ਜੰਮੂ ਕਸ਼ਮੀਰ ਵਿਚ ਸਫ਼ਲ ਮਤਦਾਨ ਨਾਲ ਸਰਕਾਰ ਦੀ ਕਸ਼ਮੀਰ ਨੀਤੀ ਬਾਰੇ ਸ਼ੰਕੇ ਦੂਰ ਹੋਣ ਦਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਜੰਮੂ ਕਸ਼ਮੀਰ ਵਿਚ ਸਫ਼ਲ ਮਤਦਾਨ ਨਾਲ ਨਰਿੰਦਰ ਮੋਦੀ ਸਰਕਾਰ ਦੀ ਕਸ਼ਮੀਰ ਨੀਤੀ ਬਾਰੇ ਸਾਰੇ ਸ਼ੰਕੇ ਦੂਰ ਹੋ ਗਏ ਹਨ। ਸ਼ਾਹ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਵੱਖਵਾਦੀ ਵੀ ਪੂਰੇ ਉਤਸ਼ਾਹ ਤੇ ਜ਼ੋਰ-ਸ਼ੋਰ ਨਾਲ ਸ਼ਾਮਲ ਹੋਏ। ਸ਼ਾਹ ਨੇ ਭਰੋਸਾ ਦਿਵਾਇਆ ਕਿ ਜੰਮੂ ਕਸ਼ਮੀਰ ਵਿਚ ਅਸੈਂਬਲੀ ਚੋਣਾਂ 30 ਸਤੰਬਰ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ। ਇਕ ਇੰਟਰਵਿਊ ਦੌਰਾਨ ਸ਼ਾਹ ਨੇ ਕਿਹਾ ਕਿ ਇਕ ਵਾਰੀ ਲੋਕ ਸਭਾ ਚੋਣਾਂ ਦਾ ਅਮਲ ਨਿੱਬੜ ਜਾਵੇ, ਸਰਕਾਰ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਰਾਜ ਦਾ ਦਰਜਾ ਬਹਾਲ ਕਰਨ ਦਾ ਅਮਲ ਸ਼ੁਰੂ ਕਰ ਦੇਵੇਗੀ।