੰਸਕ ਬਿਰਤੀਆਂ ਨੂੰ ਉਤਸਾਹਿਤ ઠਕਰਨ ਵਾਲੀਆਂ ਰਚਨਾਵਾਂ ਰਚ/ਗਾ ਰਹੇ ਹਨ। ਜੋ ਬਹੁਤ ਹੀ ਨਕਾਰਤਮਕ ਰੁਝਾਣ ਹੈ। ਜਿਸ ਉੱਤੇ ਬੰਦਸ਼ ਲੱਗਣੀ ਜ਼ਰੂਰੀ ਹੈ। ਸਾਹਿਤ ਸਮਾਜ ਨੂੰ ਸਾਰਥਕ ਸੇਧ ਦੇਣ ਵਾਲਾ ਹੋਣਾ ਚਾਹੀਦਾ ਹੈ। ਇਹ ਲੇਖਕ ਦੀ ਖਾਸ ਜੁੰਮੇਵਾਰੀ ਹੁੰਦੀ ਹੈ।ઠ
ਇਕ ਹੋਰ, ਬਹੁਤ ਹੀ ਦਿਲਚਸਪ ਖੇਤਰ ਹੈ ਜੋ ਸਮਕਾਲੀ ਪੰਜਾਬੀ ਸਾਹਿਤ ਵਿਚ ਅਣਗੋਲਿਆ ਹੀ ਪਿਆ ਹੈ। ਇਹ ਖੇਤਰ ਹੈ ਵਿਗਿਆਨ ਗਲਪ। ਇਸ ਖੇਤਰ ਵਿਚ ਕੁਝ ਕੁ ਨਵੇਂ ਤਜਰਬੇ ਸਾਹਮਣੇ ਆਏ ਹਨ। ਅਜਿਹੇ ਲੇਖਕਾਂ ਵਿਚ ਅਮਨਦੀਪ ਸਿੰਘ, ਅਜਮੇਰ ਸਿੱਧੂ, ਜਸਵੀਰ ਭੁੱਲਰ ਆਦਿ ਨੇ ਸਫਲ ਕੋਸ਼ਿਸਾਂ ਕੀਤੀਆਂ ਹਨ। ਮੈਂ ਖੁੱਦ ਇਸ ਖੇਤਰ ਵਿਚ ਦੋ ਕਿਤਾਬਾਂ ਰਚ ਚੁੱਕਾ ਹਾਂ।
ਇਸ ਵਿਧਾ ਵਿਚ ਮੇਰੀ ਪਹਿਲੀ ਕਿਤਾਬ ‘ਭਵਿੱਖ ਦੀ ਪੈੜ’ (ਕਹਾਣੀ ਸੰਗ੍ਰਹਿ), ਸਿੰਘ ਬ੍ਰਦਰਜ਼ ਪਬਲਿਸ਼ਰਜ, ਅੰਮ੍ਰਿਤਸਰ ਵਲੋਂ ਸੰਨ 2003 ਵਿਚ ਛਾਪੀ ਗਈ ਅਤੇ ਮੇਰੀ ਦੂਸਰੀ ਕਿਤਾਬ ‘ਸਮੇਂ ਦੇ ਵਹਿਣ’ (ਕਹਾਣੀ ਸੰਗ੍ਰਹਿ), ਸਿੰਘ ਬ੍ਰਦਰਜ਼ ਪਬਲਿਸ਼ਰਜ਼, ਅੰਮ੍ਰਿਤਸਰ ਕੋਲ ਪ੍ਰਕਾਸ਼ਨ ਅਧੀਨ ਹੈ। ਪਰ ਇਸ ਖੇਤਰ ਵਿਚ ਅਜੇ ਹੋਰ ਬਹੁਤ ਕਾਰਜ ਕਰਨੇ ਬਾਕੀ ਹਨ। ਪੰਜਾਬੀ ਲੇਖਕਾਂ ਨੂੰ ਸੱਦਾ ਹੈ ਕਿ ਉਹ ਇਸ ਖੇਤਰ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਣ।
ਮਨਦੀਪ ਖੋਖਰ : ਸਮਕਾਲ ਵਿਚ ਵਾਤਾਵਰਣ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦੇ ਕੀ ਕਾਰਨ ਹਨ? ਤੇ ਤੁਸੀਂ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ?ઠ
