Breaking News
Home / ਰੈਗੂਲਰ ਕਾਲਮ / ਨਸ਼ਾ ਵਿਰੋਧੀ ਲਹਿਰਾਂ ਦਾ ਅਸਰ ਕਿੰਨਾ ਕੁ ਸਾਰਥਿਕ!

ਨਸ਼ਾ ਵਿਰੋਧੀ ਲਹਿਰਾਂ ਦਾ ਅਸਰ ਕਿੰਨਾ ਕੁ ਸਾਰਥਿਕ!

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
ਇਹਨਾਂ ਹੀ ਦਿਨਾਂ ਦੀ ਗੱਲ ਹੈ ਕਿ ਜਦ ਰਾਜਸਥਾਨ ਪੁਲਿਸ ਨੇ ਇੱਕ ਲਗਜ਼ਰੀ ਬੱਸ ਰੋਕ ਕੇ ਉਸਦੀ ਤਲਾਸ਼ੀ ਲੈਣੀ ਚਾਹੀ ਤਾਂ ਬਸ ਵਿੱਚ ਸਵਾਰ ਲਗਭਗ ਪੰਜਾਹ ਮੁਸਾਫਰ ਕੰਡੈਕਟਰ ਤੇ ਡਰੈਵਰ ਦੇ ਗਲ ਪੈਣ ਲੱਗੇ  ਤੇ ਆਵਾਜ਼ਾਂ ਉੱਚੀਆਂ ਉਠੀਆਂ ਕਿ ਤੁਸੀਂ ਤਾਂ ਕਿਹਾ ਸੀ ਕਿ ਤੁਹਾਨੂੰ ਬਿਲਕੁਲ ਸੇਫ਼ ਲੈ ਕੇ ਜਾਵਾਂਗੇ ਤੇ ਪੁਲਿਸ ਨੂੰ ਸਾਡੀ ਬਸ ਦਾ ਬਿਲਕੁਲ ਪਤਾ ਹੀ ਨਹੀ ਲੱਗਣਾ। ਆਹ ਕੀ ਹੋਇਆ? ਇਹ ਸਾਰੇ ਮੁਸਾਫਰ ਨਸ਼ਾ ਤਸਕਰ ਸਨ ਤੇ ਇਸ ਸਪੈਸ਼ਲ ਬਸ ਵਿੱਚ ਬੈਠ ਕੇ ਰਾਜਿਸਥਾਨ ਵਿੱਚ ਭੁੱਕੀ ਵਗੈਰਾ ਲੈਣ ਆਏ ਸਨ। ਇਹਨਾਂ ਮੁਸਾਫਿਰਾਂ ਵਿੱਚ ਦਸ ਔਰਤਾਂ ਵੀ ਸਨ। ਇਹ ਸਾਰੇ ਫੜੇ ਗਏ। ਮੀਡੀਆਈ ਰਿਪੋਰਟਾਂ ਦੱਸਦੀਆਂ ਹਨ ਕਿ ਇਹਨਾਂ ਨੂੰ ਬਸ ਵਾਲੇ ਗੰਗਾਨਗਰ ਤੇ ਹਨੂੰਮਾਨਗੜ੍ਹ ਉਤਾਰ ਦਿੰਦੇ ਸਨ ਤੇ ਅੱਗੋਂ ਇਹ ਪੰਜਾਬ ਵਿਚ ਵੜ ਜਾਂਦੇ ਸਨ। ਇਸ ਘਟਨਾ ਤੋਂ ਪਹਿਲਾਂ ਇਹਨੀਂ ਦਿਨੀਂ ਕੌਮਾਂਤਰੀ ਪੱਧਰ ਉੱਤੇ ਹਰ ਸਾਲ ਵਾਂਗ ਨਸ਼ਾ ਵਿਰੋਧੀ ਦਿਵਸ ਮਨਾ ਕੇ ਹਟੇ ਹਾਂ। ਥਾਂ-ਥਾਂ ‘ਜੀਵੇ ਜੁਆਨੀ’, ‘ਨਸ਼ੇ ਤਿਆਗੋ, ਜਾਗੋ-ਜਾਗੋ’ ਅਤੇ ‘ਹਾਏ ਚਿੱਟਾ-ਹਾਏ ਚਿੱਟਾ’ ਵਰਗੇ ਨਾਅਰੇ ਗੂੰਜੇ। ਝਾਕੀਆਂ ਕੱਢੀਆਂ ਗਈਆਂ। ਸੈਮੀਨਾਰ ਹੋਏ। ਨਸ਼ਾ ਛੁਡਾਊ ਕੈਂਪਾਂ ਦੇ ਉਦਘਾਟਨ ਹੋਏ। ਕੰਧਾਂ ਉੱਤੇ ਮਾਟੋ ਲਿਖੇ ਗਏ। ਪੋਸਟਰ ਵੰਡੇ ਗਏ। ਮੀਡੀਆ ਵਿੱਚ ਖ਼ੂਬ ਚਰਚਾ ਹੋਈ। ਜਾਪਦਾ ਕਿ ਇਸ ਕੁਝ ਘੰਟਿਆਂ ਦੀ ਖੇਡ-ਖਡਾਈ ਬਾਅਦ ਸਭ ਕੁਝ ਫਿਰ ਆਮ ਵਾਂਗ ਹੋ ਗਿਆ। ਨਸ਼ਿਆਂ ਕਾਰਨ ਹੋ ਰਹੇ ਜ਼ੁਰਮਾਂ ਵਿਚ ਵਾਧੇ ਦੀਆਂ ਖ਼ਬਰਾਂ ਦੇ ਨਾਲ ਧੜਾ ਧੜ ਨਸ਼ਾ ਫੜੇ ਜਾਣ ਦੀਆਂ ਖ਼ਬਰਾਂ ਵਿਚ ਕੋਈ ਕਮੀ ਨਹੀਂ ਹੈ। ਇਕ ਉੱਚ ਅਧਿਕਾਰੀ ਅਨੁਸਾਰ ਕਿ ਹਰ ਸਾਲ ਇਕ ਰਵਾਇਤ ਨਿਭਾਉਣੀ ਪੈਂਦੀ ਹੈ ਪਰੰਤੂ ਸੁਧਰਦਾ ਕੁਝ ਨਹੀਂ ਦਿਸਦਾ।
ਇਹ ਗੱਲ ਹਾਲੇ ਬਹੁਤੀ ਦੂਰ ਦੀ ਨਹੀਂ, ਜਦੋਂ ਪੂਰੇ ਪੰਜਾਬ ਵਿੱਚ ਪੁਲਿਸ ਵਿਭਾਗ ਵਲੋਂ ਨਸ਼ਾ ਵਿਰੋਧੀ ਜਾਗਰੂਕਤਾ ਲਹਿਰ ਅਰੰਭੀ ਗਈ ਤੇ ਵੱਡੇ ਸ਼ਹਿਰਾਂ ਤੋਂ ਲੈ ਕੇ ਕਸਬਿਆਂ ਤੇ ਪਿੰਡਾਂ ਤੱਕ ਪੁਲਿਸ ਦੇ ਅਧਿਕਾਰੀ ਲੋਕਾਂ ਦੇ ਰੂਬਰੂ ਹੋਏ, ਲੋਕਾਂ ਨਸ਼ੇ ਜਿਹਾ ਭੈੜਾ ਕੋਹੜ ਜਦੋਂ ਵੱਢ ਕੇ ਸੁੱਟਣ ਲਈ ਸੰਦੇਸ਼ੇ ਦਿੰਦੇ ਦਿਖਾਈ ਦਿੱਤੇ। ਇਹ ਇਕ ਅਜਿਹਾ ਸਮਾਂ ਸੀ ਕਿ ਪੁਲਿਸ ਨੂੰ ਲੋਕਾਂ ਦੇ ਰੂਬਰੂ ਹੁੰਦਿਆਂ ਬੜੇ ਵਿਲੱਖਣ ਤਰਜਬੇ ਹੋਏ। ਇਹ ਪਹਿਲਾ ਮੌਕਾ ਸੀ ਕਿ ਪੁਲਿਸ ਬੜੀ ਗੰਭੀਰਤਾ ਨਾਲ ਲੋਕਾਂ ਦੇ ਬੜੀ ਲਾਗੇ ਹੋ ਕੇ ਬੈਠੀ ਸੀ। ਕੰਨਾਂ ਨਾਲ ਮੂੰਹ ਲਾ ਕੇ ਵੀ ਤੇ ਚੌਕਾਂ-ਚੁਰਾਹਿਆਂ ਵਿੱਚ ਖਲੋ ਕੇ ਉੱਚੀਆਂ ਆਵਾਜ਼ਾਂ ਵਿੱਚ ਵੀ ਲੋਕਾਂ ਦੇ ਸੁਝਾਓ ਤੇ ਖਰੀਆਂ-ਖਰੀਆਂ ਸੁਣੀਆਂ ਗਈਆਂ ਹਨ। ਪੁਲਿਸ ਅਧਿਕਾਰੀ ਲੋਕਾਂ ਨੂੰ ਨਸ਼ਿਆਂ ਦੀ ਬੁਰਿਆਈ ਦਾ ਅਸਰ ਤੇ ਇਸਦੇ ਸਿੱਟਿਆਂ ਬਾਰੇ ਸਮਝਾਉਂਦੇ ਆਪਣੇ ਆਪ ਨੂੰ ‘ਚੰਗਾ ਚੰਗਾ’ ਮਹਿਸੂਸਦੇ ਪ੍ਰਤੀਤ ਹੋ ਰਹੇ ਸਨ। ਰਟੇ-ਰਟਾਏ ਭਾਸ਼ਣ ਸੁਣ ਕੇ ਪੇਂਡੂ ਸਰੋਤੇ ਹੱਸਦੇ ਤੇ ਇਕ ਦੂਸਰੇ ਨੂੰ ਕੂਹਣੀ ਮਾਰਕੇ ਤਾਹਨੇ ਕਸਦੇ ਵੀ ਸੁਣੇ ਗਏ, ”ਇਨ੍ਹਾਂ ਨੂੰ ਕਹੋ ਖਾਂ ਕਿ ਪਹਿਲਾਂ ਏਹ ਆਪ ਤਾਂ ਹਟ ਜਾਣ, ਨਾ ਇਹੇ ਵਿਕਾਉਣੋਂ ਹਟਦੇ ਆ, ਤੇ ਨਾ ਖਾਣੋ ਤੇ ਸਾਡੀ ਥਾਲੀ ‘ਚ ਆ-ਆ ਠੀਕਰਾਂ ਮਾਰਦੇ ਆ।” ਇਹੋ ਜਿਹੇ ਬੋਲ ਸਨ ਸਿੱਧੜ ਸੁਭਾਓ ਪੇਂਡੂਆਂ ਦੇ।
ਮੈਂ ਅਜਿਹੇ ਕਈ ਸਮਾਗਮਾਂ ਦਾ ਪ੍ਰਤੱਖ ਗਵਾਹ ਹਾਂ। ਦੇਖਣ ‘ਚ ਆਇਆ ਕਿ ਪੁਲਿਸ ਵਾਲਿਆਂ ਨੂੰ ਲੋਕ ਆਪਣੀ ਗੱਲ ਬਿਨਾਂ ਕਿਸੇ ਝਿਜਕ ਜਾਂ ਲਗ-ਲਪੇਟ ਦੇ ਇਉਂ ਦੱਸ ਰਹੇ ਸਨ ਜਿਵੇਂ ਘਰ ਦੇ ਕਿਸੇ ਜੀਅ ਕੋਲ ਚਿਰਾਂ ਤੋਂ ਬੱਝੀ ਦੁਖਾਂ-ਸੁਖਾਂ ਦੀ ਗੱਠੜੀ ਫੋਲ ਕੇ ਆਪਣਾ ਦੁੱਖ ਹੌਲਾ ਕਰ ਰਹੇ ਹੋਣ। ਬਹੁਤ ਸਾਰੇ ਮੌਕੇ ਅਜਿਹੇ ਵੀ ਵੇਖੇ, ਜਿੱਥੇ ਪੁਲਿਸ ਵਾਲਿਆਂ ਦੀ ਲੋਕਾਂ ਨੇ ਉਹ ਛਿੱਲ ਪੱਟੀ ਕਿ ਰਹੇ ਰੱਬ ਦਾ ਨਾਂ! ਮੈਨੂੰ ਜਾਪਿਆ ਕਿ ਇਹੋ-ਜਿਹੇ ਸਮਾਗਮਾਂ ਦਾ ਉਪਰਾਲਾ ਤਾਂ ਚੰਗੀ ਗੱਲ ਪਰੰਤੂ ਲਗਦਾ ਹੈ ਕਿ ਪੁਲਿਸ ਆਪ ਹੀ ਫਸ ਰਹੀ ਹੈ। ਸਵਾਲਾਂ ਭਰੀ ਸੋਚ ਉਭਰਦੀ ਕਿ ਕੀ ਅਜਿਹੇ ਉਪਰਾਲਿਆਂ ਦੇ ਸਿੱਟੇ ਤੁਰਤ-ਫੁਰਤ ਨਿਕਲ ਆਉਣਗੇ? ਕੀ ਲੋਕਾਂ ਦੀ ਸਮਝ ਵਿੱਚ ਪੁਲਿਸ ਵਾਲਿਆਂ ਦੀਆਂ ਗੱਲਾਂ ਆਪਣੀ ਥਾਂ ਬਣਾ ਲੈਣਗੀਆਂ? ਇਹੋ-ਜਿਹੇ ਸਵਾਲ ਮੈਨੂੰ ਆਪ-ਮੁਹਾਰੇ ਘੇਰਨ ਲੱਗੇ।
ਮਾਝੇ ਦੇ ਕੁਝ ਸਰਹੱਦੀ ਪਿੰਡ ਤੇ ਕੁਝ ਮਾਲਵੇ ਦੇ ਨਸ਼ੇ ਦੇ ਭਿਆਨਕ ਕਹਿਰ ਕਾਰਨ ਹੁਣ ਕਦੇ ਉੱਠ ਹੀ ਨਹੀਂ ਸਕਣਗੇ। ਜਿਹੜੇ ਲੋਕ ਨਸ਼ੇ ਛੱਡਣ-ਛਡਵਾਉਣ ਤੇ ਇਸਦਾ ਕੋਹੜ ਵੱਢਣ-ਵਢਾਉਣ  ਦੀਆਂ ਨਸੀਹਤਾਂ ਦਿੰਦੇ ਦਿਖਾਈ ਦੇ ਰਹੇ ਹਨ ਉਹ ਕਦੇ ਵੀ ਅਜਿਹੇ ਪਰਿਵਾਰਾਂ ਦੇ ਜੀਆਂ ਨੂੰ ਜਾਕੇ ਕਦੇ ਮਿਲੇ ਹੀ ਨਹੀਂ, ਜਿਸ ਘਰ ਦਾ ਇੱਕੋ ਇੱਕ ਪੁੱਤਰ ਸੀ, ਉਹ ਇਸ ਨਸ਼ਿਆਂ ਕਾਰਨ ਜਹਾਨੋਂ ਕੂਚ ਕਰ ਗਿਆ, ਘਰ ਦਾ ਦੀਵਾ ਗੁੱਲ। ਕਿਸੇ ਦੇ ਦੋ ਸਨ, ਦੋਵੇਂ ਹੀ ਇਸੇ ਪਾਸੇ ਲੱਗ ਕੇ ਦੁਨੀਆਂ ਤੋਂ ਤੁਰ ਗਏ। ਪਿਓ ਨੇ ਸੋਚਿਆ ਕਿ ਮੈਂ ਕੀ ਲੈਣਾ ਹੈ ਜੀਂਦਾ ਰਹਿ ਕੇ, ਉਹ ਵੀ ਜ਼ਹਿਰ ਖਾ ਗਿਆ। ਨਸ਼ਿਆਂ ਦੇ ਵਹਿਣ ਵਿੱਚ ਵਹਿ ਗਏ ਅਭਾਗੇ ਘਰ ਵਿੱਚ ਰਹਿ ਗਈ ਇਕੱਲੀ ਔਰਤ। ਕੀ ਕਰੇਗੀ, ਕਿੱਥੋਂ ਖਾਵੇਗੀ? ਕਿੱਧਰ ਜਾਵੇਗੀ?ਕੋਈ ਪਿੱਛੇ ਆਪਣੀ ਵਿਧਵਾ ਤੇ ਨਿੱਕੇ ਨਿਆਣੇ ਛੱਡ ਗਿਆ ਹੈ। ਕਿੰਨੀਆਂ ਨਵ-ਵਿਆਹੁਤਾ ਮਾਪਿਆਂ ਘਰੀਂ ਆਣ ਬੈਠੀਆਂ ਹਨ? ਕੋਈ ਕਚਹਿਰੀਆਂ ਵਿੱਚ ਰੁਲੀ ਜਾਂਦੀਆਂ ਹਨ। ਪੰਜਾਬ ਦੇ ਨਸ਼ਾ ਛੁਡਾਊ ਕੇਂਦਰ ਨਕੋ-ਨੱਕ ਭਰੇ ਪਏ ਹਨ। ਸਰਦੇ-ਪੁਜਦੇ ਮਾਪੇ ਆਪਣੇ ਬੱਚਿਆਂ ਦਾ ਇਲਾਜ ਉਹਨਾਂ ਦੇ ਕੋਲ ਰਹਿ ਕੇ ਵੱਡੇ-ਮਹਿੰਗੇ ਹਸਪਤਾਲਾਂ ਵਿੱਚ ਕਰਵਾ ਰਹੇ ਹਨ। ਉਜੜ ਗਏ ਘਰਾਂ ਵਿੱਚ ਸੱਚ-ਮੁੱਚ ਉੱਲੂਆਂ ਦੇ ਬੋਲਣ ਜਿਹੀ ਨੌਬਤ ਆ ਗਈ ਹੋਈ ਹੈ। ਅਜਿਹੇ ਘਰਾਂ ਤੇ ਪਰਿਵਾਰਾਂ ਵਿੱਚ ਕਿਸ ਪ੍ਰਕਾਰ ਦਾ ਮਾਹੌਲ ਹੈ, ਕੋਈ ਨੇੜੇ ਤੋਂ ਜਾ ਕੇ ਦੇਖਦਾ ਹੀ ਨਹੀਂ, ਸਗੋਂ ਉਪਰੋ-ਉਪਰੋਂ ਗੱਲਾਂ ਕਰਦੇ ਹੀ ਜਾਪਦੇ ਹਨ।
ਪੰਜਾਬ ਸਰਕਾਰ ਦੇ ਕਿਸੇ ਸਿਆਣੇ ਸਲਾਹਕਾਰ ਨੇ ਸਰਕਾਰ ਦੇ ਕੰਨੀਂ ਗੱਲ ਪਾਈ ਕਿ ਜੇਕਰ ਆਪਾਂ  ਨਸ਼ਿਆਂ ਦੇ ਮੁੱਦੇ ਉੱਤੇ ਮੱਚੀ ਹਾਹਾਕਾਰ ਤੋਂ ਇੰਝ ਹੀ ਹੇਠਾਂ ਲਗਦੇ ਰਹੇ ਤਾਂ ਲੋਕਾਂ ਵਿੱਚ ਹੋਰ ਵੀ ਗਲਤ ਸੁਨੇਹੇ ਜਾਣਗੇ, ਸੋ, ਕਿਉਂ ਨਾ ਨਸ਼ਿਆਂ ਦੀ ਰੋਕਥਾਮ ਤੇ ਪੂੇੰਰਨਾ ਦੇਣ ਲਈ ਪੁਲਿਸ ਨੂੰ ਆਮ ਲੋਕਾਂ ਵਿਚ ਭੇਜਿਆ ਜਾਵੇ। ਸਿਆਣੇ ਸਲਾਹਕਾਰ ਦੀ ‘ਸਿਆਸੀ ਸਲਾਹ’ ਸਰਕਾਰ ਨੇ ਪਲ ਵਿੱਚ ਮੰਨੀ ਤੇ ਲਿਖਤੀ-ਪੜ੍ਹਤੀ ਹੁਕਮ ਲਾਗੂ ਹੋ ਗਏ ਕਿ ਹਰੇਕ ਜ਼ਿਲ੍ਹਾ ਪੁਲਿਸ ਅਧਿਕਾਰੀ ਸਰਕਾਰੀ ਪੱਤਰ ਪੜ੍ਹਦੇ ਸਾਰ ਕਾਰਵਾਈ ਅਮਲ ਵਿੱਚ ਲਿਆਵੇ। ਛੋਟੇ-ਵੱਡੇ ਅਫ਼ਸਰਾਂ ਨੇ ਉਪਰੋ-ਥਲੀ ਮੀਟਿੰਗਾਂ ਕੀਤੀਆਂ ਤੇ ਲੋਕਾਂ ਦਾ ਨਸ਼ਿਆਂ ਤੋਂ ਖਹਿੜਾ ਛੁਡਾਉਣ ਲਈ ਕਮਰ-ਕੱਸੇ ਕਸੇ ਜਾਣ ਲੱਗੇ। ਪੂਰੀ ਤਿਆਰੀ ਨਾਲ ਪੁਲਿਸ ਵਲੋਂ ਕਸੇ ਗਏ ਕਮਰਕਸੇ ਲੋਕਾਂ ਨੇ ਉੱਚੀਆਂ-ਨੀਵੀਆਂ ਸੁਣਾ ਕੇ ਢਿੱਲੇ ਕਰ ਛੱਡੇ। ਭਰੇ ਇਕੱਠ ਵਿੱਚ ਕਿਸੇ ਦਾ ਮੂੰਹ ਕੌਣ ਫੜ ਸਕਦਾ ਹੈ? ਉਹ ਸਮਾਂ ਲੱਦ ਗਿਆ ਹੈ ਕਿ ਜਦ ਪੁਲਿਸ ਸਾਹਮਣੇ ਲੋਕ ‘ਚੂੰ’ ਤਕ ਨਹੀਂ ਸੀ ਕਰਦੇ ਹੁੰਦੇ ਤੇ ਹੁਣ ਤਾਂ ਪੁਲਿਸ ਦੇ ਸ਼ਰੇਆਮ ਕਤਲ, ਮਾਰ-ਕੁਟਾਈ ਕਰਨ, ਅੰਦਰ ਤਾੜਨ ਤੇ ਵਰਦੀਆਂ ਪਾੜਨ ਜਿਹੀਆਂ ਖ਼ਬਰਾਂ ਦੀ ਤੋਟ ਹੀ ਕੋਈ ਨਹੀਂ ਰਹੀ। ਮੁਜ਼ਰਿਮ ਜ਼ੁਰਮ ਕਰਦਾ ਹੈ ਤੇ ਝਟ ਪੁਲਿਸ ਅਧਿਕਾਰੀ ਦੀ ਕੁਰਸੀ ਸਾਹਮਣੇ ਆਪ ਨੂੰ ‘ਵਿਸ਼ੇਸ਼ ਮਹਿਮਾਨ’ ਦੇ ਰੂਪ ਵਿਚ ਬੈਠਿਆ ਮਹਿਸੂਸ ਕਰਦਾ ਹੈ। ਹੁਣ ਉਹ ਵੇਲਾ ਕਿੱਥੇ ਹੈ ਕਿ ਸਾਰਾ ਪਿੰਡ ਇਕ ਹਵਾਲਦਾਰ ਦੇ ਪਿੰਡ ਵਿਚ ਆਉਣ ‘ਤੇ ਸਹਿਮ ਜਾਂਦਾ ਸੀ ਤੇ ਲੋਕ ਖਾਕੀ ਵਰਦੀ ਦਾ ਭੈਅ ਮੰਨਦੇ ਸਨ। ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਮੋਗਾ ਜਿਲੇ ਦੇ ਨਸ਼ਿਆਂ ਵਿੱਚ ਚਰਚਿਤ ਪਿੰਡ ਦੌਲੇਵਾਲਾ ਜਾ ਕੇ ਆਏ ਤੇ ਲੋਕਾਂ ਦੀਆਂ ਨੇੜਿਓਂ ਹੋ ਕੇ ਗੱਲਾਂ-ਬਾਤਾਂ ਵੀ ਸੁਣ ਆਏ। ਬੇਰੁਜ਼ਾਗਰਾਂ ਨੂੰ ਨੌਕਰੀ ਦੇਣ  ਤੇ ਲਟਕੀਆਂ ਸਮੱਿਸਆਵਾਂ ਹੱਲ ਕਰਨ ਦਾ ਵਿਸ਼ਵਾਸ ਵੀ ਦੇ ਕੇ ਆਏ ਤੇ ਥੋੜੇ ਚਿਰ ਬਾਅਦ ਹੀ ਇਸੇ ਪਿੰਡ ਵਿੱਚ ਪੁਲੀਸ ਵਾਲਿਆਂ ਦੀ ਵਰਦੀ ਪਾੜਨ ਤੇ ਹਮਲਾ ਕਰਨ ਦੀਆਂ ਖਬਰਾਂ ਸਾਡੇ ਸਾਹਮਣੇ ਸਨ।
ਇਕ ਉੱਚ ਸੇਵਾਮੁਕਤ ਪੁਲਿਸ ਅਧਿਕਾਰੀ ਇਸ ਵਿਸ਼ੇ ਉੱਤੇ ਗੱਲ ਕਰਦਿਆਂ ਮੈਨੂੰ ਸਵਾਲ ਕਰ ਰਿਹਾ ਸੀ ਕਿ ਹੁਣ ਤਕ ਵਿੱਢੀ ਗਈ ਇਸ ਮੁਹਿੰਮ ਵਿੱਚੋਂ ਲੱਭਾ ਕੀ? ਉਸ ਪੁਲਿਸ ਅਧਿਕਾਰੀ ਮੁਤਾਬਕ ਇਹ ਸਭ ਇਕ ਤਰ੍ਹਾਂ ਦੀ ਖਾਨਾਪੂਰਤੀ ਹੀ ਸੀ, ਜੋ ਸਹਿਜ ਨਾਲ ਪੂਰੀ ਕਰ ਦਿੱਤੀ ਗਈ ਹੈ, ਇੱਥੇ ਨਾ ਕੋਈ ਨਸ਼ੇ ਵੇਚਣੋ ਹਟ ਸਕਦਾ ਹੈ, ਨਾ ਕੋਈ ਕਿਸੇ ਨੂੰ ਹਟਾ ਸਕਦਾ ਹੈ, ਇਹੋ ਜਿਹੇ ਸੈਮੀਨਾਰਾਂ ਦਾ ਕੋਈ ਲਾਭ ਨਹੀਂ। ਉਸ ਇਹ ਵੀ ਕਿਹਾ ਕਿ ਨਸ਼ੇ ਦੇ ਸੌਦਾਗਰ ਨੂੰ ਫੜ ਕੇ ਹਾਲੇ ਥਾਣੇ ਲਿਆਂਦਾ ਨਹੀਂ ਹੁੰਦਾ ਕਿ ਨੇਤਾ ਜੀ ਦਾ ਰਸਤੇ ਵਿਚ ਹੀ ਫ਼ੋਨ ਆ ਜਾਂਦਾ ਹੈ ਕਿ ‘ਖਾਸ ਬੰਦਾ’ ਹੈ, ਮੈਂ ਸਮਝਾ ਦਿੰਦਾ ਹਾਂ, ਛੱਡੋ ਪਰ੍ਹੇ। ਸੋ, ਹੁਣ ਤੁਸੀਂ ਹੀ ਦੱਸੋ ਕਿ ਮੌਜੂਦਾ ਸਿਰ ਦੇ ਸਾਈਂ ਜੀ ਦੀ ਕਹੀ ਨੂੰ ਕੌਣ ਤੇ ਕਿੰਝ ਮੋੜੇਗਾ?

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …