Breaking News
Home / ਨਜ਼ਰੀਆ / ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ. ਡੀ.ਪੀ ਸਿੰਘ ਦੀ ਇਕ ਮੁਲਾਕਾਤ

ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ. ਡੀ.ਪੀ ਸਿੰਘ ਦੀ ਇਕ ਮੁਲਾਕਾਤ

(ਕਿਸ਼ਤ 1)
ਅਨਿਆਂ ਖਿਲਾਫ਼ ਉਠਦੀ ਅਵਾਜ਼ ਦਾ ਨਾਂ ਹੈ ਡਾ. ਸੋਲਮਨ ਨਾਜ਼
ਡਾ. ਡੀ ਪੀ ਸਿੰਘ
416-859-1856
ਡਾ. ਸੋਲਮਨ ਨਾਜ਼ ਇਕ ਬਹੁਪੱਖੀ ਸਖਸ਼ੀਅਤ ਦਾ ਨਾਂ ਹੈ। ਪਿਛਲੇ ਲਗਭਗ ਛੇ ਦਹਾਕਿਆਂ ਤੋਂ ਹੀ ਉਹ ਸਮਾਜਿਕ, ਸਾਹਿਤਕ, ਪੱਤਰਕਾਰੀ ਤੇ ਧਾਰਮਿਕ ਕਾਰਜਾਂ ਵਿਚ ਤਹਿ ਦਿਲੋਂ ਜੁੜੇ ਹੋਏ ਹਨ। ਜਿਥੇ ਉਨ੍ਹਾਂ ਧਾਰਮਿਕ ਖੇਤਰ ਵਿਚ ਅਮਰੀਕਾ ਦੀ ਵਿਲੱਖਣ ਯੂਨੀਵਰਸਿਟੀ ਤੋਂ ਧਰਮ ਦਾ ਤੁਲਨਾਤਮਿਕ ਅਧਿਅਨ ਵਿਸ਼ੇ ਸੰਬੰਧੀ ਪੀਐਚ. ਡੀ. ਦੀ ਡਿਗਰੀ ਪ੍ਰਾਪਤ ਕਰ ਕੇ, ਲੰਮੇ ਅਰਸੇ ਤਕ ਮਸੀਹੀ ਸਮੁਦਾਇ ਦੇ ਧਾਰਮਿਕ ਰਹਿਨੁਮਾ ਵਜੋਂ ਅਹਿਮ ਰੋਲ ਅਦਾ ਕੀਤਾ ਹੈ। ਉਥੇ ਉਹ ਮਸੀਹੀਅਤ ਦੇ ਅਮਲੀ ਰੂਪ ਨੂੰ ਆਪਣੇ ਜੀਵਨ ਦਾ ਮੂਲ-ਅੰਗ ਬਣਾ, ਹਰ ਲੋੜਵੰਦ ਦੀ ਤਨ, ਮਨ ਅਤੇ ਧੰਨ ਨਾਲ ਹਮੇਸ਼ਾਂ ਮਦਦ ਕਰਦੇ ਰਹੇ ਹਨ।
ਸਾਹਿਤਕ ਖੇਤਰ ਵਿਚ, ਅਨੇਕ ਸੰਚਾਰ ਮਾਧਿਅਮਾਂ ਖਾਸਕਰ ਅਖਬਾਰਾਂ, ਰੇਡੀਓ ਅਤੇ ਟੈਲੀਵਿਜ਼ਨ ਆਦਿ ਰਾਹੀਂ, ਉਹ ਸਮਾਜਿਕ ਮਸਲਿਆਂ ਨੂੰ ਉਭਾਰਣ ਤੇ ਉਨ੍ਹਾਂ ਦੇ ਸਹੀ ਹਲਾਂ ਬਾਰੇ ਸਾਨੂੰ ਸੱਭ ਨੂੰ ਸੁਚੇਤ ਕਰਦੇ ਰਹੇ ਹਨ। ਭਾਵੇਂ ਇਹ ਮਸਲਾ ਧਾਰਮਿਕ ਕੱਟੜਤਾ ਦੇ ਮਾੜੇ ਪ੍ਰਭਾਵਾਂ ਦਾ ਹੋਵੇ, ਜਾਂ ਫਿਰ ਸਮਾਜਿਕ ਅਨਿਆਂ ਦਾ, ਵਾਤਵਰਣੀ ਚੇਤਨਾ ਪ੍ਰਸਾਰ ਦੀ ਗੱਲ ਹੋਵੇ ਜਾਂ ਫਿਰ ਆਰਥਿਕ ਤੇ ਰਾਜਨੀਤਕ ਮੁੱਦਿਆਂ ਦਾ ਵਿਚਾਰ ਚਰਚਾ ਹੋਵੇ, ਡਾ. ਨਾਜ਼ ਦਾ ਯੋਗਦਾਨ ਇਨ੍ਹਾਂ ਖੇਤਰਾਂ ਵਿਚ ਹਮੇਸ਼ਾਂ ਹੀ ਵਿਲੱਖਣ ਰਿਹਾ ਹੈ।
ਉਨ੍ਹਾਂ ਦੇ ਬਹੁ-ਖੇਤਰੀ ਤੇ ਬਹੁ-ਦਿਸ਼ਾਵੀ ਕਾਰਜਾਂ ਵਿਚੋਂ ਉਨ੍ਹਾਂ ਦਾ ਲੋਕਾਂ ਪ੍ਰਤੀ ਅਮਲੀ ਸੇਵਾ-ਭਾਵ ਰੱਖਣਾ, ਖਾਸ ਤੌਰ ਉੱਤੇ ਪ੍ਰਭਾਵਿਤ ਕਰਦਾ ਹੈ। ਭਾਵੇਂ ਕੋਈ ਨਵਾਂ ਆਇਆ ਇੰਮੀਗਰੈਂਟ ਹੋਵੇ, ਜਾਂ ਫਿਰ ਘਰੇਲੂ ਹਿੰਸਾ ਦਾ ਮਸਲਾ, ਕਿਧਰੇ ਕੋਈ ਬਜ਼ੁਰਗ ਸਾਥੀ ਇੱਕਲਤਾ ਦਾ ਸ਼ਿਕਾਰ ਹੋਵੇ ਜਾਂ ਫਿਰ ਕੋਈ ਸੱਜਣ ਪਰਵਾਸ ਦੀਆਂ ਮੁਸ਼ਕਲਾਂ ਨਾਲ ਜੂੰਝ ਰਿਹਾ ਹੋਵੇ, ਡਾ. ਨਾਜ਼ ਬਿਨ੍ਹਾਂ ਕਿਸੇ ਲਗ-ਲਗਾਵ ਜਾਂ ਵਿਤਕਰੇ ਦੇ ਹਮੇਸ਼ਾਂ ਅਜਿਹੇ ਸਾਥੀਆਂ ਦੀਆਂ ਲੋੜਾਂ ਦੀ ਪੂਰਤੀ ਲਈ ਤਤਪਰ ਹੀ ਨਹੀਂ ਰਹਿੰਦੇ ਸਗੋਂ ਆਪਣੀ ਪੂਰੀ ਲਗਨ ਅਤੇ ਮਿਹਨਤ ਨਾਲ ਇਨ੍ਹਾਂ ਸਮੱਸਿਆਵਾਂ ਦੇ ਹੱਲ ਹੋਣ ਤਕ ਯਤਨਸ਼ੀਲ ਰਹਿੰਦੇ ਹਨ। ਸਾਹਿਤਕ ਖੇਤਰ ਵਿਚ ਉਨ੍ਹਾਂ ਦੀ ਪਹਿਚਾਣ ਨਾਜ਼ੁਕ ਅਹਿਸਾਸਾਂ ਨਾਲ ਰੱਤੇ ਕਵੀ ਤੇ ਗਜ਼ਲਗੋ ਹੋਣ ਦੇ ਨਾਲ ਨਾਲ ਸਿਰਮੋਰ ਵਾਰਤਾਕਾਰ ਤੇ ਸੰਪਾਦਕ ਵਜੋਂ ਪਰਪੱਕ ਹੈ। ਵਰਨਣਯੋਗ ਹੈ ਕਿ ਉਨ੍ਹਾਂ ਦੀ ਸਮਕਾਲੀ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਕ ਮਸਲਿਆਂ ਸੰਬੰਧਤ ਪਕੜ੍ਹ ਬਹੁਤ ਹੀ ਪੀਡੀ ਹੈ। ਵਾਰਤਾਕਾਰ ਵਜੋਂ ਜਿਥੇ ਉਹ ਈਸਾਈ ਧਰਮ, ਇਸਲਾਮ ਅਤੇ ਸਿੱਖ ਧਰਮ ਦੇ ਅਹਿਮ ਮੁੱਦਿਆਂ ਬਾਰੇ ਬਹੁਤ ਹੀ ਪਾਰਖੂ ਦ੍ਰਿਸ਼ਟੀਕੋਣ ਦੇ ਧਾਰਣੀ ਹਨ, ਉਥੇ ਉਨ੍ਹਾਂ ਨੇ ਇਨ੍ਹਾਂ ਭਾਈਚਾਰਿਆਂ ਦੇ ਸਮਕਾਲੀ ਸਰੋਕਾਰਾਂ ਨੂੰ ਸੰਚਾਰ ਮਾਧਿਅਮਾਂ ਰਾਹੀਂ ਸੰਬੰਧਤ ਅਧਿਕਾਰੀਆਂ ਤੇ ਸਰਕਾਰਾਂ ਤਕ ਪਹੁੰਚਾਣ ਵਿਚ ਵਿਸ਼ੇਸ਼ ਰੋਲ ਅਦਾ ਕੀਤਾ ਹੈ।
ਹੋਰ ਤਾਂ ਹੋਰ, ਵਿਸ਼ਵ ਭਰ ਵਿਚ, ਜਿਥੇ ਕਿਤੇ ਵੀ ਘੱਟ ਗਿਣਤੀ ਸਮੁਦਾਇ ਦੇ ਲੋਕ, ਬਹੁਗਿਣਤੀ ਸਮੁਦਾਇ ਦੀ ਧਾਰਮਿਕ ਕੱਟੜਤਾ ਦਾ ਸ਼ਿਕਾਰ ਹੁੰਦੇ ਹਨ, ਡਾ. ਨਾਜ਼ ਅਜਿਹੇ ਅਨਿਆਂ ਦੇ ਵਿਰੋਧ ਵਿਚ ਆਵਾਜ਼ ਉਠਾਉਣ ਵਿਚ ਕਦੇ ਵੀ ਪਿੱਛੇ ਨਹੀਂ ਰਹੇ। ਕ੍ਰਿਸਟੀਅਨ ਰਿਵਿਊ ਮੈਗਜ਼ੀਨ ਦੇ ਮੁੱਖ ਸੰਪਾਦਕ ਦਾ ਵਿਲੱਖਣ ਰੋਲ ਨਿਭਾਉਂਦੇ ਹੋਏ, ਡਾ. ਨਾਜ਼ ਨੇ ਅਜਿਹੇ ਸਰੋਕਾਰਾਂ ਨੂੰ ਵਿਸ਼ਵ ਭਰ ਦੀਆਂ ਸਰਕਾਰਾਂ ਦੇ ਧਿਆਨ ਵਿਚ ਲਿਆ ਕੇ ਉਨ੍ਹਾਂ ਨੂੰ, ਅਜਿਹੀਆਂ ਅਮਾਨਵੀ ਘਟਨਾਵਾਂ ਦੇ ਸਹੀ ਹੱਲ ਲਈ ਪ੍ਰੇਰਿਤ ਕਰਨ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਨਿੱਜੀ ਤਜਰਬੇ ਅਤੇ ਵਿਚਾਰਾਂ ਨੂੰ ਜਾਨਣ ਦੀ ਉਤਸੁਕਤਾ ਹਰ ਪਾਠਕ ਦੇ ਹਿਰਦੇ ਅੰਦਰ ਠਾਠਾਂ ਮਾਰਦੀ ਹੋਵੇਗੀ। ਇਸੇ ਮੰਤਵ ਦੀ ਪੂਰਤੀ ਲਈ ਡਾ. ਸੋਲਮਨ ਨਾਜ਼ ਜੀ ਵਲੋਂ ਪ੍ਰਸਤੁਤ ਵਿਚਾਰ ਲੜੀ ਪੇਸ਼ ਕੀਤੀ ਜਾ ਰਹੀ ਹੈ;
ਡਾ. ਸਿੰਘ: ਆਪ ਨੂੰ ਸਾਹਿਤਕ ਚੇਟਕ ਕਿਵੇਂ ਲੱਗੀ? ਕੀ ਅਜਿਹਾ ਵਿੱਦਿਅਕ ਪ੍ਰਾਪਤੀ ਸਮੇਂ ਵਾਪਰਿਆ? ਕਿਹੜੇ ਲੇਖਕਾਂ ਨੇ ਪ੍ਰਭਾਵਿਤ ਕੀਤਾ?
ਡਾ. ਨਾਜ਼: ਡੀ. ਪੀ. ਜੀਓ। ਅਸਲ ਵਿਚ ਸਾਹਿਤ ਅਤੇ ਏਸ ਨਾਲ ਮੋਹ ਕੋਈ ਹਾਦਸਾ ਨਹੀਂ ਸੀ, ਮੇਰੇ ਵਿਰਸੇ ਅੰਦਰ ਹੀ ਸੀ! ਮੇਰੇ ਪਿਤਾ ਜੀ ਫ਼ਾਰਸੀ ਅਤੇ ਉਰਦੂ ਜ਼ਬਾਨ ਦੇ ਨਾਮਵਰ ਸ਼ਾਇਰ ਸਨ ਅਤੇ ਐਫ਼ ਸੀ ਕਾਲਜ ਲਾਹੌਰ ਵਿਖੇ ਪ੍ਰੋਫ਼ੈਸਰ ਸਨ। ਭਾਰਤ ਦੀ ਵੰਡ ਮਗਰੋਂ ਪੰਜਾਬ ਦੇ ਅਨੇਕ ਪ੍ਰਮੁੱਖ ਸ਼ਾਇਰ ਜਿਵੇਂ ਕਿ ਫੈਜ਼ ਅਹਿਮਦ ਫ਼ੈਜ਼ ਅਤੇ ਹਫ਼ੀਜ਼ ਜਲੰਧਰੀ (ਜਿਸ ਨੇ ਪਾਕਿਸਤਾਨ ਦਾ ਤਰਾਨਾ ਵੀ ਲਿਖਿਆ) ਲਹਿੰਦੇ ਪੰਜਾਬ ਚਲੇ ਗਏ। ਛੇਤੀ ਹੀ ਅਰਸ਼ ਮਲਸੀਆਨੀ, ਤੇ ਜੋਸ਼ ਮਲਸੀਆਨੀ ਦਿੱਲੀ ਚਲੇ ਗਏ ਤੇ ਜੋਸ਼ ਮਲਸੀਆਨੀ ਨੇ ਆਲ ਇੰਡੀਆ ਰੇਡੀਓ ਸਟੇਸ਼ਨ ਵਿਖੇ ਨੌਕਰੀ ਕਰ ਲਈ। ਇੱਕ ਹੋਰ ਨਾਮਵਰ ਹਸਤੀ ਜੋ ਜਲੰਧਰ ਛਾਉਣੀ ਵਿਖੇ ਰਿਹਾਇਸ਼ ਰੱਖਦੇ ਸਨ, ਉਹ ਸਨ ਜਨਾਬ ਗੁਰਬਖ਼ਸ਼ ਸਿੰਘ ਮਖ਼ਮੂਰ ਜਲੰਧਰੀ, ਜੋ ਮੇਰੇ ਪਿਤਾ ਜੀ ਦੇ ਉਸਤਾਦ ਸਨ। ਇਹ ਸਾਰੀਆਂ ਨਾਮਵਰ ਹਸਤੀਆਂ ਅਸਲ ਵਿੱਚ ਹਜ਼ਰਤ ਜਨਾਬ ਦਾਗ ਦਹਿਲਵੀ ਦੀ ਹੀ ਸ਼ਗਿਰਦ ਵਾੜੀ ਦੇ ਫੁੱਲ ਸਨ। ਹੁਣ ਤੁਸੀਂ ਆਸਾਨੀ ਨਾਲ ਕਹਿ ਸਕਦੇ ਹੋ ਕਿ ਮੈਨੂੰ ਮਾਨ ਹੈ ਕਿ ਮੈਂ ਦਾਗ਼ ਦਹਿਲਵੀ ਦੇ ਗੁਲਦਸਤੇ ਦੀ ਸ਼ਾਖ਼ ਦੀ ਪਿਉਂਦ ਹਾਂ।
ਇਹ ਵੀ ਜ਼ਰੂਰੀ ਬਣਦਾ ਹੈ ਕਿ ਮੇਰੀ ਅੱਜ ਦੀ ਗ਼ਜ਼ਲ ਗੋਈ ਉਰਦੂ ਜ਼ਬਾਨ ਦਾ ਬਹੁਤ ਅਸਰ ਕਬੂਲਦੀ ਹੈ। ਇੱਕ ਅਣਛਪੀ ਉਰਦੂ ਜ਼ਬਾਨ ਦੀ ਕਿਤਾਬ ਛੇਤੀ ਹੀ ਆਪ ਦੀ ਨਜ਼ਰ ਹੋਵੇਗੀ। ਹੈਰਾਨੀ ਭਰਿਆ ਹਾਦਸਾ ਇਹ ਹੈ ਕਿ ਜਦ ਮੈਂ ਸਕੂਲ ਜਾਣ ਲੱਗਾ, ਉਰਦੂ ਜ਼ਬਾਨ ਦਾ ਮੁਲਸਮਾਨਾ ਦੀ ਬੋਲੀ ਸਮਝ ਕੇ ਦਫ਼ਨ ਕਫ਼ਨ ਹੋ ਚੁਕਿਆ ਸੀ। ਮੈਂ ਫ਼ਾਰਸੀ ਅਤੇ ਉਰਦੂ ਜ਼ੁਬਾਨ ਅਪਣੇ ਪਿਤਾ ਕੋਲੋਂ ਹੀ ਸਿਖੀ ਹੈ।
ਇਹ ਜ਼ਰੂਰ ਹੈ ਕਿ ਛੋਟੀ ਉਮਰੇ ਹੀ ਅਪਣੇ ਪਿਤਾ ਦੇ ਨਾਲ ਇਨ੍ਹਾਂ ਨਾਮਵਰ ਅਜ਼ੀਮ ਹਸਤੀਆਂ ਨੂੰ ਮਿਲਣ ਦਾ ਇਤਫ਼ਾਕ ਹੁੰਦਾ ਰਿਹਾ ਹੈ। ਮਿਸਾਲ ਵਜੋਂ ਪ੍ਰੋ. ਮੋਹਨ ਸਿੰਘ ਜੀ ਨੂੰ ਅਪਣੇ ਪਿਤਾ ਨਾਲ ਜਲੰਧਰ ਮਿਲਣ ਦਾ ਕਈ ਵਾਰ ਮੌਕਾ ਮਿਲਿਆ। ਦੀਦੀ ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫ਼ੀਰ, ਬਲਰਾਜ ਸਾਹਨੀ (ਜਿਸ ਨੂੰ ਮੈਂ ਤਾਊ ਆਖਦਾ ਸੀ), ਸਾਹਿਬ ਸਿੰਘ ਅਤੇ ਪੂਰਨ ਸਿੰਘ ਮੇਰੇ ਪਿਤਾ ਜੀ ਦੇ ਨਿੱਜੀ ਦੋਸਤ ਸਨ ਅਤੇ ਇਹਨਾ ਨੂੰ ਕੋਲ ਬੈਠ ਕੇ ਵੇਖਿਆ ਹੈ। ਅਸਰ ਕਬੂਲਦਾ ਰਿਹਾ ਹਾਂ।
ਡਾ: ਸਾਹਿਬ ਰਹੀ ਗੱਲ ਪੰਜਾਬੀ ਭਾਸ਼ਾ ਨਾਲ ਮੋਹ ਦੀ, ਜਦ ਮੈਂ ਬੀ. ਏ. ਕਰ ਰਿਹਾ ਸੀ, ਕੋਈ 1960-61 ਦੀ ਗੱਲ ਹੋਣੀ ਹੈ, ਇਹ ਅਸਰ ਉਨ੍ਹਾਂ ਸ਼ਖਸੀਅਤਾਂ ਦਾ ਹੀ ਸਮਝ ਲਵੋ ਕਿ ਮੈਂ ਬੀ. ਏ. (ਆਨਰਜ਼) ਪੰਜਾਬੀ ਭਾਸ਼ਾ ਵਿਚ ਹੀ ਕੀਤੀ! ਸੋਚਦਾ ਸੀ ਕਿ ਪੰਜਾਬੀ ਬੋਲੀ ਅੰਦਰ ਐਮ. ਏ. ਕਰਾਂ! ਆਲ਼ੇ ਦੁਆਲ਼ੇ ਦਾ ਪ੍ਰਭਾਵ, ਚੰਗਾ ਹੋਵੇ ਭਾਵੇ ਮਾੜਾ, ਹਰ ਵਿਅਕਤੀ ਕਬੂਲਦਾ ਹੈ! ਇੱਕ ਦੋਸਤ ਕਹਿਣ ਲੱਗਾ ਪੰਜਾਬੀ ਦੀ ਐਮ. ਏ. ਕਰਕੇ ਕੀ ਕਰੇਂਗਾ, ਲੋਕਾਂ ਫੇਰ ਵੀ ਗਿਆਨੀ ਜੀ ਆਖਣਾ ਹੈ! ਸਾਰੇ ਪੰਜਾਬ ਅੰਦਰ, ਅੰਗ੍ਰੇਜ਼ੀ ਭਾਸ਼ਾ ਵਿੱਚ ਤੇਰੇ ਵਧੇਰੇ ਨੰਬਰ ਹਨ, ਏਸ ਕਰਕੇ ਅੰਗ੍ਰੇਜ਼ੀ ਭਾਸ਼ਾ ਅੰਦਰ ਐਮ. ਏ. ਕਰ ਲੈ, ਕਿਤੇ ਆਈ. ਏ. ਐਸ. ਕਰਕੇ ਡੀ. ਸੀ. ਲੱਗ ਸਕੇਗਾ। ਇਹ ਖੁਲਾਸਾ ਬਾਅਦ ਵਿੱਚ ਖੁੱਲ੍ਹਿਆ ਕਿ ਡੀ. ਸੀ. ਲੱਗਣ ਲਈ ਡਿਗਰੀਆਂ, ਡਿਪਲੋਮੇ ਨਹੀਂ, ਕੁਝ ਹੋਰ ਵੀ ਚਾਹੀਦਾ ਹੈ।
ਸੰਨ 1968 ਵਿਚ ਜਦ ਇੰਗਲੈਂਡ ਆਇਆ, ਸਭ ਤੋਂ ਵੱਡਾ ਮਸਲਾ ਕੰਮ ਲੱਭਣ ਦਾ ਸੀ। ਵਧੇਰੇ ਕਰਕੇ ਭਾਰਤੀ ਪੜ੍ਹੇ ਲਿਖੇ ਜਾਂ ਤੇ ਪੋਸਟਮੈਨ ਦੀ ਜਾਂ ਬੱਸ ਕੰਡਕਟਰ ਦੀ ਨੌਕਰੀ ਤੇ ਫ਼ਿੱਟ ਹੁੰਦੇ ਸਨ, ਪਰ ਕੁਝ ਅਜੀਬ ਹਾਦਸਾ ਸਮਝ ਲਵੋ, ਇੱਕ ਅੰਗ੍ਰੇਜ਼ ਦੋਸਤ ਦੀ ਸਿਫ਼ਾਰਸ਼ ਨਾਲ ਇੰਗਲੈਂਡ ਦੇ ਵੱਡੇ ਡੇਲੀ ਅਖ਼ਬਾਰ ”ਗਾਰਡੀਅਨ” ਅੰਦਰ ਮਾਮੂਲੀ ਜੇਹੀ ਨੌਕਰੀ ਮਿਲ ਗਈ। ਕੁਝ ਹੀ ਸਮੇ ਅੰਦਰ ਮੈਂ ਪੱਤਰਕਾਰ ਦੇ ਦਰਜੇ ਤਕ ਪੁੱਜ ਗਿਆ। ਰਿਹਾ ਸਵਾਲ ਪੰਜਾਬੀ ਬੋਲੀ ਅੰਦਰ ਲਿਖਣ ਦਾ, ਸ਼ੌਕੀਆ ਤੌਰ ਤੇ ਕਦੀ ਕਦੀ ਦੇਸ ਪਰਦੇਸ ਜਾਂ ਅਵਤਾਰ ਜੰਡਿਆਲਵੀ ਦੇ ਹਫ਼ਤਾਵਾਰ ਅਖਬਾਰ ਸੰਦੇਸ਼ ਅੰਦਰ ਲਿਖਦਾ ਸੀ। ਪਰ ਇਹ ਬਾਖੂਬੀ ਜਾਣਦਾ ਸੀ ਕਿ ਪੰਜਾਬੀ ਵਿਚ ਲਿਖ ਕੇ ਰੋਟੀ ਰੋਜ਼ੀ ਦਾ ਰੁਜ਼ਗਾਰ ਨਹੀਂ ਚਲ ਸਕਦਾ। ਏਸ ਕਰਕੇ ਮੇਰੇ ਲਿਖਣ ਦਾ ਮਾਧਿਅਮ ਅੰਗ੍ਰੇਜ਼ੀ ਹੀ ਰਿਹਾ ਸੀ।
(ਚੱਲਦਾ)
——-
ਡਾ. ਡੀ. ਪੀ. ਸਿੰਘ, ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 70 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅੱਜ ਕੱਲ੍ਹ ਉਹ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ।
ੲੲੲ

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …