Breaking News
Home / ਨਜ਼ਰੀਆ / ਸੰਤ ਹਰਚੰਦ ਸਿੰਘ ਲੌਂਗੋਵਾਲ

ਸੰਤ ਹਰਚੰਦ ਸਿੰਘ ਲੌਂਗੋਵਾਲ

ਹਰਦੇਵ ਸਿੰਘ ਧਾਲੀਵਾਲ
ਐਸ.ਐਸ.ਪੀ. (ਰਿਟਾ.)
ਭਗਤ ਸੂਰਦਾਸ ਜੀ ਨੇ ਕਿਹਾ ਹੈ, ”ਜਨਣੀ ਜਣੇ ਭਗਤ ਜਨ, ਕਿਆ ਦਾਤਾ ਕਿਆ ਸੂਰ, ਨਹੀਂ ਤਾਂ ਜਨਣੀ ਬਾਝ ਰਹੇ ਕਾਹੇ ਗਵਾਏ ਨੂਰ”।
ਸੰਤ ਹਰਚੰਦ ਸਿੰਘ ਲੋਗੋਵਾਲ ਮਾਲਵੇ ਦੇ ਇੱਕ ਪੱਛੜੇ ਪਿੰਡ ਗਦੜਿਆਣੀ ਵਿੱਚ ਜਨਮੇ, ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਜਨਮ ਤਾਰੀਖ 1 ਜਨਵਰੀ 1936 ਹੈ, ਉਹ ਛੋਟੀ ਉਮਰ ਵਿੱਚ ਹੀ ਪੜਨ੍ਹ ਲਈ ਸੰਤ ਜੋਧ ਸਿੰਘ ਕੋਲ ਮੌਜੋ ਪਹੁੰਚ ਗਏ, ਉੱਥੇ ਅੰਮ੍ਰਿਤ ਛਕ ਕੇ ਗੁਰਬਾਣੀ ਦੇ ਨਾਲ ਕੀਰਤਨ ਵੀ ਕਰਨ ਲੱਗ ਪਏ। ਕੁੱਝ ਸਮਾਂ ਹੀਰੋਂ ਕਲਾਂ ਦੇ ਗੁਰਦੁਆਰੇ ਵਿੱਚ ਵੀ ਸੇਵਾ ਕੀਤੀ। ਫੇਰ ਲੋਗੋਵਾਲ ਆ ਗਏ। ਅਖੀਰ ਵਿੱਚ ਸੰਤ ਲੋਗੋਵਾਲ ਦੇ ਸਨ। ਉਨ੍ਹਾਂ ਨੇ ਲੋਗੋਵਾਲ ਨੂੰ ਬਹੁਤ ਪ੍ਰਸਿੱਧੀ ਦਿਵਾਈ । ਕਿਹਾ ਜਾਂਦਾ ਹੈ ਕਿ ਭਾਈ ਮਨੀ ਸਿੰਘ ਲੋਗੋਵਾਲ ਦੇ ਦੁਲਟ ਜੱਟ ਸਨ । ਨੌਵੇਂ ਪਾਤਸ਼ਾਹ ਨਾਲ ਸ਼ਹੀਦ ਹੋਣ ਵਾਲੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਵੀ ਲੌਗੋਵਾਲ ਦੇ ਹੀ ਸਨ।
ਸ਼ੁਰੂ ਵਿੱਚ ਉਹ ਕੀਰਤਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਸਰਗਰਮ ਹੋ ਗਏ ਕਿਉਂਕਿ ਸੰਤ ਫਤਿਹ ਸਿੰਘ ਵੀ ਪਹਿਲਾਂ ਕੀਰਤਨ ਹੀ ਕਰਦੇ ਹੁੰਦੇ ਸਨ। ਉਹ ਕੀਰਤਨ ਬਹੁਤ ਮਿੱਠਾ ਤੇ ਖਿੱਚ ਭਰਪੂਰ ਕਰਦੇ ਸਨ। ਆਪਣੀ ਮਿਹਨਤ ਨਾਲ ਸਰਕਲ ਜੱਥੇਦਾਰੀ ਤੋਂ ਉਠ ਕੇ ਜਿਲ੍ਹੇ ਦੇ ਜੱਥੇਦਾਰ ਬਣ ਗਏ। ਮੇਰੀ ਜਾਣ-ਪਹਿਚਾਣ ਦਸੰਬਰ 1975 ਵਿੱਚ ਹੋਈ, ਜੱਥੇਦਾਰ ਪ੍ਰੀਤਮ ਸਿੰਘ ਗੁੱਜਰਾਂ ਮੈਨੂੰ ਆਪਣੇ ਨਾਲ ਭਾਈ ਮਨੀ ਸਿੰਘ ਦੇ ਅੰਦਰਲੇ ਗੁਰਦੁਆਰੇ ਲੈ ਗਏ। ਜਾਣ ਸਮੇਂ ਜੱਥੇਦਾਰ ਜੀ ਇੱਕ ਤੇਗ ਆਪਣੇ ਨਾਲ ਵੀ ਲੈ ਗਏ ਸਨ। ਮੇਰੀ ਜਾਣ-ਪਹਿਚਾਣ ਉਨ੍ਹਾਂ ਨੇ ਮੇਰੇ ਚਾਚਾ ਜੀ, ਗਿਆਨੀ ਸ਼ੇਰ ਸਿੰਘ ਦਾ ਵੇਰਵਾ ਦੇ ਕੇ ਕਰਵਾਈ। ਸੰਤ ਜੀ ਨੇ ਮੈਨੂੰ ਬੁੱਕਲ ਵਿੱਚ ਲੈ ਕੇ ਕਿਹਾ, ਜੱਥੇਦਾਰ ਜੀ, ”ਇਹ ਥਾਣੇਦਾਰ ਹੀ ਨਹੀਂ, ਅੱਜ ਤੋਂ ਮੇਰਾ ਛੋਟਾ ਭਰਾ ਹੈ।” ਦੀਵਾਨ ਵਿੱਚ ਜੱਥੇਦਾਰ ਗੁੱਜਰਾਂ ਨੇ ਬੁਢਾਪੇ ਤੇ ਕਮਜੋਰੀ ਕਾਰਨ ਥਿੜਕਵੀਂ ਜਬਾਨ ਵਿੱਚ ਕਿਹਾ, ”ਇਹ ਤੇਗ ਮੈਨੂੰ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਜੱਥੇਦਾਰੀ (ਪ੍ਰਧਾਨਗੀ) ਮਿਲੀ ਸੀ। ਮੈਂ ਆਪਣਾ ਵਾਰਸ ਸੰਤ ਹਰਚੰਦ ਸਿੰਘ ਨੂੰ ਮਿੱਥਦਾ ਹਾਂ। ਮੇਰਾ ਯਕੀਨ ਹੈ, ਕਿ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਨਣਗੇ।” ਕੋਈ ਪੰਜ ਕੁ ਸਾਲ ਵਿੱਚ ਇਹ ਗੱਲ ਸੱਚ ਸਾਬਤ ਹੋ ਗਈ ਤੇ ਉਹ ਅਕਾਲੀ ਦਲ ਦੇ ਪ੍ਰਧਾਨ ਬਣ ਗਏ। ਕੁੱਝ ਸਮਾਂ ਸੰਤ ਜੀ ਲਹਿਰਾਗਾਗਾ ਤੋਂ ਐਮ.ਐਲ.ਏ. ਵੀ ਰਹੇ। ਸੰਤ ਲੋਗੋਵਾਲ ਦੀ ਬਹੁਤ ਪ੍ਰਸਿੱਧੀ ਐਂਮਰਜੰਸੀ ਦੇ ਮੋਰਚੇ ਤੋਂ ਹੋਈ, ਮੋਰਚਾ ਕੁੱਝ ਥਿੜਕ ਰਿਹਾ ਸੀ ਤਾਂ ਤਾਂ ਸਾਰੀ ਅਕਾਲੀ ਹਾਈ ਕਮਾਨ ਨੇ ਜੇਲ੍ਹ ਵਿੱਚੋਂ ਹੀ ਰਾਇ ਕਰਕੇ ਉਨ੍ਹਾਂ ਨੂੰ ਮੋਰਚੇ ਦਾ ਡਿਕਟੇਟਰ ਥਾਪ ਦਿੱਤਾ। ਜੱਥੇਦਾਰ ਮੋਹਨ ਸਿੰਘ ਤੁੜ ਨੇ ਗ੍ਰਿਫਤਾਰੀ ਦੇ ਦਿੱਤੀ ਤੇ ਸੰਤਾਂ ਦੇ ਮੋਰਚੇ ਨੂੰ ਬਹੁਤ ਵਿਉਂਤਵੰਧ ਢੰਗ ਨਾਲ ਚਲਾਇਆ। 19 ਮਹੀਨੇ ਮੋਰਚਾ ਸਫਲਤਾ ਨਾਲ ਚੱਲਦਾ ਰਿਹਾ। ਸਾਰੇ ਦੇਸ਼ ਵਿੱਚ ਇਹ ਖਾਸ ਚਰਚਾ ਦਾ ਵਿਸ਼ਾ ਸੀ। ਮੋਰਚਾ ਖਤਮ ਹੋਣ ਤੇ ਸੰਤ ਜੀ ਤੁਰਤ ਆਪਣੀ ਪ੍ਰਧਾਨਗੀ ਜੱਥੇਦਾਰ ਤੁੜ ਦੇ ਹਵਾਲੇ ਕਰ ਦਿੱਤੀ। ਸ਼੍ਰੋਮਣੀ ਅਕਾਲੀ ਦਲ ਵਿੱਚ ਰਿਵਾਇਤ ਹੈ, ਕਿ ਜਿਹੜਾ ਪ੍ਰਧਾਨ ਬਣ ਜਾਏ, ਉਹ ਆਪਣੇ ਆਪ ਪਿੱਛੇ ਨਹੀਂ ਹੱਟਦਾ, ਲਾਹਿਆ ਹੀ ਜਾਂਦਾ ਹੈ, ਪਰ ਉਨ੍ਹਾਂ ਨੇ ਇਹ ਰਿਵਾਇਤ ਤੋੜ ਦਿੱਤੀ। ਸਾਰਾ ਜਗਤ ਸੰਤ ਲੋਗੋਂਵਾਲ ਦੇ ਨਾਂ ਨੂੰ ਜਾਨਣ ਲੱਗ ਗਿਆ। ਬਾਦਲ ਸਾਹਿਬ ਦੇ 1976 ਦੇ ਪਾਰਲੀਮੈਂਟ ਦੇ ਅਸਤੀਫੇ ਪਿੱਛੋਂ ਸਾਰਾ ਜੋਰ ਲੱਗਿਆ, ਕਿ ਸੰਤ ਲੋਗੋਵਾਲ ਫਰੀਦਕੋਟ ਤੋਂ ਪਾਰਲੀਮੈਂਟ ਦੀ ਚੋਣ ਲੜਨਗੇ, ਪਰ ਉਨ੍ਹਾਂ ਨੇ ਕੋਰੀ ਨਾਹ ਕਰ ਦਿੱਤੀ। ਇਹ ਇੱਕ ਹੋਰ ਤਿਆਗ ਸੀ, ਜਦੋਂ ਕਿ ਬਾਕੀ ਹਾਈ ਕਮਾਡ ਪਾਰਲੀਮੈਂਟ ਵਿੱਚ ਬੈਠੀ ਸੀ। ਉਹ ਲੋਗੋਵਾਲ ਬੈਠ ਕੇ ਹੀ ਪੰਥ ਦੀ ਸੇਵਾ ਕਰਦੇ ਰਹੇ।
1981 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ। 1982 ਵਿੱਚ ਸ੍ਰੀਮਤੀ ਇੰਦਰਾ ਗਾਂਧੀ ਕਪੂਰੀ ਆਏ ਅਤੇ ਪਾਣੀ ਦੇ ਮਸਲੇ ਤੇ ਉਨ੍ਹਾਂ ਵਿਰੁੱਧ ਭਾਰੀ ਇਕੱਠ ਹੋ ਗਿਆ ਅਤੇ ਕਪੂਰੀ ਵਿੱਚ ਮੋਰਚਾ ਹੀ ਸ਼ੁਰੂ ਕਰ ਦਿੱਤਾ ਗਿਆ। ਮੋਰਚੇ ਨੂੰ ਧਰਮ ਯੁੱਧ ਦਾ ਨਾਂ ਦੇ ਕੇ ਅੰਮ੍ਰਿਤਸਰ ਪਹੁੰਚਾ ਦਿੱਤਾ ਗਿਆ। ਸੰਤ ਜੀ ਨੇ ਬਹੁਤ ਹਿੰਮਤ ਨਾਲ ਮੋਰਚਾ ਚਲਾਇਆ। ਸਰਕਾਰ ਕੈਦੀਆਂ ਨੂੰ ਥੋੜੀ-ਥੋੜੀ ਕੈਦ ਕਰਦੀ ਸੀ। ਉਹ ਕੈਦ ਕੱਟ ਕੇ ਫੇਰ ਦੁਬਾਰੇ ਆ ਜਾਂਦੇ ਸੀ। ਕਿਹਾ ਜਾਂਦਾ ਹੈ ਕਿ ਇਸ ਮੋਰਚੇ ਵਿੱਚ 80 ਹਜਾਰ ਤੋਂ ਵੱਧ ਗ੍ਰਿਫਤਾਰੀ ਹੋਈ। ਸੰਤ ਭਿੰਡਰਾਂ ਵਾਲਿਆਂ ਨਾਲ ਵਿਚਾਰ ਨਾ ਮਿਲਣ ਦੇ ਬਾਵਜੂਦ, ਮੋਰਚਾ ਉਚੀਆਂ ਮੰਜਲਾਂ ਛੋਹਦਾ ਰਿਹਾ। ਉਹ ਹਿੰਸਾ ਦੇ ਵਿਰੁੱਧ ਸਨ। ਇੱਕ ਸਮਾਂ ਅਜਿਹਾ ਵੀ ਆਇਆ ਕਿ ਉਹ ਚਾਹੁੰਦੇ ਸਨ ਕਿ ਉਹ ਮੋਰਚਾ ਤਬਦੀਲ ਕਰਕੇ ਆਨੰਦਪੁਰ ਸਾਹਿਬ ਪਹੁੰਚ ਜਾਵੇ, ਕਿਉਂਕਿ ਅੰਮ੍ਰਿਤਸਰ ਵਿੱਚ ਵਾਰਦਾਤਾਂ ਵਧ ਰਹੀਆਂ ਸਨ ਪਰ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਸਾਥੀ ਇਸ ਤੇ ਸਹਿਮਤ ਨਾ ਹੋਏ। ਜੂਨ 1984 ਦੇ ਘਾਣ ਤੋਂ ਬਾਅਦ ਸਾਰੀ ਲੀਡਰਸਿਪ ਜੇਲ੍ਹਾਂ ਵਿੱਚ ਚਲੀ ਗਈ। ਪੰਜਾਬ ਵਿੱਚ ਕਾਫੀ ਸਮਾਂ ਫੌਜ ਦੀ ਹਰਕਤ ਹੀ ਰਹੀ। 1985 ਵਿੱਚ ਜੇਲ੍ਹਾਂ ਤੋਂ ਰਿਹਾਅ ਹੋ ਕੇ ਉਨ੍ਹਾਂ ਨੇ ਹਰ ਕਸਬੇ ਵਿੱਚ ਕਾਨਫਰੰਸਾਂ ਕੀਤੀਆਂ। ਉਨ੍ਹਾਂ ਬਾਰੇ ਕਈ ਆਦਮੀ ਇਹ ਕਹਿੰਦੇ ਸਨ ਕਿ ਸੰਤ ਲੋਗੋਵਾਲ ਬਹੁਤੇ ਪੜ੍ਹੇ ਲਿਖੇ ਨਹੀਂ, ਪਰ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਵਿੱਚ ਪ੍ਰੋਫੈਸਰਾਂ ਤੇ ਉੱਚੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਜਵਾਬ ਦੇ ਕੇ ਕਾਇਲ ਕਰ ਦਿੱਤਾ। ਇਸ ਗੱਲ ਦੀ ਸਾਰੇ ਚਰਚਾ ਹੋਈ, ਕਿ ਉਹ ਬਹੁਤ ਵੱਡੀ ਸੋਚ ਰੱਖਦੇ ਹਨ। ਉਹ ਇੱਕ ਸਧਾਰਨ ਵਰਕਰ ਤੋਂ ਉੱਠ ਕੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੱਕ ਗਏ, ਉਨ੍ਹਾਂ ਤੋਂ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਵਰਕਰ ਲੀਡਰਾ ਤੋਂ ਚਲੀ ਗਈ। ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਲਿਖਤੀ ਸਮਝੌਤਾ ਕੀਤਾ, ਕਦੇ ਕਿਸੇ ਪੰਜਾਬ ਦੇ ਲੀਡਰ ਦਾ ਪ੍ਰਧਾਨ ਮੰਤਰੀ ਨਾਲ ਲਿਖਤੀ ਸਮਝੌਤਾ ਨਹੀਂ ਹੋਇਆ ਤੇ ਇਸ ਤੇ ਪਾਰਲੀਮੈਂਟ ਨੇ ਪਰਵਾਨਗੀ ਦਿੱਤੀ। ਪਰ ਖੇਦ ਨਾਲ ਕਹਿਣਾ ਪੈਂਦਾ ਹੈ ਕਿ ਕੁੱਝ ਲੀਡਰਾਂ ਦੀਆਂ ਸਾਜਿਸਾਂ ਤੇ ਕਮਜੋਰੀਆਂ ਕਾਰਨ ਸਿਰੇ ਨਾ ਚੜ੍ਹ ਸਕਿਆ। ਉਹ ਦਲੇਰੀ ਨਾਲ ਕਹਿੰਦੇ ਸਨ ਕਿ ਮੇਰੇ ਜਿਉਂਦੇ ਜੀ, ਦਿੱਲੀ, ਬੋਕਾਰੋ ਤੇ ਕਾਹਨਪੁਰ ਦੀਆਂ ਵਾਰਦਾਤਾਂ ਦੁਬਾਰੇ ਨਹੀਂ ਦੁਹਰਾਈਆਂ ਜਾ ਸਕਣਗੀਆਂ 17 ਅਗਸਤ ਨੂੰ ਮੈਨੂੰ ਉਨ੍ਹਾਂ ਦਾ ਟੈਲੀਫੋਨ ਲੋਗੋਵਾਲ ਤੋਂ ਆਇਆ ਪਰ ਮੈਂ ਦਰਸ਼ਨ ਨਾ ਕਰ ਸਕਿਆ।
20 ਅਗਸਤ ਨੂੰ ਨਿਸ਼ਕਾਮ ਸੇਵਕ ਕੌਮ ਲਈ ਆਪਾ ਵਾਰਨ ਵਾਲਾ ਮਿੱਠ ਬੋਲੜਾ ਸੱਜਣ ਭੁੱਲੜਾਂ ਨੇ ਸਦਾ ਦੀ ਨੀਂਦ ਸੁਆ ਦਿੱਤਾ । ਉਸ ਸਮੇਂ ਸਾਰੇ ਹਰਿਆਣੇ, ਪੰਜਾਬ ਵਿੱਚ ਬੰਦ ਸੀ, ਪਰ ਫੇਰ ਵੀ ਹਰ ਆਦਮੀ ਆਪਣੇ ਸਾਧਨਾਂ ਰਾਹੀਂ ਪਹੁੰਚਿਆ ਅਤੇ ਬੇਮਿਸਾਲ ਇਕੱਠ ਸੀ। ਅਜਿਹੇ ਵਿਦਾਇਗੀ ਕਿਸੇ ਨੂੰ ਹੀ ਮਿਲਦੀ ਹੈ। ਮੈਨੂੰ ਉਨ੍ਹਾਂ ਦੇ ਸਸਕਾਰ ਤੇ ਗਿਆਨੀ ਕਰਤਾਰ ਸਿੰਘ ਦੀ ਅਪ੍ਰੈਲ 1974 ਵਿੱਚ ਕਹੀ ਗੱਲ ਯਾਦ ਆ ਗਈ, ”ਲੀਡਰ, ਲੀਡਰਸ਼ਿਪ ਦੀ ਸਿਖਰ ‘ਤੇ ਹੀ ਜਾਣਾ ਚਾਹੀਦਾ ਹੈ।” ਸੰਤ ਲੋਗੋਵਾਲ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …