![](https://parvasinewspaper.com/wp-content/uploads/2024/02/Budget-1-300x200.jpg)
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੌਜੂਦਾ ਨਰਿੰਦਰ ਮੋਦੀ ਸਰਕਾਰ ਦਾ ਅੱਜ 1 ਫਰਵਰੀ ਨੂੰ ਸੰਸਦ ’ਚ ਅੰਤਿ੍ਰਮ ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਵਜੋਂ ਇਹ ਨਿਰਮਲਾ ਸੀਤਾਰਮਨ ਦਾ ਛੇਵਾਂ ਅਤੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਹੈ। ਬਜਟ ਪੇਸ਼ ਕਰਨ ਮੌਕੇ ਵਿੱਤ ਮੰਤਰੀ ਨੇ ਕਰੀਬ 58 ਮਿੰਟ ਭਾਸ਼ਣ ਦਿੱਤਾ। ਧਿਆਨ ਰਹੇ ਕਿ ਅਪ੍ਰੈਲ ਜਾਂ ਮਈ ਮਹੀਨੇ ਦੌਰਾਨ ਲੋਕ ਸਭਾ ਚੋਣਾਂ ਹੋਣੀਆਂ ਹਨ ਅਤੇ ਨਵੀਂ ਸਰਕਾਰ ਬਣਨ ਤੋਂ ਬਾਅਦ ਹੀ ਪੂਰਨ ਬਜਟ ਜੁਲਾਈ ਵਿਚ ਪੇੇਸ਼ ਹੋਣ ਦੀ ਉਮੀਦ ਹੈ। ਸਰਕਾਰ ਨੇ ਆਮ ਵਿਅਕਤੀ ਨੂੰ ਇਸ ਵਾਰ ਇਨਕਮ ਟੈਕਸ ਵਿਚ ਕੋਈ ਰਾਹਤ ਨਹੀਂ ਦਿੱਤੀ ਹੈ। ਟੈਕਸ ਸਲੈਬ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ 7 ਲੱਖ ਰੁਪਏ ਤੱਕ ਦੀ ਆਮਦਨ ’ਤੇ ਕੋਈ ਟੈਕਸ ਨਹੀਂ ਲੱਗੇਗਾ। ਭਾਰਤ ਦੀ ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਦੀ ਗਿਣਤੀ 2.5 ਗੁਣਾ ਵੱਧ ਗਈ ਹੈ। ਇਸ ਵਾਰ ਬਜਟ ਵਿਚ ਕੁਝ ਵੀ ਸਸਤਾ ਜਾਂ ਮਹਿੰਗਾ ਨਹੀਂ ਹੋਇਆ ਹੈ। ਆਯੂਸ਼ਮਾਨ ਭਾਰਤ ਤਹਿਤ ਸਾਰੀਆਂ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ ਸਿਹਤ ਸੰਭਾਲ ਦੇ ਦਾਇਰੇ ਵਿੱਚ ਲਿਆਉਣ ਦਾ ਐਲਾਨ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਦੇਸ਼ ਗ੍ਰਾਮੀਣ ਆਵਾਸ ਯੋਜਨਾ ਤਹਿਤ ਤਿੰਨ ਕਰੋੜ ਘਰਾਂ ਦੇ ਟੀਚੇ ਨੂੰ ਹਾਸਲ ਕਰਨ ਦੇ ਨੇੜੇ ਹੈ ਅਤੇ ਅਗਲੇ ਪੰਜ ਸਾਲਾਂ ਵਿੱਚ ਦੋ ਕਰੋੜ ਘਰ ਬਣਾਏ ਜਾਣਗੇ। ਚਾਲੂ ਵਿੱਤੀ ਸਾਲ ਵਿਚ ਵਿੱਤੀ ਘਾਟਾ 5.8 ਫੀਸਦੀ ਰਹਿਣ ਦਾ ਅਨੁਮਾਨ ਹੈ, ਅਗਲੇ ਵਿੱਤੀ ਸਾਲ ਵਿਚ ਇਸ ਨੂੰ 5.1 ਫੀਸਦੀ ’ਤੇ ਲਿਆਉਣ ਦਾ ਟੀਚਾ ਮਿੱਥਿਆ ਗਿਆ। ਬਜਟ ਵਿਚ ਰਾਜਾਂ ’ਚ ਵਿਕਾਸ ਲਈ 75,000 ਕਰੋੜ ਰੁਪਏ ਦੇ ਵਿਆਜ ਮੁਕਤ ਕਰਜ਼ੇ ਦੀ ਵਿਵਸਥਾ ਕੀਤੀ ਗਈ ਹੈ।