Breaking News
Home / ਭਾਰਤ / ਨਵਜੋਤ ਸਿੱਧੂ ਵਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ

ਨਵਜੋਤ ਸਿੱਧੂ ਵਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ

rahul-andh-sidhu-copy-copyਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਇਥੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ ਉਪਰ ਮੁਲਾਕਾਤ ਕੀਤੀ। ਦੋਵਾਂ ਵਿਚਾਲੇ 45 ਮਿੰਟ ਤੱਕ ਮੀਟਿੰਗ ਚੱਲੀ। ਵਰਨਣਯੋਗ ਹੈ ਕਿ ਸਿੱਧੂ ਦੀ ਪਤਨੀ ਡਾ. ਸਿੱਧੂ ਪਹਿਲਾਂ ਹੀ ਕਾਂਗਰਸ ਦਾ ਲੜ ਫੜ ਚੁੱਕੇ ਹਨ। ਕਾਂਗਰਸ ਨੇ ਹਾਲ ਹੀ ਦੌਰਾਨ ਆਪਣੇ 61 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ ਤੇ ਉਸ ਵੱਲੋਂ ਦੂਜੀ ਸੂਚੀ ਛੇਤੀ ਹੀ ਜਾਰੀ ਕੀਤੀ ਜਾਣ ਵਾਲੀ ਹੈ। ਪਾਰਟੀ ਵੱਲੋਂ ਉਮੀਦਵਾਰੀ ਹਾਸਲ ਕਰਨ ਲਈ ਸਿੱਧੂ ਨੇ ਕਾਂਗਰਸ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਉਨ੍ਹਾਂ ਦੀ ਕਾਂਗਰਸ ਵਿੱਚ ਸ਼ਮੂਲੀਅਤ ਛੇਤੀ ਹੋ ਸਕਦੀ ਹੈ।
ਸਿੱਧੂ ਲੜਨਗੇ ਕਾਂਗਰਸੀ ਦੀ ਟਿਕਟ ‘ਤੇ ਚੋਣ : ਨਵਜੋਤ ਕੌਰ ਸਿੱਧੂ
ਅੰਮ੍ਰਿਤਸਰ : ਭਾਜਪਾ ਛੱਡ ਕੇ ਘਰ ਤੇ ਘਾਟ ਦੀ ਭਾਲ ਵਿੱਚ ਇਧਰ ਉਧਰ ਭੱਜ ਰਹੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਥਾਂ ਉਨ੍ਹਾਂ ਦੇ ਪਤੀ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਕਾਂਗਰਸ ਦੀ ਟਿਕਟ ਉਪਰ ਚੋਣ ਲੜਨਗੇ।  ਆਪਣੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਸਿੱਧੂ ਨੇ ਖੁਲਾਸਾ ਕੀਤਾ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਉਹ ਨਹੀਂ ਲੜ ਰਹੇ ਹਨ, ਸਗੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਉਮੀਦਵਾਰ ਹੋਣਗੇ। ਉਨ੍ਹਾਂ ਆਖਿਆ ਕਿ ਜਲਦੀ ਹੀ ਉਨ੍ਹਾਂ ਦੇ ਪਤੀ ਕਾਂਗਰਸ ਵਿੱਚ ਰਸਮੀ ਤੌਰ ‘ਤੇ ਸ਼ਾਮਲ ਹੋ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਦੇ ਨਿਯਮ ਮੁਤਾਬਕ ਇਕ ਪਰਿਵਾਰ ਵਿਚੋਂ ਇਕ ਜੀਅ ਹੀ ਚੋਣ ਲੜੇਗਾ ਤੇ ਉਹ ਪਤੀ ਦੀ ਸਹਾਇਕ ਵਜੋਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਵੀ ਸਿੱਧੂ ਪਰਿਵਾਰ ਦਾਅਵੇਦਾਰ ਨਹੀਂ ਹੋਵੇਗਾ। ਸਿੱਧੂ ਪਰਿਵਾਰ ਕਾਂਗਰਸ ਵਲੋਂ ਬਣਾਏ ਨਿਯਮਾਂ ਦੀ ਪਾਲਣਾ ਕਰੇਗਾ।
ਸਿੱਧੂ ਵੱਲੋਂ ਕਾਂਗਰਸ ਵਿੱਚ ਬਿਨਾਂ ਸ਼ਰਤ ਸ਼ਮੂਲੀਅਤ ਦਾ ਦਾਅਵਾ ਕਰਦਿਆਂ ਡਾ. ਸਿੱਧੂ ਨੇ ਆਖਿਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਮਾਂਡ ਹੇਠ ਸੂਬੇ ਦੇ ਵਿਕਾਸ ਲਈ ਕੰਮ ਕਰਨਗੇ। ਪਾਰਟੀ ਵਲੋਂ ਜੋ ਵੀ ਸੇਵਾ ਸੌਂਪੀ ਜਾਵੇਗੀ, ਉਸ ਨੂੰ ਖੁਸ਼ੀ ਨਾਲ ਪੂਰਾ ਕਰਨਗੇ। ਜੇਕਰ ਪਾਰਟੀ ਹਾਈਕਮਾਂਡ ਵੱਲੋਂ ਕਾਂਗਰਸ ਸਰਕਾਰ ਆਉਣ ‘ਤੇ ਉਪ ਮੁੱਖ ਮੰਤਰੀ ਦਾ ਅਹੁਦਾ ਸੌਂਪਿਆ ਗਿਆ ਤਾਂ ਸਿੱਧੂ ਉਸ ਨੂੰ ਸਵੀਕਾਰ ਕਰਨਗੇ। ਮੁੱਖ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੇ ਪਤੀ ਦਾਅਵੇਦਾਰ ਨਹੀਂ ਹਨ।

Check Also

ਸੁਪਰੀਮ ਕੋਰਟ ਨੇ ਬੈਲਟ ਪੇਪਰਾਂ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਨੂੰ ਕੀਤਾ ਖਾਰਜ

ਕਿਹਾ : ਸਿਸਟਮ ’ਚ ਬਿਨਾ ਮਤਲਬ ਦੀ ਦਖਲਅੰਦਾਜ਼ੀ ਪੈਦਾ ਕਰ ਸਕਦੀ ਹੈ ਸ਼ੱਕ ਨਵੀਂ ਦਿੱਲੀ/ਬਿਊਰੋ …