Breaking News
Home / ਨਜ਼ਰੀਆ / ਕੁਦਰਤ ਦੇ ਰੰਗ ਨਿਆਰੇ

ਕੁਦਰਤ ਦੇ ਰੰਗ ਨਿਆਰੇ

ਡਾ. ਤਰਲੋਚਨ ਸਿੰਘ ਔਜਲਾ
ਟੋਰਾਂਟੋ (647 532 1473)ઠ
ਸੰਨ 1951 ਵਿਚ ਸਾਡੇ ਸ਼ਰੀਕਾਂ ਨੇ ਧੋਖੇ ਨਾਲ ਸਾਡੀ ਜਮੀਨ ‘ਤੇ ਕਬਜ਼ਾ ਕਰ ਲਿਆ ਅਤੇ ਸਾਨੂੰ ਘਰੋਂ ਬਾਹਰ ਕਰ ਦਿੱਤਾ। ਅਸੀਂ ਬੇਘਰ ਹੋ ਗਏ। ਪਿਤਾ ਜੀ ਨੇ ਪਿੰਡ ਵਿਚ ਇਕ ਖਾਲੀ ਥਾਂ ਵੇਖ ਕੇ ਕਪਾਹ ਦੀਆਂ ਛਿਟੀਆਂ ਅਤੇ ਤਰਪਾਲ ਨਾਲ ਇੱਕ ਕੁੱਲੀ ਪਾ ਲਈ। ਕੁਝ ਸਮਾਂ ਅਸੀਂ ਉੱਥੇ ਗੁਜ਼ਾਰਿਆ। ਸਉਣ ਭਾਦੋਂ ਦੇ ਮੀਂਹ ਝੱਖੜ ਦਾ ਸਮਾਂ ਵੀ ਇਸ ਵਿੱਚ ਸ਼ਾਮਲ ਹੈ। ਇੱਕ ਤਾਂ ਮੇਰੇ ਪਿਤਾ ਜੀ ਕੋਲ ਛੋਟੀ ਜਿਹੀ ਸਰਕਾਰੀ ਨੌਕਰੀ ਸੀ ਅਤੇ ਕੁਝ ਸਾਡੇ ਉਤੇ ਤਰਸ ਖਾਣ ਵਾਲੇ ਪਰਿਵਾਰਾਂ ਨੇ ਸਾਡੀ ਮੱਦਦ ਕੀਤੀ ਅਤੇ ਇਸ ਤਰ੍ਹਾਂ ਸਾਡੇ ਦਿਨ ਲੰਘਦੇ ਗਏ। ਇੱਕ ਵਾਰ ਇੱਕ ਜਨਾਨੀ ਮੇਰੀ ਮਾਤਾ ਨਾਲ ਦੁੱਖ ਵੰਡਾਉਣ ਆਈ, ਤਾਂ ਮੈਨੂੰ ਅੱਜ ਵੀ ਯਾਦ ਏ ਕਿ ਮੇਰੀ ਮਾਤਾ ਨੇ ਕਿਹਾ ਸੀ, ”ਭੈਣਾਂ, ਆਪਣੇ ਪੰਜਵੇਂ ਗੁਰੂ ਤਾਂ ਤੱਤੀ ਲੋਹ ‘ਤੇ ਬੈਠ ਕੇ ਵੀ ਕਹਿੰਦੇ ਸਨ ‘ਤੇਰਾ ਭਾਣਾ ਮੀਠਾ ਲਾਗੇ’, ਮੇਰਾ ਘਰ ਵਾਲਾ ਤੇ ਬੱਚੇ ਮੇਰੇ ਨਾਲ ਨੇ, ਮੈਂ ਫਿਕਰ ਕਿਉਂ ਕਰਾਂ? ਤੈਨੂੰ ਤਾਂ ਪਤਾ ਏ ਕਿ ਅਸਾਂ ਕੋਈ ਪਾਪ ਨਹੀਂ ਕੀਤਾ। ਜੇ ਸਿਰ ‘ਤੇ ਬਿਪਤਾ ਪਈ ਏ ਤਾਂ ਵਾਹਿਗੁਰੂ ਆਪੇ ਦੂਰ ਕਰ ਦੇਵੇਗਾ।
ਸਿੱਖ ਗੁਰਦਵਾਰਾ ਸੁਧਾਰ ਲਹਿਰ ਵਿੱਚ ਪਿਤਾ ਜੀ ਨੇ ਜੈਤੋ ਦੇ ਮੋਰਚੇ ਵਿਚ ਸ਼ਾਮਲ ਹੋ ਕੇ ਕੈਦ ਕੱਟੀ, ਕਈ ਦਿਨ ਭੁੱਖੇ ਭਾਣੇ ਕੱਟਣੇ ਪਏ। ਡਾਂਗਾਂ ਦੀਆਂ ਮਾਰਾਂ ਵੀ ਖਾਧੀਆਂ। ਗੋਡੇ ਉੱਤੇ ਡੂੰਘੀ ਸੱਟ ਵੱਜੀ। ਉਹ ਸੱਟ ਤਾਂ ਕੁਝ ਚਿਰ ਪਿਛੋਂ ਠੀਕ ਹੋ ਗਈ ਪਰ ਤੁਰਨ ਲੱਗਿਆਂ ਲੰਗ ਮਾਰਨ ਦਾ ਨੁਕਸઠਅਖੀਰਲੇ ਦੰਮ ਤੱਕ ਨਹੀਂ ਗਿਆ। ਕੈਦ ਕੱਟਣ ਕਰਕੇ ਪਿੰਡ ਦੇ ਕੁਝ ਟਕਸਾਲੀ ਸਿੱਖ ਪਿਤਾ ਜੀ ਦੀ ਬਹੁਤ ਕਦਰ ਕਰਦੇ ਸਨ ਅਤੇ ਮੁਸ਼ਕਲ ਵੇਲੇ ਉਹਨਾਂ ਨੇ ਸਾਡੀ ਕਾਫੀ ਮਦਦ ਕੀਤੀ। ਕੁਝ ਮਹੀਨਿਆਂ ਪਿਛੋਂ ਪਿੰਡ ਦੀ ਇੱਕ ਭਲੀ ਜਨਾਨੀ ਨੇ ਤਰਸ ਖਾ ਕੇ ਆਪਣੀ ਹਵੇਲੀ ਦੇ ਦੋ ਕਮਰੇ ਸਾਨੂੰ ਦੇ ਦਿੱਤੇ। ਸਾਨੂੰ ਸਿਰ ‘ਤੇ ਛੱਤ ਨਸੀਬ ਹੋ ਗਈ। ਫਿਰ ਦੋ ਕੁ ਸਾਲਾਂ ਪਿੱਛੋਂ ਸਾਡੇ ਹੱਥ ਪੈਰ ਜੋੜਣ ਨਾਲ ਪਿੰਡ ਵਾਲਿਆਂ ਨੇ ਪਿੰਡ ਦੀ ਸ਼ਾਮਲਾਤ ਥਾਂ ਵਿੱਚੋਂ ਕੁਝ ਹਿੱਸਾ ਸਾਨੂੰ ਦੇ ਦਿੱਤਾ ਜਿੱਥੇ ਅਸਾਂ ਦੋ ਕਮਰੇ ਬਣਾ ਲਏ। ਸੱਚ ਜਾਣਿਓਂ, ਸਾਡੇ ਵਾਸਤੇ ਇਹ ਮਕਾਨ ਕਿਸੇ ਰਾਜੇ ਦੇ ਮਹੱਲ ਨਾਲੋਂ ਘੱਟ ਨਹੀਂ ਸੀ।

ਕਣਕ ਦੀ ਵਾਢੀ ਦੇ ਦਿਨਾਂ ‘ਚ ਮੈਂ ਸਕੂਲ ਨਾਂ ਜਾਂਦਾ। ਸਾਰਾ ਦਿਨ ਮੈਂ ਵੱਢੀ ਹੋਈ ਕਣਕ ਦੇ ਖੇਤਾਂ ਵਿਚੋਂ ਸਿੱਟੇ ਚੁਗਦਾ ਰਹਿੰਦਾ। ਪੈਰੀਂ ਜੁੱਤੀ ਨਾ ਹੋਣ ਕਰਕੇ ਬੁੱਥੇ ਵੱਜਦੇ, ਪੈਰਾਂ ‘ਚੋਂ ਲਹੂ ਨਿਕਲਦਾ ਪਰ ਫਿਰ ਵੀ ਮੇਰਾ ਦਿਲ ਨਾ ਡੋਲਿਆ। ਕਦੀ ਕਦੀ ਮੇਰੀ ਛੋਟੀ ਭੈਣ ਵੀ ਸਿੱਟੇ ਚੁਗਣ ਮੇਰੇ ਨਾਲ ਜਾਂਦੀ।
ਫਿਰ ਸਾਡੀ ਮਾਤਾ ਦਾਣੇ ਕੱਢ ਕੇ ਗਵਾਂਢੀਆਂ ਦੀ ਚੱਕੀ ਨਾਲ ਆਟਾ ਪੀਸ ਲਿਆਉਂਦੀ। ਫਲ੍ਹਿਆਂ ਤੋਂ ਪਿਛੋਂ ਮੈਂ ਲੋਕਾਂ ਦੇ ਕਣਕ ਦੇ ਬੋਹਲ ਲੱਗਣ ਦੀ ਉਡੀਕ ਕਰਦਾ ਅਤੇ ਫਿਰ ਮੈਂ ਉਹਨਾਂ ਅੱਗੇ ਫੱਕੇ ਵਾਸਤੇ ਮਿਨਤ ਕਰਦਾ। ਭਲੇ ਮਾਪਿਆਂ ਦਾ ਬੱਚਾ ਸਮਝ ਕੇ ਉਹ ਮੇਰੀ ਝੋਲੀ ਦਾਣਿਆਂ ਨਾਲ ਭਰ ਦਿੰਦੇ।
ਕਦੀ ਕਦੀ ਮੈਂ ਮਕਈ ਦੀਆਂ ਛੱਲੀਆਂ ਅਤੇ ਕਮਾਦ ਦੇ ਗੰਨੇ ਮੰਗਣ ਲਈ ਲੋਕਾਂ ਦੇ ਖੂਹ ‘ਤੇ ਜਾਂਦਾ।
ਕਈ ਤਾਂ ਉਹ ਉਸ ਤਰ੍ਹਾਂ ਹੀ ਦੇ ਦਿੰਦੇ ਪਰ ਕਈ ਜੱਟ ਮੈਨੂੰ ਗੋਹਾ ਇਕੱਠਾ ਕਰਨ ਨੂੰ ਜਾਂ ਡੰਗਰਾਂ ਨੂੰ ਪਾਣੀ ਡਹਾਉਣ ਲਈ ਕਹਿ ਦਿੰਦੇ। ਘਰ ਦੇ ਬਾਲਣ ਵਾਸਤੇ ਮੈਂ ਮੂੰਹ ਹਨ੍ਹੇਰੇ ਉਠਦਾ, ਖੂਹਾਂ ਤੋਂ ਪਿੰਡ ਨੂੰ ਅਉਂਦੇ ਰਸਤੇ ਤੋਂ ਡੰਗਰਾਂ ਦਾ ਗੋਹਾ ਇਕੱਠਾ ਕਰਕੇ ਬਾਟਾ ਭਰਕੇ ਘਰ ਲੈ ਅਉਂਦਾ। ਹਫਤੇ ਵਿਚ ਦੋ ਕੁ ਵਾਰੀਂ ਮੈਂ ਰਸਤਿਆਂ ‘ਤੇ ਉੱਗਾ ਪਹਾੜੀ ਅੱਕ ਵੱਢ ਕੇ ਘਰ ਵਿਚ ਢੇਰ ਲਾ ਦਿੰਦਾ।
ਕਿਸੇ-ਕਿਸੇ ਦਿਨ ਦਾਲ ਜਾਂ ਸਬਜ਼ੀ ਵੀ ਨਸੀਬ ਨਹੀਂ ਸੀ ਹੁੰਦੀ ਅਤੇ ਸਾਨੂੰ ਅਚਾਰ ਅਤੇ ਚਟਣੀ ਨਾਲ ਜਾਂ ਰੋਟੀ ਉਤੇ ਲੂਣ ਭੁੱਕ ਕੇ ਹੀ ਗੁਜ਼ਾਰਾ ਕਰਨਾ ਪੈਂਦਾ ਸੀ।
ਸਾਡੇ ਪਿੰਡ ਡੇਹਰੀਵਾਲਾ ਤੋਂ ਹਾਈ ਸਕੂਲ, ਤਰਸਿੱਕਾ ਦਾ ਪੈਂਡਾ ਦੋ ਕੁ ਮੀਲ ਤੋਂ ਵੱਧ ਸੀ। ਤੇੜ ਪਾਉਣ ਲਈ ਪਜ਼ਾਮਾ ਤਾਂ ਕੀ ਸਾਨੂੰ ਭਰਾਵਾਂ ਨੂੰ ਕਦੀ-ਕਦੀ ਜੁੱਤੀ ਵੀ ਨਸੀਬ ਨਹੀਂ ਸੀ ਹੁੰਦੀ। ਜੇਠ ਹਾੜ੍ਹ ‘ਚ ਤਪਦੀ ਰੇਤ ਅਤੇ ਮੱਘਰ ਪੋਹ ਦਾ ਕੱਕਰ ਸਾਡੇ ਦ੍ਰਿੜ ਅਤੇ ਮਜਬੂਤ ਇਰਾਦੇ ਨੂੰ ਕਮਜੋਰ ਨਾ ਕਰ ਸਕਿਆ। ਸਾਡੇ ਮਾਤਾ ਪਿਤਾ ਅਤੇ ਅਸੀਂ ਸਾਰੇ ਭਰਾ ਇੱਕ ਦੂਜੇ ਦੀ ਅੰਦਰੂਨੀ ਪੀੜ ਨੂੰ ਸਮਝਦੇ ਸਾਂ, ਕੁਝ ਨਹੀਂ ਸੀ ਕਰ ਸਕਦੇ, ਪਰ ਸਿਆਣਿਆਂ ਦੇ ਕਹਿਣ ਵਾਂਗੂੰ ਕਿ ‘ਦੜ ਵੱਟ ਜਮਾਨਾ ਕੱਟ, ਭਲੇ ਦਿਨ ਆਵਣਗੇ’ ਅਸਾਂ ਇਹ ਸਮਾਂ ਹੱਸ-ਹੱਸ ਕੇ ਕੱਟ ਲਿਆ। ਉਸ ਵੇਲੇ ਮੇਰਾ ਸਭ ਤੋਂ ਵੱਡਾ ਭਰਾ ਕਿਰਪਾਲ ਸਿੰਘ ਖਾਲਸਾ ਕਾਲਜ, ਅੰਮ੍ਰਿਤਸਰ ਪੜ੍ਹਦਾ ਸੀ। ਗਰੀਬੀ ਅਤੇ ਪਰੇਸ਼ਾਨੀ ਕਰਕੇ ਉਹ ਪੜ੍ਹਾਈ ਵੱਲ ਬਹੁਤਾ ਧਿਆਨ ਨਾ ਦੇ ਸਕਿਆ ਅਤੇ ਐੱਫ ਏ ਵਿੱਚੋਂ ਫੇਲ੍ਹ ਹੋ ਗਿਆ। ਇੱਕ ਦਿਨ ਪਤਾ ਨਹੀਂ ਉਸਦੇ ਮਨ ਵਿਚ ਕੀ ਆਇਆ, ਪਿਤਾ ਜੀ ਅਤੇ ਮਾਤਾ ਜੀ ਨਾਲ ਸਲਾਹ ਕੀਤੇ ਬਗੈਰ ਹੀ ਉਹ ਫੌਜ ਦੀ ਭਰਤੀ ਦੇ ਦਫਤਰ ਗਿਆ, ਟੈੱਸਟ ਦਿੱਤਾ, ਪਾਸ ਹੋ ਗਿਆ ਅਤੇ ਉਸ ਨੂੰ ਫੌਜ ਵਿਚ ਨੌਕਰੀ ਮਿਲ ਗਈ।
ਸੰਨ 1963-64 ਵਿਚ ਸਾਡੇ ਪਿੰਡ ਮੁਰੱਬੇਬੰਦੀ ਹੋਈ। ਸਾਡੀ ਜਮੀਨ ਸਾਨੂੰ ਮਿਲ ਗਈ। ਥੋੜ੍ਹਾ ਬਹੁਤ ਜਮੀਨ ‘ਤੇ ਕਰਜ਼ਾ ਸੀ, ਅਸਾਂ ਐਧਰੋਂ ਔਧਰੋਂ ਪੈਸੇ ਫੜ ਕੇ ਜ਼ਮੀਨ ਖਲਾਸ ਕਰਵਾ ਲਈ। ਜ਼ਮੀਨ ਦੇ ਕਬਜ਼ੇ ਵੇਲੇ ਸ਼ਰੀਕਾਂ ਨੇ ਫਿਰ ਟੰਗ ਫਸਾਉਣ ਦੀ ਕੋਸ਼ਿਸ਼ ਕੀਤੀ। ਪੰਜਾਬੀ ਦੀ ਕਹਾਵਤ ਕਿ ”ਜੇ ਘਿਉ ਸਿੱਧੀ ਉਂਗਲੀ ਨਾਲ ਨਾ ਨਿਕਲੇ ਤਾਂ ਉਂਗਲੀ ਟੇਢੀ ਕਰਨੀ ਪੈਂਦੀ ਏ’ ਅਨੁਸਾਰ ਅਸੀਂ ਕਈ ਸਾਲਾਂ ਦੇ ਗੁੱਸੇ ਨਾਲ ਐਨੇ ਭਰੇ ਪੀਤੇ ਸਾਂ ਕਿ ਇੱਕ ਦਿਨ ਅਸੀਂ ਤਿੰਨੇ ਵੱਡੇ ਭਰਾਵਾਂ ਨੇ ਇਕੱਠੇ ਹੋ ਕੇ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਬਹੁਤ ਲੱਥ ਪੱਥ ਕੀਤੀ ਅਤੇ ਅਜਿਹਾ ਦਬਕਾ ਮਾਰਿਆ ਕਿ ਫਿਰ ਉਹ ਸਾਰੀ ਉਮਰ ਕੰਨ ਵਿਚ ਪਏ ਨਾ ਰੜਕੇ। ਸਾਨੂੰ ਬਾਅਦ ਵਿਚ ਪਤਾ ਲੱਗਾ ਕਿ ਪਿੰਡ ਦੇ ਕਿਸੇ ਸਿਆਣੇ ਬਜੁਰਗ ਨੇ ਉਹਨਾਂ ਨੂੰ ਚੰਗੀ ਤਰਾਂ ਸਮਝਾ ਦਿੱਤਾ ਸੀ ਕਿ ਭਾਈ ਸਾਹਿਬ, ਹੁਣ ਵਕਤ ਬਦਲ ਗਿਆ ਹੈ। ਉਹਨਾਂ ਦੇ ਲੜਕੇ ਜਵਾਨ ਹੋ ਗਏ ਹਨ ਅਤੇ ਪੜ੍ਹੇ ਲਿਖੇ ਹਨ। ਜੇ ਕੋਈ ਗਲਤ ਪੰਗਾ ਲਿਆ ਤਾਂ ਸਾਰੀ ਉਮਰ ਗੋਡਿਆਂ ਵਿਚ ਸਿਰ ਦੇ ਕੇ ਰੋਵੋਗੇ।
ਜਿਵੇਂ ਕਹਿੰਦੇ ਨੇ ਕਿ ‘ਦੀਪ ਸੇ ਦੀਪ ਜਲੇ’, ਮੇਰੇ ਸਭ ਤੋਂ ਵੱਡੇ ਭਰਾ ਨੇ ਮੇਰੇ ਤੋਂ ਵੱਡੇ ਭਰਾ ਹਰਭਜਨ ਸਿੰਘ ਨੂੰ ਪੜ੍ਹਾ ਦਿੱਤਾ ਅਤੇ ਉਸ ਨੂੰ ਵੀ ਸਰਕਾਰੀ ਨੌਕਰੀ ਮਿਲ ਗਈ। ਫਿਰ ਵੱਡੇ ਦੋਹਾਂ ਭਰਾਵਾਂ ਨੇ ਮਿਲ ਕੇ ਸਾਨੂੰ ਸਾਰੇ ਛੋਟੇ ਭੈਣ ਭਰਾਵਾਂ ਨੂੰ ਪੜ੍ਹਾ ਦਿੱਤਾ।
ਸੰਨ 1963 ‘ਚ ਮੈਂ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀ ਐੱਚ ਸੀ ਪਾਸ ਕਰਕੇ ਬਲਾਕ ਕਾਹਨੂੰਵਾਨ (ਗੁਰਦਾਸਪੁਰ) ‘ਚ ਖੇਤੀਬਾੜੀ ਇੰਸਪੈਕਟਰ ਲੱਗ ਗਿਆ। ਮੇਰੇ ਘਰ ਤੋਂ ਇਹ ਥਾਂ 60 ਕਿਲੋਮੀਟਰ ਤੋਂ ਵੱਧ ਸੀ। ਬੱਸ ਦਾ ਕਿਰਾਇਆ ਬਚਾਉਣ ਲਈ ਮੈਂ ਸੋਮਵਾਰ ਸਵੇਰੇ ਸਾਈਕਲ ਫੜਦਾ ਅਤੇ 9 ਵਜੇ ਤੋਂ ਪਹਿਲਾਂ ਆਪਣੇ ਦਫਤਰ ਪਹੁੰਚ ਜਾਂਦਾ। ਤੁਰਨ ਲੱਗਿਆਂ ਮਾਤਾ ਮੈਨੂੰ ਦੋ ਦਿਨਾਂ ਲਈ ਪਰੌਂਠੇ, ਅਚਾਰ ਅਤੇ ਕੋਈ ਸੁੱਕੀ ਸਬਜ਼ੀ ਪੋਣੇ ‘ਚ ਬੰਨ ਕੇ ਦੇ ਦਿੰਦੀ। ਸ਼ਨੀਵਾਰ ਮੈਂ ਫਿਰ ਸਾਈਕਲ ‘ਤੇ ਵਾਪਸ ਪਿੰਡ ਆ ਜਾਂਦਾ। ਦੋ ਸਾਲਾਂ ਬਾਅਦ ਭਰਾਵਾਂ ਦੇ ਕਹਿਣ ‘ਤੇ ਮੈਂ ਇਹ ਨੌਕਰੀ ਛੱਡ ਦਿੱਤੀ, ਪੰਜਾਬ ਖੇਤੀਬਾੜੀ ਯੂਨੀਵਰਸਟੀ, ਲੁਧਿਆਣਾ ‘ਚ
ਦਾਖਲਾ ਲੈ ਲਿਆ ਜਿਥੋਂ ਮੈਂ ਪੀਐੱਚਡੀ ਤੱਕ ਪੜ੍ਹਾਈ ਕੀਤੀ ਅਤੇ ਇੱਥੇ ਹੀ ਬਹੁਤ ਅੱਛੀ ਨੌਕਰੀ ਮਿਲ ਗਈ। ਸੰਨ 1967 ‘ਚ ਕਣਕ ਅਤੇ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਆ ਗਈਆਂ। ਕਣਕ ਦਾ ਝਾੜ 15 ਤੋਂ ਵਧ ਕੇ 40 ਮਣ ਅਤੇ ਝੋਨੇ ਦਾ 25 ਤੋਂ ਵਧ ਕੇ 60 ਮਣ ਪ੍ਰਤੀ ਏਕੜ ਹੋ ਗਿਆ। ਯੂਨੀਵਰਸਟੀ ‘ਚ ਹੋਣ ਕਰਕੇ ਮੈਨੂੰ ਇਹਨਾਂ ਦਾ ਬੀਜ ਪਹਿਲੇ ਸਾਲ ਹੀ ਮਿਲ ਗਿਆ। ਘਰ ਵਿੱਚ ਲੈਹਰਾਂ ਬੈਹਰਾਂ ਹੋਣ ਲੱਗ ਪਈਆਂ।
ਪ੍ਰਮਾਤਮਾ ਦੀ ਅਪਾਰ ਕਿਰਪਾ ਹੋਈ। ਸੰਨ 1970 ਵਿਚ ਪਿੰਡ ‘ਚ ਸਾਡੀ ਦੋ ਹਲਾਂ ਦੀ ਵਾਹੀ ਸੀ। ਘਰ ਦੇ 7 ਜੀਅ (ਪਿਤਾ ਜੀ, ਤਿੰਨ ਵੱਡੇ ਭਰਾ ਅਤੇ ਉਨ੍ਹਾਂ ਦੀਆਂ ਘਰ ਵਾਲੀਆਂ) ਸਰਕਾਰੀ ਮੁਲਾਜ਼ਮ ਸਨ ਅਤੇ ਇਸ ਤਰ੍ਹਾਂ 7 ਤਨਖਾਹਾਂ ਸਾਡੇ ਘਰ ਆਉਂਦੀਆਂ ਸਨ। ਅਸੀਂ ਸਾਰੇ ਜਾਣੇ ਤਨਖਾਹ ਲਿਆ ਕੇ ਆਪਣੀ ਮਾਤਾ ਦੇ ਹੱਥ ‘ਤੇ ਰੱਖਦੇ। ਉਹ ਅੱਖਾਂ ਬੰਦ ਕਰਕੇ ‘ਵਾਹਿਗੁਰੂ ਵਾਹਿਗੁਰੂ’ ਕਹਿੰਦੇ ਅਤੇ ਪੈਸੇ ਸਾਨੂੰ ਵਾਪਸ ਦੇ ਕੇ ਕਹਿੰਦੇ, ”ਪੁੱਤ, ਮੇਰੀ ਤਾਂ ਜੇਬ੍ਹ ਈ ਕੋਈ ਨਹੀਂ। ਮੇਰੀਆਂ ਜੇਬ੍ਹਾਂ ਤਾਂ ਤੁਸੀਂ ਜੇ। ਜਿੱਥੇ ਲੋੜ ਆ, ਤੁਸੀਂ ਖਰਚੀ ਜਾਉ।”
ਪੰਜਾਬੀ ਦੀ ਕਹਾਵਤ ਕਿ ‘ਜਿਸਨੇ ਤੁਹਾਡਾ ਕੰਡਾ ਵੀ ਕੱਢਿਆ ਹੋਵੇ, ਉਸਦਾ ਅਹਿਸਾਨ ਉਮਰ ਭਰ ਨਾਂ ਭੁਲੋ’ ਮੁਤਾਬਕ ਮਾਤਾ ਜੀ ਮਹੀਨੇ ਦੋ ਮਹੀਨੇ ਪਿਛੋਂ ਉਹਨਾਂ 3-4 ਪਰਿਵਾਰਾਂ, ਜਿਹਨਾਂ ਨੇ ਔਖੇ ਵੇਲੇ ਸਾਡੀ ਤਨ, ਮਨ ਅਤੇ ਧਨ ਨਾਲ ਮਦਦ ਕੀਤੀ ਸੀ, ਵੱਲ ਜ਼ਰੂਰ ਜਾਂਦੇ। ਕਦੀ ਕਦੀ ਉਹ ਗਰੀਬਾਂ ਦੇ ਵਿਹੜੇ ਵੱਲ ਵੀ ਜਾਂਦੇ, ਬੱਚਿਆਂ ਨੂੰ ਕੁਝ ਪੈਸੇ ਦੇ ਦਿੰਦੇ ਅਤੇ ਘਰ ਦੀ ਜਨਾਨੀ ਨੂੰ ਕਹਿੰਦੇ,”ਨੀ ਧੀਏ, ਕਿਤੇ ਘਰ ਆਵੀਂ ਤੇ ਆਟਾ ਚੌਲ ਲੈ ਜਾਵੀਂ”। ਘਰ ‘ਚ ਆਏ ਗਰੀਬ ਗੁਰਬੇ ਨੂੰ ਉਹ ਆਪਣੀਆਂ ਨੂੰਹਾਂ ਦੇ ਹੱਥੋਂ ਦਾਨ ਦਵਾਉਂਦੇ ਅਤੇ ਕਹਿੰਦੇ, ”ਧੀਏ, ਗਰੀਬ ਨੂੰ ਦਾਨ ਦੇਣਾ ਪੁੰਨ ਦਾ ਕੰਮ ਹੁੰਦਾ ਵਾ”। ਮਾਤਾ ਜੀ ਨੂੰ ਇੱਕ ਸ਼ਬਦ ‘ਸੱਚਾ ਆਪ ਸਹਾਈ ਹੋਆ, ਸੱਚੇ ਕਾ ਸੱਚਾ ਢੋਆ’ ਜਬਾਨੀ ਯਾਦ ਸੀ ਅਤੇ ਇਸ ਸ਼ਬਦ ਦਾ ਜਾਪ ਕਰਦਿਆਂ ਉਹਨਾਂ ਨੂੰ ਅਸੀਂ ਅਕਸਰ ਸੁਣਦੇ ਸਾਂ।
ਸਾਡੇ ਪਰਿਵਾਰ ‘ਚ ਰੱਖੜੀ ਦਾ ਤਿਉਹਾਰ ਨਹੀਂ ਸੀ ਮਨਾਇਆ ਜਾਂਦਾ। ਮਾਤਾ ਜੀ ਅਨੁਸਾਰ ਇਸ ਤਿਉਹਾਰ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਹੈ। ਉਹ ਕਹਿੰਦੇ ਸਨ ਕਿ ਸਿੱਖ ਇਤਿਹਾਸ ਵਿੱਚ ਇਸ ਗੱਲ ਦਾ ਕਿਤੇ ਜ਼ਿਕਰ ਨਹੀਂ ਅਉਂਦਾ ਕਿ ਆਪਣੇ ਕਿਸੇ ਗੁਰੂ ਨੇ ਆਪਣੀ ਕਿਸੇ ਭੈਣ ਕੋਲੋਂ ਰੱਖੜੀ ਬਨ੍ਹਾਈ ਹੋਵੇ ਜਾਂ ਉਹਨਾਂ ਦੇ ਪਰਿਵਾਰ ਵਿਚ ਇਹ ਰੀਤ ਚਲਦੀ ਹੋਵੇ। ਉਹ ਕਹਿੰਦੇ ਸਨ ਕਿ ਉਹ ਆਪਣੀਆਂ ਧੀਆਂ ਨੂੰ ਐਨਾ ਤਾਕਤਵਾਰ ਬਣਾਉਣਗੇ ਕਿ ਉਹ ਆਪਣੀ ਰੱਖਿਆ ਆਪ ਕਰ ਸਕਣ। ઠ
ਇੱਕ ਅਸਚਰਜ ਗੱਲ ਇਹ ਹੈ ਕਿ ਮਾਤਾ ਜੀ ਅਤੇ ਪਿਤਾ ਜੀ ਦੋਹਾਂ ਨੂੰ ਗਾਉਣ ਦਾ ਸ਼ੌਕ ਨਹੀਂ ਸੀ। ਪਰ ਅਸੀਂ ਸਾਰੇ ਹੀ ਭੈਣ ਭਰਾ ਬਹੁਤ ਅੱਛੇ ਗਾਇਕ ਹਾਂ। ਘਰ ਜਾਂ ਗੁਆਂਢ ਵਿਚ ਕੋਈ ਸਮਾਗਮ ਹੋਣਾ, ਸਾਨੂੰ ਸਭ ਨੂੰ ਚਾਅ ਚੜ੍ਹ ਜਾਣਾ ਅਤੇ ਅਸਾਂ ਵਧ ਚੜ੍ਹ ਕੇ ਗਾਉਣਾ ਅਤੇ ਖੁਸ਼ੀ ਨੂੰ ਦੂਣ ਸਵਾਈ ਕਰ ਦੇਣਾ। ਅੱਜ ਵੀ ਪੰਜਾਬ ਖੇਤੀਬਾੜੀ ਯੂਨੀਵਰਸਟੀ, ਲੁਧਿਆਣਾ ਵਾਲਿਆਂ ਦਾ ਐਥੇ ਜਦੋਂ ਸਮਾਗਮ ਹੁੰਦਾ ਹੈ ਤਾਂ ਹਰ ਵਾਰੀਂ ਗਾਣਾ ਗਾ ਕੇ ਮੈਂ ਆਪਣੇ ਸਾਥੀਆਂ ਦਾ ਮਨੋਰੰਜਨ ਕਰਦਾ ਹਾਂ। ਸੰਨ 1975 ਤੋਂ 2007 ਤੱਕ ਅਸੀਂ ਦੋ ਛੋਟੇ ਭਰਾ, ਦੋ ਛੋਟੀਆਂ ਭੈਣਾਂ ਅਤੇ ਵੱਡੇ ਦੋਹਾਂ ਭਰਾਵਾਂ ਦੇ ਲੜਕੇ ਟੋਰਾਂਟੋ (ਕੈਨੇਡਾ) ਆ ਗਏ।
ਇਸ ਵਿਚ ਮੇਰੇ ਤੋਂ ਛੋਟੀ ਭੈਣ ਕੁਲਬੀਰ ਕੌਰ ਦਾ ਯੋਗਦਾਨ ਅਸੀਂ ਸਾਰੀ ਉਮਰ ਨਹੀਂ ਭੁਲਾ ਸਕਦੇ। ਪ੍ਰਮਾਤਮਾ ਦੀ ਅਪਾਰ ਕਿਰਪਾ ਨਾਲ ਬੱਚਿਆਂ ਨੇ ਐਥੇ ਦੀ ਪੜ੍ਹਾਈ ਕਰਕੇ ਬਹੁਤ ਤਰੱਕੀਆਂ ਕੀਤੀਆਂ ਹਨ।
ਕੁਝ ਪਰਿਵਾਰ ਆਪਣਾ ਬਹੁਤ ਅੱਛਾ ਬਿਜਨੈਸ ਚਲਾ ਰਹੇ ਹਨ ਅਤੇ ਕੁਝ ਬਹੁਤ ਚੰਗੀਆਂ ਪਦਵੀਆਂ ‘ਤੇ ਕੰਮ ਕਰ ਰਹੇ ਹਨ, ਜਿਵੇਂ ਇੱਕ ਬੇਟੀ ਦਾ ਆਪਣਾ ਬਿਜਨੈੱਸ ਹੈ ਅਤੇ ਉਸਦਾ ਤਿਆਰ ਕੀਤਾ ਸਮਾਨ 12-13 ਦੇਸ਼ਾਂ ‘ਚ ਬਾਹਰ ਜਾਂਦਾ ਹੈ, ਇੱਕ ਬੱਚਾ ਡਾਕਟਰ ਹੈ ਅਤੇ ਦੋ ਬੱਚੇ ਬੈਂਕਾਂ ਦੇ ਮੁੱਖ ਦਫਤਰ ਵਿਚ ਸੀਨੀਅਰ ਡਾਇਰੈਕਟਰ ਅਤੇ ਮੈਨੇਜਿੰਗ ਡਾਇਰੈਕਟਰ ਹਨ। ਸਾਡੇ ‘ਤੇ ਪ੍ਰਮਾਤਮਾ ਦੀ ਐਡੀ ਵੱਡੀ ਬਖਸ਼ਿਸ਼ ਹੋਵੇਗੀ, ਇਸ ਬਾਰੇ ਤਾਂ ਅਸੀਂ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ।
ਇੱਕ ਹੋਰ ਖਾਸ ਗੱਲ ਇਹ ਹੈ ਕਿ ਐਥੇ ਸਾਡੇ ਪਰਿਵਾਰਾਂ ਦਾ ਆਪਸ ਵਿੱਚ ਮੇਲ ਜੋਲ ਬਹੁਤ ਹੈ। ਜਦੋਂ ਕਿਸੇ ਦੇ ਘਰ ‘ਚ ਕੋਈ ਸਮਾਗਮ ਹੋਵੇ, ਚਾਅ ਚੜ੍ਹ ਜਾਂਦਾ ਏ, ਸਾਰੇ ਉੱਡ ਕੇ ਆਉਂਦੇ ਹਨ ਅਤੇ ਦੇਰ ਰਾਤ ਤੱਕ ਨੱਚ ਗਾ ਕੇ ਖੁਸ਼ੀ ਨੂੰ ਦੂਣ ਸਵਾਈ ਕਰਦੇ ਹਨ। ਜਿਵੇਂ ਆਮ ਆਖਿਆ ਜਾਂਦਾ ਹੈ ਕਿ ਬਾਹਰਲੇ ਦੇਸ਼ਾਂ ਵਿਚ ਜਾ ਕੇ ਰਿਸ਼ਤੇਦਾਰਾਂ ਵਿਚ ਦੂਰੀਆਂ ਪੈ ਜਾਂਦੀਆਂ ਨੇ, ਲੜਾਈ ਝਗੜੇ ਹੁੰਦੇ ਨੇ ਅਤੇ ਲਹੂ ਸ਼ਪੇਤ ਹੋ ਜਾਂਦੇ ਆ। ਸਾਡਾ ਆਪਸ ਵਿੱਚ ਬਹੁਤ ਪਿਆਰ ਹੈ, ਅਜੇ ਸਾਡੇ ਲਹੂ ਦਾ ਰੰਗ ਨਹੀਂ ਬਦਲਿਆ। ਪੰਜਾਬ ਵਿੱਚ ਰਹਿੰਦੇ ਵੱਡੇ ਦੋਹਾਂ ਭਰਾਵਾਂ ਨੂੰ ਅਸੀਂ ਸਾਰੇ ਪਿਤਾ ਸਮਾਨ ਆਦਰ ਦਿੰਦੇ ਅਤੇ ਪਿਆਰ ਕਰਦੇ ਹਾਂ।ਉਮਰ ਵਿਚ ਸਭ ਤੋਂ ਵੱਡਾ ਹੋਣ ਕਰਕੇ ਐਥੇ ਸਾਰੇ ਮੈਨੂੰ ਪਿਤਾ ਸਮਾਨ ਪਿਆਰ ਦਿੰਦੇ ਅਤੇ ਆਦਰ ਮਾਣ ਕਰਦੇ ਹਨ।
ਹਰ ਦੋ ਕੁ ਸਾਲਾਂ ਪਿਛੋਂ ਆਪਣੀ ਧਰਤੀ ਮਾਂ ਦੀ ਮਿੱਟੀ ਦੀ ਖੁਸ਼ਬੂ ਲੈਣ ਲਈ ਪੰਜਾਬ ਜਾਂਦਾ ਹਾਂ। ਆਪਣੇ ਵੱਡੇ ਭਰਾਵਾਂ ਨੂੰ ਮਿਲ ਕੇ ਅਤੇ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਕਰਕੇ ਫਿਰ ਆਪਣੇ ਪਿੰਡ ਜਾਂਦਾ ਹਾਂ। ਸਭ ਤੋਂ ਪਹਿਲਾਂ ਉਸ ਥਾਂ ਜਾਂਦਾ ਹਾਂ ਜਿੱਥੇ ਮਾਤਾ ਜੀ ਦੇ ਕਹਿਣ ਮੁਤਾਬਕ ਮੇਰਾ ਜਨਮ ਹੋਇਆ ਸੀ। ਇਸ ਤੋਂ ઠਪਿਛੋਂ ਉਸ ਥਾਂ ‘ਤੇ ਜਿੱਥੇ ਅਸਾਂ ਕੁਝ ਸਮਾਂ ਕੁੱਲੀ ਵਿਚ ਗੁਜ਼ਾਰਿਆ ਸੀ ਅਤੇ ਅੱਖਾਂ ਮੀਟ ਕੇ ਇੱਕ ਪਲ ਲਈ ਮੈਂ ਉਹ ਦਿਨ ਯਾਦ ਕਰ ਲੈਂਦਾ ਹਾਂ ਕਿ ਸਾਡੀ ਜ਼ਿੰਦਗੀ ਦਾ ਅਧਾਰ/ਬੇਸ ਉਹ ਕੁੱਲੀ ਸੀ। ਫਿਰ ਉਹਨਾਂ ਪਰਿਵਾਰਾਂ ਦੇ ਘਰ ਜਿਹਨਾਂ ਨੇ ਔਖੇ ਵੇਲੇ ਸਾਨੂੰ ਸਹਾਰਾ ਦਿੱਤਾ ਸੀ। ਭਾਵੇਂ ਉਹ ਬਜੁਰਗ ਤਾਂ ਇਸ ਸੰਸਾਰ ਵਿਚ ਨਹੀਂ ਰਹੇ, ਪਰ ਉਹਨਾਂ ਦੇ ਪਰਿਵਾਰ ਦੇ ਮੇਰੇ ਹਵਾਣੀ ਆਦਮੀਆਂ ਨਾਲ ਗੱਲਾਂ ਕਰਕੇ ਬਚਪਨ ਦਾ ਉਹ ਸਮਾਂ ਯਾਦ ਕਰ ਲੈਂਦਾ ਹਾਂ। ਮੈਂ ਪਿੰਡ ਦੀਆਂ ਉਹ ਸਾਰੀਆਂ ਗਲੀਆਂ ਵੀ ਘੁੰਮਦਾ ਹਾਂ ਜਿਹਨਾਂ ਵਿਚ ਹੱਸਦਾ ਖੇਡਦਾ, ਲੜਾਈ ਝਗੜੇ ਕਰਦਾ ਵੱਡਾ ਹੋਇਆ ਸਾਂ। ਆਪਣੀ ਬੰਬੀ ‘ਤੇ ਵੀ ਜਾਂਦਾ ਹਾਂ ਜਿੱਥੋਂ ਮੱਕੀ ਦੀਆਂ ਛੱਲੀਆਂ ਅਤੇ ਕਪਾਹ ਲਿਆ ਕੇ ਘਰ ਦੇ ਵੇਹੜੇ ‘ਚ ਢੇਰ ਲਾਏ ਸਨ, ਕੱਤੇ ਦੇ ਦਿਨਾਂ ਵਿਚ ਕਣਕ ਕੇਰੀ ਸੀ ਅਤੇ ਫਿਰ ਵਿਸਾਖੀ ਵੇਲੇ ਕੜਕਵੀਂ ઠਧੁੱਪ ‘ਚ ਵਾਢੀ ਕੀਤੀ ਸੀ।ઠ
ਪਿੰਡ ਨੂੰ ਅਉਂਦੇ ਜਾਂਦੇ ਮੈਂ ਖੇਤਾਂ ਵਿਚ ਉੱਜੜੇ ਹੋਏ ਉਹ ਘਰ ਵੀ ਵੇਖਦਾ ਹਾਂ ਜਿੱਥੇ ਇੱਕ ਵੇਲੇ ਪਿੰਡ ਦੇ ਸਿਰ ਕੱਢਦੇ ਪਰਿਵਾਰਾਂ ਨੇ ਆਪਣੇ ਖੇਤਾਂ ਵਿਚ ਫਾਰਮ ਹਾਊਸ ਬਣਾ ਕੇ ਆਪਣੇ ਆਪ ਨੂੰ ਬਹਿਸ਼ਤ ‘ਚ ਰਹਿਣ ਦਾ ਦਾਹਵਾ ਕੀਤਾ ਸੀ। ਪੰਜਾਬ ਵਿਚ ਦਹਿਸ਼ਤ ਦੇ ਮਾਹੌਲ ਵੇਲੇ ਇਹੋ ਬਹਿਸ਼ਤ ਉਹਨਾਂ ਲਈ ਨਰਕ ਬਣ ਗਏ ਅਤੇ ਉਹਨਾਂ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਲੁੱਟਦੀਆਂ ਵੇਖੀਆਂ। ਮੈਂ ਉਹਨਾਂ ਘਰਾਂ ਵਿਚ ਵੀ ਜਾਂਦਾ ਹਾਂ ਜਿੱਥੇ ਹੱਸਦੇ ਵੱਸਦੇ ਘਰ ਵਿਚ ਲੋਥਾਂ ਦੇ ਸੱਥਰ ਵਿਛ ਗਏ ਸਨ। ਉਹਨਾਂ ਜਨਾਨੀਆਂ ਦੇ ਮੁੱਛ ਫੁੱਟ ਦੇ ਗੱਭਰੂ ਪੁੱਤ ਜਿਹਨਾਂ ਨੂੰ ઠਪੁਲਿਸ ਫੜ ਕੇ ਲੈ ਗਈ ਅਤੇ ਫਿਰ ਉਹਨਾਂ ਨੂੰ ਆਪਣੇ ਪੁੱਤਾਂ ਦਾ ਮੱਥਾ ਚੁੰਮਣਾ ਨਸੀਬ ਨਾ ਹੋਇਆ।ਰੋਣ ਵੇਲੇ ਹੁਣ ਉਹਨਾਂ ਦੀਆਂ ਅੱਖਾਂ ਵਿਚ ਅੱਥਰੂ ਨਹੀਂ ਆਉਂਦੇ ਕਿਉਂਕਿ ਅੱਥਰੂ ਤਾਂ ਬਹੁਤ ਸਮਾਂ ਪਹਿਲੋਂ ਹੀ ਸੁੱਕ ਗਏ ਸਨ। ਪਿੰਡ ਦੇ ਬਜ਼ੁਰਗਾਂ ਦੇ ਕਹਿਣ ਅਨੁਸਾਰ ਪਿੰਡ ਤੇ ਤਕਰੀਬਨ 33 ਗੱਭਰੂ ਅਤੇ ਆਦਮੀ ਇਸ ਕਾਲੇ ਦੌਰ ਦੀ ਭੇਟ ਚੜ੍ਹ ਗਏ। ਹੋਰ ਵੀ ਲਿਖਾਂ, ਲਿਖਿਆ ਹੀ ਨਹੀਂ ਜਾਂਦਾ। ਦਿਲ ਦੇ ਨਾਲ ਨਾਲ ਕਲਮ ਵੀ ਕੰਬ ਰਹੀ ਏ। ਬੱਸ, ਦੁਖੀ ਮਨ ਨਾਲ ਫਿਰਨੀ ‘ਤੇ ਜਾ ਕੇ ਸੀਸ ਝੁਕਾਉਂਦਾ ਅਤੇ ਪਿੰਡ ਨੂੰ ਅਲਵਿਦਾ ਕਹਿ ਦਿੰਦਾ ਹਾਂ।
ਆਪਾਂ ਸਾਰਿਆਂ ਨੇ ਰਾਜਾ ਅਤੇ ਰੰਕ ਦੇ ਲਫਜ਼ ਤਾਂ ਕਿਤਾਬਾਂ ਵਿਚ ਪੜ੍ਹੇ ਹਨ, ਪਰ ਮੈਂ ਇਹਨਾਂ ਦੋਹਾਂ ਲਫਜ਼ਾਂ ਦੇ ਮਤਲਬ ਅਮਲੀ ਤੌਰ ‘ਤੇ ਆਪਣੇ ਪਿੰਡੇ ‘ਤੇ ਹੰਢਾ ਲਏ ਹਨ। ਭਾਵੇਂ ਸਭਨਾਂ ਦੁੱਖਾਂ ਤਕਲੀਫਾਂ ਦੇ ਜ਼ਖਮ ਹੌਲੀ-ਹੌਲੀ ਠੀਕ ਹੋ ਗਏ, ਪਰ ਇਨ੍ਹਾਂ ਦੇ ਨਿਸ਼ਾਨ ਅਜੇ ਵੀ ਮੌਜੂਦ ਨੇ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …