ਬਟਾਲਾ : ਕਸ਼ਮੀਰ ਦੇ ਕੁਪਵਾੜਾ ਸੈਕਟਰ ਵਿੱਚ ਭਾਰਤੀ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਦੌਰਾਨ ਬਟਾਲਾ ਨੇੜਲੇ ਪਿੰਡ ਕੋਟਲਾ ਖੁਰਦ ਦਾ ਫੌਜੀ ਜਵਾਨ ਲਾਂਸ ਨਾਇਕ ਸੰਦੀਪ ਸਿੰਘ ਸ਼ਹੀਦ ਹੋ ਗਿਆ। ਸੰਦੀਪ ਸਿੰਘ 2007 ਵਿੱਚ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ ਅਤੇ ਅੱਜਕੱਲ੍ਹ ਉਹ ਸ੍ਰੀਨਗਰ ਖੇਤਰ ਵਿੱਚ ਤਾਇਨਾਤ ਸੀ। ਸੰਦੀਪ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਗਹਿਰੇ ਸਦਮੇ ਵਿਚ ਡੁੱਬ ਗਿਆ। ਦੱਸਿਆ ਗਿਆ ਕਿ ਸ੍ਰੀਨਗਰ ਦੇ ਤੰਗਧਾਰ ਇਲਾਕੇ ਵਿਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਸੰਦੀਪ ਸਿੰਘ ਨੇ ਗੋਲੀ ਲੱਗਣ ਦੇ ਬਾਵਜੂਦ ਬਹਾਦਰੀ ਦਾ ਸਬੂਤ ਦਿੰਦਿਆਂ ਤਿੰਨ ਅੱਤਵਾਦੀਆਂ ਨੂੰ ਢੇਰ ਕਰਦਿਆਂ ਸ਼ਹੀਦੀ ਦਾ ਜਾਮ ਪੀਤਾ। ਸ਼ਹੀਦ ਸੰਦੀਪ ਸਿੰਘ 2007 ਵਿਚ ਯੂਨਿਟ 4 ਪੈਰਾ ਸਪੈਸ਼ਲ ਫੋਰਸ ਆਰਮੀ ਵਿਚ ਭਰਤੀ ਹੋਇਆ ਸੀ। ਸੰਦੀਪ ਆਪਣੇ ਪਿੱਛੇ ਪਤਨੀ ਗੁਰਪ੍ਰੀਤ ਕੌਰ, 5 ਸਾਲ ਦਾ ਇਕਲੌਤਾ ਪੁੱਤਰ ਤੇ ਮਾਤਾ-ਪਿਤਾ ਨੂੰ ਛੱਡ ਗਿਆ ਹੈ।
ਸੰਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਧਾਰੀਵਾਲ/ਬਿਊਰੋ ਨਿਊਜ਼ : ਭਾਰਤ-ਪਾਕਿਸਤਾਨ ਸਰਹੱਦ ‘ਤੇ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਤੰਗਧਾਰ ਖੇਤਰ ਵਿੱਚ ਤਿੰਨ ਅੱਤਵਾਦੀਆਂ ਨੂੰ ਢੇਰ ਕਰਨ ਮਗਰੋਂ ਸ਼ਹੀਦ ਹੋਏ ਜਵਾਨ ਲਾਂਸ ਨਾਇਕ ਸੰਦੀਪ ਸਿੰਘ ਦਾ ਮੰਗਲਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ਨੇੜੇ ਉਸ ਦੇ ਜੱਦੀ ਪਿੰਡ ਕੋਟਲਾ ਖੁਰਦ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ।
ਸ਼ਹੀਦ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਕਮਾਂਡੈਂਟ ਅਫ਼ਸਰ ਮੁਥੂਕ੍ਰਿਸ਼ਨਨ, ਕਰਨਲ ਕੁਲਜਿੰਦਰ ਸਿੰਘ, ਕਰਨਲ ਨਵੀਨ ਕੁਮਾਰ, ਕੰਪਨੀ ਕਮਾਂਡਰ ਮੁਕਲ ਸ਼ਰਮਾ ਤੇ ਕੈਪਟਨ ਵਿਵੇਕ ਆਪਣੇ ਹੋਰ ਸਾਥੀਆਂ ਨਾਲ ਪਿੰਡ ਕੋਟਲਾ ਖੁਰਦ ਲੈ ਕੇ ਆਏ। ਸ਼ਹੀਦ ਦੀ ਮਾਤਾ ਕੁਲਵਿੰਦਰ ਕੌਰ ਨੇ ਆਪਣੇ ਪੁੱਤ ਦੀ ਅਰਥੀ ਨੂੰ ਮੋਢਾ ਦਿੱਤਾ। ਸ਼ਹੀਦ ਦੀ ਦੇਹ ਨੂੰ ਅਗਨ ਭੇਟ ਕਰਨ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ ਸੁਭਾਸ਼ ਚੰਦਰ, ਡਿਪਟੀ ਡਾਇਰੈਕਟਰ (ਜ਼ਿਲ੍ਹਾ ਸੈਨਿਕ ਭਲਾਈ, ਗੁਰਦਾਸਪੁਰ) ਕਰਨਲ ਸਤਬੀਰ ਸਿੰਘ ਵੜੈਚ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਨਾਇਬ ਤਹਿਸੀਲਦਾਰ ਵਰਿਆਮ ਸਿੰਘ, ਡੀਐੱਸਪੀ ਗੁਰਬੰਸ ਸਿੰਘ ਬੈਂਸ, ਕੁਲਜਿੰਦਰ ਸਿੰਘ, ਸ਼ਹੀਦ ਦੇ ਪਿਤਾ ਜਗਦੇਵ ਸਿੰਘ, ਮਾਤਾ ਕੁਲਵਿੰਦਰ ਕੌਰ, ਪਤਨੀ ਗੁਰਪ੍ਰੀਤ ਕੌਰ, ਭਰਾ ਮਨਦੀਪ ਸਿੰਘ, ਭਰਜਾਈ ਪਲਵਿੰਦਰ ਕੌਰ ਤੇ ਭੈਣ ਰਣਜੀਤ ਕੌਰ ਨੇ ਸ਼ਰਧਾਂਜਲੀ ਦਿੱਤੀ।
ਫ਼ੌਜ ਦੇ ਤਿੱਬੜੀ ਕੈਂਟ/ਛਾਉਣੀ ਤੋਂ 17 ਰਾਜਪੂਤਾਨਾ ਰਾਈਫਲਜ਼ ਦੇ ਜਵਾਨਾਂ ਦੀ ਟੁਕੜੀ ਨੇ ਲੈਫਟੀਨੈਂਟ ਸ੍ਰੀਕਾਂਤ ਤਿਵਾੜੀ ਅਤੇ ਸੂਬੇਦਾਰ ਮੇਜਰ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਸ਼ਹੀਦ ਸੰਦੀਪ ਸਿੰਘ ਨੂੰ ਸਲਾਮੀ ਦਿੱਤੀ। ਇਸ ਮੌਕੇ ਸ਼ਹੀਦ ਦੇ ਪੰਜ ਸਾਲਾ ਪੁੱਤਰ ਅਭਿਨਵ ਸਿੰਘ ਨੇ ਚਿਖਾ ਨੂੰ ਅਗਨੀ ਦਿਖਾਈ। ਇਸ ਮੌਕੇ ਪਿੰਡ ਵਾਸੀਆਂ ਤੋਂ ਇਲਾਵਾ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣਾ ਵਾਲੇ, ਸੁਖਬੀਰ ਸਿੰਘ ਵਾਹਲਾ (ਸਾਬਕਾ ਚੇਅਰਮੈਨ, ਸ਼ੂਗਰਫੈੱਡ ਪੰਜਾਬ), ਇੰਦਰਜੀਤ ਸਿੰਘ ਰੰਧਾਵਾ, ਅਵਤਾਰ ਸਿੰਘ ਤੇ ਜੈਮਸ ਮਸੀਹ ਆਦਿ ਹਾਜ਼ਰ ਸਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …