23.1 C
Toronto
Saturday, June 27, 2026
spot_img
Homeਨਜ਼ਰੀਆਕੁਦਰਤ, ਪਾਣੀ ਤੇ ਅਜੋਕਾ ਮਨੁੱਖ

ਕੁਦਰਤ, ਪਾਣੀ ਤੇ ਅਜੋਕਾ ਮਨੁੱਖ

ਧਰਤੀ ਨੌਂ ਗ੍ਰਹਿਆਂ ਵਿੱਚੋਂ ਇੱਕੋ ਇੱਕ ਅਜਿਹਾ ਗ੍ਰਹਿ ਹੈ ਜਿਥੇ ਜੀਵਨ ਦੀ ਹੋਂਦ ਸੰਭਵ ਹੈ, ਹਾਲਾਂਕਿ ਵਿਗਿਆਨੀ ਆਪਣੇ ਵੱਲੋਂ ਪੂਰੀ ਵਾਹ ਲਾ ਰਹੇ ਹਨ ਕਿ ਚੰਨ ਅਤੇ ਮੰਗਲ ਗ੍ਰਹਿ ਤੇ ਵੀ ਜੀਵਨ ਦੀ ਹੋਂਦ ਲੱਭੀ ਜਾਵੇ ਪਰੰਤੂ ਇਹ ਏਨਾ ਸੌਖਾ ਨਹੀਂ ਜਿਨ੍ਹਾਂ ਜਾਪਦਾ ਹੈ ਕਿਉਂਕਿ ਕੁਦਰਤ ਨੇ ਧਰਤੀ ਨੂੰ ਹੀ ਨੂੰ ਹੀ ਇਸ ਕਾਬਿਲ ਬਣਾਇਆ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਤਮਾਮ ਲੋੜਾਂ ਪੂਰੀਆਂ ਕਰ ਸਕੇ,ਇਹੀ ਕਾਰਣ ਹੈ ਕਿ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ।
ਮਨੁੱਖ ਦੀਆਂ ਧਰਤੀ ਤੇ ਬੁਨਿਆਦੀ ਲੋੜਾਂ ਸਾਂਹ ਲੈਣ ਤੋਂ ਬਾਅਦ ਰੋਟੀ ਕਪੜਾ ਅਤੇ ਮਕਾਨ ਹਨ। ਸਭ ਤੋਂ ਜ਼ਰੂਰੀ ਅਤੇ ਮਹੱਤਵਪੂਰਨ ਲੋੜ ਰੋਟੀ ਅਤੇ ਉਸ ਤੋਂ ਪਹਿਲਾਂ ਪਾਣੀ ਹੈ। ਸਾਂਹ ਲੈਣ ਤੋਂ ਬਾਅਦ ਮਨੁੱਖ ਜ਼ਿਆਦਾ ਸਮੇਂ ਤੱਕ ਪਾਣੀ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ। ਪਾਣੀ ਕੁਦਰਤ ਦੀ ਅਨਮੋਲ ਦਾਤ ਹੈ ਜੋ ਧਰਤੀ ਦੇ ਹਰ ਬਾਸ਼ਿੰਦੇ ਨੂੰ ਮੁਫ਼ਤ ਪ੍ਰਦਾਨ ਕੀਤੀ ਗਈ ਹੈ ਪਰੰਤੂ ਤਕਨਾਲੋਜੀ ਅਤੇ ਵਿਗਿਆਨ ਦੀਆਂ ਕਾਢਾਂ ਦੇ ਨਾਲ ਨਾਲ ਮਨੁੱਖ ਦੇ ਅੰਨ੍ਹੇ ਲਾਲਚ ਨੇ ਪਾਣੀ ਵੀ ਬੋਤਲਾਂ ਵਿੱਚ ਬੰਦ ਕਰਕੇ ਸੋਅ ਰੂਮ ਦੇ ਸ਼ੀਸ਼ਿਆਂ ਵਿੱਚ ਚਿਣ ਕੇ ਰਖਵਾ ਦਿੱਤਾ।
ਪਾਣੀ ਦਾ ਵਿਗਿਆਨਕ ਅਧਿਐਨ ਕਰਨ ਤੇ ਪਤਾ ਲਗਦਾ ਹੈ ਕਿ ਪਾਣੀ ਹਾਈਡ੍ਰੋਜਨ ਅਤੇ ਆਕਸੀਜਨ ਨਾਮਕ ਗੈਸਾਂ ਤੋਂ ਮਿਲਕੇ ਬਣਿਆ ਹੈ ਜਿਸਦਾ ਰਸਾਇਣਕ ਸੰਕੇਤ (2) ਹੈ ਭਾਵ ਪਾਣੀ ਹਾਈਡ੍ਰੋਜਨ ਦੇ ਦੋ ਅਤੇ ਆਕਸੀਜਨ ਦੇ ਇੱਕ ਅਣੂ ਤੋਂ ਮਿਲ ਕੇ ਬਣਿਆ ਹੈ। ਪਾਣੀ ਧਰਤੀ ਤੇ ਜੀਵਨ ਦੀ ਹੋਂਦ ਦੀ ਸ਼ੁਰੂਆਤੀ ਕਹਾਣੀ ਨੂੰ ਬਿਆਨ ਕਰਦਾ ਹੈ। ਇਤਿਹਾਸ ਗਵਾਹ ਹੈ ਕਿ ਜਿੰਨੀਆਂ ਵੀ ਸੱਭਿਆਤਾਵਾਂ ਵਿਕਸਿਤ ਹੋਈਆਂ ਉਹ ਦਰਿਆਵਾਂ ਦੇ ਕੰਢੇ ਵਿਕਸਿਤ ਹੋਈਆਂ ਕਿਉਂਕਿ ਦਰਿਆਵਾਂ ਅਤੇ ਪਾਣੀ ਦੀ ਹੋਂਦ ਨੇ ਮਨੁੱਖ ਦੀ ਜ਼ਿੰਦਗੀ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਕਿ ਕੁੱਝ ਖਿੱਤਿਆਂ ਦੇ ਨਾਮ ਵੀ ਪਾਣੀ ਦੇ ਨਾਂ ਤੇ ਆ ਜੁੜੇ ਜਿਵੇਂ ਪੰਜਾਬ ਦਾ ਪੁਰਾਣਾ ਨਾਮ ਸਪਤ ਸਿੰਧੂ ਭਾਵ ਸੱਤ ਦਰਿਆਵਾਂ ਦੀ ਧਰਤੀ ਅਤੇ ਮੌਜੂਦਾ ਪੰਜਾਬ ਭਾਵ ਪੰਜ ਦਰਿਆਵਾਂ ਦੀ ਧਰਤੀ,ਇਹ ਗੱਲ ਵੱਖਰੀ ਹੈ ਕਿ ਰਾਜਨੀਤੀ ਅਤੇ ਭੂ ਵੰਡ ਨੇ ਪੰਜ ਦਰਿਆਵਾਂ ਦੀ ਧਰਤੀ ਨੂੰ ਢਾਈ ਦਰਿਆਵਾਂ ਤੱਕ ਸਮੇਟ ਕੇ ਰੱਖ ਦਿੱਤਾ।
ਜੀਵ ਜੰਤੂਆਂ ਅਤੇ ਪੰਛੀਆਂ ਤੋਂ ਲੈ ਕੇ ਧਰਤੀ ਦੀ ਹਰ ਸ਼ੈਅ ਨੂੰ ਪਾਣੀ ਨੇ ਪ੍ਰਭਾਵਿਤ ਕੀਤਾ, ਜ਼ਿਆਦਾ ਪਾਣੀ ਹੋਇਆ ਤਾਂ ਹੜ੍ਹ ਨੇ ਕਹਿਰ ਢਾਇਆ ਅਤੇ ਜਦੋਂ ਮੀਂਹ ਨਾ ਪਏ ਤਾਂ ਸੋਕਾ ਹਢਾਇਆ। ਕਾਇਨਾਤ ਦੇ ਚੱਕਰ ਵਿੱਚ ਨਿੱਤ ਦਿਨ ਆ ਰਹੇ ਬਦਲਾਅ ਨੇ ਮੌਸਮ ਨੂੰ ਪ੍ਰਭਾਵਿਤ ਕੀਤਾ, ਹੁਣ ਮੌਸਮ ਦਾ ਕੋਈ ਭਰੋਸਾ ਨਹੀਂ, ਸਾਰਾ ਸਿਸਟਮ ਹੀ ਹਿੱਲ ਗਿਆ, ਕਦੋਂ ਮੀੰਹ ਆ ਜਾਵੇ ਕਦੋਂ ਧੁੱਪ ਨਿਕਲੇ, ਕਦੋਂ ਗਰਮੀ ਪਵੇ, ਕਦੋਂ ਧੁੰਦ ਪੈਣ ਲੱਗ ਜਾਵੇ ਸਭ ਡਾਵਾਂਡੋਲ ਅਤੇ ਰੱਬ ਭਰੋਸੇ। ਭਰੋਸਾ ਤਾਂ ਉਸ ਰੱਬ ਤੇ ਹੈ ਪਰੰਤੂ ਮਨੁੱਖ ਨੇ ਆਪਣੀਆਂ ਕ੍ਰਿਆਵਾਂ ਨਾਲ ਕੁਦਰਤ ਨੂੰ ਵੰਗਾਰਿਆ।ਜੰਗਲ ਕੱਟ ਕੇ ਮਹਿਲ ਉਸਾਰੇ, ਪੰਜ ਤਾਰਾ ਹੋਟਲ ਬਣਾ ਕੇ ਸਹੂਲਤਾਂ ਦੇਣ ਦੇ ਚੱਕਰ ਵਿੱਚ ਕੁਦਰਤ ਦੇ ਵਿਨਾਸ਼ ਦਾ ਆਰੰਭ ਕੀਤਾ। ਹੁਣ ਜਦੋਂ ਮੀਂਹ ਜ਼ਿਆਦਾ ਪੈਣ ਕਰਕੇ ਆਏ ਸਾਲ ਹੜ੍ਹ ਆਉਂਦੇ ਹਨ ਤਾਂ ਅਸੀਂ ਰੱਬ ਨੂੰ ਕੋਸਦੇ ਹਾਂ, ਹੁਣ ਵਿਚਾਰਾ ਰੱਬ ਕੀ ਕਰੇ। ਦਰਿਆਵਾਂ ਦੇ ਰਾਹਾਂ ਵਿੱਚ ਤਾਂ ਅਸੀਂ ਉਸਾਰੀਆਂ ਕੀਤੀਆਂ, ਆਪਣੇ ਫਾਇਦਿਆਂ ਲਈ ਪਾਣੀਆਂ ਦੇ ਰਾਹ ਬਦਲੇ ਵਿਸ਼ਾਲ ਦਰਿਆਵਾਂ ਨੂੰ ਡੰਗ ਟਪਾਊ ਨਹਿਰਾਂ ਵਿੱਚ ਵਹਿਣ ਲਈ ਮਜ਼ਬੂਰ ਕੀਤਾ, ਹੁਣ ਅਸੀਂ ਆਪ ਸਿਆਣੇ ਹਾਂ ਦਰਿਆ ਦਾ ਪਾਣੀ ਨਹਿਰ ਵਿੱਚ ਛੱਡਾਂਗੇ ਤਾਂ ਹੜ੍ਹ ਤਾਂ ਫਿਰ ਆਉਣਗੇ। ਕੁਦਰਤ ਨਾਲ ਕੀਤੀ ਛੇੜਛਾੜ ਦੇ ਨਤੀਜੇ ਤਾਂ ਭੁਗਤਣੇ ਪੈਣਗੇ ਅੱਜ ਨਹੀਂ ਤਾਂ ਕੱਲ੍ਹ। ਜੋ ਬੀਜਿਆ ਹੁਣ ਉਸ ਨੂੰ ਵੱਢਣ ਦਾ ਵੇਲ੍ਹਾ ਆ ਗਿਆ ਹੈ।
ੲਸ ਲਈ ਸਮਝਦਾਰੀ ਤੋਂ ਕੰਮ ਲਈਏ, ਕੁਦਰਤ ਵੱਲ ਪਰਤੀਏ ਅਤੇ ਉਸ ਦੀ ਸਰੁੱਖਿਆ ਨੂੰ ਤਰਜੀਹ ਦੇਈਏ। ਹਰ ਸਾਲ 1993 ਤੋਂ ਸੰਯੁਕਤ ਰਾਸ਼ਟਰ ਦੁਆਰਾ ਪਾਣੀ ਸਬੰਧੀ ਜਾਗਰੂਕਤਾ ਵਧਾਉਣ, ਇਸ ਦੀ ਸਾਂਭ ਸੰਭਾਲ ਕਰਨ ਅਤੇ ਦੁਰਵਰਤੋਂ ਘਟਾਉਂਦੇ ਹੋਏ ਲੋੜਵੰਦਾਂ ਤੱਕ ਪਹੁੰਚਾਉਣ ਲਈ 22 ਮਾਰਚ ਨੂੰ ਵਿਸ਼ਵ ਜਲ ਦਿਵਸ ਮਨਾਇਆ ਜਾਂਦਾ ਹੈ। ਮਨੁੱਖ ਨੇ ਏਨੀ ਤਰੱਕੀ ਕਰ ਲਈ ਕਿ ਹੁਣ ਪਾਣੀ ਦਾ ਵੀ ਦਿਨ ਮਨਾਉਣਾ ਪੈ ਰਿਹਾ ਹੈ।ਲੋੜ ਇਸ ਦੀ ਤਾਂ ਪਈ ਕਿਉਂਕਿ ਪੂਰੀ ਦੁਨੀਆ ਵਿੱਚ ਕਰੋੜਾਂ ਲੋਕ ਅੱਜ ਵੀ ਮੌਜੂਦ ਹਨ ਜੋ ਸਾਫ਼ ਸੁਥਰੇ ਪੀਣ ਵਾਲੇ ਪਾਣੀ ਤੋਂ ਵਾਂਝੇ ਹਨ। ਇਹਨਾਂ ਬਾਸ ਿਤੱਕ ਪਾਣੀ ਦੀ ਬੂੰਦ ਪਹੁੰਚਾਉਣਾ ਹੀ ਵਿਸ਼ਵ ਜਲ ਦਿਵਸ ਨੂੰ ਮਨਾਉਣ ਦਾ ਮਨੋਰਥ ਹੈ।ਇਹ ਮਨੋਰਥ ਤਾਂ ਹੀ ਸਫ਼ਲ ਹੋ ਸਕਦਾ ਹੈ ਜਦੋਂ ਅਸੀਂ ਪਾਣੀ ਦੀ ਦੁਰਵਰਤੋਂ ਨੂੰ ਰੋਕ ਕੇ ਸਮਝਦਾਰੀ ਨਾਲ ਇਸਦੀ ਵਰਤੋਂ ਕਰਦੇ ਹੋਏ ਪਾਣੀ ਦੇ ਵਾਂਝਿਆਂ ਤੱਕ ਵੀ ਪਾਣੀ ਦੀ ਬੂੰਦ ਪਹੁੰਚਾਵਾਂਗੇ। ਹੁਣ ਸਮਾਂ ਅਜਿਹਾ ਆ ਰਿਹਾ ਹੈ ਜੇਕਰ ਪਾਣੀ ਦੀ ਬੂੰਦ ਬੂੰਦ ਨਾ ਵਰਤਾਂਗੇ ਤਾਂ ਫਿਰ ਬੂੰਦ ਬੂੰਦ ਲਈ ਤਰਸਾਂਗੇ। ਕਿਹੋ ਜਿਹਾ ਸਮਾਂ ਦੇਖਣਾ ਚਾਹੁੰਦੇ ਹਾਂ ਇਸਦਾ ਫ਼ੈਸਲਾ ਸਾਡੇ ਹੀ ਹੱਥਾਂ ਵਿੱਚ ਹੈ।

ਰਜਵਿੰਦਰ ਪਾਲ ਸ਼ਰਮਾ
ਮੋਬਾਇਲ : 7087367969

RELATED ARTICLES
POPULAR POSTS