ਮਜੀਠੀਆ ਪਰਿਵਾਰ ਦੇ ਵਡੇਰੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਰਹੇ ਜਰਨੈਲ
ਮਜੀਠੀਆ ਪਰਿਵਾਰ ਦੀ ਬੰਸਾਵਲੀ ਨੂੰ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਰਾਜ ਵਿਚ ਜਰਨੈਲ ਵਰਗੇ ਉਚ ਅਹੁਦੇ ਪ੍ਰਾਪਤ ਹੋਣ ਦਾ ਮਾਣ ਹਾਸਿਲ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਰਬਾਰ ਵਿੱਚ ਮਜੀਠੀਆ ਪਰਿਵਾਰ ਦੇ ਦੇਸਾ ਸਿੰਘ ਮਜੀਠੀਆ, ਲਹਿਣਾ ਸਿੰਘ ਮਜੀਠੀਆ, ਅਮਰ ਸਿੰਘ ਮਜੀਠੀਆ ਅਤੇ ਰਾਣਾ ਸੂਰਤ ਸਿੰਘ ਮਜੀਠੀਆ ਉੱਚ ਅਹੁਦਿਆਂ ਤੇ ਬਿਰਾਜਮਾਨ ਰਹੇ। ਮਜੀਠਾ ਖਾਨਦਾਨ ਦੇ ਵੱਡ ਵਡੇਰੇ ਨੇ ਹੀ ਮਜੀਠਾ ਕਸਬੇ ਦੀ ਸਥਾਪਨਾ ਕੀਤੀ ਸੀ। ਇਸ ਤੋਂ ਅੱਗੇ ਇਹਨਾਂ ਦਾ ਖਾਨਦਾਨ ਉਤਰਾ ਅਧਿਕਾਰੀਆਂ ਨੋਧ ਸਿੰਘ ਮਜੀਠੀਆ, ਉਮਰਾਉ ਸਿੰਘ ਮਜੀਠੀਆ ਅਤੇ ਬਲਬੀਰ ਸਿੰਘ ਮਜੀਠੀਆ ਵਿੱਚ ਵੰਡਿਆ ਹੋਇਆ ਹੈ। ਇਨ੍ਹਾਂ ਤਿੰਨਾਂ ਪਰਿਵਾਰਾਂ ਦਾ ਇਤਿਹਾਸ ਵੱਖ-ਵੱਖ ਹੈ।
ਨੋਧ ਸਿੰਘ ਮਜੀਠੀਆ ਅਤੇ ਮਹਿਤਾਬ ਸਿੰਘ ਮਜੀਠੀਆ ਦੇ ਉਤਰਾ ਅਧਿਕਾਰੀ ਦਿਆਲ ਸਿੰਘ ਮਜੀਠੀਆ ਅਤੇ ਰਜਿੰਦਰ ਸਿੰਘ ਮਜੀਠੀਆ ਬਣੇ। ਦਿਆਲ ਸਿੰਘ ਮਜੀਠੀਆ ਜਿਨ੍ਹਾਂ ਵੱਲੋਂ ‘ਟ੍ਰਿਬਿਊਨ’ ਅਖਬਾਰ, ਪੰਜਾਬ ਨੈਸ਼ਨਲ ਬੈਂਕ ਅਤੇ ਲਾਹੌਰ ਵਿਖੇ ਕਾਲਜ ਦੀ ਸਥਾਪਨਾ ਕੀਤੀ ਗਈ, ਇੱਥੋਂ ਦੀ ਉੱਚ ਸ਼ਖਸੀਅਤ ਸਨ। ਉਮਰਾਉ ਸਿੰਘ ਮਜੀਠੀਆ ਅਤੇ ਬਲਬੀਰ ਸਿੰਘ ਮਜੀਠੀਆ ਦੇ ਉਤਰਾ-ਅਧਿਕਾਰੀਆਂ ਇੱਜ਼ਤ ਸਿੰਘ ਮਜੀਠੀਆ ਅਤੇ ਸੁਹਾਜ ਸਿੰਘ ਮਜੀਠੀਆ ਬਣੇ, ਜੋ ਸ਼ੁੱਕਰਚੱਕੀਏ ਸਰਦਾਰਾਂ ਕੋਲ ਵੀ ਰਹੇ। ਇਸ ਖਾਨਦਾਨ ਵਿੱਚੋਂ ਅੱਗੇ ਅਮਰ ਸਿੰਘ ਮਜੀਠੀਆ, ਕਾਹਨ ਸਿੰਘ ਮਜੀਠੀਆ ਅਤੇ ਅਤਰ ਸਿੰਘ ਮਜੀਠੀਆ ਸਰਦਾਰ ਬਣੇ।
ਸੂਰਤ ਸਿੰਘ ਮਜੀਠੀਆ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਪ੍ਰਸਿੱਧ ਹੋਏ। ਉਹ ਪਹਿਲਾਂ ਕੁਝ ਸਮਾ ਬਨਾਰਸ ਵੀ ਰਹੇ ਤੇ ਬਾਅਦ ‘ਚ ਉਨ੍ਹਾਂ ਨੂੰ ਗੋਰਖਪੁਰ ਵਿਚ ਜ਼ਮੀਨ ਮਿਲੀ ਤੇ ਉਹ ਉੱਥੇ ਰਹੇ। 1861 ਵਿੱਚ ਉਹ ਮਜੀਠਾ ਵਿਖੇ ਆ ਗਏ ਫਿਰ ਉਨ੍ਹਾਂ ਨੂੰ ਆਨਰੇਰੀ ਮੈਜਿਸਟ੍ਰੇਟ ਦਾ ਅਹੁਦਾ ਮਿਲਿਆ ਅਤੇ 1877 ਵਿੱਚ ਰਾਜੇ ਦੇ ਖਿਤਾਬ ਨਾਲ ਸਨਮਾਨ ਮਿਲਿਆ। ਉਨ੍ਹਾਂ ਦੀ 1887 ਵਿੱਚ ਮਜੀਠਾ ਵਿਖੇ ਮੌਤ ਹੋ ਗਈ। ਉਨ੍ਹਾਂ ਦੇ ਪੁੱਤਰ ਉਮਰਾਉ ਸਿੰਘ ਮਜੀਠੀਆ ਤੇ ਸੁੰਦਰ ਸਿੰਘ ਮਜੀਠੀਆ ਹੋਏ। ਉਮਰਾਉ ਸਿੰਘ ਮਜੀਠੀਆ ਦੀ ਮਹਾਰਾਜਾ ਪਟਿਆਲਾ ਨਾਲ ਰਿਸ਼ਤੇਦਾਰੀ ਬਣ ਗਈ। ਰਾਣਾ ਸੂਰਤ ਸਿੰਘ ਮਜੀਠੀਆ ਦੇ ਛੋਟੇ ਪੁੱਤਰ ਸੁੰਦਰ ਸਿੰਘ ਮਜੀਠੀਆ ਪ੍ਰਸਿੱਧ ਮਜੀਠਾ ਸਰਦਾਰ ਹੋਏ। ਉਹ ਪ੍ਰਸਿੱਧ ਲੋਕ ਸੇਵਕ ਤੇ ਦਾਨੀ ਪੁਰਸ਼ ਸਨ ਅਤੇ ਉਹ ਸਿੰਘ ਸਭਾ ਲਹਿਰ ਦੇ ਮੋਢੀਆਂ ਵਿੱਚੋਂ ਇੱਕ ਸਨ। ਉਨ੍ਹਾਂ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਬਣਾ ਕੇ 50 ਸਾਲ ਤੱਕ ਕਾਲਜ ਦੀ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਇਸ ਮਹਾਨ ਸੰਸਥਾ ਨੂੰ ਭਾਰਤ ਹੀ ਨਹੀਂ ਸਗੋਂ ਏਸ਼ੀਆ ਦਾ ਪ੍ਰਸਿੱਧ ਕਾਲਜ ਬਣਾਇਆ। ਉਹ 1902 ਤੋਂ 1912 ਤੱਕ ਖਾਲਸਾ ਕਾਲਜ ਦੇ ਗਵਰਨਿੰਗ ਕੌਂਸਲ ਦੇ ਸਕੱਤਰ ਅਤੇ 1920 ਤੋਂ 1941 ਤੱਕ ਖਾਲਸਾ ਕਾਲਜ ਦੇ ਪ੍ਰਧਾਨ ਰਹੇ। ਉਹ 1902 ਤੋਂ 1920 ਅਤੇ ਫਿਰ 1934 ਤੋਂ 1937 ਤੱਕ ਚੀਫ ਖਾਲਸਾ ਦੀਵਾਨ ਦੇ ਸਕੱਤਰ ਰਹੇ। ਉਹ ਸਰਬ ਹਿੰਦ ਸਿੱਖ ਵਿੱਦਿਅਕ ਕਾਨਫਰੰਸ ਦੇ ਬਾਨੀ ਵੀ ਸਨ। 1904 ਵਿੱਚ ਉਨ੍ਹਾਂ ਸੈਂਟਰਲ ਖਾਲਸਾ ਯਤੀਮਖਾਨਾ ਵੀ ਸਥਾਪਤ ਕੀਤਾ। 1908 ਵਿੱਚ ਉਨ੍ਹਾਂ ਤਰਨ ਤਾਰਨ ਵਿੱਚ ਖਾਲਸਾ ਪ੍ਰਚਾਰਕ ਵਿੱਦਿਆਲਾ ਅਤੇ 1909 ਵਿੱਚ ਆਨੰਦ ਮੈਰਿਜ ਐਕਟ ਅਤੇ 1915 ਵਿੱਚ ਇੱਥੋਂ ਹੀ ਸੈਂਟਰਲ ਖਾਲਸਾ ਹਸਪਤਾਲ ਵੀ ਸਥਾਪਤ ਕੀਤਾ। 1910 ਵਿੱਚ ਉਹ ਵਾਇਸਰਾਏ ਦੀ ਲੈਜਿਸਲੈਟਿਵ ਕੌਂਸਲ ਦੇ ਮੈਂਬਰ ਨਿਯੁਕਤ ਹੋਏ। 1925 ਵਿੱਚ ਉਨ੍ਹਾਂ ਨੂੰ ਰਿਜ਼ਰਵ ਬੈਂਕ ਦੇ ਗਵਰਨਰ ਬਣਾਇਆ ਗਿਆ।
ਉਹ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਅਤੇ 1937 ਤੋਂ 1941 ਤੱਕ ਉਹ ਪੰਜਾਬ ਸਰਕਾਰ ਵਿੱਚ ਰੈਵੀਨਿਊ ਮਨਿਸਟਰ ਵੀ ਰਹੇ। 1911 ਵਿੱਚ ਉਨ੍ਹਾਂ ਨੂੰ ਸਰਦਾਰ ਬਹਾਦਰ, 1920 ਵਿੱਚ ਸੀ.ਆਈ.ਸੀ., 1926 ਵਿੱਚ ਨਾਈਟ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਡਾਕਟਰੇਟ ਆਫ ਲਿਟਰੇਚਰ ਦੀ ਪਦਵੀ ਨਾਲ ਵਿਸ਼ੇਸ਼ ਸਨਮਾਨ ਮਿਲਿਆ।
ਸੁੰਦਰ ਸਿੰਘ ਮਜੀਠੀਆ 1925 ਵਿੱਚ ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਬਣੇ। 2 ਅਪ੍ਰੈਲ 1941 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸੁਰਜੀਤ ਸਿੰਘ ਮਜੀਠੀਆ ਨੇ ਉਨ੍ਹਾਂ ਨੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਆਪਣੇ ਖਾਨਦਾਨ ਦਾ ਨਾਂ ਰੌਸ਼ਨ ਕੀਤਾ। ਉਹ ਲੰਮੇ ਸਮੇਂ ਤੱਕ ਖਾਲਸਾ ਕਾਲਜ ਦੇ ਪ੍ਰਧਾਨ ਰਹੇ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕੋਈ ਵਾਰ ਮੈਂਬਰ ਚੁਣੇ ਗਏ। ਉਹ ਕੇਂਦਰ ਸਰਕਾਰ ਵਿੱਚ ਉੱਪ ਰੱਖਿਆ ਮੰਤਰੀ ਵੀ ਰਹੇ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸਤਿਆਜੀਤ ਸਿੰਘ ਮਜੀਠੀਆ ਉੱਘੇ ਸਮਾਜਸੇਵੀ ਹਨ ਜਿਨ੍ਹਾਂ ਮਜੀਠਾ ਪਰਿਵਾਰ ਦਾ ਨਾਮ ਹੋਰ ਚਮਕਾਇਆ। ਉਹ ਇਸ ਸਮੇਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ।
ਉਨ੍ਹਾਂ ਦੀ ਰਹਿਨੁਮਾਈ ਹੇਠ ਖਾਲਸਾ ਕਾਲਜ ਸੰਸਥਾਵਾਂ ਬੁਲੰਦੀਆ ਛੂਹ ਰਹੀਆਂ ਹਨ। ਉਨ੍ਹਾਂ ਦੀ ਲੜਕੀ ਬੀਬੀ ਹਰਸਿਮਰਤ ਕੌਰ ਬਾਦਲ ਜੋ ਸ੍ਰੋਮਣੀ ਅਕਾਲੀ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਦੀ ਧਰਮਪਤਨੀ ਵੀ ਹੈ ਅਤੇ ਮੌਜੂਦਾ ਕੇਦਰੀ ਮੰਤਰੀ ਵੀ ਹਨ । ਸਤਿਆਜੀਤ ਸਿੰਘ ਦੇ ਸਪੁੱਤਰ ਬਿਕਰਮ ਸਿੰਘ ਮਜੀਠੀਆ ਲਗਾਤਾਰ ਦਸ ਕੈਬਨਿਟ ਮੰਤਰੀ ਵੀ ਰਹੇ ਅਤੇ ਹੁਣ ਵੀ ਸਿਆਸਤ ਵਿੱਚ ਪੂਰੀ ਤਰ੍ਹਾਂ ਨਾਲ ਸਰਗਰਮ ਹੈ।
ਦੱਸਣਯੋਗ ਹੈ ਕਿ ਬਾਦਲ ਪਰਿਵਾਰ ਨਾਲੋਂ ਪਹਿਲਾਂ ਤੋਂ ਮਜੀਠੀਆ ਪਰਿਵਾਰ ਸਿਆਸਤ ਵਿਚ ਰਾਜਭਾਗ ਕਰਦਾ ਆਇਆ ਹੈ।
-ਅੰਗਰੇਜ ਸਿੰਘ ਹੁੰਦਲ
9876785672