Breaking News
Home / ਨਜ਼ਰੀਆ / ਦੀਵਾ ਬਲੇ ਹਨ੍ਹੇਰਾ ਜਾਏ!

ਦੀਵਾ ਬਲੇ ਹਨ੍ਹੇਰਾ ਜਾਏ!

ਸੁਰਜੀਤ ਕੌਰ
ਅਸੀਂ ਤਿਉਹਾਰ ਕਿਉਂ ਮਨਾਉਂਦੇ ਹਾਂ? ਤੁਸੀਂ ਆਖੋਗੇ ਕਿ ਜ਼ਾਹਿਰ ਤਾਂ ਹੈ ਖੁਸ਼ੀਆਂ ਸਾਂਝੀਆਂ ਕਰਨ ਲਈ ; ਜ਼ਿੰਦਗੀ ਵਿਚ ਚੇਂਜ ਜਾਂ ਬਦਲਾਓ ਲਿਆਉਣ ਲਈ ; ਜ਼ਿੰਦਗੀ ਦੀ ਖੜੋਤ ਵਿਚ ਉਤਸ਼ਾਹ ਅਤੇ ਹੁੱਲਾਸ ਭਰਨ ਲਈ । ਇਸ ਦਿਨ ਅਸੀਂ ਆਪਣੇ ਵਿਰਸੇ ਨੂੰ ਯਾਦ ਕਰਦੇ ਹਾਂ; ਮਹਾਨ ਸ਼ਖਸੀਅਤਾਂ ਨੂੰ ਸ਼ਰਧਾਂਜਲੀਆਂ ਦਿੰਦੇ ਹਾਂ ਇਤਿਆਦਿ । ਸਾਡੀ ਜ਼ਿੰਦਗੀ ਵਿਚ ਤਿਉਹਾਰਾਂ ਦੀ ਬਹੁਤ ਮਹਤੱਤਾ ਹੈ; ਤਿਉਹਾਰ ਸਾਡੀ ਜ਼ਿੰਦਗੀ ਵਿਚ ਨਵਾਂ ਰੰਗ ਭਰਦੇ ਹਨ, ਇਤਿਆਦਿ । ਪਰ ਕੀ ਅਸੀਂ ਇਸ ਦਿਨ ਸੱਚਮੁਚ ਖੁਸ਼ ਹੁੰਦੇ ਹਾਂ? ਕੀ ਇਸ ਦਿਨ ਅਸੀਂ ਆਪਣੇ ਪੁਰਖਿਆਂ ਦੀ ਮਹਾਨਤਾ ਨੂੰ ਯਾਦ ਕਰਦੇ ਹਾਂ।
ਆਉ ਸੋਚੀਏ ਅਸੀਂ ਤਿਉਹਾਰ ਕਿਵੇਂ ਮਨਾਉਂਦੇ ਹਾਂ । ਦੁਸਹਿਰਾ ਮਨਾ ਚੁੱਕੇ ਹਾਂ ਅਤੇ ਦਿਵਾਲੀ ਮਨਾਉਣ ਰਹੇ ਹਾਂ। ਆਉ ਪਹਿਲਾਂ ਦੁਸਹਿਰੇ ਦੀ ਹੀ ਗੱਲ ਕਰ ਲਈਏ ; ਕਿਵੇਂ ਮਨਾਇਆ ਦੁਸਹਿਰਾ ਅਸੀਂ? ਕਈਆਂ ਨੇ ਰਾਵਣ ਸਾੜਿਆ ਅਤੇ ਪਟਾਕੇ ਚਲਾਏ ਜਾਂ ਉਨ੍ਹਾਂ ਵਸਤੂਆਂ ਦਾ ਸੇਵਨ ਕੀਤਾ ਜਿਹੜੀਆਂ ਸਾਡੀ ਸਿਹਤ ਲਈ ਹਾਨੀਕਾਰਕ ਹਨ। ਪਰ ਕੀ ਸਾਡੇ ਵਿਚੋਂ ਕਿਸੇ ਨੇ ਸੋਚਿਆ ਕਿ ਦੁਸਹਿਰਾ ਅਸੀਂ ਮਨਾਉਂਦੇ ਕਿਉਂ ਹਾਂ? ਆਮ ਲਿਖਿਆ ਸੁਣਿਆ ਵੇਖਦੇ ਹਾਂ ਕਿ ਇਹ ਤਿਉਹਾਰ ਨੇਕੀ ਦੀ ਬਦੀ ਉੱਤੇ ਜਿੱਤ ਦਾ ਪ੍ਰਤੀਕ ਹੈ ਭਾਵ ਕਿ ਸਾਨੂੰ ਕੁਝ ਅਜਿਹਾ ਕਰਨਾ ਚਾਹੀਦਾ ਹੈ ਕਿ ਬਦੀ ਨੂੰ ਖਤਮ ਕੀਤਾ ਜਾਵੇ ਅਤੇ ਇਸ ਦਿਨ ਨੇਕੀ ਦਾ ਕੋਈ ਕੰਮ ਕੀਤਾ ਜਾਵੇ ਅਤੇ ਫਿਰ ਅਸੀਂ ਉਸ ਦੀ ਖੁਸ਼ੀ ਮਨਾਈਏ । ਇਕੱਲੇ ਰਾਵਣ ਨੂੰ ਸਾੜਣ ਨਾਲ ਕੀ ਹੋਵੇਗਾ ਜੇ ਸਾਡੇ ਅੰਦਰ ਦਾ ਰਾਵਣ ਨਾ ਸੜਿਆ?
ਜ਼ਮਾਨਾ ਬਦਲ ਗਿਆ ਹੈ ਅਤੇ ਜ਼ਮਾਨੇ ਨਾਲ ਸੋਚ ਬਦਲ ਗਈ ਹੈ। ਹੁਣ ਗਿਆਨ ਦਾ ਯੁਗ ਹੈ । ਕੀ ਅਸੀਂ ਦੁਸਹਿਰੇ ਵਾਲੇ ਦਿਨ ਇਹ ਖੋਜਣ ਦੀ ਕੋਸ਼ਿਸ਼ ਕਰਦੇ ਹਾਂ ਕਿ ਰਾਵਣ ਕੌਣ ਸੀ? ਉਸ ਦੇ ਵਿਚ ਕੀ ਗੁਣ ਸਨ? ਉਸਨੂੰ ਕਿੰਨਾ ਗਿਆਨ ਸੀ? ਉਸਨੇ ਕੀ ਗਲਤੀ ਕੀਤੀ ਕਿ ਉਸ ਨੂੰ ਇਸ ਤਰ੍ਹਾਂ ਦੀ ਮੌਤ ਪ੍ਰਾਪਤ ਹੋਈ; ਅਤੇ ਅਸੀਂ ਇਹੋ ਜਿਹੀਆਂ ਗਲਤੀਆਂ ਤੋਂ ਕਿਵੇਂ ਦੂਰ ਰਹੀਏ । ਅੱਜ ਸੀਤਾ ਵਰਗੀਆਂ ਹਜ਼ਾਰਾਂ ਕੁੜੀਆਂ ਮਰਦਾਂ ਦੇ ਸੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ ; ਇਹ ਦਿਨ ਹੈ ਜਿਸ ਦਿਨ ਅਸੀਂ ਇਹ ਪ੍ਰਣ ਕਰੀਏ ਕਿ ਉਨ੍ਹਾਂ ਕੁੜੀਆਂ ਨੂੰ ਇਸ ਸੋਸ਼ਣ ਤੋਂ ਬਚਾਉਣ ਲਈ ਅਸੀਂ ਕੁਝ ਅਜਿਹਾ ਕਰਾਂਗੇ ਕਿ ਉਹ ਸੁਰੱਖਿਅਤ ਰਹਿਣ ਅਤੇ ਜੋ ਇਸ ਤਸ਼ਦੱਦ ਦਾ ਸ਼ਿਕਾਰ ਹੋ ਚੁੱਕੀਆਂ ਹਨ ਅਸੀਂ ਉਨ੍ਹਾਂ ਦੀ ਅਵਾਜ਼ ਬਣਾਂਗੇ। ਇਹ ਹੋਵੇਗੀ ਬਦੀ ਨੂੰ ਖਤਮ ਕਰਕੇ ਨੇਕੀ ਕਰਨ ਦੀ ਹਿੰਮਤ ! ਫਿਰ ਅਸੀਂ ਸੱਚਮੁੱਚ ਖੁਸ਼ ਹੋਵਾਂਗੇ ਅਤੇ ਸਹੀ ਮਾਇਨਿਆਂ ਵਿਚ ਬਦੀ ‘ਤੇ ਨੇਕੀ ਦੀ ਜਿੱਤ ਦਾ ਜਸ਼ਨ ਮਨਾਉਣ ਦੇ ਅਰਥ ਸਮਝਾਂਗੇ।
ਹੁਣ ਟੈਕਨਾਲੋਜੀ ਦਾ ਯੁਗ ਹੈ । ਸਾਡੇ ਸਾਰਿਆਂ ਦੇ ਹੱਥ ਵਿਚ ਹਰ ਵੇਲੇ ਮਹਿੰਗੇ ਮਹਿੰਗੇ ਸੈੱਲ ਫੋਨ ਹੁੰਦੇ ਹਨ; ਇਸ ਫੋਨ ਨਾਲ ਅਸੀਂ ਹਰ ਵੇਲੇ ਜੁੜੇ ਰਹਿੰਦੇ ਹਾਂ। ਅਸੀਂ ਕਿਤੇ ਵੀ ਜਾਂਦੇ ਹਾਂ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਹਾਂ। ਕੋਈ ਪ੍ਰੋਗਰਾਮ ਵੇਖਣ ਜਾਂਦੇ ਹਾਂ ਤਾਂ ਵੀਡੀਓ ਬਨਾਉਣੀ ਸ਼ੁਰੂ ਕਰ ਦਿੰਦੇ ਹਾਂ। ਜੇ ਅਸੀਂ ਵੀਡੀਓ ਹੀ ਦੇਖਣੀ ਸੀ ਤਾਂ ਲਾਈਵ ਦੇਖਣ ਜਾਣ ਦਾ ਕੀ ਫਾਇਦਾ ? ਅਸੀਂ ਆਪ ਤਾਂ ਉਸ ਪ੍ਰੋਗਰਾਮ ਦਾ ਆਨੰਦ ਨਹੀਂ ਮਾਣਦੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਵਿਖਾਉਣ ਲਈ ਵੱਧ ਉਤਸੁੱਕਤ ਹੋ ਜਾਂਦੇ ਹਾਂ । ਆਲੇ ਦੁਆਲੇ ਦੇ ਬੰਦੇ ਵੀ ਡਿਸਟਰਬ ਹੁੰਦੇ ਹਨ ।
ਤੁਸੀਂ ਆਪ ਹੀ ਸੋਚੋ ਕਿ ਅਸੀਂ ਕਿਸੇ ਦੇ ਘਰ ਗਏ ਤੇ ਫੋਨ ਨਾਲ ਜੁੜੇ ਰਹੇ; ਕੋਈ ਮੇਲਾ ਵੇਖਣ ਗਏ ਤਾਂ ਵੀਡੀਓ ਬਣਾਉਂਦੇ ਰਹੇ ਜਾਂ ਫੋਟੋਆਂ ਖਿੱਚਦੇ ਰਹੇ; ਇਸ ਵਿਚੋਂ ਅਸੀਂ ਕੀ ਖੱਟਿਆ? ਜਦੋਂ ਅਸੀਂ ਫੋਨ ‘ਤੇ ਹੁੰਦੇ ਹਾਂ ਤਾਂ ਸਾਡਾ ਧਿਆਨ ਵੰਡਿਆ ਹੁੰਦਾ ਹੈ ਅਸੀਂ ਚੇਤੰਨ ਨਹੀਂ ਹੁੰਦੇ; ਕੋਈ ਵੀ ਹਾਦਸਾ ਹੋ ਸਕਦਾ ਹੈ ਖਾਸ ਕਰਕੇ ਦੁਸਹਿਰੇ ਵਰਗੇ ਤਿਉਹਾਰ ਵਿਚ ਫੋਨ ਦੀ ਵਰਤੋਂ ਕਰਨ ਨਾਲ। ਇੱਥੋਂ ਤੱਕ ਕਿ ਬਹੁਤ ਸਾਰੇ ਲੋਕਾਂ ਦੀ ਸੜਕਾਂ ਪਾਰ ਕਰਦਿਆਂ ਵੀ ਨਜ਼ਰ ਫੋਨ ਦੀ ਸਕਰੀਨ ‘ਤੇ ਹੁੰਦੀ ਹੈ, ਅੱਜ ਦੇ ਭੀੜ ਭੜੱਕੇ ਵਾਲੇ ਯੁਗ ਵਿਚ ਚੇਤੰਨ ਰਹਿਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਅਸੀਂ ਆਪਣਾ ਹੀ ਨੁਕਸਾਨ ਕਰ ਬੈਠਦੇ ਹਾਂ। ਜੇ ਜ਼ਿੰਦਗੀ ਜੀਊਣ ਦੇ ਹੋਰ ਤਰੀਕੇ ਬਦਲ ਗਏ ਹਨ ਤਾਂ ਕਿਉਂ ਨਾ ਅਸੀ ਤਿਉਹਾਰਾਂ ਨੂੰ ਮਨਾਉਣ ਦਾ ਵੀ ਕੋਈ ਅਜਿਹਾ ਢੰਗ ਲੱਭੀਏ ਜਿਹੜਾ ਵਧੇਰੇ ਸਾਰਥਕ ਹੋਵੇ। ਸੋ ਅਗਲੇ ਵਰ੍ਹੇ ਜਦੋਂ ਦੁਸਹਿਰਾ ਮਨਾਈਏ ਤਾਂ ਜ਼ਰੂਰ ਸੋਚੀਏ ਕਿ ਆਪਣੇ ਵੇਲੇ ਦੀਆਂ ਸੀਤਾਵਾਂ ਨੂੰ ਰਾਵਣਾਂ ਤੋਂ ਬਚਾਉਣ ਲਈ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ।
ਦਿਵਾਲੀ ਆਈ ਹੈ, ਬਹੁਤ ਹੁੱਲਾਸ ਹੈ ਹਰ ਪਾਸੇ। ਦੁਕਾਨਾਂ ਮਠਿਆਈਆਂ ਨਾਲ ਭਰੀਆਂ ਪਈਆਂ ਹਨ। ਸੋਸ਼ਲ ਮੀਡੀਆ ‘ਤੇ ਪਟਾਕਿਆਂ ਦੀ ਰੱਜ ਕੇ ਮਸ਼ਹੂਰੀ ਕੀਤੀ ਜਾ ਰਹੀ ਹੈ। ਹਰ ਦੁਕਾਨ ਚਾਹੇ ਉਹ ਗਰੌਸਰੀ ਦੀ ਹੈ ਚਾਹੇ ਕਪੜਿਆਂ ਦੀ ; ਉੱਥੇ ਲੋਕੀ ਪਟਾਕੇ ਵੇਚੇ ਜਾ ਰਹੇ ਹਨ । ਸਾਡੀ ਸੋਚ ਨੂੰ ਪਤਾ ਨਹੀਂ ਕੀ ਹੋ ਗਿਆ ਹੈ? ਅਸੀਂ ਪਟਾਕੇ ਚਲਾ ਕੇ ਖੁਸ਼ ਹੁੰਦੇ ਹਾਂ? ਅਸੀਂ ਆਪਣੇ ਪੈਸਿਆਂ ਨੂੰ ਅੱਗ ਲਾ ਕੇ ਖੁਸ਼ ਹੁੰਦੇ ਹਾਂ। ਅਸੀਂ ਆਪਣੇ ਆਲੇ-ਦੁਆਲੇ ਪ੍ਰਦੂਸ਼ਣ ਫੈਲਾ ਕੇ ਖੁਸ਼ ਹੁੰਦੇ ਹਾਂ । ਕਿੰਨੇ ਹਾਦਸੇ ਹੋਏ ਪਰ ਅਸੀਂ ਉਨ੍ਹਾਂ ਤੋਂ ਕੁਝ ਨਹੀਂ ਸਿੱਖਿਆ। ਸਾਡੇ ਕੈਨੇਡਾ ਵਿਚ ਹੀ ਪਟਾਕਿਆਂ ਨਾਲ ਲੋਕਾਂ ਦੀ ਹੱਡ-ਭੰਨਵੀਂ ਮਿਹਨਤ ਨਾਲ ਖਰੀਦੇ ਮਿਲੀਅਨ ਡਾਲਰਾਂ ਦੇ ਘਰ ਸੜ ਕੇ ਸੁਆਹ ਹੋ ਗਏ ; ਪਰ ਅਸੀਂ ਫੇਰ ਵੀ ਨਹੀਂ ਸਮਝੇ। ਇੰਡੀਆ ਵਿਚ ਤਾਂ ਦਿਵਾਲੀ ਤੋਂ ਬਾਅਦ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਕੀ ਅਸੀਂ ਕਦੀ ਸੋਚਿਆ ਕਿ ਇਸ ਪ੍ਰਦੂਸ਼ਣ ਨਾਲ ਦਮੇ ਦੀ ਬਿਮਾਰੀ ਵਾਲੇ ਲੋਕਾਂ ਦਾ ਕੀ ਹਾਲ ਹੁੰਦਾ ਹੈ? ਸਾਡੇ ਪਟਾਕਿਆਂ ਦੇ ਸ਼ੋਰ ਵਿਚ ਕਈ ਬਿਮਾਰ ਜਾਂ ਬਜ਼ੁਰਗ ਸੌ ਨਹੀਂ ਸਕਦੇ ; ਉਨ੍ਹਾਂ ਦੇ ਹਾਲ ਬਾਰੇ ਅਸੀਂ ਕਦੀ ਸੋਚਿਆ ਹੀ ਨਹੀਂ । ਫਿਰ ਕਿਹੜੀ ਨੇਕੀ ਅਤੇ ਕਿਹੜੀ ਬਦੀ ?
ਬੰਦੀ ਛੋੜ ਵਾਲੇ ਦਿਨ ਕੀ ਅਸੀਂ ਕਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨੇਕੀ ਦੀ ਗੱਲ ਆਪਣੇ ਪਰਿਵਾਰ ਵਿਚ ਬੈਠ ਕੇ ਦੁਹਰਾਈ ਅਤੇ ਕਦੇ ਆਪਣੇ ਬੱਚਿਆਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਗੁਰੂ ਸਾਹਿਬ ਦੇ ਰਸਤੇ ‘ਤੇ ਚੱਲਣ; ਜਾਂ ਅਸੀਂ ਕੇਵਲ ਮਠਿਆਈਆਂ ਵੰਡੀਆਂ, ਕੁਝ ਅਜਿਹੀਆਂ ਵਸਤੂਆਂ ਦਾ ਸੇਵਨ ਕੀਤਾ ਜੋ ਸਿਹਤ ਲਈ ਨੁਕਸਾਨਦਾਇਕ ਹਨ ਅਤੇ ਪਟਾਕੇ ਚੱਲਾਏ ਤੇ ਮੰਨ ਗਿਆ ਬੰਦੀ ਛੋੜ ਦਿਵਸ!
ਨੇਕੀ ਕੀ ਅਤੇ ਬਦੀ ਕਿਹੜੀ? ਅਸੀਂ ਧਾਰਮਿਕ ਸਥਾਨਾਂ ‘ਤੇ ਜਾ ਕੇ ਮਣਾਂਮੂੰਹੀਂ ਮਠਿਆਈ ਜਾਂ ਹੋਰ ਰਸਦ ਚੜ੍ਹਾਉਂਦੇ ਹਾਂ, ਸਰ੍ਹੋਂ ਦੇ ਤੇਲ ਦੇ ਦੀਵੇ ਬਾਲਦੇ ਹਾਂ ਪਰ ਕਦੀ ਸੋਚਿਆ ਕਿ ਇੰਨੀ ਮਠਿਆਈ ਦਾ ਉਹ ਕੀ ਕਰਦੇ ਹਨ। ਸੁਨਣ ਵਿਚ ਆਇਆ ਹੈ ਕਿ ਉਹਨਾਂ ਨੂੰ ਇਹ ਗਾਰਬੇਜ ਕਰਨੀ ਪੈਂਦੀ ਹੈ, ਹੋਰ ਉਹ ਕਰਨ ਵੀ ਕੀ? ਇਹ ਕਿਹੜੀ ਨੇਕੀ ਹੈ? ਸਰ੍ਹੋਂ ਦਾ ਤੇਲ? ਕਹਿੰਦੇ ਇਸ ਨੂੰ ਦਾਨ ਕਰਨ ਨਾਲ ਸ਼ਨੀ ਖੁਸ਼ ਹੁੰਦਾ ਹੈ ; ਸ਼ਾਇਦ । ਪਰ ਜੇ ਤੁਸੀਂ ਕਦੇ ਨੋਟ ਕੀਤਾ ਹੋਵੇ ਜਿੱਥੇ ਦੀਵੇ ਬਾਲ਼ੇ ਜਾਂਦੇ ਹਨ ਉੱਥੇ ਇੰਨਾ ਧੂੰਆਂ ਹੁੰਦਾ ਹੈ ਕਿ ਸਾਹ ਲੈਣਾ ਵੀ ਮੁਸ਼ਕਿਲ ਹੁੰਦਾ ਹੈ। ਤੁਸੀਂ ਕਹੋਗੇ ਕਿ ਇਹ ਸਾਡੀਆਂ ਪਰੰਪਰਾਵਾਂ ਹਨ ਪਰ ਸਾਨੂੰ ਇਨ੍ਹਾਂ ਦੇ ਅਰਥ ਸਮਝਣੇ ਪੈਣਗੇ। ਜੇ ਗੁਰੂ ਨਾਨਕ ਸਾਹਿਬ ਨੇ ਆਰਤੀ ਲਈ ਕਿਹਾ ਸੀ ਕਿ ਸਾਰਾ ਬ੍ਰਹਿਮੰਡ ਹੀ ਆਰਤੀ ਕਰ ਰਿਹਾ ਹੈ ਇਨ੍ਹਾਂ ਕਰਮਕਾਂਡਾਂ ਦਾ ਕੀ ਅਰਥ? ਸਾਨੂੰ ਵੀ ਇਨ੍ਹਾਂ ਸਾਰੀਆਂ ਪ੍ਰਥਾਵਾਂ ਦੇ ਅਰਥ ਸਮਝ ਕੇ ਤਿਉਹਾਰਾਂ ਨੂੰ ਜਾਗਰੂਕ ਅਤੇ ਜ਼ਿੰਮੇਵਾਰ ਹੋ ਕੇ ਮਨਾਉਣਾ ਹੋਵੇਗਾ ਜਿਸ ਨਾਲ ਅਸੀਂ ਆਪਣੇ ਤੋਂ ਘੱਟ ਸਮਰੱਥਾ ਵਾਲੇ ਲੋਕਾਂ ਲਈ ਕੁਝ ਕਰ ਸਕੀਏ । ਕਹਾਵਤ ਹੈ ਦੀਵਾ ਬਲ਼ੇ ਹਨੇਰਾ ਜਾਏ । ਇਹ ਦੀਵਾ ਪ੍ਰੀਤਕ ਹੈ ਰੌਸ਼ਨੀ ਦਾ; ਅਸੀਂ ਰੌਸ਼ਨੀ ਦਿਲਾਂ ਵਿਚ ਜਗਾਉਣੀ ਹੈ, ਖੁਸ਼ੀ ਵੰਡਣੀ ਹੈ ਤਾਂ ਕਿ ਮਨੁੱਖਤਾ ਜੀਊਂਦੀ ਰਹਿ ਸਕੇ । ਦੀਵਾ ਪ੍ਰਤੀਕ ਹੈ ਗਿਆਨ ਦਾ ; ਆਓ ਸੰਵੇਦਨਸ਼ੀਲ ਬਣੀਏ ਆਪਣੇ ਅੰਦਰ ਦੇ ਦੀਵੇ ਜਗਾਈਏ ਤੇ ਦਿਵਾਲੀ ਮਨਾਈਏ। ਭਵਿੱਖ ਵਿਚ ਇਹੋ ਜਿਹੇ ਤਿਉਹਾਰ ਮਨਾਈਏ ਕਿ ਆਪਣਾ ਫਾਇਦਾ ਨਹੀਂ ਦੁਨੀਆ ਦਾ ਭਲਾ ਸੋਚੀਏ ਤੇ ਫੇਰ ਮਾਣ ਨਾਲ ਆਖੀਏ ਨਵੀਂ ਸੋਚ ਮੁਬਾਰਕ ; ਦਿਵਾਲੀ ਮੁਬਾਰਕ ।

Check Also

‘ਮੇਰਾ ਭਾਰਤ ਮਹਾਨ’, ਲੇਕਿਨ ਹੈ ਇਹ ਅੰਬਾਨੀਆਂ-ਅਡਾਨੀਆਂ ਲਈ ਹੀ …

ਕੈਪਟਨ ਇਕਬਾਲ ਸਿੰਘ ਵਿਰਕ ਫ਼ੋਨ: 747-631-9445 ਕਦੇ ਸੋਚਿਆ ਵੀ ਨਹੀਂ ਸੀ ਕਿ ਜਦੋਂ ਮੈਂ ਆਪਣੀ …