ਵੋਟਾਂ ਦੀ ਥਾਂ ਸੰਘਰਸ਼ਾਂ ’ਤੇ ਟੇਕ ਰੱਖਣ ਦਾ ਹੋਕਾ
ਬਰਨਾਲਾ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਦਰਮਿਆਨ ਪੰਜਾਬ ਦੀਆਂ ਦੋ ਦਰਜਨ ਦੇ ਕਰੀਬ ਸੰਘਰਸ਼ਸ਼ੀਲ ਲੋਕ ਜਥੇਬੰਦੀਆਂ ਨੇ ਅੱਜ ਐਤਵਾਰ ਨੂੰ ਬਰਨਾਲਾ ਦੀ ਦਾਣਾ ਮੰਡੀ ਵਿੱਚ ਵਿਸ਼ਾਲ ਲੋਕ ਸੰਗਰਾਮ ਰੈਲੀ ਕੀਤੀ। ਇਸ ਰੈਲੀ ਰਾਹੀਂ ਲੋਕਾਂ ਦੇ ਅਸਲ ਮਸਲੇ ਉਭਾਰੇ ਗਏ ਅਤੇ ਇਨ੍ਹਾਂ ਦੇ ਹੱਲ ਲਈ ਸੰਘਰਸ਼ਾਂ ਦਾ ਰਾਹ ਬੁਲੰਦ ਕੀਤਾ ਗਿਆ। ਰੈਲੀ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਣੇ ਸਨਅਤੀ ਕਾਮਿਆਂ, ਠੇਕਾ ਮੁਲਾਜ਼ਮਾਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ। ਰੈਲੀ ਦਾ ਆਗਾਜ਼ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਉੱਘੇ ਕਵੀ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਲਈ ਮਤਾ ਪੜ੍ਹਨ ਨਾਲ ਹੋਇਆ। ਉਪਰੰਤ ਉਨ੍ਹਾਂ ਦੀ ਮਕਬੂਲ ਨਜ਼ਮ ‘ਜਗਾ ਦੇ ਮੋਮਬੱਤੀਆਂ’ ਉਨ੍ਹਾਂ ਦੀ ਆਵਾਜ਼ ਵਿੱਚ ਗੂੰਜੀ ਅਤੇ ਲੋਕਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇਹ ਵੋਟਾਂ ਹਾਕਮ ਧੜਿਆਂ ਵੱਲੋਂ ਲੋਕਾਂ ਨੂੰ ਵੰਡਣ ਤੇ ਭਰਮਾਉਣ ਦੀ ਖੇਡ ਹਨ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਅੰਦਰ ਲੋਕਾਂ ਦੀ ਸੁਣਵਾਈ ਵੋਟਾਂ ਰਾਹੀਂ ਨਹੀਂ, ਲੋਕਾਂ ਦੇ ਘੋਲਾਂ ਰਾਹੀਂ ਹੋ ਸਕਦੀ ਹੈ। ਇਸ ਰੈਲੀ ਨੂੰ ਹੋਰ ਕਈ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਫਿਰਕੂ ਫਾਸ਼ੀ ਹੱਲੇ ਦਾ ਅਸਲ ਟਾਕਰਾ ਲੋਕਾਂ ਦੇ ਘੋਲਾਂ ਰਾਹੀਂ ਹੋ ਸਕਦਾ ਹੈ ਨਾ ਕਿ ਹਾਕਮ ਧੜਿਆਂ ਦੀ ਵੋਟ ਖੇਡ ਰਾਹੀਂ। ਇਸ ਲਈ ਲੋਕਾਂ ਨੂੰ ਅਸਲ ਲੋਕ ਮੁੱਦਿਆਂ ਦੁਆਲੇ ਸਾਂਝੇ ਘੋਲ ਉਸਾਰਨ ਦੇ ਰਾਹ ਪੈਣਾ ਚਾਹੀਦਾ ਹੈ।