ਕਾਂਗਰਸ ਨੇ ਨਿੱਜੀ ਵਿਚਾਰ ਦੱਸ ਕੇ ਬਿਆਨ ਤੋਂ ਦੂਰੀ ਬਣਾਈ
ਜੰਮੂ/ਬਿਊਰੋ ਨਿਊਜ਼ : ਕਾਂਗਰਸ ਆਗੂ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਸਰਜੀਕਲ ਹਮਲਿਆਂ ‘ਤੇ ਸਵਾਲ ਚੁੱਕਦਿਆਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਝੂਠ ਬੋਲਣ ਦਾ ਆਰੋਪ ਲਾਇਆ ਹੈ। ਉਧਰ ਕਾਂਗਰਸ ਨੇ ਦਿਗਵਿਜੈ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਉਨ੍ਹਾਂ ਦੇ ਨਿੱਜੀ ਵਿਚਾਰ ਦੱਸ ਕੇ ਦੂਰੀ ਬਣਾ ਲਈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ ਕਿ ਕਾਂਗਰਸ ਫੌਜ ਵੱਲੋਂ ਦੇਸ਼ ਹਿੱਤ ਵਿੱਚ ਕੀਤੀਆਂ ਸਾਰੀਆਂ ਕਾਰਵਾਈਆਂ ਦੀ ਹਮਾਇਤ ਕਰਦੀ ਸੀ ਤੇ ਅੱਗੋਂ ਵੀ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਦਿਗਵਿਜੇ ਸਿੰਘ ਦਾ ਉਪਰੋਕਤ ਬਿਆਨ ਪਾਰਟੀ ਦੇ ਅਧਿਕਾਰਤ ਸਟੈਂਡ ਦੀ ਤਰਜਮਾਨੀ ਨਹੀਂ ਕਰਦਾ। ਜੰਮੂ ਕਸ਼ਮੀਰ ਵਿੱਚ ‘ਭਾਰਤ ਜੋੜੋ’ ਯਾਤਰਾ ਦੌਰਾਨ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਦਿਗਵਿਜੇ ਸਿੰਘ ਨੇ ਕਿਹਾ ਕਿ ਸਰਕਾਰ ਨੇ ਸੀਆਰਪੀਐੱਫ ਦੀ ਉਸ ਦੇ ਅਮਲੇ ਨੂੰ ਸ੍ਰੀਨਗਰ ਤੋਂ ਦਿੱਲੀ ਹਵਾਈ ਰਸਤੇ ਭੇਜਣ ਦੀ ਗੁਜ਼ਾਰਿਸ਼ ਨਹੀਂ ਮੰਨੀ ਤੇ ਸਾਲ 2019 ਵਿੱਚ ਪੁਲਵਾਮਾ ਦਹਿਸ਼ਤੀ ਹਮਲੇ ਵਿੱਚ 40 ਸੁਰੱਖਿਆ ਬਲਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਸਿੰਘ ਨੇ ਕਿਹਾ, ”ਉਹ ਸਰਜੀਕਲ ਹਮਲਿਆਂ ਦੀ ਗੱਲ ਕਰਦੇ ਹਨ। ਉਨ੍ਹਾਂ ਵੱਡੀ ਗਿਣਤੀ ਲੋਕਾਂ (ਦਹਿਸ਼ਤਗਰਦਾਂ) ਨੂੰ ਮਾਰਨ ਦਾ ਦਾਅਵਾ ਕੀਤਾ, ਪਰ ਇਸ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ। ਉਹ ਝੂਠ ਦੀ ਪੰਡ ਸਿਰ ਰਾਜ ਕਰ ਰਹੇ ਹਨ।
ਇਹ ਜੋੜੋ ਨਹੀਂ ‘ਭਾਰਤ ਤੋੜੋ ਯਾਤਰਾ’ ਹੈ: ਭਾਜਪਾ
ਭਾਜਪਾ ਨੇ ਕਾਂਗਰਸ ਨੂੰ ਦਿਗਵਿਜੈ ਸਿੰਘ ਦੀਆਂ ਇਨ੍ਹਾਂ ਟਿੱਪਣੀਆਂ ਲਈ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸਾਫ਼ ਹੈ ਕਿ ਰਾਹੁਲ ਗਾਂਧੀ ਵੱਲੋਂ ਦੇਸ਼ ਭਰ ਵਿਚ ਪੈਦਲ ਮਾਰਚ ਦੇ ਨਾਂ ‘ਤੇ ਕੱਢੀ ਭਾਰਤ ਜੋੜੋ ਯਾਤਰਾ, ਮਹਿਜ਼ ਨਾਮ ਦੀ ਹੈ। ਕਿਉਂਕਿ ਉਹ ਤੇ ਉਨ੍ਹਾਂ ਦੇ ਪਾਰਟੀ ਵਿਚਲੇ ਸਾਥੀ ਦੇਸ਼ ਨੂੰ ‘ਤੋੜਨ’ ਦਾ ਕੰਮ ਕਰ ਰਹੇ ਹਨ। ਅਸਲ ‘ਚ ਇਹ ‘ਭਾਰਤ ਤੋੜੋ ਯਾਤਰਾ’ ਹੈ। ਭਾਜਪਾ ਦੇ ਤਰਜਮਾਨ ਗੌਰਵ ਭਾਟੀਆ ਨੇ ਕਿਹਾ, ”ਜੇਕਰ ਉਹ ਹਥਿਆਰਬੰਦ ਬਲਾਂ ਖਿਲਾਫ਼ ਬੋਲਣਗੇ ਤਾਂ ਭਾਰਤ ਬਰਦਾਸ਼ਤ ਨਹੀਂ ਕਰੇਗਾ। ਰਾਹੁਲ ਗਾਂਧੀ ਤੇ ਕਾਂਗਰਸ ਪ੍ਰਧਾਨ ਮੰਤਰੀ ਮੋਦੀ ਨੂੰ ਨਫ਼ਰਤ ਕਰਦੇ ਹਨ, ਪਰ ਇੰਜ ਲੱਗਦਾ ਹੈ ਕਿ ਉਹ ਇਸ ਨਫ਼ਰਤ ‘ਚ ਇਸ ਕਦਰ ਅੰਨ੍ਹੇ ਹੋ ਗਏ ਹਨ ਕਿ ਦੇਸ਼ ਪ੍ਰਤੀ ਉਨ੍ਹਾਂ ਦੀ ਸਮਰਪਣ ਭਾਵਨਾ ਖ਼ਤਮ ਹੋ ਗਈ ਹੈ।”