ਡਾ. ਸਿੰਘ : ਅਜੋਕੇ ਸਮੇਂ ਵਿਚ ਵਾਤਾਵਰਣੀ ਸਮੱਸਿਆਵਾਂ ਦੇ ਵਧਣ ਦੇ ਅਨੇਕ ਕਾਰਨ ਹਨ ਜਿਨ੍ਹਾਂ ਨੂੰ ਕੁਝ ਕੁ ਸ਼ਬਦਾਂ ਵਿਚ ਬਿਆਨ ਕਰਨਾ ਸੰਭਵ ਨਹੀਂ ਹੈ। ਫਿਰ ਵੀ ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਵੱਧਦੀ ਆਬਾਦੀ, ਸ਼ਹਿਰੀਕਰਣ, ਉਦਯੋਗੀਕਰਨ, ਜੰਗਲਾਂ ਦੀ ਲੋੜੋਂ ਵੱਧ ਕਟਾਈ, ਆਵਾਜਾਈ ਦੇ ਵਾਹਨਾਂ ਵਿਚ ਬੇਮਿਸਾਲ ਵਾਧਾ ਤੇ ਫ਼ਾਸਿਲ ਫਿਊਲਜ਼ ਦੀ ਬਹੁਤ ਵਧੇਰੇ ਵਰਤੋਂ ਇਸ ਸਮੱਸਿਆ ਦੇ ਮੁਖ ਕਾਰਨ ਹਨ। ਦਰਅਸਲ ਵਧੇਰੇ ਸੁੱਖ ਸੁਵਿਧਾਵਾਂ ਦੀ ਪ੍ਰਾਪਤੀ ਦੇ ਲਾਲਚ ਵੱਸ, ਮਨੁੱਖ ਦੀ ਕੁਦਰਤ ਉੱਤੇ ਕਾਬਜ਼ ਹੋਣ ਦੀ ਲਾਲਸਾ ਹੀ, ਇਸ ਪੁਆੜੇ ਦੀ ਮੂਲ ਜੜ੍ਹ ਹੈ।
ਵਾਤਾਵਰਣੀ ਸਮੱਸਿਆ ਦੇ ਕੁਝ ਕੁਦਰਤੀ ਕਾਰਣ ਵੀ ਹਨ ਜਿਵੇਂ ਕਿ ਜਵਾਲਾਮੁੱਖੀਆਂ ਦਾ ਫੱਟਣਾ, ਪੱਤਝੜ੍ਹ ਦਾ ਵਾਪਰਨਾ, ਹੜ੍ਹਾਂ ਤੇ ਭੁਚਾਲਾਂ ਦਾ ਆਉਣਾ। ਪਰ ਕੁਦਰਤ ਇਕ ਸੰਤੁਲਨ ਵਿਚ ਕੰਮ ਕਰਦੀ ਹੈ। ਅੱਜ ਨਜ਼ਰ ਆ ਰਹੀਆਂ ਵੱਡੇ ਪੈਮਾਨੇ ਦੀਆਂ ਵਾਤਾਵਰਣੀ ਤਬਦੀਲੀਆਂ ਅਤੇ ਵਿਸ਼ਵ-ਵਿਆਪੀ ਤਾਪਮਾਨ ਵਾਧੇ ਦੀਆਂ ਸਮੱਸਿਆਵਾਂ ਦਾ ਮੁੱਖ ਕਾਰਕ ਮਨੁੱਖੀ ਕ੍ਰਿਆਵਾਂ ਹੀ ਹਨ ਜੋ ਕੁਦਰਤੀ ਸੰਤੁਲਨ ਨੂੰ ਡਾਵਾਂਡੋਲ ਕਰਨ ਵਿਚ ਅਹਿਮ ਰੋਲ ਅਦਾ ਕਰ ਰਹੀਆਂ ਹਨ।ઠਮਨਦੀਪ ਖੋਖਰ : ਜਿਸ ਢੰਗ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਇਸ ਉਪਰ ਕਾਬੂ ਪਾਉਣ ਦੇ ਹੱਲ ਕੀ ਹਨ?ઠ
ਡਾ. ਸਿੰਘ: ਵਾਤਾਵਰਣੀ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਹਰ ਮਨੁੱਖ ਨੂੰ ਆਪੋ ਆਪਣਾ ਸਹੀ ਰੋਲ ਅਦਾ ਕਰਨ ਦੀ ਲੋੜ ਹੈ। ਸੱਭ ਤੋਂ ਪਹਿਲਾਂ ਤਾਂ ਹਰ ਕਿਸੇ ਨੂੰ ਸੁੱਧ ਵਾਤਾਵਰਣ ਦੇ ਲਾਭਾਂ ਪ੍ਰਤੀ ਚੇਤੰਨ ਹੋਣ ਦੀ ਲੋੜ ਹੈ। ਉਪਰੰਤ ਵਾਤਾਵਰਣੀ ਪ੍ਰਦੂਸਣ ਦੇ ਕਾਰਨਾਂ ਨੂੰ ਸਮਝਦੇ ਹੋਏ ਉਨ੍ਹਾਂ ਦੇ ਮਾੜੇ ਪ੍ਰਭਾਵਾਂ ਦੇ ਮੱਦੇ-ਨਜ਼ਰ ਉਚਿਤ ਕਾਰਵਾਈ ਲਈ ਲਾਮਬੰਧ ਹੋਣ ਦੀ ਲੋੜ ਹੈ।ઠ
ਦੂਸਰਾ ਸਰਕਾਰੀ ਸੰਸਥਾਵਾਂ, ਗੈਰ ਸਰਕਾਰੀ ਸੰਸਥਾਵਾਂ ਤੇ ਸਵੈਸੇਵੀ ਸੰਸਥਾਵਾਂ ਨੂੰ ਆਪੋ ਆਪਣਾ ਰੋਲ ਸਹੀ ਰੂਪ ਵਿਚ ਨਿਭਾਉਣ ਦੀ ਲੋੜ ਹੈ, ਤਾਂ ਜੋ ਵਾਤਾਵਰਣੀ ਪ੍ਰਦੂਸ਼ਣ ਦੇ ਭੂਤ ਨੂੰ ਨੱਥ ਪਾਈ ਜਾ ਸਕੇ। ਸਮਕਾਲੀ ਸਰਕਾਰਾਂ ਨੂੰ ਵਾਤਾਵਰਣੀ ਸਵੱਛਤਾ ਦੀ ਬਰਕਰਾਰੀ ਸਬੰਧਤ ਕਾਨੂੰਨਾਂ ਦੀ ਪਾਲਣਾ ਸਖ਼ਤੀ ਨਾਲ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਉਦਯੋਗਿਕ, ਘਰੇਲੂ ਜਾਂ ਵਪਾਰਕ ਅਦਾਰੇ ਨੂੰ ਵਾਤਾਵਰਣ ਪ੍ਰਦੂਸ਼ਣ ਕਰਨ ਤੋਂ ਸਖਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ। ઠ
ਵਿਦਿਅਕ ਅਦਾਰਿਆਂ, ਖਾਸ ਕਰ ਸਕੂਲਾਂ ਅਤੇ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਦੇ ਕਾਰਨਾਂ, ਪ੍ਰਭਾਵਾਂ ਤੇ ਰੋਕਥਾਮ ਕਾਰਜਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਤੇ ਉਨ੍ਹਾਂ ਨੂੰ ਪ੍ਰਦੂਸ਼ਨ ਦੇ ਰੋਕਥਾਮ ਕਾਰਜ ਕਰਨ ਲਈ ਲਾਮਬੰਧ ਕਰਨਾ ਲਾਹੇਵੰਦ ਹੋ ਸਕਦਾ ਹੈ।ઠ
ਅਖਬਾਰਾਂ, ਮੈਗਜੀਨਾਂ, ਕਿਤਾਬਾਂ, ਇਲੈਕਟਰਾਨਿਕ ਮੀਡੀਆ ਤੇ ਹੋਰ ਸੰਚਾਰ ਮਾਧਿਅਮ ਇਸ ਖੇਤਰ ਸਬੰਧਤ ਗਿਆਨ ਪ੍ਰਸਾਰ ਕਾਰਜਾਂ ਤੇ ਰੋਕਥਾਮ ਕਾਰਜਾਂ ਸਬੰਧਤ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਣ ਵਿਚ ਬਹੁਤ ਮਦਦਗਾਰ ਸਾਬਤ ਹੋ ਸਕਦੇ ਹਨ ਅਤੇ ਅਜਿਹਾ ਰੋਲ ਉਹ ਨਿਭਾ ਵੀ ਰਹੇ ਹਨ।ઠ
ਮਨਦੀਪ ਖੋਖਰ : ਤੁਹਾਡੇ ਵਿਚਾਰ ਵਿਚ ਵਾਤਾਵਰਣ ਨੂੰ ਬਚਾਉਣ ਦੀ ਜ਼ਿੰਮੇਵਾਰੀ ਕਿਸ ਨੂੰ ਦਿੱਤੀ ਜਾ ਸਕਦੀ ਹੈ?
ਡਾ. ਸਿੰਘ : ਵਾਤਾਵਰਣ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਾਡੀ ਸੱਭ ਦੀ ਸਾਂਝੀ ਜ਼ਿੰਮੇਵਾਰੀ ਹੈ। ਜਿਥੇ ਸਰਕਾਰਾਂ ਦਾ ਇਹ ਮੁੱਖ ਰੋਲ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਸਿਹਤਮੰਦ ਜੀਵਨ ਬਸਰ ਕਰਨ ਲਈ ਸਾਫ਼ ਸੁਥਰਾ ਵਾਤਾਵਰਣ ਉਪਲਬਧ ਕਰਾਉਣ ਉਥੇ ਹਰ ਨਾਗਰਿਕ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਉਹ ਵਾਤਾਵਰਣ ਨੂੰ ਸਵੱਛ ਰੱਖਣ ਲਈ ਬਣਾਏ ਕਾਨੂੰਨਾਂ ਦੀ ਉਚਿਤ ਰੂਪ ਵਿਚ ਪਾਲਣਾ ਕਰਣ। ਸਾਨੂੰ ਸੱਭ ਨੂੰ ਵਾਤਾਵਰਣੀ ਸਾਂਭ ਸੰਭਾਲ ਵਿਚ ਆਪੋ ਆਪਣਾ ਯਥਾਯੋਗ ਸਹੀ ਰੋਲ ਅਦਾ ਕਰਨ ਦੀ ਵੱਡੀ ਲੋੜ ਹੈ ਜਿਸ ਨੂੰ ਅਣਗੋਲਿਆ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਦੇ ਜੜ੍ਹੀ ਕੁਹਾੜਾ ਮਾਰਨ ਵਾਲੀ ਗੱਲ ਹੋਵੇਗੀ।ઠ
ਮਨਦੀਪ ਖੋਖਰ : ਸਾਹਿਤ ਕੀ ਰੋਲ ਅਦਾ ਕਰ ਸਕਦਾ ਹੈ ਵਾਤਾਵਰਣ ਨੂੰ ਬਚਾਉਣ ਵਿਚ?ઠ
ਡਾ. ਸਿੰਘ : ਜੀ! ਸਾਹਿਤ ਵਾਤਾਵਰਣ ਨੂੰ ਬਚਾਉਣ ਵਿਚ ਬਹੁਤ ਹੀ ਸਾਰਥਕ ਰੋਲ ਅਦਾ ਕਰਨ ਦੀ ਯੋਗਤਾ ਰਖਦਾ ਹੈ। ਸਾਹਿਤਕ ਵਿਧਾਵਾਂ, ਜਿਵੇਂ ਕਿ ਵਾਰਤਕ, ਕਹਾਣੀ, ਨਾਵਲ, ਕਵਿਤਾ, ਨਾਟਕ, ਤੇ ਦਸਤਾਵੇਜ਼ੀ ਫ਼ਿਲਮਾਂ ਆਦਿ ਵਾਤਵਰਣੀ ਮਹੱਤਵ, ਇਸ ਦੀ ਸਾਂਭ ਸੰਭਾਲ ਤੇ ਰੋਕਥਾਮ ਕਾਰਜਾਂ ਬਾਰੇ ਸਾਰਥਕ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਣ ਦਾ ਕਾਰਜ ਸਫ਼ਲਤਾ ਪੂਰਨ ਕਰਨ ਦੀ ਯੋਗਤਾ ਰੱਖਦੀਆਂ ਹਨ। ઠਉਦਾਹਰਣ ਵਜੋਂ ਅਮਰੀਕੀ ਸਿਅਸਤਦਾਨ ਤੇ ਵਾਤਾਵਰਣੀ ਮਾਹਿਰ ਐਲ ਗੋਰ ਦੀ ਕਿਤਾਬ : ‘ਐੇਨ ਇੰਨਕੁਨਵੀਨੀਐਂਟ ਟਰੁੱਥ’ ਦੀ ਸੰਨ 2006 ਵਿਚ ਛਪਾਈ ਨੇ ਵਾਤਾਵਰਣੀ ਮਸਲਿਆਂ ਨੂੰ ਵਿਸ਼ਵ ਵਿਆਪੀ ਪੱਧਰ ਉੱਤੇ ਉਭਾਰਣ ਵਿਚ ਵੱਡੀ ਸਫ਼ਲਤਾ ਹਾਸਿਲ ਕੀਤੀ। ਸਮੇਂ ਨਾਲ ਵਿਸ਼ਵ ਭਰ ਦੀਆਂ ਸਰਕਾਰਾਂ ਇਨ੍ਹਾਂ ਮਸਲਿਆਂ ਦੇ ਹੱਲ ਸੰਬੰਧਤ ਸੁਯੋਗ ਕਾਰਵਾਈਆਂ ਕਰਨ ਲਈ ਉਚਿਤ ਤੌਰ ਉੱਤੇ ਕਾਰਜ਼ਸ਼ੀਲ ਹੋ ਗਈਆਂ। ઠਸਪਸ਼ਟ ਹੈ ਕਿ ਸਾਹਿਤ ਵਾਤਾਵਰਣ ਨੂੰ ਬਚਾਉਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ ਤੇ ਇਹ ਅਜਿਹਾ ਰੋਲ ਨਿਭਾ ਵੀ ਰਿਹਾ ਹੈ।
ਅਜੋਕੇ ਸਮੇਂ ਦੌਰਾਨ ਪੰਜਾਬ ਵਿਚ ਵੀ ਵਿਭਿੰਨ ਵਿਦਿਅਕ ਅਦਾਰੇ ਜਿਵੇਂ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਆਦਿ ਅਤੇ ਰਾਸ਼ਟਰੀ ਪੱਧਰ ਉੱਤੇ ઠਨੈਸ਼ਨਲ ਬੁੱਕ ਟਰਸਟ, ਦਿੱਲੀ, ਅਤੇ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ, ਭਾਰਤ ਸਰਕਾਰ, ਵਾਤਾਵਰਣ ਸਬੰਧਤ ਜਾਣਕਾਰੀ ਭਰਭੂਰ ਕਿਤਾਬਾਂ ਛਾਪ ਕੇ ਵਾਤਾਵਰਣੀ ਸਾਂਭ-ਸੰਭਾਲ ਕਾਰਜਾਂ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਰੋਲ ਅਦਾ ਕਰ ਰਹੇ ਹਨ। ਕਈ ਨਿੱਜੀ ਪ੍ਰਕਾਸ਼ਨ ਅਦਾਰਿਆਂ ਜਿਵੇਂ ਕਿ ਸਿੰਘ ਬ੍ਰਦਰਜ਼, ਅੰਮ੍ਰਿਤਸਰ ਆਦਿ ਨੇ ਵੀ ਇਸ ਖੇਤਰ ਸੰਬੰਧਤ ਕਿਤਾਬਾਂ ਛਾਪ ਕੇ ਲੋਕਾਂ ਤਕ ਉਚਿਤ ਜਾਣਕਾਰੀ ਪਹੁੰਚਾਣ ਵਿਚ ਸ਼ਲਾਘਾਯੋਗ ਯਤਨ ਕੀਤੇ ਹਨ।ઠ
ਵਾਤਾਵਰਣੀ ਵਿਸ਼ੇ ਸਬੰਧੀ ਕਹਾਣੀਆਂ ਤੇ ਨਾਟਕ ਵਿਧਾ ਦੀ ਵਰਤੋਂ ਬੱਚਿਆਂ ਤੱਕ ਲੋੜੀਂਦਾ ਸੰਦੇਸ਼ ਪਹੁੰਚਾਣ ਵਿਚ ਬਹੁਤ ਹੀ ਸਫ਼ਲ ਸਾਹਿਤਕ ਵਿਧਾਵਾਂ ਹਨ। ਵਾਤਾਵਰਣੀ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਸਾਰ ਕਾਰਜਾਂ ਵਿਚ ਸੰਚਾਰ ਮਾਧਿਅਮ ਖਾਸਕਰ ਇਲੈੱਕਟ੍ਰਾਨਿਕ ਅਤੇ ਫਿਲਮੀ ਮਾਧਿਅਮ ਸਾਹਿਤ ਦੀਆਂ ਕਹਾਣੀ ਤੇ ਨਾਟਕ ਵਿਧਾਵਾਂ ਦੀ ਵਰਤੋਂ ਕਰਦੇ ਹੋਏ, ਅਜੋਕੇ ਸਮੇਂ ਅੰਦਰ ਵਾਤਾਵਰਣ ਨੂੰ ਬਚਾਉਣ ਕਾਰਜਾਂ ਲਈ ਵੱਡੇ ਪੱਧਰ ਉੱਤੇ ਸਹਾਇਕ ਹੋਣ ਦੇ ਸਮਰਥ ਹੈ। ઠ
ਮਨਦੀਪ ਖੋਖਰ : ਪ੍ਰੋ. ઠਅਮਰ ਕੋਮਲ ਅਨੁਸਾਰ ਜਿੰਨ੍ਹੀ ਜ਼ਿਆਦਾ ਮਨੁੱਖ ਨੇ ਤਰੱਕੀ ਕੀਤੀ ਹੈ ਉਨਾ ਹੀ ਉਹ ਵਾਤਾਵਰਣ ਨੂੰ ਬਚਾਉਣ ਪ੍ਰਤੀ ਅਸੱਭਿਅਕ ਪ੍ਰਾਣੀ ਦੇ ਰੂਪ ਵਿਚ ਪੇਸ਼ ਹੋ ਰਿਹਾ ਹੈ। ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ?
ਡਾ. ਸਿੰਘ : ਪ੍ਰੋ. ઠਅਮਰ ਕੋਮਲ ਦਾ ਕਥਨ ਕਾਫ਼ੀ ਹੱਦ ਤਕ ਸਹੀ ਹੈ। ਅਜਿਹਾ ਮਨੁੱਖ ਦੀ ਕੁਦਰਤ ਉੱਤੇ ਕਾਬਜ਼ ਹੋਣ ਦੀ ਲਾਲਸਾ ਕਾਰਣ ਵਾਪਰਿਆ ਹੈ। ਇਸ ਸੰਦਰਭ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਇਹ ਕਥਨ ਬਹੁਤ ਹੀ ਉਚਿਤ ਹੈ:”ਧਰਤੀ ਉੱਤੇ ਹਰ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਲਈ ਤਾਂ ਉਚਿਤ ਸਰੋਤ ਮੌਜੂਦ ਹਨ, ਪਰ ਹਰ ਮਨੁੱਖ ਦੀ ਲਾਲਚ ਦੀ ਪੂਰਤੀ ਲਈ ਇਹ ਕਾਫ਼ੀ ਨਹੀਂ ਹਨ।”
ਪ੍ਰੰਤੂ, ਨਵੀਆਂ ਖੋਜਾਂ ਸਦਕਾ ਅਜੋਕਾ ਮਨੁੱਖ ਇਸ ਤੱਥ ਤੋਂ ਜਾਣੂ ਹੋ ਚੁੱਕਾ ਹੈ ਕਿ ਉਸ ਨੂੰ ਕੁਦਰਤ ਨਾਲ ਸਹਿਹੌਂਦ ਵਿਚ ਰਹਿਣਾ ਵਧੇਰੇ ਜ਼ਰੂਰੀ ਤੇ ਲਾਹੇਵੰਦ ਹੈ। ਇਸ ਲਈ ਬਹੁਤਾ ਨਿਰਾਸ਼ ਹੋਣ ਵਾਲੀ ਵੀ ਗੱਲ ਨਹੀਂ ਹੈ। ਅਜੋਕੇ ਸਮੇਂ ਦਾ ਮਨੁੱਖ ਕਾਫ਼ੀ ਹੱਦ ਤਕ ਵਾਤਾਵਰਣੀ ਮਸਲਿਆਂ ਦੀ ਗੰਭੀਰਤਾ ਪ੍ਰਤੀ ਚੇਤੰਨ ਹੋ ਗਿਆ ਹੈ ਤੇ ਇਨ੍ਹਾਂ ਮੱਸਲਿਆਂ ਦੇ ਸੁਯੋਗ ਹੱਲ ਲਈ ਯਤਨਸ਼ੀਲ ਵੀ ਹੈ।ઠ
ਮਨਦੀਪ ਖੋਖਰ : ਵਾਤਾਵਰਣ ਨਾਲ ਸਬੰਧਿਤ ਤੁਹਾਡੀਆਂ ਕਿਹੜੀਆਂ ਕਿਹੜੀਆਂ ਪੁਸਤਕਾਂ ਹਨ?ઠ
ਡਾ. ਸਿੰਘ : ਵਾਤਾਵਰਣੀ ਮਸਲਿਆਂ ਸੰਬੰਧਤ ਮੈਂ ਹੁਣ ਤਕ ਤਿੰਨ ਕਿਤਾਬਾਂ ਲਿਖ ਚੁੱਕਾ ਹਾਂ। ਇਸ ਵਿਸ਼ੇ ਸੰਬੰਧਤ ਮੇਰੀ ਪਹਿਲੀ ਕਿਤਾਬ ”ਵਾਤਾਵਰਣੀ ਪ੍ਰਦੂਸ਼ਣ” ਸੀ, ਜੋ ਸਿੰਘ ਬ੍ਰਦਰਜ਼ ਪਬਲਿਸ਼ਰਜ਼, ਅੰਮ੍ਰਿਤਸਰ ਵਲੋਂ ਸੰਨ 2004 ਵਿਚ ਛਾਪੀ ਗਈ। ਇਹ ਪੁਸਤਕ ਅਜੋਕੇ ਪੰਜਾਬ ਅਤੇ ਵਿਸ਼ਵ ਦੇ ਵਾਤਾਵਰਣੀ ਮਸਲਿਆਂ ਦਾ ਵਿਸਥਾਰਪੂਰਣ ਵਰਨਣ ਕਰਦੀ ਹੈ। ਇਸ ਵਿਸ਼ੇ ਸੰਬੰਧਤ ਮੇਰੀ ਦੂਸਰੀ ਕਿਤਾਬ ਹੈ; ”ਵਾਤਾਵਰਣੀ ਮਸਲੇ ਅਤੇ ਸਮਾਧਾਨ”। ਇਹ ਕਿਤਾਬ ਮੇਰੇ ਦੁਆਰਾ ਸੰਪਾਦਿਤ ਕਿਤਾਬ ਹੈ ਜਿਸ ਵਿਚ ਪੰਜਾਬ ਦੇ ਪ੍ਰਮੁੱਖ ਵਾਤਾਵਰਣੀ ਮਾਹਿਰਾਂ ਦੇ 15 ਲੇਖ ਸ਼ਾਮਿਲ ਕੀਤੇ ਗਏ । ਇਹ ਕਿਤਾਬ ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਸੰਨ 2008 ਵਿਚ ਛਾਪੀ ਗਈ, ਅਤੇ ਅਗਲੇਰੇ ਕਈ ਸਾਲਾਂ ਤੱਕ ਯੂਨੀਵਰਸਿਟੀ ਦੇ ਬੀ. ਏ. ਡਿਗਰੀ ਕੋਰਸ ਵਿਚ ਪਾਠ-ਪੁਸਤਕ ਦੇ ਤੌਰ ਉੱਤੇ ਪੜ੍ਹਾਈ ਜਾਂਦੀ ਰਹੀ ਹੈ। ਪਿਛਲੇ ਦਿਨ੍ਹੀ ਮੈਂ ਇਸ ਵਿਸ਼ੇ ઠਸੰਬੰਧਤ ਆਪਣੀ ਤੀਜੀ ਕਿਤਾਬ ”ਸਤਰੰਗੀ ਪੀਂਘ ਤੇ ਹੋਰ ਨਾਟਕ” ਰਚੀ ਹੈ ਜੋ ਬਾਲਾਂ ਵਿਚ ਵਾਤਾਵਰਣੀ ਮਸਲਿਆਂ ਨੂੰ ਨਾਟਕ ਵਿਧਾ ਰਾਹੀਂ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਕਿਤਾਬ ਦਾ ਸ਼ਾਹਮੁਖੀ ਲਿੱਪੀਅੰਤਰਣ ਜਨਾਬ ਅਸ਼ਰਫ਼ ਸੁਹੇਲ ਨੇ ਕੀਤਾ ਹੈ ਅਤੇ ਇਹ ਕਿਤਾਬ ਅਦਾਰਾ ”ਪੰਖੇਰੂ”, ਲਾਹੌਰ, ਪਾਕਿਸਤਾਨ ਵਲੋਂ ਛਪਾਈ ਅਧੀਨ ਹੈ। ਆਸ ਹੈ ਇਹ ਕਿਤਾਬ ਇਸੇ ਸਾਲ ਛੱਪ ਕੇ ਪਾਠਕਾਂ ਦੇ ਰੂਬਰੁ ਪਹੁੰਚ ਜਾਵੇਗੀ।