Breaking News
Home / ਨਜ਼ਰੀਆ / ਪੰਜਾਬੀ ਕਮਿਊਨਿਟੀ ਦੇ ਭਖਦੇ ਮਸਲੇ ਦੀ ਬਾਤ ਪਾਉਂਦਾ ਨਾਟਕ

ਪੰਜਾਬੀ ਕਮਿਊਨਿਟੀ ਦੇ ਭਖਦੇ ਮਸਲੇ ਦੀ ਬਾਤ ਪਾਉਂਦਾ ਨਾਟਕ

ਕੰਧਾਂ ਰੇਤ ਦੀਆਂ
ਹਰਜੀਤ ਬੇਦੀ
ਪੰਜਾਬੀ ਆਰਟਸ ਐਸੋਸੀਏਸ਼ਨ ਜਿਹੜੀ ਪਿਛਲੇ ਲੱਗਪੱਗ ਦੋ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਦੀਆਂ ਪੇਸ਼ਕਾਰੀਆਂ ਕਰਦੀ ਆ ਰਹੀ ਹੈ ਨੇ ਹੁਣ ਤੱਕ ਵੀਹ ਦੇ ਲੱਗਪੱਗ ਨਾਟਕ ਦਰਸ਼ਕਾਂ ਸਾਹਮਣੇ ਪੇਸ਼ ਕੀਤੇ ਹਨ। ਪਹਿਲਾਂ ਪਹਿਲ ਧਾਰਮਿਕ ਅਤੇ ਸਮਾਜਿਕ ਨਾਟਕ ਪੇਸ਼ ਕਰਦਿਆਂ ਇਸ ਦੇ ਮੁੱਖ ਸੰਚਾਲਕਾਂ ਬਲਜਿੰਦਰ ਲੇਲਣਾ, ਕੁਲਦੀਪ ਰੰਧਾਵਾ ਅਤੇ ਉਸਦੀ ਟੀਮ ਨੇ ਸੋਚਿਆ ਕਿ ਨਵੀਂ ਪੀੜ੍ਹੀ ਨੂੰ ਨਾਲ ਜੋੜੀ ਰੱਖਣ ਲਈ ਜਰੂਰੀ ਹੈ ਕਿ ਇੱਥੋਂ ਦੇ ਮਸਲਿਆਂ ਨੂੰ ਮੁੱਖ ਰੱਖ ਕੇ ਨਾਟਕ ਪੇਸ਼ ਕੀਤੇ ਜਾਣ। ਉਨਾ੍ਹਂ ਇਸ ਸੋਚ ਮੁਤਾਬਕ ਬਹੁਤ ਹੀ ਵਧੀਆ ਨਾਟਕ ‘ਆਤਿਸ਼’,’ਧੁਖਦੇ ਕਲੀਰੇ’ , ‘ਰੌਂਗ ਨੰਬਰ’ , ‘ਮੀ ਐਂਡ ਮਾਈ ਸਟੋਰੀ’,’ ਰਾਤ ਚਾਨਣੀ’, ‘ਆਲ੍ਹਣਾ’ ਤੇ ਹੋਰ ਕਈ ਨਾਟਕ ਪੇਸ਼ ਕੀਤੇ ਜੋ ਇੱਥੋਂ ਦੇ ਜੀਵਨ ਨਾਲ ਸਬੰਧਤ ਸਨ। ਇਸ ਵਾਰ ਦੀ ਪੇਸ਼ਕਸ਼ ਨਾਟਕ ‘ਕੰਧਾਂ ਰੇਤ ਦੀਆਂ’ ਸਾਡੀ ਪੰਜਾਬੀ ਕਮਿਊਨਿਟੀ ਦੇ ਵਿਆਹ ਤੇ ਕੀਤੇ ਜਾਂਦੇ ਬੇਤਹਾਸ਼ਾ ਖਰਚਿਆਂ ਦੀ ਗੱਲ ਕਰਦਾ ਹੋਇਆ ਸਾਡੀ ਮਾਨਸਿਕਤਾ ਦੀਆਂ ਹੋਰ ਵੀ ਕਈ ਪਰਤਾਂ ਖੋਲ੍ਹਦਾ ਹੈ। ਅਸੀਂ ਹੋਰਾਂ ਤੋਂ ਜੋ ਉਮੀਦਾਂ ਰਖਦੇ ਹਾਂ ਖੁਦ ਅਜਿਹਾ ਕਰਨ ਤੋਂ ਪਿੱਠ ਮੋੜੀ ਹੁੰਦੀ ਹੈ। ਅਸੀਂ ਕੁੱਝ ਧਾਰਨਾਵਾਂ ਅਜਿਹੀਆਂ ਬਣਾ ਲੈਂਦੇ ਹਾਂ ਜੋ ਸਾਡੀ ਲਾਈਲੱਗ ਮਾਨਸਿਕਤਾ ਦਾ ਪ੍ਰਗਟਾਵਾ ਕਰਦੀਆਂ ਹਨ ਇਸ ਤੋਂ ਵੱਧ ਕੁੱਝ ਨਹੀਂ। ਅਸੀਂ ਤਰਕਸ਼ੀਲਤਾ ਦਾ ਪੱਲਾ ਛੱਡ ਕੇ ਗਲਤ ਤਰ੍ਹਾਂ ਦੀਆਂ ਸੋਚਾਂ ਦੀਆਂ ਗੰਢਾਂ ਆਪਣੇ ਮਨਾਂ ਵਿੱਚ ਬੰਨ੍ਹ ਲੈਂਦੇ ਹਾਂ। ਇਹ ਸਭ ਕੁੱਝ ਇਸ ਨਾਟਕ ਵਿੱਚ ਹੈ। ਇਹ ਨਾਟਕ ਸਾਨੂੰ ਇਸ ਸਭ ਬਾਰੇ ਖਬਰਦਾਰ ਅਤੇ ਚੁਕੰਨਾ ਕਰਨ ਅਤੇ ਇਸ ਤੋਂ ਅਗਾਂਹ ਸੋਚਣ ਲਈ ਮਜ਼ਬੂਰ ਕਰਨ ਵਿੱਚ ਵੀ ਪੂਰੀ ਤਰ੍ਹਂਾਂ ਸਫਲ ਰਿਹਾ ਹੈ। ਭਾਅ ਜੀ ਗੁਰਸ਼ਰਨ ਸਿੰਘ ਦੇ ਕਹਿਣ ‘ਕਿ ਕਲਾ ਲੋਕਾਂ ਲਈ ਹੋਵੇ ਅਤੇ ਉਹਨਾਂ ਨੂੰ ਆਪਣੇ ਮਸਲਿਆਂ ਪ੍ਰਤੀ ਸੋਚਣ ਲਾਵੇ’ ਤੇ ਇਹ ਨਾਟਕ ਪੂਰਾ ਉੱਤਰਿਆ ਹੈ।
ਨਾਟਕ ‘ਕੰਧਾਂ ਰੇਤ ਦੀਆਂ’ ਜਿੱਥੇ ਮਾਨਸਿਕ ਤ੍ਰਿਪਤੀ ਦੀ ਪੂਰਤੀ ਕਰਨ ਵਿੱਚ ਸਫਲ ਰਿਹਾ ਹੈ ਉੱਥੇ ਸਾਡੀ ਫੋਕੀ ਟੌਹਰ ਬਣਾਉਣ ਅਤੇ ਨੱਕ ਰੱਖਣ ਲਈ ਆਪ ਹੀ ਮੂੰਹ ਭਾਰ ਡਿੱਗ ਕੇ ਨੱਕ ਭੰਨਾਉਣ ਤੋਂ ਬਚਣ ਲਈ ਸੁਚੇਤ ਕਰਦਾ ਹੋਇਆ ਅਜਿਹੀ ਮਾਨਸਿਕਤਾ ਤੋਂ ਪੱਲਾ ਛੁਡਾਉਣ ਦੀ ਪਰੇਰਣਾ ਦਿੰਦਾ ਹੈ। ਬੱਚਿਆਂ ਨੂੰ ਮਹਿੰਗੀਆਂ ਚੀਜ਼ਾਂ ਲੈ ਕੇ ਦੇਣ ਅਤੇ ਉਹਨਾਂ ਦੇ ਵਿਆਹ ਵਰਗੇ ਕਾਰਜਾਂ ਤੇ ਬੇਤਹਾਸ਼ਾ ਖਰਚ ਕਰ ਕੇ ਅਸੀਂ ਉਹਨਾਂ ਦੇ ਜੀਵਨ ਵਿੱਚ ਖੁਸ਼ੀਆਂ ਭਰਨ ਦੀ ਭੁੱਲ ਕਰਦੇ ਹਾਂ ਕਿਉਂਕਿ ਇਹ ਤਾਂ ਜਿੰਦਗੀ ਦੀ ਕਠੋਰ ਸਚਾਈ ਤੋਂ ਕਿਤੇ ਦੂਰ ਹੈ। ਇਹ ਉਹਨਾਂ  ਰੇਤ ਦੀਆਂ ਕੰਧਾਂ ਵਾਂਗ ਹੈ ਜੋ ਅੱਜ ਡਿੱਗੀਆਂ ਕਿ ਕੱਲ੍ਹ। ਇਸੇ ਲਈ ਹੀ ਸਾਡੇ ਬਹੁਤ ਸਾਰੇ ਪਰਿਵਾਰ ਲੋੜੀਂਦਾ ਧਨ ਦੌਲਤ ਹੁੰਦੇ ਹੋਏ ਵੀ ਨਰਕ ਦੀ ਜ਼ਿੰਦਗੀ ਭੋਗ ਰਹੇ ਹਨ ਤੇ ਖੁਸ਼ੀ ਉਹਨਾਂ ਦੇ ਜੀਵਨ ਵਿੱਚੋਂ ਅਲੋਪ ਹੋ ਜਾਂਦੀ ਹੈ। ਨਾਟਕ ਵਿੱਚ ਇਹ ਦਿਖਾਇਆ ਗਿਆਂ ਹੈ ਕਿ ਵਿਤੋਂ ਵੱਧ ਕਰਚ ਕਰ ਕੇ ਵੀ ਨਾਟਕ ਦੀ ਮੁਖ ਪਾਤਰ ਰੂਬੀ ਇੱਕ ਮਹੀਨਾ ਵੀ ਸਹੁਰੇ ਘਰ ਨਹੀਂ ਰਹਿ ਸਕੀ। ਚੰਗਾ ਚੋਖਾ ਖਰਚ ਕਰਨ ਨਾਲੋਂ ਚੰਗੇ ਸੰਸਕਾਰ ਦੇਣ ਨਾਲ ਹੀ ਪਰਿਵਾਰ ਰੂਪੀ ਘਰ ਦੀਆਂ ਕੰਧਾਂ ਮਜ਼ਬੂਤ ਹੋ ਸਕਦੀਆਂ ਹਨ।
ਹਰਪ੍ਰੀਤ ਸੇਖਾ ਦੀ ਵਧੀਆ ਕਹਾਣੀ ‘ਵਿਆਹ’ ਉਤੇ ਅਧਾਰਤ ਪਰਮਜੀਤ ਗਿੱਲ ਦੁਆਰਾ ਲਿਖੀ ਵਧੀਆ ਸਕਰਿਪਟ ‘ਕੰਧਾਂ ਰੇਤ ਦੀਆਂ’ ਨੂੰ ਸਰਬਜੀਤ ਅਰੋੜਾ ਨੇ ਬਹੁਤ ਹੀ ਵਧੀਆ ਢੰਗ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਹੈ। ਨਾਟਕ ‘ਕੰਧਾਂ ਰੇਤ ਦੀਆਂ’ ਸਕਰਿਪਟ ਰੂਪੀ ਚਾਦਰ ਤੇ ਓਂਕਾਰਪ੍ਰੀਤ ਦੇ ਗੀਤਾਂ ਦੇ ਬਹੁਤ ਹੀ ਸੁਹਣੇ ਫੁੱਲ ਬੂਟਿਆਂ ਨਾਲ ਲੱਦੀ ਅਤੇ ਸਚਿਨ ਥਾਪਾ ਦੇ ਸੰਗੀਤ ਨਾਲ ਲਬਰੇਜ਼ ਇਹ ਪੇਸ਼ਕਾਰੀ ਦਰਸ਼ਕਾਂ ਦੇ ਰੂਬਰੂ ਕਰਨ ਵਿੱਚ ਨਿਰਦੇਸ਼ਕ ਸਰਬਜੀਤ ਅਰੋੜਾ ਨੇ ਸੱਚਮੁੱਚ ਹੀ ਕਮਾਲ ਕਰ ਦਿੱਤੀ ਹੈ। ਨਾਟਕ ਵਿਆਹ ਦੀਆਂ ਘਟਨਾਵਾਂ ਨਾਲ ਸਬੰਧਤ ਹੈ। ਕੁਲਦੀਪ ਰੰਧਾਵਾ ਦੁਆਰਾ ਸੰਖੇਪ ਪਰ ਭਾਵਪੂਰਤ ਸ਼ੁਰੂਆਤੀ ਸ਼ਬਦਾ ਦੁਆਰਾ ਨਾਟਕ ਦੀ ਅਨਾਉਸਮੈਂਟ ਹੁੰਦਿਆਂ ਹੀ ਨਾਟਕ ਦੇ ਪਹਿਲੇ ਹੀ ਸੀਨ ਵਿੱਚ ਪੇਸ ਜਾਗੋ ਜੋ ਕਿ ਦਰਸ਼ਕਾ ਦੇ ਵਿੱਚੋਂ ਦੀ ਹੁੰਦੀ ਹੋਈ ਸਟੇਜ ਤੇ ਪਹੁੰਚੀ ਨੇ ਦਰਸ਼ਕਾਂ ਨੂੰ ਆਪਣੇ ਨਾਲ ਪੂਰੀ ਤਰ੍ਹਂਾਂ ਜੋੜ ਲਿਆ ਤੇ ਉਹ ਅੰਤ ਤੱਕ ਧੁਰ ਅੰਦਰੋਂ ਨਾਟਕ ਨਾਲ ਜੁੜੇ ਰਹੇ। ਨਿਰਦੇਸ਼ਕ ਦੀ ਨਾਟਕ ਤੇ ਪਕੜ ਇੰਨੀ ਮਜ਼ਬੂਤ ਸੀ ਕਿ ਕਿਤੇ ਵੀ ਖਲਾਅ ਜਾਂ ਖੜੋਤ ਨਹੀਂ ਆਏ। ਨਾਟਕ ਦੇ ਮੁੱਖ ਮਰਦ ਪਾਤਰ ਜੱਗੇ (ਜਗਵਿੰਦਰ ਜੱਜ) ਦੇ ਦੋਸਤ ਮੰਗੇ (ਮਨਦੀਪ ਸਿੰਘ) ਦੀ ਧਾਰਨਾ ਕਿ ਗੋਰੀਆਂ ਕੁੜੀਆ ਬੇਵਫਾ ਹੁੰਦੀਆਂ ਹਨ ਦੀ ਨਾਟਕ ਦੀ ਪਾਤਰ ਮਿਸ਼ੈਲ (ਜਸਲੀਨ) ਨੇ ਕਾਟ ਕਰ ਦਿੱਤੀ ਜੋ ਮੈਕਸੀਅਨ ਹੁੰਦੇ ਹੋਏ ਵੀ ਆਪਣੇ ਸੱਸ ਸਹੁਰੇ ਸਮੇਤ ਆਪਣੇ ਪਰਿਵਾਰ ਵਿੱਚ ਪੂਰੀ ਤਰ੍ਹਾਂ ਘੁਲੀ ਮਿਲੀ ਹੈ ਤੇ ਆਪਣੇ ਘਰ ਦੀਆਂ ਕੰਧਾਂ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰੀ ਬੈਠੀ ਹੈ। ਮਨੁੱਖਤਾ ਲਈ ਇਹ ਇੱਕ ਬਹੁਤ ਵੱਡਾ ਸੁਨੇਹਾ ਹੈ ਕਿ ਕੋਈ ਵੀ ਕੌਮ ਜਾਂ ਭਾਈਚਾਰਾ ਮਾੜਾ ਨਹੀਂ ਉਸ ਦੇ ਕੁੱਝ ਲੋਕ ਮਾੜੇ ਹੋ ਸਕਦੇ ਹਨ। ਗੱਲ ਸਿਰਫ ਚੰਗੇ ਸੰਸਕਾਰ ਮਿਲਣ ਦੀ ਹੈ ਜੋ ਕਿ ਨਾਟਕ ਦੀ ਮੁੱਖ ਪਾਤਰ ਰੂਬੀ ਨੂੰ ਨਹੀਂ ਮਿਲ ਸਕੇ ਜਿਸ ਨੂੰ ਆਪਣੇ ਜੀਵਨ ਵਿੱਚ ਐਡਜਸਟ ਕਰਨ ਵਿੱਚ ਔਖ ਮਹਿਸੂਸ ਹੁੰਦੀ ਹੈ। ਨਾਟਕ ਦੀ ਪਾਤਰ ਭੂਆ (ਹਰਮਿੰਦਰ ਗਰੇਵਾਲ) ਤਾਂ ਬੱਸ ਉਹ ਭੂਆ ਹੈ ਜੋ ਸਹਿਜ ਸੁਭਾਅ ਹੀ ਸਾਡੀ ਕਮਿਊਨਿਟੀ ਦਾ ਮਾਨਸਿਕਤਾ ਬਿਆਨ ਕਰ ਜਾਂਦੀ ਹੈ। ਨਾਟਕ ਦੇ ਨਿਰਦੇਸ਼ਨ ਵਿਚ ਕਮਾਲ ਦੀ ਕਲਾਤਮਕਤਾ ਹੈ ਖਾਸ ਤੌਰ ਤੇ ਪੱਮੀ (ਪੂਨਮ ਤੱਗੜ) ਅਤੇ ਤਾਰੀ (ਪ੍ਰੀਤ ਸੰਘਾ) ਦੇ ਪੱਗ ਦੀ ਤਹਿ ਲਾਉਣ ਵਾਲੇ ਸੀਨ ਵਿੱਚ ਪੱਗ ਦੇ ਲੜਾਂ ਨੂੰ ਇਕੱਠਾ ਕਰਨਾ ਇਸ ਗੱਲ ਦਾ ਸੰਕੇਤ ਹੋ ਨਿਬੜਦਾ ਹੈ ਕਿ ਪੱਗ ਦੇ ਲੜਾਂ ਵਾਂਗ ਉਹ ਇੱਕ ਮਿੱਕ ਹੋਣ  ਕੇ ਆਪਣਾ ਸੁਨਹਿਰੀ ਭੱਵਿੱਖ ਬਨਾਉਣ ਲਈ ਤਿਆਰ ਹਨ। ਨਾਟਕ ਦੇ ਪਾਤਰਾਂ ਰਾਣੀ (ਰਮਨ ਵਾਲੀਆ), ਰਵੀ (ਪਰਵਿੰਦਰ ਸੇਠੀ), ਮਿਸ਼ੈਲ (ਜਸਲੀਨ), ਭੁਆ ਦਾ ਪੋਤਾ (ਅਮਰਵੀਰ ਗਿੱਲ) ਦੀ ਅਦਾਕਾਰੀ ਅਤੇ ਉਚਾਰਨ ਪਾਤਰਾਂ ਦੇ ਅਨੂਕੂਲ ਇੰਨਾ ਸਹਿਜ ਸੀ ਕਿ ਨਾਟਕ ਦੇਖਦਿਆਂ ਇਹ ਮਹਿਸੂਸ ਨਹੀਂ ਸੀ ਹੋ ਰਿਹਾ ਕਿ ਅਸੀਂ ਨਾਟਕ ਦੇਖ ਰਹੇ ਹਾਂ ਸਗੋਂ ਇਹ ਲੱਗ ਰਿਹਾ ਸੀ ਕਿ ਸਭ ਕੁਝ ਸੱਚ ਮੁਚ ਹੀ ਅਸਲ ਵਿੱਚ ਸਾਡੇ ਸਾਹਮਣੇ ਵਾਪਰ ਰਿਹਾ ਹੋਵੇ।
ਸਟੇਜ ਮੈਨੇਜਰ ਹਰੀਤ ਔਜਲਾ, ਲਾਈਟਸ ਤੇ ਹਰਪ੍ਰੀਤ ਸੰਘਾ ਅਤੇ ਬੈਕ-ਸਟੇਜ ਕੰਮ ਕਰ ਰਹੀ ਟੀਮ ਦੀ ਮਿਹਨਤ ਨਾਟਕ ਦੀ ਪੇਸ਼ਕਾਰੀ ਵਿੱਚੋਂ ਸਾਫ ਝਲਕਦੀ ਸੀ। ਜਾਗੋ ਵਿਚਲੇ ਕਲਾਕਾਰਾਂ ਵਿੱਚ ਤਰਨਜੀਤ ਸੰਧੂ, ਨੀਤੂ ਸੰਧੂ, ਗੁਰਵਿੰਦਰ ਢਿੱਲੋਂ, ਗੁਰਚਰਨ ਢਿੱਲੋਂ, ਰਾਣੋ ਸੱਗੂ, ਗੁਰਜਿੰਦਰ ਅਤੇ ਬਾਕੀ ਸਾਰੇ ਕਲਾਕਾਰ ਖੂਬ ਰਹੇ। ਇਸ ਲਈ ਪੰਜਾਬੀ ਆਰਟਸ ਐਸੋਸੀਏਸ਼ਨ ਦੇ ਮੁਖ ਪਰਬੰਧਕ ਬਲਜਿੰਦਰ ਲੇਲਣਾ ਅਤੇ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਜਿੰਨਾ ਨੇ ਦਰਸ਼ਕਾਂ ਲਈ ਇੰਨਾ ਵਧੀਆ ਨਾਟਕ ਪੇਸ਼ ਕੀਤਾ ਤੇ ਦਰਸ਼ਕ ਉਸ ਤੋਂ ਵੀ ਵੱਧ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੂੰ ਇੰਨਾ ਵਧੀਆ ਨਾਟਕ ਦੇਖਣ ਨੂੰ ਮਿਲਿਆ। ਹਾਲ ਵਿੱਚ ਗੂੰਜ ਰਹੀਆਂ ਤਾੜੀਆਂ ਦਰਸ਼ਕਾਂ ਦੀ ਨਾਟਕ ਵਾਸਤੇ ਪ੍ਰਸੰਸਾ ਦਾ ਪਰਤੀਕ ਸਨ। ਇਸ ਵਾਰ ਵੀ ਪਹਿਲਾਂ ਵਾਂਗ ਹੀ ਪੰਜਾਬੀ ਆਰਟਸ ਐਸੋਸੀਏਸ਼ਨ ਦਰਸ਼ਕਾਂ ਦੀਆਂ ਉਮੀਦਾਂ ਤੇ ਖਰੀ ਉੱਤਰੀ ਹੈ। ਇਹ ਨਾਟਕ ਲੋਕਾਂ ਦੇ ਮਨਾਂ ਵਿੱਚ ਬਹੁਤ ਦੇਰ ਤੱਕ ਉੱਕਰਿਆ ਰਹੇਗਾ ਤੇ ਦਰਸ਼ਕਾਂ ਨੂੰ ਅਗਲੀ ਪੇਸ਼ਕਾਰੀ ਦੀ ਤੀਬਰਤਾ ਨਾਲ ਉਡੀਕ ਰਹੇਗੀ।

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …