ਪਠਾਨਕੋਟ ਤੋਂ ਅਯੁੱਧਿਆ ਲਈ ਪਹਿਲੀ ਰੇਲ ਗੱਡੀ 9 ਫਰਵਰੀ ਨੂੰ ਹੋਵੇਗੀ ਰਵਾਨਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ ਸੂਬੇ ਦੇ ਤਿੰਨ ਲੱਖ ਪੰਜਾਬੀਆਂ ਨੂੰ ਅਯੁੱਧਿਆ ਸਥਿਤ ਭਗਵਾਨ ਸ੍ਰੀ ਰਾਮ ਲੱਲਾ ਦੇ ਦਰਸ਼ਨ ਕਰਵਾਉਣ ਦੀ ਤਿਆਰੀ ਵਿਚ ਹੈ। ਇਸ ਵਿਚ ਪੰਜਾਬ ਦੇ ਆਮ ਲੋਕ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸ਼ਾਮਲ ਹੋਣਗੇ ਅਤੇ ਇਹ ਯਾਤਰਾ ਰੇਲ ਗੱਡੀ ਰਾਹੀਂ ਕਰਵਾਈ ਜਾਵੇਗੀ। ਇਸ ਯਾਤਰਾ ਨੂੰ ਸਫ਼ਲ ਬਣਾਉਣ ਲਈ ਸੀਨੀਅਰ ਭਾਜਪਾ ਆਗੂ ਮਨਜੀਤ ਸਿੰਘ ਦੀ ਅਗਵਾਈ ਵਿਚ ਕਮੇਟੀ ਬਣਾਈ ਗਈ ਹੈ। ਪੰਜਾਬ ਭਾਜਪਾ ਵੱਲੋਂ ਹਰੇਕ ਲੋਕ ਸਭਾ ਹਲਕੇ ਤੋਂ 6 ਹਜ਼ਾਰ ਪੰਜਾਬੀਆਂ ਨੂੰ ਅਯੁੱਧਿਆ ਦੀ ਯਾਤਰਾ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ। ਭਾਜਪਾ ਵੱਲੋਂ ਯਾਤਰਾ ਲਈ ਸਪੈਸ਼ਲ ਰਣਨੀਤੀ ਗਈ ਹੈ, ਜਿਸ ਤਹਿਤ 9 ਫਰਵਰੀ ਨੂੰ ਪਠਾਨਕੋਟ ਤੋਂ ਅਯੁੱਧਿਆ ਲਈ ਪਹਿਲੀ ਰੇਲ ਗੱਡੀ ਰਵਾਨਾ ਹੋਵੇਗੀ। ਇਸ ਰੇਲ ਗੱਡੀ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਜਦਕਿ ਅਯੁੱਧਿਆ ਯਾਤਰਾ ਲਈ ਦੂਜੀ ਰੇਲ ਗੱਡੀ 11 ਫਰਵਰੀ ਨੂੰ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ’ਚ ਪੈਣ ਵਾਲੇ ਨੰਗਲ ਡੈਮ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ। ਭਾਜਪਾ ਇਸ ਯਾਤਰਾ ਨੂੰ ਸ਼ਰਦਾ ਵਜੋਂ ਦੇਖ ਰਹੀ ਹੈ ਜਦਕਿ ਸਿਆਸੀ ਮਾਹਿਰ ਇਸ ਯਾਤਰਾ ਨੂੰ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ।