Breaking News
Home / ਨਜ਼ਰੀਆ / ਜੁਬੈਦਾਂ

ਜੁਬੈਦਾਂ

ਕਹਾਣੀ
ਡਾ: ਤਰਲੋਚਨ ਸਿੰਘ ਔਜਲਾ
(ਟੋਰਾਂਟੋ: 647-532-1473)
ਜਦੋਂ ਮੈਂ ਲਹਿੰਦੇ ਪੰਜਾਬ (ਪਾਕਿਸਤਾਨ) ਤੋਂ ਉੱਜੜ ਪੁੱਜੜ ਕੇ ਚੜ੍ਹਦੇ ਪੰਜਾਬ (ਭਾਰਤ) ‘ਚ ਆਇਆ ਸਾਂ, ਉਦੋਂ ਮੇਰੀ ਉਮਰ ਮਸਾਂ 7 ਕੁ ਸਾਲ ਦੀ ਸੀ। ਆਪਣੇ ਉਸ ਪਿੰਡ (ਉਕਾੜਾ ਸ਼ਹਿਰ ਦੇ ਕੋਲ ਚੱਕ ਨੰਬਰ 25) ‘ਚ ਬਤਾਇਆ ਆਪਣੇ ਬਚਪਨ ਦਾ ਇੱਕ ਇੱਕ ਪਲ ਮੈਨੂੰ ਅੱਜ ਤੱਕ ਵੀ ਯਾਦ ਹੈ। ਸਾਡੇ ਘਰ ਦੇ ਪਿਛਲੇ ਪਾਸੇ ਗੁਰਦਵਾਰਾ ਤੇ ਮਸੀਤ ਸਨ। ਮੇਰੇ ਬਚਪਨ ਦੀਆਂ ਬਹੁਤੀਆਂ ਯਾਦਾਂ ਇਹਨਾਂ ਨਾਲ ਹੀ ਜੁੜੀਆਂ ਸਨ। ਮੈਂ, ਮੇਰੀ ਨਿੱਕੀ ਭੈਣ ਤੰਨੀ ਤੇ ਹੋਰ ਬੱਚੇ ਇੱਥੇ ਹੀ ਖੇਡਦੇ ਵੱਡੇ ਹੋਏ। ਕਦੀ ਲੁੱਕਣ ਮਿੱਚੀ, ਕੋਟਲਾ ਛਪਾਕੀ, ਅੱਡੀ ਛੜੱਪਾ, ਬਾਂਟੇ, ਸੱਕਰ ਪਿੱਦੀ ਤੇ ਕਈ ਹੋਰ ਖੇਡਾਂ। ਜਦੋਂ ਕਣਕ ਦੀ ਗਹਾਈ ਪਿੱਛੋਂ ਬੋਹਲ ਲੱਗਦੇ, ਸਾਰੇ ਬੱਚੇ ਕਣਕ ਦਾ ਫੱਕਾ ਲੈਕੇ ਕੁਲਫੀਆਂ ਅਤੇ ਬਰਫ ਦੇ ਮਿੱਠੇ ਗੋਲੇ ਖਾਂਦੇ। ਜਦੋਂ ਸਾਡਾ ਜਾਂ ਕਿਸੇ ਗਵਾਂਢੀ ਦਾ ਖਾਲੀ ਗੱਡਾ ਖੇਤਾਂ ਵੱਲ ਜਾਂਦਾ ਤਾਂ ਅਸੀਂ ਸਾਰੇ ਬੱਚੇ ਹੂਟੇ ਲੈਣ ਲਈ ਗੱਡੇ ਉੱਤੇ ਚੜ੍ਹ ਜਾਂਦੇ। ਭਾਵੇਂ ਵਾਪਸੀ ਵੇਲੇ ਉਤਨਾ ਹੀ ਪੈਂਡਾ ਸਾਨੂੰ ਪੈਦਲ ਤੁਰਨਾ ਪੈਂਦਾ, ਪਰ ਉਸ ਹੂਟਾ ਲੈਣ ਅਤੇ ਪੈਦਲ ਤੁਰਨ ‘ਚ ਆਪਣਾ ਹੀ ਮਜ਼ਾ ਸੀ। ਜੇਠ ਹਾੜ ਦੀ ਗਰਮੀ ਪਿਛੋਂ ਕਈ ਵਾਰ ਪਿੱਤ ਨਿਕਲ ਅਉਣੀ ਤਾਂ ਅਸੀਂ ਸਉਣ ਭਾਦੋਂ ਦੇ ਮੀਹਾਂ ‘ਚ ਝੱਗੇ ਲਾਹ ਕੇ ਨੱਚਦੇ ਖੇਡਦੇ। ਕਦੀ ਕਦਾਈਂ ਅਸੀਂ ਆਪਸ ਵਿੱਚ ਲੜ ਵੀ ਪੈਂਦੇ। ਬੋਲ ਕਬੋਲ ਵੀ ਹੋ ਜਾਂਦਾ। ਗੱਲ ਮਿਹਣਿਆਂ ਤੱਕ ਵੀ ਪਹੁੰਚ ਜਾਂਦੀ। ਪਰ ਰਾਤ ਗਈ ਤੇ ਬਾਤ ਗਈ, ਅਗਲੇ ਦਿਨ ਫਿਰ ਉਸੇ ਤਰਾਂ ਆਪਸ ‘ਚ ਪਿਆਰ ਨਾਲ ਖੇਡਣ ਲਗ ਪੈਂਦੇ।
ਗਰਮੀਆਂ ‘ਚ ਜਦੋਂ ਕਿਤੇ ਅੱਖਾਂ ਦੁਖਣੀਆਂ ਆ ਜਾਣੀਆਂ, ਤਾਂ ਮੇਰੀ ਬੀਬੀ ਮੇਰੀਆਂ ਅੱਖਾਂ ‘ਚ ਸ਼ਹਿਦ ਪਉਂਦੀ। ਪਰ ਜੇ ਜਲਦੀ ਅਰਾਮ ਨਾਂ ਅਉਂਦਾ ਤਾਂ ਉਹ ਅੱਖਾਂ ‘ਚ ਹਰੇ ਰੰਗ ਦਾ ਦਾਰੂ ਪਉਂਦੀ ਹੁੰਦੀ ਸੀ ਜੋ ਐਨਾ ਪੀੜ ਕਰਦਾ ਸੀ ਕਿ ਡਾਡਾਂ ਕਢਾ ਦਿੰਦਾ ਸੀ। ਕਦੀ ਕਦੀ ਉਹ ਨਿੰਮ ਦੇ ਪੱਤੇ ਘੋਟ ਕੇ ਪਾਣੀ ਪੀਣ ਨੂੰ ਦਿੰਦੀ ਜੋ ਬਹੁਤ ਕੌੜਾ ਹੁੰਦਾ ਤੇ ਪਿਛੋਂ ਉਹ ਗੁੜ ਖਾਣ ਨੂੰ ਦਿੰਦੀ।
ਸਾਡੇ ਨਾਲ ਖੇਡਦਿਆਂ ਇਹਨਾਂ ਬੱਚਿਆਂ ਵਿੱਚ ਇੱਕ ਲੜਕੀ ਜੁਬੈਦਾਂ ਸੀ। ਮੇਰੇ ਤੋਂ ਦੋ ਕੁ ਸਾਲ ਵੱਡੀ, ਉੱਚੀ ਲੰਮੀ ਅਤੇ ਬਹੁਤ ਸੋਹਣੀ। ਉਸਦੇ ਗਿੱਟਿਆਂ ਤੱਕ ਲਮਕਦੇ ਵਾਲ ਮੈਨੂੰ ਬਹੁਤ ਚੰਗੇ ਲਗਦੇ ਤੇ ਕਈ ਵਾਰ ਮੈਂ ਕਿੰਨ੍ਹਾ ਕਿੰਨ੍ਹਾ ਚਿਰ ਉਸਦੇ ਵਾਲਾਂ ਵੱਲ ਹੀ ਵੇਖਦਾ ਰਹਿੰਦਾ। ਇਕ ਦਿਨ ਉਸਨੇ ਮੈਨੂੰ ਪੁੱਛਿਆ, ”ਵੇ ਤੋਚੀ, ਕੀ ਵੇਂਹਨਾਂ ਏਂ”? ਮੈਂ ਕਿਹਾ, ”ਤੇਰੇ ਵਾਲ ਮੈਨੂੰ ਬਹੁਤ ਚੰਗੇ ਲਗਦੇ ਨੇ”। ਉਸਨੇ ਆਪਣੀ ਗੁੱਤ ਮੇਰੇ ਹੱਥ ‘ਚ ਫੜਾ ਦਿੱਤੀ। ਮੈਂ ਘੁੱਟਕੇ ਫੜ੍ਹ ਲਈ। ਮੈਨੂੰ ਜਾਪਿਆ ਜਿਵੇਂ ਕਿਸੇ ਨੇ ਕੋਈ ਬਹੁਤ ਵੱਡੀ ਜਗੀਰ ਮੇਰੇ ਹੱਥ ‘ਚ ਫੜਾ ਦਿੱਤੀ ਹੋਵੇ। ਉਹ ਗੁੱਤ ਛੁਡਾਵੇ, ਮੈਂ ਨਾਂ ਛੱਡਾਂ। ਉਸਨੇ ਗੁੱਤ ਛਡਾਉਣ ਲਈ ਮੈਨੂੰ ਧੱਕਾ ਦਿੱਤਾ, ਮੈਂ ਡਿੱਗ ਪਿਆ ਅਤੇ ਮੇਰੀ ਅਰਕ (ਕੂਹਣੀ) ਵਿਚੋਂ ਲਹੂ ਵਗਣ ਲੱਗ ਪਿਆ। ਉਹ ਡਰ ਗਈ ਅਤੇ ਉਸਨੇ ਮਿੱਟੀ ਦਾ ਬੁੱਕ ਭਰਕੇ ਮੇਰੀ ਅਰਕ ਉਤੇ ਰੱਖਿਆ, ਪਰ ਲਹੂ ਬੰਦ ਨਾ ਹੋਇਆ। ਫਿਰ ਉਸਨੇ ਆਪਣੀ ਮੈਲੀ ਜਿਹੀ ਚੁੰਨੀ ਪਾੜਕੇ ਮੇਰੀ ਅਰਕ ਤੇ ਬੰਨ੍ਹ ਦਿੱਤੀ ਅਤੇ ਮੇਰੀ ਉਂਗਲੀ ਫੜ੍ਹਕੇ ਮੈਨੂੰ ਘਰ ਲੈ ਆਈ।
ਜਦੋਂ ਮੈਂ ਛੱਪੜ ‘ਚ ਮਹੀਆਂ ਦੀਆਂ ਪੂਛਾਂ ਫੜ੍ਹ ਕੇ ਤਰਦਾ, ਉਹ ਕੰਢੇ ਤੇ ਬੈਠੀ ਮੈਨੂੰ ਵੇਖਦੀ ਰਹਿੰਦੀ। ਜਦੋਂ ਉਹ ਨਾਜਮਾਂ ਮਹਿਰੀ ਦੀ ਭੱਠੀ ਤੇ ਦਾਣੇ ਭਨਾਉਣ ਜਾਂਦੀ, ਮੈਨੂੰ ਤੇ ਤੰਨੀ ਨੂੰ ਨਾਲ ਲੈ ਜਾਂਦੀ ਅਤੇ ਕੜ੍ਹਾਈ ‘ਚੋਂ ਬਾਹਰ ਡਿੱਗੇ ਦਾਣੇ ਚੁੱਗ ਕੇ ਆਪ ਵੀ ਖਾਂਦੀ ਤੇ ਮੈਨੂੰ ਵੀ ਦਿੰਦੀ। ਜਦੋਂ ਕਿਤੇ ਜੇਠ ਹਾੜ੍ਹ ਦੇ ਮਹੀਨਿਆਂ ਵਿੱਚ ਸੌਣ ਲੱਗਿਆਂ ਗਰਮੀ ਲੱਗਣੀ ਤਾਂ ਉਹ ਸਾਡੇ ਘਰ ਆਕੇ ਮੇਰੀ ਬੀਬੀ ਨੂੰ ਕਹਿੰਦੀ, ਮਾਸੀ, ਆਉ ਆਪਾਂ ਪੁਰੇ (ਉਹ ਪਿੰਡ ਜਾਂ ਸ਼ਹਿਰ ਜਿਹਨਾਂ ਦੇ ਅਖੀਰ ‘ਚ ਪੁਰ ਲਗਦਾ ਹੈ ਜਿਵੇਂ ਭਲਾਈਪੁਰ ਜਾਂ ਬਿਲਾਸਪੁਰ) ਗਿਣੀਏ, ਸ਼ਾਇਦ ਹਵਾ ਚੱਲ ਪਵੇ। ਹਵਾ ਤਾਂ ਪਤਾ ਨਹੀਂ ਚਲਦੀ ਕਿ ਨਾਂ ਪਰ ਪੁਰੇ ਗਿਣਦੀ ਗਿਣਦੀ ਉਸਨੂੰ ਨੀਂਦ ਆ ਜਾਂਦੀ ਅਤੇ ਉਹ ਸਾਡੇ ਘਰ ਹੀ ਸੌਂ ਜਾਂਦੀ।
ਇੱਕ ਵਾਰ ਮੈਂ ਛੱਪੜ ਵਿਚੋਂ ਪੀਪੇ ਨਾਲ ਮੱਛੀਆਂ ਫੜ੍ਹ ਕੇ ਲਿਆਇਆ ਅਤੇ ਰਸੋਈ ਕੋਲ ਪਈ ਕੜ੍ਹਾਈ ‘ਚ ਢੇਰੀ ਕਰ ਦਿੱਤੀਆਂ। ਉਹਨਾਂ ‘ਚੋਂ ਕੁਝ ਮੱਛੀਆਂ ਅਜੇ ਜਿਊਂਦੀਆਂ ਸਨ ਜੋ ਸਾਡੇ ਸਾਹਮਣੇ ਕੁਝ ਮਿੰਟਾਂ ‘ਚ ਹੀ ਤੜਫ ਤੜਫ ਕੇ ਮਰ ਗਈਆਂ। ਜੁਬੈਦਾਂ ਜੋ ਮੇਰੀ ਬੀਬੀ ਨਾਲ ਰਸੋਈ ‘ਚ ਕੋਈ ਕੰਮ ਕਰਾ ਰਹੀ ਸੀ, ਨੇ ਇਹ ਵੇਖ ਕੇ ਮੈਨੂੰ ਕਿਹਾ, ”ਵੇ ਜਾਲਮਾਂ, ਤੈਨੂੰ ਇਹਨਾਂ ਬੇ-ਜੁਬਾਨਾਂ ‘ਤੇ ਤਰਸ ਨਹੀਂ ਅਉਂਦਾ? ਜੇ ਤੈਨੂੰ ਇਸ ਦਾ ਪਾਪ ਲੱਗਾ ਤਾਂ ਕੀ ਕਰੇਂਗਾ”? ਮੇਰੇ ਦਿਲ ‘ਤੇ ਡੂੰਘੀ ਸੱਟ ਲੱਗੀ ਅਤੇ ਮੈਂ ਕੰਨਾਂ ਨੂੰ ਹੱਥ ਲਾਕੇ ਕਿਹਾ, ”ਨੀ ਜੁਬੈਦਾਂ, ਲੈ ਮੈਂ ਸਹੁੰ ਖਾਨਾਂ ਵਾਂ ਕਿ ਅੱਜ ਤੋਂ ਪਿਛੋਂ ਮੈਂ ਇਹ ਕੰਮ ਨਹੀਂ ਕਰਾਂਗਾ”। ਉਸ ਦਿਨ ਤੋਂ ਲੈਕੇ ਅੱਜ ਤੱਕ ਮੈਂ ਆਪਣੀ ਖੁਰਾਕ ਚ’ ਮੀਟ ਦੀ ਵਰਤੋਂ ਨਹੀਂ ਕੀਤੀ।
ਪੰਜਾਬ ਦੀ ਵੰਡ ਤੋਂ ਤਕਰੀਬਨ 6 ਕੁ ਮਹੀਨੇ ਪਹਿਲਾਂ ਮੈਂ ਆਪਣੇ ਪਿਤਾ ਜੀ ਨਾਲ ਲਹੌਰ ਸ਼ਹਿਰ ਦੇ ਕੋਲ ਕਿਸੇ ਰਿਸ਼ਤੇਦਾਰ ਦੇ ਪੁੱਤਰ ਦੇ ਵਿਆਹ ਦੀ ਰਸਮ ‘ਚ ਸ਼ਾਮਲ ਹੋਣ ਲਈ ਗਿਆ ਸਾਂ। ਆਸ ਤਾਂ ਸੀ ਕਿ 2-3 ਦਿਨਾਂ ਬਾਅਦ ਵਾਪਸ ਆ ਜਾਵਾਂਗੇ, ਪਰ ਉੱਥੇ 7 ਦਿਨ ਲੱਗ ਗਏ। ਹੋਇਆ ਇਵੇਂ ਕਿ ਜਿਸ ਦਿਨ ਜੰਝ ਪਿੰਡ ਤੋਂ ਚੱਲੀ, ਰਾਹ ‘ਚ ਪੈਂਦੇ 4 ਪਿੰਡਾਂ ਵਾਲਿਆਂ ਨੇ ਇੱਕ ਇੱਕ ਦਿਨ ਸਾਰੀ ਜੰਝ ਦੀ ਪੂਰੇ ਟੌਹਰ ਅਤੇ ਗੱਜ ਵੱਜ ਕੇ ਸੇਵਾ ਕੀਤੀ। ਪੰਜਵੇਂ ਦਿਨ ਅਸੀਂ ਕੁੜੀ ਵਾਲਿਆਂ ਦੇ ਘਰ ਢੁੱਕੇ, ਦੋ ਦਿਨ ਜੰਝ ਉਹਨਾਂ ਨੇ ਰੱਖੀ ਅਤੇ ਇਸ ਤਰ੍ਹਾਂ ਸਤਵੇਂ ਦਿਨ ਅਸੀਂ ਵਾਪਸ ਆਏ। ਵਾਪਸ ਘਰ ਆਕੇ ਜਦੋਂ ਮੈਂ ਬਾਹਰ ਖੇਡਣ ਗਿਆ ਤਾਂ ਜੁਬੈਦਾਂ ਉੱਥੇ ਨਹੀਂ ਸੀ। ਜਦੋਂ ਮੈਂ ਉਸਦੇ ਘਰ ਗਿਆ ਤਾਂ ਉਹ ਨਿੰਮ ਦੇ ਦਰੱਖਤ ਹੇਠਾਂ ਮੰਜੀ ਨਾਲ ਢੋਅ ਲਾਕੇ ਨਿੰਮੂਝੂਣੀ ਜਿਹੀ ਹੋਕੇ ਬੈਠੀ ਸੀ। ਮੈਂ ਉਸਨੂੰ ਪੁੱਛਿਆ, ”ਨੀ ਜੁਬੈਦਾਂ, ਤੂੰ ਅੱਜ ਖੇਡਣ ਕਿਉਂ ਨਹੀਂ ਆਈ?” ਉਹ ਤਾਂ ਕੁਝ ਨਾ ਬੋਲੀ ਪਰ ਉਸਦੀ ਅੰਮੀ ਨੇ ਕਿਹਾ, ”ਵੇ ਪੁੱਤ, ਮੈਂ ਅਤੇ ਇਸ ਦੇ ਅੱਬਾ ਨੇ ਤਾਂ ਖੇਡਣ ਨੂੰ ਜਾਣ ਲਈ ਬਹੁਤ ਕਿਹਾ ਸੀ ਪਰ ਇਹ ਕਹਿੰਦੀ ਮੇਰਾ ਜੀਅ ਨਹੀਂ ਕਰਦਾ”। ਮੈਂ ਜੁਬੈਦਾਂ ਦੀ ਬਾਂਹ ਫੜ੍ਹੀ ਅਤੇ ਉਸਨੂੰ ਬਾਹਰ ਲੈ ਆਇਆ। ਰਾਹ ‘ਚ ਉਸਨੇ ਮੈਨੂੰ ਕਿਹਾ, ”ਵੇ ਤੋਚੀ, ਤੂੰ ਐਨੇ ਦਿਨ ਐਥੇ ਨਹੀਂ ਸੈਂ, ਮੇਰਾ ਦਿਲ ਪਤਾ ਨਹੀਂ ਕਿਉਂ ਘਾਊਂ ਮਾਂਊਂ ਕਰਦਾ ਸੀ? ਫਿਰ ਕਿਤੇ ਤੂੰ ਐਨੈ ਚਿਰ ਵਾਸਤੇ ਮੇਰੀਆਂ ਅੱਖਾਂ ਤੋਂ ਦੂਰ ਨਾਂ ਜਾਵੀਂ, ਨਹੀਂ ਤਾਂ ਮੈਂ ਮਰ ਜਾਊਂਗੀ”। ਮੈਂ ਉਸਨੂੰ ਪੂਰਾ ਦਿਲਾਸਾ ਦਿੱਤਾ ਕਿ ਹੁਣ ਮੈਂ ਕਿਤੇ ਨਹੀਂ ਜਾਂਦਾ।
ਇਕ ਦਿਨ ਖੇਡਣ ਵੇਲੇ ਇੱਕ ਪਾਸੇ ਕਰਕੇ ਉਸਨੇ ਮੈਨੂੰ ਕਿਹਾ, ”ਵੇ ਤੋਚੀ ਅੜਿਆ, ਤੂੰ ਮੈਨੂੰ ਬਹੁਤ ਸੋਹਣਾ ਲਗਦੈਂ, ਆਪਾਂ ਨਿਕਾਹ ਕਰ ਲਈਏ”। ਮੈਂ ਉਦੋਂ ਅਜੇ ਛੋਟਾ ਸਾਂ, ਨਿਕਾਹ ਬਾਰੇ ਮੈਂ ਸੁਣਿਆਂ ਤਾਂ ਸੀ ਪਰ ਇਸ ਬਾਰੇ ਬਹੁਤਾ ਜਾਣਦਾ ਨਹੀਂ ਸਾਂ। ਮੈਂ ਜੁਬੈਦਾਂ ਨੂੰ ਕਿਹਾ ਪਈ ਮੈਂ ਬੀਬੀ ਕੋਲੋਂ ਪੁੱਛ ਆਵਾਂ। ਉਸਨੇ ਮੇਰੇ ਮੋਢੇ ‘ਤੇ ਧੱਫਾ ਜਿਹਾ ਮਾਰਿਆ ਤੇ ਕਿਹਾ, ”ਹੈਂ ਬੁੱਧੂ, ਇਸ ਵਿਚ ਭਲਾ ਬੀਬੀ ਨੂੰ ਪੁੱਛਣ ਦੀ ਕੀ ਲੋੜ ਆ”? ਘਰ ਜਾ ਕੇ ਜਦੋਂ ਮੈਂ ਬੀਬੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਹੱਸ ਪਈ ਤੇ ਗੱਲ ਟਾਲਦੀ ਹੋਈ ਨੇ ਕਿਹਾ, ”ਤੂੰ ਅਜੇ ਨਿਆਣਾ ਏਂ, ਤੇ ਨਾਲੇ ਇਹ ਗੱਲ ਨਹੀਂ ਬਣਨੀ ਕਿਉਂ ਕਿ ਆਪਣਾ ਮਜ੍ਹਬ ਹੋਰ ਏ ਤੇ ਉਹਨਾਂ ਦਾ ਹੋਰ”। ਜਦੋਂ ਮੈਂ ਇਹ ਗੱਲ ਜੁਬੈਦਾਂ ਨਾਲ ਕੀਤੀ ਤਾਂ ਉਹ ਉਦਾਸ ਹੋ ਗਈ। ਉਸਨੇ ਇੱਕ ਪਲ ਮੇਰੇ ਵੱਲ ਬਹੁਤ ਗਹੁ ਨਾਲ ਤੱਕਿਆ ਅਤੇ ਦੋ ਮੋਟੇ ਮੋਟੇ ਗਲੇਡੂ ਉਸ ਦੀਆਂ ਅੱਖਾਂ ‘ਚੋਂ ਡਿਗੇ। ਕੁਝ ਸੰਭਲ ਕੇ ਉਹ ਮੈਨੂੰ ਨਹੋਰਾ ਜਿਹਾ ਮਾਰਦਿਆਂ ਬੋਲੀ, ”ਜਾਹ, ਮੈਂ ਤੇਰੇ ਨਾਲ ਨਹੀਂ ਬੋਲਦੀ, ਤੇਰੀ ਮੇਰੀ ਕੱਟੀ”। ਉਹ ਮੇਰੇ ਨਾਲ ਦੋ ਦਿਨ ਨਾਂ ਬੋਲੀ। ਮੇਰਾ ਦਿਲ ਵੀ ਉਦਾਸ ਹੋ ਗਿਆ। ਪਤਾ ਨਹੀਂ ਮੈਂ ਉਹ ਦੋ ਦਿਨ ਕਿਵੇਂ ਕੱਟੇ? ਤੀਜੇ ਦਿਨ ਮੈਂ ਕੰਨ ਫੜ੍ਹ ਕੇ ਅਤੇ 10 ਬੈਠਕਾਂ ਕੱਢ ਕੇ ਉਸ ਕੋਲੋਂ ਮੁਆਫੀ ਮੰਗੀੰ।
ਮੈਂ ਵਿਆਹਿਆ ਗਿਆ, ਮੇਰੇ ਬੱਚੇ ਹੋ ਗਏ, ਪੋਤੇ ਪੋਤੀਆਂ ਵਾਲਾ ਹੋ ਗਿਆ, ਬੁਢੇਪਾ ਆ ਗਿਆ, ਪਰ ਜੁਬੈਦਾਂ ਦਾ ਉਹ ਅੱਲ੍ਹੜ ਤੇ ਸੱਚਾ ਪਿਆਰ ਅਜੇ ਵੀ ਮੈਂ ਦਿਲ ਦੇ ਕਿਸੇ ਕੋਨੇ ਵਿੱਚ ਉਸੇ ਤਰਾਂ ਲਕੋਈ ਬੈਠਾਂ ਹਾਂ। ਹੁਣ ਜਦੋਂ ਕਿਤੇ ਉਸਦੀ ਯਾਦ ਅਉਂਦੀ ਏ, ਦਿਲ ‘ਚੋਂ ਇੱਕ ਹੂਕ ਜਿਹੀ ਉੱਠਦੀ ਏ, ਕਦੀ ਕਦੀ ਅੱਖਾਂ ਵੀ ਗਿੱਲੀਆਂ ਹੋ ਜਾਂਦੀਆਂ ਨੇ। ਕੁਝ ਨਹੀਂ ਕਰ ਸਕਦਾ। ਬੱਸ, ਦਿਲ ਨੂੰ ਐਵੇਂ ਝੂਠਾ ਜਿਹਾ ਦਿਲਾਸਾ ਦੇਕੇ ਚੁੱਪ ਕਰਾ ਦਿੰਦਾ ਹਾਂ। ਇਹ ਗੱਲ ਮੈਂ ਆਪਣੀ ਘਰ ਵਾਲੀ ਨਾਲ ਵੀ ਕਈ ਵਾਰ ਸਾਂਝੀ ਕੀਤੀ ਏ। ਕਈ ਵਾਰ ਜਦੋਂ ਉਦਾਸੀ ‘ਚ ਮੈਂ ਮੂੰਹ ਲਟਕਾਈ ਸੋਫੇ ‘ਤੇ ਬੈਠਾ ਹੁੰਦਾ ਹਾਂ, ਤਾਂ ਮੇਰੀ ਘਰ ਵਾਲੀ ਸਮਝ ਜਾਂਦੀ ਏ ਕਿ ਮਾਜਰਾ ਕੀ ਹੈ। ਉਹ ਹੱਸਕੇ ਮੈਨੂੰ ਕਹਿੰਦੀ ਏ, ”ਔਜਲਾ ਸਾਹਬ, ਜੇ ਕਹੋ ਤਾਂ ਅਧਰਕ ਅਤੇ ਸ਼ਹਿਤ ਵਾਲੀ ਚਾਹ ਬਣਾ ਕੇ ਦੇਵਾਂ”? ਮੈਂ ਇੱਕ ਦੰਮ ਆਪਣੀ ਉਦਾਸੀ ਉੱਤੇ ਮੁਸਕਰਾਹਟ ਦਾ ਗਲਾਫ ਚੜ੍ਹਾ ਕੇ ਹਾਂ ਦਾ ਇਸ਼ਾਰਾ ਕਰ ਦਿੰਦਾ ਹਾਂ। ਬਚਪਨ ਤੋਂ ਦਿਲ ‘ਚ ਇੱਕ ਤਮੰਨਾ ਸੀ ਕਿ ਮੈਨੂੰ ਮੇਰੇ ਪਿੰਡ ਦੀ ਮਿੱਟੀ ਦੀ ਖੁਸ਼ਬੂ ਕਦੋਂ ਨਸੀਬ ਹੋਵੇਗੀ? ਦਿਲ ਵਿੱਚ ਇਹ ਵੀ ਹਸਰਤ ਸੀ ਕਿ ਜੇ ਕਿਤੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਵੀ ਦਰਸ਼ਨ ਕਰ ਲਈਏ। ਜਿੰਨਾ ਚਿਰ ਭਾਰਤ ‘ਚ ਰਿਹਾ, ਦੋਹਾਂ ਦੇਸਾਂ ਦੇ ਆਪਸੀ ਸਬੰਧਾਂ ਦੀ ਕੁੜੱਤਣ ਨੇ ਇਹ ਆਸ ਪੂਰੀ ਨਾਂ ਹੋਣ ਦਿੱਤੀ। ਪਹਿਲੋਂ ਕਸ਼ਮੀਰ ਦਾ ਮਸਲਾ ਅਤੇ ਫਿਰ 1965 ਅਤੇ 1971 ਦੀਆਂ ਲੜਾਈਆਂ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ਵਿਚ ਐਨੀ ਦੂਰੀ ਪਾਈ ਕਿ ਲੋਕਾਂ ਦਾ ਐਧਰ ਔਧਰ ਜਾਣਾ ਮੁਸ਼ਕਲ ਹੋ ਗਿਆ। ਕੈਨੇਡਾ ਆਕੇ ਬੱਚਿਆਂ ਦੀ ਪੜ੍ਹਾਈ ਅਤੇ ਘਰ ਦੇ ਕਰਜੇ ਨੇ ਐਸਾ ਗਧੀ-ਗੇੜ ‘ਚ ਪਾਇਆ ਕਿ ਕਿਤੇ ਬਾਹਰ ਜਾਣਾ ਈ ਮੁਸ਼ਕਲ ਹੋ ਗਿਆ।
ਯਾਦਾਂ ਬਹੁਤ ਅਜੀਬ ਹੁੰਦੀਆਂ ਨੇ। ਅੱਛੀਆਂ ਹੋਣ ਜਾਂ ਮਾੜੀਆਂ, ਦਿਨ ਹੋਵੇ ਜਾਂ ਰਾਤ, ਅਖੀਰਲੇ ਦਮ ਤੱਕ ਤੁਹਾਡਾ ਪਿੱਛਾ ਨਹੀਂ ਛੱਡਦੀਆਂ। ਕੁਝ ਸਮਾਂ ਪਹਿਲੋਂ ਮੈਨੂੰ ਇੰਜ ਜਾਪਿਆ ਜਿਵੇਂ ਮੈਂ ਪਾਕਿਸਤਾਨ ਆਪਣਾ ਪਿੰਡ ਵੇਖਣ ਗਿਆ ਹੋਵਾਂ। ਸਾਡੇ ਘਰ ਵਿੱਚ ਹੁਣ ਘੁਮਿਆਰਾਂ ਦਾ ਇੱਕ ਟੱਬਰ ਰਹਿੰਦਾ ਸੀ। ਸਾਡੇ ਵੇਲੇ ਦੇ ਪੰਜਾਂ ਕਮਰਿਆਂ ਚੋਂ ਤਿੰਨ ਕਮਰੇ ਤਾਂ ਢੱਠ ਕੇ ਖੋਲਾ ਬਣੇ ਹੋਏ ਸਨ। ਦੋ ਕੁ ਕਮਰੇ ਹੀ ਸਾਬਤ ਜਾਪਦੇ ਸਨ। ਮੈਂ ਘਰ ਦਾ ਆਲਾ ਦੁਆਲਾ ਬੜ੍ਹੇ ਗਹੁ ਨਾਲ ਤੱਕਿਆ। ਬਹੁਤਾ ਸਮਾਂ ਮੈਂ ਉੱਥੇ ਖੜ੍ਹਿਆ ਜਿਸ ਕਮਰੇ ‘ਚ ਮੇਰੀ ਬੀਬੀ ਦੇ ਕਹਿਣ ਮੁਤਾਬਕ ਮੇਰਾ ਜਨਮ ਹੋਇਆ ਸੀ। ਮੈਨੂੰ ਯਾਦ ਆਇਆ ਮੇਰੇ ਦਾਦਾ ਜੀ ਪਿੰਡ ਦੇ ਸਿਰ ਕੱਢਵੇਂ ਜਿਮੀਦਾਰ ਸਨ ਤੇ ਸ਼ਾਹੂਕਾਰ ਵੀ। ਉਕਾੜੇ ਸ਼ਹਿਰ ‘ਚ ਉਹਨਾਂ ਦੀਆਂ 10 ਦੁਕਾਨਾਂ ਕਰਾਏ ‘ਤੇ ਸਨ। ਜਦੋਂ ਮਹੀਨੇ ਬਾਅਦ ਉਹਨਾਂ ਕਰਾਇਆ ਲੈਕੇ ਘਰ ਅਉਣਾਂ, ਤਾਂ ਚਾਂਦੀ ਦੇ ਰੁਪਈਆਂ ਦੀ ਛਣ ਛਣ ਸਾਰੇ ਕਮਰਿਆਂ ‘ਚ ਸੁਣਾਈ ਦਿੰਦੀ ਸੀ।
ਜਦੋਂ ਮੈਂ ਘਰ ਵੇਖਕੇ ਬਾਹਰ ਅਉਣ ਲੱਗਾ ਤਾਂ ਮੈਂ ਵੇਖਿਆ ਕਿ ਪਿੰਡ ਦੇ ਬਹੁਤ ਸਾਰੇ ਲੋਕ ਬੂਹੇ ਕੋਲ ਖੜ੍ਹੇ ਸਨ। ਉਹਨਾਂ ਵਿਚੋਂ ਬਹੁਤਿਆਂ ਨੇ ਹੱਥਾਂ ‘ਚ ਫੁੱਲਾਂ ਦੇ ਹਾਰ ਫੜ੍ਹੇ ਸਨ ਜੋ ਉਹਨਾਂ ਮੇਰੇ ਗਲ ‘ਚ ਪਾਏ। ਅਜੇ ਮੈਂ ਉੱਥੇ ਹੀ ਖੜਾ ਸਾਂ ਕਿ ਉਹਨਾਂ ‘ਚੋਂ ਇੱਕ ਆਦਮੀ ਨੇ ਕਿਹਾ, ”ਸਰਦਾਰ ਜੀ, ਤੁਹਾਨੂੰ ਚੌਧਰੀ ਸਾਹਬ ਬੁਲਾਉਂਦੇ ਨੇ”। ਮੈਂ ਮਨ ‘ਚ ਸੋਚਿਆ ਕਿ ਮੈਂ ਤਾਂ ਇੱਥੇ ਕਿਸੇ ਨੂੰ ਜਾਣਦਾ ਨਹੀਂ। ਪਰ ਮੈਂ ਉਸ ਆਦਮੀ ਦੇ ਨਾਲ ਤੁਰ ਪਿਆ। ਘਰ ਜਾਕੇ ਵੇਖਿਆ ਕਿ ਉੱਥੇ ਤਾਂ ਵਿਆਹ ਵਾਲਾ ਮਹੌਲ ਸੀ। ਮੈਂ ਅਜੇ ਚਾਹ ਪਾਣੀ ਪੀ ਰਿਹਾ ਸਾਂ ਕਿ ਮੇਰੇ ਲਾਗਿਉਂ ਕਿਸੇ ਜਨਾਨੀ ਨੇ ਅਵਾਜ ਮਾਰੀ, ”ਨੀ ਜੁਬੈਦਾਂ, ਅੜੀਏ ਜਲੇਬੀਆਂ ਵਾਲੀ ਟੋਕਰੀ ਤਾਂ ਐਥੇ ਲੈਕੇ ਆ”। ਜੁਬੈਦਾਂ ਦਾ ਨਾਮ ਸੁਣ ਕੇ ਮੇਰੇ ਕੰਨ ਖੜੇ ਹੋ ਗਏ। ਮੇਰੇ ਸਰੀਰ ‘ਚ ਕੰਬਨੀ ਜਿਹੀ ਛਿੜ ਗਈ ਕਿਉਂ ਕਿ ਮੈਂ ਆਪਣੇ ਬਚਪਨ ਦੇ ਪਿਆਰ ਨੂੰ ਤਕਰੀਬਨ 66 ਸਾਲ ਬਾਅਦ ਮਿਲ ਰਿਹਾ ਸਾਂ। ਜਲੇਬੀਆਂ ਦੀ ਟੋਕਰੀ ਲੈਕੇ ਇੱਕ ਜਨਾਨੀ ਮੇਰੇ ਕੋਲੋਂ ਲੰਘੀ। ਚਿਹਰੇ ਤੋਂ ਤਾਂ ਬਹੁਤਾ ਮੈਂ ਉਸਨੂੰ ਪਛਾਣ ਨਾ ਸਕਿਆ ਪਰ ਕੋਲੋਂ ਲੰਘਣ ਵੇਲੇ ਮੈਂ ਉਸਦੀ ਲੰਬੀ ਗੁੱਤ ਵੇਖਕੇ ਅੰਦਾਜ਼ਾ ਲਗਾ ਲਿਆ ਕਿ ਇਹ ਹੀ ਜੁਬੈਦਾਂ ਹੋ ਸਕਦੀ ਏ। ਮੈਂ ਉਸਦੇ ਕੋਲ ਜਾਕੇ ਸੰਗਦੇ ਸੰਗਦੇ ਨੇ ਕਿਹਾ, ”ਨੀ ਜੁਬੈਦਾਂ, ਤੂੰ ਮੈਨੂੰ ਪਛਾਣਿਆ ਏ ਕਿ ਨਹੀਂ”? ਉਸਨੇ ਨੀਵੀਂ ਪਾ ਲਈ ਅਤੇ ਸੰਗਦੀ ਹੋਈ ਨੇ ਕਿਹਾ, ”ਨਹੀਂ ਸਰਦਾਰ ਜੀ”। ਮੈਂ ਕਿਹਾ, ”ਮੈਂ ਤੇਰਾ ਤੋਚੀ ਆਂ”। ਉਹ ਡੌਰ ਭੋਰੀ ਜਿਹੀ ਹੋਕੇ ਮੇਰੇ ਵੱਲ ਗਹੁ ਨਾਲ ਵੇਖਣ ਲੱਗ ਪਈ ਅਤੇ ਹੈਰਾਨ ਹੋਕੇ ਕਿਹਾ, ”ਸੱਚ”? ਮੈਂ ਕਿਹਾ, ”ਬਿਲਕੁੱਲ ਸੱਚ”। ਉਸਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ ਅਤੇ ਉਸਨੇ ਅੱਖਾਂ ਮੀਟ ਕੇ ਆਪਣੇ ਹੱਥ ਉੱਪਰ ਵੱਲ ਉਠਾਏ ਜਿਵੇਂ ਉਹ ਅੱਲਾ ਦਾ ਸ਼ੁਕਰ ਮਨਾ ਰਹੀ ਹੋਵੇ। ਉਸਨੇ ਮੇਰੀ ਬਾਂਹ ਫੜ੍ਹੀ ਅਤੇ ਮੈਨੂੰ ਘਰ ਤੋਂ ਬਾਹਰ ਲੈ ਆਈ।
ਅਗਲੇ ਪਲ ਅਸੀਂ ਮਸੀਤ ਦੇ ਕੋਲ ਬੋਹੜ ਦੇ ਦਰੱਖਤ ਹੇਠ ਖੜੇ ਸਾਂ। ਇਹ ਬੋਹੜ ਦਾ ਦਰੱਖਤ ਸਾਡੇ ਪਿਆਰ ਦਾ ਗਵਾਹ ਸੀ। ਜਦੋਂ ਇਹ ਦਰੱਖਤ ਅਜੇ ਨਿੱਕਾ ਜਿਹਾ ਸੀ, ਇਸ ਦੇ ਕੋਲ ਖਲੋਤੀ ਹੋਈ ਜੁਬੈਦਾਂ ਨੇ ਮੇਰੇ ਨਾਲ ਨਿਕਾਹ ਦੀ ਤਜ਼ਵੀਜ ਰੱਖੀ ਸੀ। ਇੰਜ ਜਾਪਦਾ ਸੀ ਜਿਵੇਂ ਸਾਡੇ ਵਾਂਗੂੰ ਹੀ ਇਹ ਬੋਹੜ ਵੀ ਜੀਵਨ ਦੀਆਂ ਉਲਾਂਘਾਂ ਪੁੱਟੀ ਬੁਢੇਪੇ ਵੱਲ ਪੇੈਰ ਪੁੱਟ ਰਿਹਾ ਹੋਵੇ।
ਐਥੇ ਪਹੁੰਚ ਕੇ ਅਸੀਂ ਦੋਵੇਂ ਇੱਕ ਦੂਜੇ ਵੱਲ ਵੇਖੀ ਜਾਈਏ, ਪਰ ਬੋਲੇ ਕੋਈ ਨਾਂ। ਮੈਂ ਚੁੱਪ ਤੋੜਦੇ ਨੇ ਕਿਹਾ, ”ਨੀ ਅੜੀਏ, ਮੇਰੇ ਤਿੰਨ ਬੱਚੇ ਨੇ ਅਤੇ ਤਿੰਨੇ ਹੀ ਵਿਆਹੇ ਹੋਏ ਨੇ। ਤੇਰੇ ਕਿੰਨੇ ਬੱਚੇ ਨੇ”? ਉਸਦੀ ਭੁੱਬ ਨਿਕਲ ਗਈ ਅਤੇ ਉਸਨੇ ਡੁਸਕਦੀ ਹੋਈ ਨੇ ਕਿਹਾ, ”ਵੇ ਭੈੜਿਆ, ਮੈਂ ਤਾਂ ਤੇਰੀ ਯਾਦ ‘ਚ ਵਿਆਹ ਹੀ ਨਹੀਂ ਕਰਾਇਆ”। ਮੇਰਾ ਸਰੀਰ ਸਿਰ ਤੋਂ ਪੈਰਾਂ ਤੱਕ ਕੰਬ ਗਿਆ ਅਤੇ ਮੈਨੂੰ ਤਰੇਲੀਆਂ ਅਉਣ ਲਗ ਪਈਆਂ। ਜੁਬੈਦਾਂ ਦੇ ਇਸ ਉੱਤਰ ਨਾਲ ਮੈਨੂੰ ਕੁਝ ਹੋਰ ਪੁੱਛਣ ਦਾ ਹੀਆ ਨਾਂ ਪਿਆ। ਪਰ ਕੁਝ ਚਿਰ ਪਿਛੋਂ ਹੌਸਲਾ ਕਰਕੇ ਮੈਂ ਫਿਰ ਪੁੱਛਿਆ, ”ਤੂੰ ਵਿਆਹ ਕਿਉਂ ਨਹੀਂ ਕਰਾਇਆ”? ਉਹ ਜਰਾ ਸੰਭਲ ਕੇ ਬੋਲੀ, ”ਦਿਲ ਤਾਂ ਤੂੰ ਲੈ ਗਿਆ ਸੈਂ, ਮੈਂ ਵਿਆਹ ਕਿਵੇਂ ਕਰਵਾ ਲੈਂਦੀ”। ਮੇਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਪਰ ਮੈਂ ਫਿਰ ਸੁਆਲ ਕੀਤਾ, ”ਕੀ ਇਹ ਫੈਸਲਾ ਲੈਕੇ ਤੂੰ ਆਪਣੀ ਜਿੰਦਗੀ ਨਾਲ ਜ਼ੁਲਮ ਤਾਂ ਨਹੀਂ ਕੀਤਾ”? ਉਹ ਬੋਲੀ, ”ਨਹੀਂ, ਐਸੀ ਕੋਈ ਗੱਲ ਨਹੀਂ। ਇਸ ਮਰਦ ਪ੍ਰਧਾਨ ਸੰਸਾਰ ਵਿਚ ਮੈਂ ਅਜ਼ਾਦ ਰਹਿ ਕੇ ਜਿੰਦਗੀ ਦਾ ਅਨੰਦ ਮਾਣਿਆਂ ਏ। ਐਥੇ ਜਨਾਨੀਆਂ ਬੀਵੀਆਂ ਘੱਟ ਤੇ ਗੁਲਾਮ ਜ਼ਿਆਦਾ ਨੇ। ਹਰ ਵੇਲੇ ਨੋਕ ਝੋਕ, ਆਹ ਕਰ ਔਹ ਨਾਂ ਕਰ, ਐਥੇ ਜਾਹ ਔਥੇ ਨਾਂ ਜਾਹ। ਹਾਂ, ਜਵਾਨੀ ਵੇਲੇ ਕੁਝ ਮੁਸ਼ਕਲਾਂ ਆਈਆਂ ਸਨ, ਪਰ ਮੇਰੇ ਭਰਾ ਤੇ ਭਾਬੀ ਨੇ ਮੇਰਾ ਪੂਰਾ ਸਾਥ ਦਿੱਤਾ”।
ਸੰਗਦੀ ਹੋਈ ਜੁਬੈਦਾਂ ਨੇ ਮੈਨੂੰ ਕਿਹਾ, ”ਮੈਂ ਤੇਰੇ ਪਿਆਰ ਦੀ ਨਿਸ਼ਾਨੀ ਅਜੇ ਤੱਕ ਵੀ ਸੰਭਾਲ ਕੇ ਰੱਖੀ ਹੋਈ ਏ”। ਮੈਨੂੰ ਤਾਂ ਇਸ ਬਾਰੇ ਕੋਈ ਯਾਦ ਨਹੀਂ ਸੀ। ਪਰ ਮੈਂ ਇਹ ਵੀ ਨਹੀਂ ਸੀ ਦੱਸਣਾ ਚਹੁੰਦਾ ਕਿ ਮੈਂ ਭੁੱਲ ਗਿਆ ਹਾਂ। ਮੈਂ ਕਿਹਾ, ”ਹੱਛਾ”? ਉਸਨੇ ਇੱਕ ਦੰਮ ਪੁੱਛਿਆ, ”ਪਤਾ ਕਿਹੜੀ”?ਮੈਂ ਐਵੇਂ ਇੱਕ ਦੋ ਚੀਜਾਂ ਦੇ ਨਾਮ ਲਏ। ਉਸਨੇ ਹੱਸਦੀ ਹੋਈ ਨੇ ਕਿਹਾ, ”ਐਵੇਂ ਅਪਲ ਟੱਪਲੀਆਂ ਕਿਉਂ ਮਾਰੀ ਜਾਨੈਂ? ਜੇ ਨਹੀਂ ਪਤਾ ਤਾਂ ਸਾਫ ਕਿਉਂ ਨਹੀਂ ਕਹਿ ਦਿੰਦਾ ਕਿ ਭੁੱਲ ਗਿਆ ਏਂ”। ਜਦੋਂ ਮੈਂ ਸ਼ਰਮਿੰਦੇ ਹੋਏ ਨੇ ‘ਹਾਂ’ ਦਾ ਇਸ਼ਾਰਾ ਕੀਤਾ ਤਾਂ ਉਸਨੇ ਕਿਹਾ, ”ਹਰੇ ਰੰਗ ਦੀਆਂ ਚੂੜੀਆਂ”। ਮੈਨੂੰ ਇੱਕ ਦੰਮ ਯਾਦ ਆਇਆ ਕਿ ਭਾਰਤ ਦੀ ਵੰਡ ਤੋਂ ਕੁਝ ਮਹੀਨੇ ਪਹਿਲੋਂ ਮਾਮਾ ਜੀ ਦੇ ਬੇਟੇ ਦੀ ਮੰਗਣੀ ਵੇਲੇ ਪਿਤਾ ਜੀ, ਬੀਬੀ ਜੀ ਅਤੇ ਨਿੱਕੀ ਭੈਣ ਤੰਨੀ ਨਾਲ ਮੈਂ ਆਪਣੇ ਨਾਨਕੇ ਪਿੰਡ ਚੀਮਾ ਖੁੱਡੀ (ਨੇੜੇ ਸ਼੍ਰੀ ਹਰਗੋਬਿੰਦਪੁਰ) ਗਿਆ ਸਾਂ। ਵਾਪਸੀ ਵੇਲੇ ਬੀਬੀ ਜੀ ਦੇ ਕਹਿਣ ‘ਤੇ ਅਸੀਂ ਬਾਬਾ ਬਕਾਲੇ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਗੁਰਦਵਾਰੇ ਮੱਥਾ ਟੇਕਣ ਗਏ ਸਾਂ। ਉੱਥੇ ਤੰਨੀ ਦੇ ਜਿੱਦ ਕਰਨ ‘ਤੇ ਬੀਬੀ ਜੀ ਉਸਨੂੰ ਚੂੜੀਆਂ ਵਾਲੀ ਦੁਕਾਨ ਤੇ ਲੈ ਗਈ। ਮੇਰੇ ਕਹਿਣ ‘ਤੇ ਬੀਬੀ ਜੀ ਨੇ ਜੁਬੈਦਾਂ ਵਾਸਤੇ ਹਰੇ ਰੰਗ ਦੀਆਂ ਚੂੜੀਆਂ ਵੀ ਖਰੀਦ ਲਈਆਂ। ਪਿੰਡ ਵਾਪਸ ਆਕੇ ਜਦੋਂ ਜੁਬੈਦਾਂ ਉਹ ਚੂੜੀਆਂ ਪਉਣ ਲੱਗੀ ਤਾ ਉਹ ਕਾਫੀ ਖੁਲ੍ਹੀਆਂ ਸਨ। ਉਸਨੇ ਮੈਨੂੰ ਕਿਹਾ, ”ਕੋਈ ਗੱਲ ਨਹੀਂ। ਮੈਂ ਇਹ ਚੂੜੀਆਂ ਸੰਭਾਲ ਕੇ ਰੱਖ ਲੈਂਦੀ ਆਂ, ਅਗਲੇ ਸਾਲ ਜਦੋਂ ਮੇਚ ਅਉਣਗੀਆਂ, ਤਾਂ ਆਪਣੇ ਹੱਥ ਨਾਲ ਪਾ ਦੇਵੀਂ”। ਅਤੇ ਫਿਰ ਉਹ ‘ਅਗਲਾ ਸਾਲ’ ਕਦੇ ਨਾ ਆਇਆ।
ਕੁਝ ਚਿਰ ਬਾਅਦ ਗੱਲ ਦਾ ਰੁਖ ਬਦਲਦੇ ਹੋਏ ਉਸਨੇ ਮੈਨੂੰ ਪੁੱਛਿਆ, ”ਹਾਲਾਂ ਮੇਰੇ ਦਿਲ ‘ਚ ਤਾਂ ਇਹ ਭਰਮ ਹੋ ਸਕਦਾ ਸੀ ਕਿ ਤੂੰ ਜਿਉਂਦਾ ਹੈਂ ਕਿ ਨਹੀਂ, ਮੈਂ ਫਿਰ ਵੀ ਨਿਕਾਹ ਨਹੀਂ ਕੀਤਾ। ਪਰ ਤੈਨੂੰ ਤਾਂ ਇਹ ਪਤਾ ਸੀ ਕਿ ਮੈਂ ਜਿਉਂਦੀ ਹਾਂ, ਫਿਰ ਤੂੰ ਵਿਆਹ ਕਿਉਂ ਕਰਾਇਆ”? ਇਹ ਗੱਲ ਸੁਣਕੇ ਮੇਰਾ ਸਰੀਰ ਸਿਰ ਤੋਂ ਪੈਰਾ ਤੱਕ ਸੁੰਨ ਜਿਹਾ ਹੋ ਗਿਆ। ਮੈਨੂੰ ਜਾਪਿਆ ਜਿਵੇਂ ਕਿਸੇ ਨੇ ਮੇਰੇ ਸਿਰ ‘ਤੇ ਕੋਈ ਹਥੌੜਾ ਮਾਰ ਦਿਤਾ ਹੋਵੇ। ਪਤਾ ਨਹੀਂ ਉਸਨੇ ਮੈਨੂੰ ਇਹ ਮਿਹਣਾਂ ਮਾਰਿਆ ਸੀ, ਸ਼ਿਕਾਇਤ ਕੀਤੀ ਸੀ ਜਾਂ ਮੇਰੇ ਨਾਲ ਗਿਲ੍ਹਾ ਕੀਤਾ ਸੀ। ਕੁਝ ਹੱਦ ਤੱਕ ਉਹ ਸੱਚੀ ਵੀ ਸੀ ਕਿ ਉਸਨੇ ਤਾਂ ਸੱਚੇ ਪਿਆਰ ਦੀ ਖਾਤਰ ਆਪਣੀ ਸਾਰੀ ਜਿੰਦਗੀ ਦਾਅ ‘ਤੇ ਲਾ ਦਿੱਤੀ, ਤੇ ਮੈਂ ਕੀ ਕੀਤਾ? ਇਕ ਪਲ ਮੈਂ ਸੱਚੀਂ ਹੀ ਆਪਣੇ ਆਪ ਨੂੰ ਗੁਨਾਹਗਾਰ ਮਹਿਸੂਸ ਕੀਤਾ। ਦਿਲ ਕਰਦਾ ਸੀ ਕਿ ਜ਼ਨੀਨ ਫਟ ਜਾਵੇ ਤੇ ਮੈਂ ਉਸ ‘ਚ ਸਮਾ ਜਾਵਾਂ।
ਉਸਦੇ ਸਵਾਲ ਦਾ ਮੇਰੇ ਕੋਲ ਕੋਈ ਸਿੱਧਾ ਉੱਤਰ ਤਾਂ ਨਹੀਂ ਸੀ, ਪਰ ਗੱਲ ਟਾਲਦੇ ਹੋਏ ਨੇ ਕਿਹਾ, ਆਪਾਂ ਇਸਨੂੰ ਕਿਸਮਤ ਦੀ ਖੇਡ ਜਾਂ ਸੰਜੋਗ ਕਹਿ ਸਕਦੇ ਹਾਂ। ਜੇ ਆਪਣੇ ਵਿਆਹ ਦਾ ਸੰਜੋਗ ਹੁੰਦਾ, ਫਿਰ ਦੇਸ਼ ਦੀ ਵੰਡ ਹੀ ਕਿਉਂ ਹੁੰਦੀ? ਆਪਾਂ ਕਿਉਂ ਵਿਛੜਦੇ? ਉਸ ਦਿਨ ਜਦੋਂ ਸਾਡਾ ਕਾਫਲਾ ਪਿੰਡ ਤੋਂ ਅਜੇ 5-6 ਮੀਲ ਦੂਰ ਹੀ ਗਿਆ ਹੋਵੇਗਾ ਕਿ 25-30 ਮੁਸਲਮਾਨ ਜਾਲਮਾਂ ਦੇ ਟੋਲੇ ਨੇ ਸਾਡੇ ਉਪਰ ਹਮਲਾ ਬੋਲ ਦਿੱਤਾ। ਉਹਨਾਂ ਵਹਿਸ਼ੀ ਬਣਕੇ ਅਤੇ ਆਪਣੀਆਂ ਅੱਖਾਂ ‘ਤੇ ਕੱਟੜਪੁਣੇ ਦੀ ਪੱਟੀ ਬੰਨ੍ਹਕੇ ਸਾਡੀਆਂ ਮਾਵਾਂ ਭੈਣਾਂ ਦੀਆਂ ਇਜ਼ਤਾਂ ਲੁੱਟੀਆਂ। ਮੈਨੂੰ ਅੱਜ ਵੀ ਯਾਦ ਹੈ ਕਿ ਲਹਿੰਦੇ ਪਾਸੇ ਵਾਲੇ ਕਸ਼ਮੀਰਾ ਸਿੰਘ ਤੋਂ ਇਹ ਬੇਇਜ਼ਤੀ ਸਹਾਰੀ ਨਾਂ ਗਈ ਤੇ ਉਸਨੇ ਆਪਣੀ ਘਰ ਵਾਲੀ ਅਤੇ ਜਵਾਨ ਭੈਣ ਨੂੰ ਸਾਡੇ ਸਾਹਮਣੇ ਕਿਰਪਾਨ ਨਾਲ ਵੱਢ ਦਿੱਤਾ। ਜਿਹਨਾਂ ਗੋਦਾਂ ‘ਚ ਬਹਿਕੇ ਇਹ ਹਮਲਾਵਰ ਜਵਾਨ ਹੋਏ, ਉਹਨਾਂ ਗੋਦਾਂ ‘ਚ ਬਰਛੇ ਮਾਰੇ।
ਜਿਹਨਾਂ ਭੇੈਣਾਂ ਕੋਲੋਂ ਰੱਖੜੀਆਂ ਬੰਨ੍ਹਵਾਈਆਂ, ਉਹਨਾਂ ਰੱਖੜੀਆਂ ਦੀਆਂ ਫਾਹੀਆਂ ਬਣਾਕੇ ਗਰਦਨਾਂ ‘ਚ ਪਾਈਆਂ। ਜਿਹਨਾਂ ਛਾਤੀਆਂ ‘ਚੋਂ ਦੁੱਧ ਪੀਤਾ, ਉਹਨਾਂ ਛਾਤੀਆਂ ਨੂੰ ਈ ਕਿਰਪਾਨਾਂ ਨਾਲ ਵੱਢ ਦਿੱਤਾ। ਮਾਵਾਂ ਨੇ ਜਿਸ ਖੂਹ ਵਿਚੋਂ ਪਾਣੀ ਕੱਢਕੇ ਬੱਚਿਆਂ ਨੂੰ ਨੁਹਾਇਆ ਸੀ, ਉਹਨਾਂ ਬਾਲਾਂ ਨੇ ਉਹਨਾਂ ਮਾਵਾਂ ਦੇ ਲਹੂ ਨਾਲ ਹੀ ਉਹਨਾਂ ਖੂਹਾਂ ਨੂੰ ਭਰ ਦਿੱਤਾ। ਮੇਰੇ ਸਾਹਮਣੇ ਮੇਰੀ ਮਾਂ ਨੂੰ ਬਰਛਿਆਂ ਨਾਲ ਵਿੰਨ੍ਹ ਦਿਤਾ ਗਿਆ ਅਤੇ ਕਿਰਪਾਨਾਂ ਨਾਲ ਮੇਰੇ ਪਿਤਾ ਜੀ ਦੇ ਟੋਟੇ ਕਰ ਦਿੱਤੇ। ਸਾਡੇ ਇੱਕ ਗਵਾਂਢੀ ਮੁੰਡੇ ਨੇ ਮੇਰੀ ਬਾਂਹ ਫੜ੍ਹੀ ਤੇ ਅੱਖ ਬਚਾਕੇ ਲਾਗੇ ਕਪਾਹ ਦੇ ਖੇਤ ‘ਚ ਲੈ ਗਿਆ ਅਤੇ ਇਸ ਤਰ੍ਹਾਂ ਮੈਂ ਬਚ ਗਿਆ।
ਮੇਰਾ ਜੀਅ ਭਰ ਆਇਆ ਅਤੇ ਕੁਝ ਚਿਰ ਰੁਕ ਕੇ ਮੈਂ ਕਿਹਾ, ” ਆਪਣੇ ਨਾਨਕੇ ਪਹੁੰਚ ਕੇ ਮੈਂ ਮਾਮਾ ਜੀ ਅਤੇ ਮਾਮੀ ਜੀ ਵਿੱਚੋਂ ਆਪਣੇ ਮਾਂ ਪਿਉੇ ਨੂੰ ਲੱਭਦਾ ਰਿਹਾ।
ਗਲੀ ਵਿੱਚ ਖੇਡਦੇ ਬੱਚਿਆਂ ‘ਚੋਂ ਮੈਂ ਤੈਨੂੰ ਲੱਭਦਾ ਰਿਹਾ। ਪਰ ਤੁਸੀਂ ਮੈਨੂੰ ਤਾਂ ਮਿਲਦੇ, ਜੇ ਤੁਸੀਂ ਉੱਥੇ ਹੁੰਦੇ। ਹਮਲਾਵਰਾਂ ਦੀ ਸਾਡੀਆਂ ਮਾਵਾਂ ਭੈਣਾਂ ਨਾਲ ਕੀਤੀ ਬਦਫੈਲੀ, ਮੇਰੀ ਮਾਂ ਦੀਆਂ ਲੇਲ੍ਹਣੀਆਂ ਕੱਢਣੀਆਂ ਅਤੇ ਲਹੂ ਦੇ ਛੱਪੜ ਦਾ ਦਰਿਸ਼ ਜਦੋਂ ਮੇਰੀਆਂ ਅੱਖਾਂ ਸਾਹਮਣੇ ਅਉਂਦਾ ਜਾਂ ਇਸ ਬਾਰੇ ਜਦੋਂ ਕੋਈ ਸੁਪਨਾ ਅਉਂਦਾ ਤਾਂ ਮੈਂ ਤ੍ਰੱਭਕ ਕੇ ਉੱਠ ਪੈਂਦਾ ਤੇ ਮੇਰੀ ਮਾਮੀ ਮੈਨੂੰ ਘੁੱਟ ਕੇ ਜੱਫੀ ‘ਚ ਲੈ ਲੈਂਦੀ। ਇਹਨਾਂ ਹਾਲਾਤਾਂ ‘ਚ ਈ ਮੈਂ ਵੱਡਾ ਹੋਇਆ। ਸੋ ਮੇਰਾ ਵਿਆਹ ਕਰਾਉਣਾ ਮੇਰੀ ਮਜਬੂਰੀ ਸੀ”। ਗੱਲਾਂ ਕਰਦਿਆਂ ਮੈਂ ਵੀ ਭਾਵਕ ਹੋ ਗਿਆ ਤੇ ਜੁਬੈਦਾਂ ਵੀ।
ਕੁਝ ਚਿਰ ਪਿਛੋਂ ਜੁਬੈਦਾਂ ਨੇ ਪੁੱਛਿਆ, ”ਵੇ ਤੋਚੀ, ਇੱਕ ਗੱਲ ਸੱਚ ਦੱਸੀਂ, ਤੈਨੂੰ ਕਦੇ ਮੇਰੀ ਯਾਦ ਆਈ ਏ ਕਿ ਨਹੀਂ”? ਮੈਂ ਤਰਾਸਵੀਆਂ ਅੱਖਾਂ ਨਾਲ ਉਸ ਵੱਲ ਵੇਖਿਆ। ਮੇਰਾ ਗਲਾ ਭਰ ਆਇਆ ਤੇ ਹਟਕੋਰੇ ਭਰਦਿਆਂ ਉਸਨੂੰ ਕਿਹਾ, ”ਨੀ ਜੁਬੈਦਾਂ, ਤੂੰ ਮੈਨੂੰ ਇਹ ਸਵਾਲ ਕਿਉਂ ਕੀਤਾ? ਮੇਰਾ ਤਾਂ ਜੀਵਨ ਹੀ ਤੇਰੀ ਦੇਣ ਆਂ। ਦੇਸ਼ ਦੀ ਵੰਡ ਤੋਂ ਦੋ ਕੁ ਮਹੀਨੇ ਪਹਿਲਾਂ ਛੱਪੜ ‘ਚ ਨਹਾਉਣ ਵੇਲੇ ਜਦੋਂ ਮਹੀਂ ਦੀ ਪੂਛ ਮੇਰੇ ਹੱਥੋਂ ਛੁੱਟ ਗਈ ਸੀ ਅਤੇ ਮੈਂ ਡੁੱਬਣ ਲੱਗਾ ਸਾਂ, ਤਾਂ ਤੇਰੇ ਉੱਚੀ ਉੱਚੀ ਰੌਲਾ ਪਉਣ ਕਰਕੇ ਕੋਲੋਂ ਲੰਘਦੇ ਮੁਨੀਰ ਸਾਂਸੀ ਨੇ ਮੈਨੂੰ ਬਚਾ ਲਿਆ ਸੀ। ਜੇ ਤੂੰ ਮੈਨੂੰ ਨਾਂ ਬਚਾਉਂਦੀ, ਤਾਂ ਮੈਂ ਉਦੋਂ ਮਰ -। ਜੁਬੈਦਾਂ ਨੇ ਇੱਕ ਦੰਮ ਮੇਰੇ ਮੂੰਹ ਅੱਗੇ ਆਪਣਾ ਹੱਥ ਰੱਖ ਦਿੱਤਾ ਤੇ ਕਿਹਾ, ”ਚੁੱਪ ਕਰ, ਐਵੇਂ ਕਮਲੀਆਂ ਨਾਂ ਮਾਰ”। ਫਿਰ ਉਸਨੇ ਕਿਹਾ, ”ਮੈਨੂੰ ਅੱਜ ਵੀ ਉਹ ਦਿਨ ਨਹੀਂ ਭੁੱਲਦਾ ਜਦੋਂ ਮਾਸੀ ਜੀ ਨੇ ਮੈਨੂੰ ਆਪਣੇ ਕਲਾਵੇ ‘ਚ ਲੈਕੇ ਕਈ ਘੰਟੇ ਮੇਰਾ ਮੱਥਾ ਚੁੰਮਿਆ ਅਤੇ ਪਿਆਰ ਕਰਦੀ ਰਹੀ ਸੀ। ਇੱਕ ਪਲ ਲਈ ਤਾਂ ਉਦੋਂ ਮੈਨੂੰ ਆਪਣੀ ਅੰਮੀ ਜਾਨ ਵੀ ਭੁੱਲ ਗਈ ਸੀ”।
ਇੱਕ ਪਲ ਠਹਿਰ ਕੇ ਉਸਨੇ ਮੈਨੂੰ ਹੌਲੀ ਜਿਹੀ ਅਵਾਜ਼ ‘ਚ ਕਿਹਾ, ”ਮੇਰੀ ਇੱਕ ਗੱਲ ਮੰਨੇਗਾ”? ਮੈਂ ਕਿਹਾ, ”ਤੂੰ ਕਹਿ ਕੇ ਤਾਂ ਵੇਖ, ਮੈਂ ਤੇਰੀਆਂ ਸੌ ਗੱਲਾਂ ਮੰਨਾਂਗਾ”। ਉਸਨੇ ਕਿਹਾ, ”ਐਥੇ ਥੜ੍ਹੇ ਤੇ ਬੈਠ ਜਾਹ”। ਇਹ ਸੋਚਦੇ ਹੋਏ ਕਿ ਮੇਰਾ ਸੂਟ ਮਿੱਟੀ ਨਾਲ ਮੈਲਾ ਹੋ ਜਾਏਗਾ, ਮੈਂ ਬੈਠਣ ਤੋਂ ਕੁਝ ਝਿਜਕਿਆ। ਉਹ ਇੱਕ ਦੰਮ ਹੁਕਮ ਜਿਹਾ ਕਰਦੇ ਹੋਈ ਬੋਲੀ, ”ਬਹਿਜਾ ਐਥੇ, ਨਲੀ ਚੋਚੋ ਜਿਹਾ। ਤੈਨੂੰ ਪਤਾ ਜਦੋਂ ਤੇਰਾ ਸੀਂਢ (ਨੱਕ) ਵਗਦਾ ਹੁੰਦਾ ਸੀ, ਮੈਂ ਆਪਣੇ ਹੱਥ ਨਾਲ ਜਾਂ ਆਪਣੀ ਚੁੰਨੀ ਨਾਲ ਤੇਰਾ ਸੀਂਢ ਸਾਫ ਕਰਦੀ ਹੁੰਦੀ ਸਾਂ”? ਫਿਰ ਮੈਂ ਕੋਈ ਹੀਲ ਹੁੱਜਤ ਨਾਂ ਕੀਤੀ ਅਤੇ ਥੜ੍ਹੇ ਉਪਰ ਬੈਠ ਗਿਆ।
ਉਸਨੇ ਕਿਹਾ, ”ਆਪਣੀਆਂ ਅੱਖਾਂ ਮੀਟ ਲੈ”। ਮੈਂ ਕਿਹਾ, ”ਕਿਉਂ”?ਉਸਨੇ ਕਿਹਾ, ”ਤੈਨੂੰ ਦੇਖਿਆਂ ਨੂੰ ਮੁੱਦਤ ਹੋ ਗਈ ਏ, ਮੈਂ ਇੱਕ ਪਲ ਤੈਨੂੰ ਜੀਅ ਭਰ ਕੇ ਦੇਖਣਾ ਚਹੁੰਦੀ ਆਂ”। ਮੈਂ ਅੱਖੀਆਂ ਮੀਟ ਲਈਆਂ ਤੇ ਉਸਨੂੰ ਕਿਹਾ, ”ਮੇਰੀ ਵੀ ਇੱਕ ਗੱਲ ਮੰਨੇਗੀ”? ਉਸਨੇ ਕਿਹਾ, ”ਦੱਸ”। ਮੈਂ ਕਿਹਾ, ”ਅੱਜ ਵੀ ਮੈਨੂੰ ਤੇਰੇ ਵਾਲ ਬਹੁਤ ਸੁਹਣੇ ਲਗਦੇ ਨੇ”। ਅੱਜ ਫਿਰ ਮੇਰੇ ਕਹਿਣ ਤੇ ਉਸਨੇ ਆਪਣੀ ਗੁੱਤ ਮੇਰੇ ਹੱਥ ‘ਚ ਫੜਾ ਦਿੱਤੀ ਤੇ ਕੁਝ ਨਾਂ ਬੋਲੀ। ਇੱਕ ਮਿੰਟ, ਦੋ ਮਿੰਟ, ਤਿੰਨ ਮਿੰਟ। ਮੇਰੇ ਹੱਥਾਂ ਉੱਤੇ ਅੱਥਰੂਆਂ ਦੀ ਵਰਖਾ ਸ਼ੁਰੂ ਹੋ ਗਈ। ਮੈੰਂ ਆਪਣੀਆਂ ਅੱਖਾਂ ਖੋਲ੍ਹੀਆਂ। ਜੁਬੈਦਾਂ ਦੀਆਂ ਅੱਖਾਂ ਬੰਦ ਸਨ ਤੇ ਉਹ ਚੁੱਪ ਚੁੱਪੀਤੇ ਰੋ ਰਹੀ ਸੀ। ਮੈਨੂੰ ਜਾਪਿਆ ਜਿਵੇਂ ਐਨੇ ਸਾਲ ਦੇ ਵਿਛੋੜੇ ਦਾ ਸੰਤਾਪ ਉਹ ਅੱਥਰੂਆਂ ਨਾਲ ਧੋ ਛੱਡਣਾ ਚਹੁੰਦੀ ਹੋਵੇ। ਮੈਂ ਉਸਨੂੰ ਗਲ ਲੱਗ ਕੇ ਦਿਲਾਸਾ ਦੇਣਾ ਚਾਹਿਆ ਪਰ ਉਹ ਇੱਕ ਦੰਮ ਤ੍ਰੱਭਕ ਕੇ ਪਰ੍ਹੇ ਹੋ ਗਈ। ਉਸਨੂੰ ਡਰ ਸੀ ਕਿ ਜੇ ਕਿਸੇ ਨੇ ਵੇਖ ਲਿਆ ਤਾਂ ਕੀ ਕਹੇਗਾ ਕਿ ਸਾਰੀ ਉਮਰ ਤਾਂ ਵਿਆਹ ਨਹੀਂ ਕਰਾਇਆ ਤੇ ਐਸ ਉਮਰੇ ਇਸਨੂੰ ਕਿਹੜਾ ਇਸ਼ਕ ਜਾਗ ਪਿਆ?
ਸੁੱਤੇ ਪਿਆਂ ਮੇਰੀ ਚੀਕ ਨਿਕਲ ਗਈ ਅਤੇ ਮੈਂ ਉੱਠ ਕੇ ਬਿਸਤਰੇ ‘ਤੇ ਬੈਠ ਗਿਆ। ਮੇਰੀ ਘਰ ਵਾਲੀ ਵੀ ਉੱਠਕੇ ਵਾਹਿਗੁਰੂ ਵਾਹਿਗੁਰੂ ਕਹਿਣ ਲਗ ਪਈ ਅਤੇ ਪੁੱਛਿਆ, ”ਜੀ, ਕੋਈ ਭੈੜਾ ਸੁਪਨਾ ਆਇਆ ਸੀ”?। ਮੈਂ ਉਸਨੂੰ ਸੰਖੇਪ ‘ਚ ਸਾਰੀ ਗੱਲ ਦੱਸੀ। ਉਸਨੇ ਮੈਨੂੰ ਦਲਾਸਾ ਦਿੰਦੇ ਹੋਏ ਕਿਹਾ, ”ਕਿਉਂ ਨਾਂ ਆਪਾਂ ਇਸ ਵਾਰ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ ਪਾਕਿਸਤਾਨ ਚੱਲੀਏ। ਦਰਸ਼ਨਾਂ ਤੋਂ ਪਿਛੋਂ ਆਪਾਂ ਤੁਹਾਡੇ ਪਿੰਡ ਚੱਲਾਂਗੇ। ਹੋ ਸਕਦਾ ਏ ਉੱਥੇ ਜੁਬੈਦਾਂ ਆਪਾਂ ਨੂੰ ਮਿਲ ਪਵੇ”।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …